Share on Facebook

Main News Page

ਅਖੌਤੀ ਬਾਬਿਆਂ ਦੀ ਅਸਲੀਅਤ
-
ਗੁਰਚਰਨ ਨੂਰਪੁਰ

ਧਰਮ-ਕਰਮ, ਪਾਠ-ਪੂਜਾ ਅਤੇ ਗ੍ਰੰਥਾਂ ਸ਼ਾਸਤਰਾਂ ਤੋਂ ਸਾਵੀਂ-ਸੁਚੱਜੀ ਜ਼ਿੰਦਗੀ ਜਿਉਣ ਲਈ ਮਨੁੱਖ ਸਦੀਆਂ ਤੋਂ ਸੇਧ ਲੈਂਦਾ ਆ ਰਿਹਾ ਹੈ। ਧਰਮ-ਕਰਮ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਰਾਹੀਂ ਸਮਾਜ ਵਿੱਚ ਵੱਡੀਆਂ ਤਬਦੀਲੀਆਂ ਵੀ ਵਾਪਰੀਆਂ ਹਨ। ਸਮਾਜ ਵਿੱਚ ਸਮੇਂ-ਸਮੇਂ ’ਤੇ ਪਨਪਦੀਆਂ ਰਹੀਆਂ ਸਮਾਜਿਕ ਬੁਰਾਈਆਂ, ਕਰਮ-ਕਾਂਡਾਂ, ਅੰਧਵਿਸ਼ਵਾਸਾਂ ਅਤੇ ਹੋਰ ਰੂੜੀਵਾਦੀ ਧਾਰਨਾਵਾਂ ਦਾ ਵਿਰੋਧ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਵਰਗੇ ਮਹਾਨ ਪੁਰਸ਼ ਪੈਦਾ ਹੁੰਦੇ ਰਹੇ ਹਨ। ਇਨ੍ਹਾਂ ਸਮਾਜ ਨੂੰ ਸੁਚੱਜਾ ਬਣਾਉਣ ਲਈ ਆਪਣੇ-ਆਪਣੇ ਢੰਗ ਨਾਲ ਸਮਾਜਿਕ ਬੁਰਾਈਆਂ ਦਾ ਵਿਰੋਧ ਕੀਤਾ ਪਰ ਸਮਾਂ ਬੀਤਣ ਨਾਲ ਅੱਜ ਆਲਮ ਇਹ ਹੈ ਕਿ ਧਰਮ-ਕਰਮ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਨੇ ਕਾਰੋਬਾਰ ਦਾ ਰੂਪ ਧਾਰਨ ਕਰ ਲਿਆ ਹੈ। ਅੱਜ ਆਮ ਸਮਝ ਰੱਖਣ ਵਾਲਾ ਮਨੁੱਖ ਵੀ ਸਮਝ ਗਿਆ ਹੈ ਕਿ ਇਨ੍ਹਾਂ ਗਤੀਵਿਧੀਆਂ ਦੇ ਸੰਚਾਲਕ ਹੁਣ ਮੋਟੀਆਂ ਕਮਾਈਆਂ ਕਰਦੇ ਹਨ।

ਧਰਮ-ਕਰਮ ਦੀਆਂ ਇਨ੍ਹਾਂ ਗਤੀਵਿਧੀਆਂ ’ਚੋਂ ਬਾਬੇ ਨਾਨਕ ਦੀ ਹੱਥੀਂ ਕਿਰਤ ਕਰਨ ਵਾਲੀ ਸੋਚ ਮਨਫ਼ੀ ਹੋ ਗਈ ਹੈ। ਸਾਧਗਿਰੀ ਦਾ ਧੰਦਾ ਬਿਨਾਂ ਕੁਝ ਕੀਤਿਆਂ ਕਮਾਈ ਦਾ ਵੱਡਾ ਸਾਧਨ ਬਣ ਗਿਆ ਹੈ। ਅੱਜ-ਕੱਲ੍ਹ ਟੀ.ਵੀ. ਚੈਨਲ ਇਸ ਕਾਰੋਬਾਰ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਅ ਰਹੇ ਹਨ। ਟੀ.ਵੀ. ਚੈਨਲਾਂ‘’ਤੇ ਅੱਜ-ਕੱਲ੍ਹ ਕਰਾਮਾਤੀ ਦਵਾਈਆਂ, ਬੁੱਢਿਆਂ ਨੂੰ ਜਵਾਨ ਬਣਾਉਣ ਦੇ ਨੁਸਖ਼ੇ, ਮੋਟਾਪਾ ਘਟਾਉਣ ਵਾਲੀਆਂ ਦਵਾਈਆਂ, ਲੰਗੜੇ-ਲੂਲ੍ਹਿਆਂ ਤੇ ਅਪਾਹਜਾਂ ਨੂੰ ਨੱਚਣ ਲਾਉਣ ਵਾਲੇ ਕਰਾਮਤੀ ਤੇਲ, ਚਮਤਕਾਰੀ ਨਗ ਤੇ ਮੁੰਦਰੀਆਂ, ਕਰਾਮਾਤੀ ਮੰਤਰਾਂ ਦੀਆਂ ਕਿਤਾਬਾਂ ਤੋਂ ਇਲਾਵਾ ਆਧੁਨਿਕ ਸਾਧਾਂ-ਸੰਤਾਂ ਵੱਲੋਂ ਗੈਬੀ ਸ਼ਕਤੀਆਂ ਦੀਆਂ ਪੇਟੈਂਟ ਕੀਤੀਆਂ ਕਰਾਮਾਤੀ ਬਖਸ਼ਿਸ਼ਾਂ ਵਿਖਾਉਣ ਵਾਲੇ ਪ੍ਰੋਗਰਾਮਾਂ ਦੀ ਭਰਮਾਰ ਹੈ। ਕੀ ਇਹ ਸਾਡੇ ਸਮਾਜ ਨੂੰ ਬੌਧਿਕ ਕੰਗਾਲੀ ਵੱਲ ਤਾਂ ਨਹੀਂ ਲੈ ਜਾ ਰਿਹਾ ਹੈ?

ਟੀ.ਵੀ. ਚੈਨਲਾਂ ’ਤੇ ਵੇਚੀਆਂ ਜਾਣ ਵਾਲੀਆਂ ਕਰਾਮਾਤੀ ਸ਼ਕਤੀਆਂ ਦਾ ਪ੍ਰਚਾਰ ਨੀਵੇਂ ਪੱਧਰ ਦਾ ਹੋ ਗਿਆ ਹੈ। ਇਸ ਦਾ ਅੰਦਾਜ਼ਾ ਇੱਕ ਬਾਬੇ ਵੱਲੋਂ ਦਰਬਾਰ ਲਾ ਕੇ ਆਪਣੇ ਸ਼ਰਧਾਲੂਆਂ ਨਾਲ ਰੋਜ਼ਾਨਾ ਦੀ ਸਿੱਧੀ ਗੱਲਬਾਤ ਤੋਂ ਲਾਇਆ ਜਾ ਸਕਦਾ ਹੈ ਜਿਸ ਵਿੱਚ ਉਸ ਦਾ ਇੱਕ ਸੇਵਕ ਆਪਣਾ ਦੁੱਖ ਦੱਸਦਾ ਹੈ ਅਤੇ ਬਾਬਾ ਜੀ ਆਪਣੀ ਤੀਸਰੀ ਅੱਖ ਨਾਲ ਵੇਖ ਕੇ ਕਹਿੰਦੇ ਹਨ, ‘‘ਲਾਇਸੈਂਸ ਆ ਰਹਾ ਹੈ। ਆਪ ਨੇ ਲਾਇਸੈਂਸ ਬਣਵਾਇਆ ਹੈ?’’ ਸ਼ਰਧਾਲੂ ਕਹਿੰਦਾ ਹੈ, ‘‘ਹਾਂ ਮੇਰੇ ਕੋਲ ਡਰਾਵਿੰਗ ਲਾਇਸੈਂਸ ਹੈ।’’ ਬਾਬਾ ਜੀ ਪੁੱਛਦੇ ਹਨ, ‘‘ਬੰਦੂਕ ਦਾ ਲਾਇਸੈਂਸ ਹੈ?’’ ‘‘ਨਹੀਂ ਜੀ, ਉਹ ਨਹੀਂ ਹੈ।’’ ਤਾਂ ਬਾਬਾ ਜੀ ਕਹਿੰਦੇ ਹਨ, ‘‘ਬੰਦੂਕ ਦਾ ਲਾਇਸੈਂਸ ਬਣਵਾਉ। ਉਸ ਕੀ ਵਜ੍ਹਾ ਸੇ ਕ੍ਰਿਪਾ ਰੁਕੀ ਹੋਈ ਹੈ।’’ ਸ਼ਰਧਾਲੂ ਬਾਬਾ ਜੀ ਦੀ ਜੈ ਕਹਿ ਕੇ, ਆਪਣੀ ਸੀਟ ’ਤੇ ਬੈਠ ਜਾਂਦਾ ਹੈ। ਵਿਚਾਰਨ ਵਾਲੀ ਗੱਲ ਇਹ ਹੈ ਤਾਂ ਜੇਕਰ ਬਾਬਾ ਜੀ ਨੂੰ ਤੀਜੀ ਅੱਖ ਰਾਹੀਂ ਇਹ ਦਿਸ ਪਿਆ ਕਿ ਬੰਦੂਕ ਦਾ ਲਾਇਸੈਂਸ ਨਾ ਹੋਣ ਕਰਕੇ ਕ੍ਰਿਪਾ ਰੁਕੀ ਹੈ ਤਾਂ ਉਸ ਨੂੰ ਇਹ ਪੁੱਛਣ ਦੀ ਲੋੜ ਕਿਉਂ ਪਈ ਕਿ ਸ਼ਰਧਾਲੂ ਕੋਲ ਕਿਹੜਾ ਲਾਇਸੈਂਸ ਹੈ ਅਤੇ ਕਿਹੜਾ ਨਹੀਂ। ਦੂਜੀ ਗੱਲ ਜਿਹੜਾ ਰੱਬ ਕਿਸੇ ਦੇ ਬੰਦੂਕ ਦਾ ਲਾਇਸੈਂਸ ਨਾ ਬਣਵਾਉਣ ਕਰਕੇ ਉਸ ਭਗਤ ਨੂੰ ਵਖਤ ਪਾਈ ਰੱਖਦਾ ਹੈ, ਉਹ ਕਿਸ ਤਰ੍ਹਾਂ ਦਾ ਰੱਬ ਹੈ?

ਇੱਕ ਸੇਵਕ ਦੇ ਵਾਰੇ ਨਿਆਰੇ ਕਰਨ ਲਈ ਉਹ ਕਹਿੰਦੇ ਹਨ, ‘‘ਘਰ ਵਿੱਚ ਕੋਈ ਪੈਂਨਸਿਲ ਹੈ?’’ ਸੇਵਕ ਦੇ ਹਾਂ ਕਹਿਣ ’ਤੇ ਉਹ ਕਹਿੰਦੇ ਹਨ, ‘‘ਜਾਓ ਜਾ ਕਰ ਸ਼ਾਪਨਰ ਸੇ ਪੈਂਨਸਿਲ ਕੋ ਘੜ੍ਹ ਦੋ, ਕਿਰਪਾ ਆਨੇ ਲਗੇਗੀ।’’ ਪੈਂਨਸਿਲ ਦਾ ਸਿੱਕਾ ਘੜਿਆ ਨਾ ਹੋਣ ’ਤੇ ਵੀ ਰੱਬੀ ਕਿਰਪਾ ਰੁਕ ਜਾਂਦੀ ਹੈ? ਬੜੀ ਅਜੀਬ ਗੱਲ ਹੈ। ਬਾਬਾ ਜੀ ਗੈਬੀ ਤਾਕਤ ਨਾਲ ਵੇਖ ਕੇ ਕਿਸੇ ਨੂੰ ਪੁੱਛਦੇ ਹਨ-‘ਬੀੜੀ ਆ ਰਹੀ ਹੈ, ਕਿਸੇ ਨੂੰ ਕਹਿੰਦੇ ਹਨ-‘ਸੋਨਾ ਦਿਖ ਰਹਾ ਹੈ, ਬਟੂਆ ਰੱਖਤੇ ਹੋ ਜਾਂ ਨਹੀਂ? ਕਿਸ ਰੰਗ ਦਾ ਰਖਤੇ ਹੋ? ਕਿਸੇ ਨੂੰ ਪੁੱਛਦੇ ਹਨ ਮੰਦਰ ’ਚ ਲੱਡੂ ਚੜਾਏ ਹਨ ਜਾਂ ਨਹੀਂ, ਕਿਸੇ ਨੂੰ ਪੁੱਛਦੇ ਹਨ ਬੁਨੈਣ ਪਹਿਨਤੇ ਹੋ ਜਾਂ ਨਹੀਂ, ਆਦਿ। ਭਗਤਾਂ ਦਾ ਭੋਲਾਪਣ ਤੇ ਬਾਬੇ ਦੀ ਚਲਾਕੀ ਦੇਖੋ ਕਿ ਭਗਤਾਂ‘’ਤੇ ਮਾਇਆ ਦੀ ਕਿਰਪਾ ਕਰਨ ਲਈ ਉਹ ਭਗਤਾਂ ਦੇ ਪਰਸ ਖੁਲ੍ਹਵਾ ਲੈਂਦੇ ਹਨ ਅਤੇ ਹੱਥ ਦੇ ਇਸ਼ਾਰੇ ਨਾਲ ਦੂਰੋਂ ਕਿਰਪਾ ਕਰ ਦਿੰਦੇ ਹਨ। ਇੱਥੋਂ ਤਕ ਕਿ ਘਰ ਬੈਠੇ ਲੋਕਾਂ ਨੂੰ ਵੀ ਕਹਿੰਦੇ ਹਨ ਕਿ ਕਿਰਪਾ ਕਰਵਾਉਣ ਲਈ ਆਪਣੇ ਪਰਸ ਖੋਲ੍ਹ ਲਓ, ਪਰ ਇਸ ਦੇ ਉਲਟ ਆਪਣੇ ਲਈ ਭਗਤਾਂ ਤੋਂ ਸੱਚਮੁੱਚ ਦੀ ਕਿਰਪਾ ਕਰਵਾਉਣ ਲਈ ਉਨ੍ਹਾਂ ਨੂੰ ਤਿੰਨ ਬੈਕਾਂ ਦੇ ਅਕਾਊਂਟ ਦੱਸ ਦਿੱਤੇ ਜਾਂਦੇ ਹਨ ਕਿ ਇਨ੍ਹਾਂ ਵਿੱਚ ਪੈਸੇ ਜਮਾਂ ਕਰਵਾਉਣੇ ਹਨ। ਇੱਕ ਅੰਦਾਜ਼ੇ ਮੁਤਾਬਕ ਬਾਬੇ ਦੇ ਖਾਤਿਆਂ ਵਿੱਚ ਰੋਜ਼ਾਨਾ ਡੇਢ ਤੋਂ ਦੋ ਕਰੋੜ ਤਕ ਰੁਪਏ ਜਮਾਂ ਹੁੰਦੇ ਹਨ। ਬਾਬਾ ਜੀ ਭਗਤਾਂ ਨੂੰ ਨਿਰਦੇਸ਼ ਦਿੰਦੇ ਹਨ ਕਿ ਕਿਸੇ ਹੋਰ ਰੰਗ ਦਾ ਪਰਸ ਨਹੀਂ ਰੱਖਣਾ ਸਿਰਫ਼ ਕਾਲੇ ਰੰਗ ਦਾ ਪਰਸ ਰੱਖੋ। ਇਸ ਦਾ ਸਿੱਧਾ ਮਤਲਬ ਹੈ ਕਿ ਰੱਬ ਹੁਣ ਰੰਗਾਂ ਨਾਲ ਵੀ ਵਿਤਕਰੇ ਰੱਖਦਾ ਹੈ। ਉਹ ਕਾਲੇ ਰੰਗ ਦੇ ਪਰਸ ਤਾਂ ਮਾਇਆ ਨਾਲ ਝਟ ਭਰ ਦਿੰਦਾ ਹੈ ਤੇ ਬਾਕੀ ਰੰਗਾਂ ਦੇ ਪਰਸਾਂ ਤੋਂ ਨੱਕ ਬੁੱਲ੍ਹ ਵੱਟਣ ਲੱਗ ਪਿਆ ਹੈ।

ਇੱਕ ਵਾਰ ਇੱਕ ਪਰਿਵਾਰ ਦਾ ਲੜਕਾ ਇੱਕ ਸਾਧ ਡੇਰੇ‘’ਤੇ ਜਾ ਕੇ ਪੱਕਾ ਹੀ ਸੇਵਾ ਕਰਨ ਲੱਗ ਪਿਆ ਜਿਸ ਨੂੰ ਉਹ ਪਰਿਵਾਰ ਮੰਨਦਾ ਸੀ। ਦੋ-ਚਾਰ ਸਾਲ ਸੇਵਾ ਕੀਤੀ। ਇੱਕ ਦਿਨ ਉਸ ਲੜਕੇ ਦੀ ਮਾਂ ਡੇਰੇ ਆਈ। ਵੱਡੇ ਬਾਬਾ ਜੀ ਨੂੰ ਮੱਥਾ ਟੇਕ ਆਪਣੇ ਪੁੱਤਰ ਨਾਲ ਗੱਲਾਂ ਬਾਤਾਂ ਕਰਨ ਲੱਗ ਪਈ। ਗੱਲਾਂ-ਗੱਲਾਂ ਵਿੱਚ ਉਸ ਨੇ ਪੁੱਤਰ ਨੂੰ ਕਿਹਾ, ‘‘ ਹੁਣ ਬਾਬਾ ਜੀ ਤੋਂ ਛੱੁਟੀ ਲੈ ਕੇ ਘਰ ਆ ਜਾ, ਘਰ ਦਾ ਕੰਮਕਾਜ ਠੀਕ ਤਰ੍ਹਾਂ ਨਹੀਂ ਚੱਲ ਰਿਹਾ। ਮੁੰਡਾ ਜੋ ਡੇਰੇ ਦੇ ਸਾਰੇ ਕਾਰੋਬਾਰ ਨੂੰ ਕੁਝ-ਕੁਝ ਸਮਝ ਗਿਆ ਸੀ, ਬੋਲਿਆ, ‘‘ ਮਾਂ, ਘਰੋਂ ਕੀ ਲੈ ਆਈ ਸੀ?’’ ਮਾਂ ਨੇ ਕਿਹਾ, ‘‘ਬਾਬਾ ਜੀ ਵਾਸਤੇ ਦੁੱਧ।’’ ਮੁੰਡੇ ਨੇ ਪੱੁਛਿਆ, ‘‘ਤੇ ਹੁਣ ਘਰ ਨੂੰ ਕੀ ਲੈ ਕੇ ਜਾ ਰਹੇ ਹੋ?’’ ਮਾਂ ਬੋਲੀ, ‘‘ਘਰ ਨੂੰ ਉਸੇ ਡੋਲਣੀ ਵਿੱਚ ਬਾਬਾ ਜੀ ਦਾ ਜਲ ਲੈ ਕੇ ਜਾ ਰਹੀ ਹਾਂ।’’ ਤਾਂ ਲੜਕਾ ਬੋਲਿਆ, ‘‘ਪਾਣੀ ਬਦਲੇ ਦੁੱਧ ਤੇ ਨਾਲੇ ਮਾਇਆ ਦੇ ਗੱਫੇ…ਇਸ ਤੋਂ ਵਧੀਆ ਧੰਦਾ ਹੋਰ ਕਿਹੜਾ ਹੋ ਸਕਦਾ ਹੈ ਮਾਂ?’’

ਇਸੇ ਤਰ੍ਹਾਂ ਹੀ ਆਪਣੀਆਂ ਗੈਬੀ ਤਾਕਤਾਂ ਵੇਚਣ ਵਾਲੇ ਇੱਕ ਹੋਰ ਸਵਾਮੀ ਜੀ ਹਨ ਜਿਨ੍ਹਾਂ ਦੇ ਅਸ਼ੀਰਵਾਦ ਦੇ ਰੇਟ ਹਜ਼ਾਰਾਂ ਵਿੱਚ ਹਨ। ਇਹ ਅਸ਼ੀਰਵਾਦ ਵੀ ਕਈ ਕਿਸਮ ਦਾ ਹੈ। ਇਨ੍ਹਾਂ ਦੇ ਰੇਟ ਪੰਜ ਹਜ਼ਾਰ ਤੋਂ ਲੈ ਕੇ ਲੱਖਾਂ ਵਿੱਚ ਹਨ। ਇਨ੍ਹਾਂ ਪਾਸ ਵੀ.ਆਈ.ਪੀ.ਅਸ਼ੀਰਵਾਦ ਵੀ ਹਨ। ਇਹ ਆਪਣੇ ਮੰਤਰਾਂ ਦੇ ਬੀਜਾਂ ਨਾਲ ਕੈਂਸਰ, ਏਡਜ਼ ਅਤੇ ਹੈਪੇਟਾਈਟਸ-ਬੀ ਤੇ ਸੀ ਵਰਗੀਆਂ ਬੀਮਾਰੀਆਂ ਨੂੰ ਠੀਕ ਕਰਨ ਦੇ ਦਾਅਵੇ ਕਰਦੇ ਹਨ। ਇਸੇ ਤਰ੍ਹਾਂ ਹੀ ਕਈ ਜੋਤਸ਼ੀ, ਤਾਂਤਰਿਕ, ਕਾਲੇ ਇਲਮਾਂ ਦੇ ਮਾਹਿਰ ਅਤੇ ਕੁਝ ਧਰਮਾਂ ਦੇ ਅਨੁਆਈ ਵੀ ਆਪਣੀਆਂ ਗੈਬੀ ਤਾਕਤਾਂ ਨਾਲ ਭਿਆਨਕ ਬੀਮਾਰੀਆਂ, ਦੁੱਖਾਂ-ਕਲੇਸ਼ਾਂ ਦੇ ਖ਼ਾਤਮੇ ਦੀ ਇਸ਼ਤਿਹਾਰਬਾਜ਼ੀ ਅਕਸਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਬੰਦੇ ਨੂੰ ਦਿਵ ਜੋਤ ਨਾਲ ਸਿੱਧੇ ਰੱਬ ਨਾਲ ਮਿਲਾਉਣ ਵਾਲੇ, ਮਨੁੱਖ ਦੇ ਅਗਲੇ-ਪਿਛਲੇ ਜਨਮਾਂ ਦੇ ਬੰਧਨ ਕੱਟਣ ਅਤੇ ਜ਼ਿੰਦਗੀ ਵਿੱਚ ਵਾਰੇ ਨਿਆਰੇ ਕਰਨ ਲਈ ਕੁਝ ਸੰਸਥਾਵਾਂ ਵੱਲੋਂ ਕੰਨਾਂ ਵਿੱਚ ਮੰਤਰ ਦਿੱਤੇ ਜਾਂਦੇ ਹਨ। ਅਜਿਹਾ ਵੇਖ ਕੇ ਗੁਰੂ ਨਾਨਕ ਦੇਵ ਜੀ ਦਾ ਖਿਆਲ ਵਾਰ-ਵਾਰ ਮਨ ਵਿੱਚ ਆਉਂਦਾ ਹੈ ਕਿ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਉਸ ਸਮੇਂ ਕੰਨਾਂ ਵਿੱਚ ਮੰਤਰ ਕਿਉਂ ਨਾ ਦਿੱਤੇ? ਕੀ ਉਨ੍ਹਾਂ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ? ਤਾਂ ਕਿ ਉਨ੍ਹਾਂ ਦੇ ਸਿੱਖਾਂ ਨੂੰ ਅਜਿਹੇ ਨਾਮ ਲੈਣ ਕਿਸੇ ਹੋਰ ਡੇਰੇ ’ਤੇ ਨਾ ਜਾਣਾ ਪੈਂਦਾ? ਉਨ੍ਹਾਂ ਦੀ ਬਾਣੀ ਜਾਂ ਉਪਦੇਸ਼ ਸਭ ਲਈ ਹੈ, ਕੋਈ ਜਦੋਂ ਮਰਜ਼ੀ ਪੜ੍ਹ ਸੁਣ ਸਕਦਾ ਹੈ।

ਸਾਡਾ ਇਤਿਹਾਸਕ ਵਿਰਸਾ ਲੋਕਾਈ ਦਾ ਸ਼ੋਸ਼ਣ ਕਰਨ ਵਾਲੀਆਂ ਧਿਰਾਂ ਖ਼ਿਲਾਫ਼ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੇ ਮਹਾਨ ਲੋਕਾਂ ਦਾ ਵਿਰਸਾ ਹੈ। ਇਸੇ ਧਰਤੀ‘’ਤੇ ਬਾਬੇ ਨਾਨਕ ਨੇ ਕਿਹਾ ਸੀ, ‘ਕਾਜੀ ਕੂੜ ਬੋਲਿ ਮਲ ਖਾਇ। ਬ੍ਰਾਹਮਣ ਨਾਵੇ ਜੀਆ ਘਾਇ। ਜੋਗੀ ਜੁਗਤ ਨਾ ਜਾਣੈ ਅੰਧ। ਤੀਨੇ ਉਜਾੜੇ ਕਾ ਬੰਧ।’ ਇਸ ਧਰਤੀ ’ਤੇ ਵੱਖ-ਵੱਖ ਸਮੇਂ ’ਤੇ ਪੈਦਾ ਹੁੰਦੇ ਰਹੇ ਮਹਾਨ ਪੁਰਸ਼ਾਂ ਨੇ ਲੋਕਾਈ ਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਅੱਜ ਦੇ ਅਖੌਤੀ ਸਾਧਾਂ, ਸੰਤਾਂ ਤੇ ਡੇਰੇਦਾਰਾਂ ਵਾਂਗ ਸਿਰਫ਼ ਉਪਦੇਸ਼ ਹੀ ਨਹੀਂ ਦਿੱਤਾ ਬਲਕਿ ਕਿਰਤ ਵੀ ਕੀਤੀ। ਆਪ ਵੀ ਬਾਰਾਂ ਸਾਲ ਹੱਲ ਚਲਾਇਆ। ਹੱਕ ਸੱਚ ਦੀ ਕਮਾਈ ਕੀਤੀ। ਭਗਤ ਰਵਿਦਾਸ ਜੀ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਰਹੇ। ਭਗਤ ਕਬੀਰ ਜੀ ਖੱਡੀ ’ਤੇ ਕੱਪੜਾ ਬਣਾਉਂਦੇ ਰਹੇ। ਕੀ ਇਹ ਮਹਾਨ ਲੋਕ ਭੀੜਾਂ ਇਕੱਠੀਆਂ ਕਰਕੇ ਉਨ੍ਹਾਂ ਤੋਂ ਕਮਾਈਆਂ ਨਹੀਂ ਸੀ ਕਰ ਸਕਦੇ?

ਸੱਚ ਤਾਂ ਇਹ ਹੈ ਕਿ ਜੋ ਸੱਚ ਹੁੰਦਾ ਹੈ, ਉਹ ਸੱਚ ਹੋਣ ਦਾ ਵਿਖਾਵਾ ਨਹੀਂ ਕਰਦਾ। ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਲਈ ਵੱਡੇ ਯਤਨਾਂ ਦੀ ਲੋੜ ਪੈਂਦੀ ਹੈ। ਇੱਥੇ ਗੱਲ ਪੰਜਾਬ ਅਤੇ ਭਾਰਤ ਦੀ ਤਰਕਸ਼ੀਲ ਸੋਸਾਇਟੀ ਦੀ ਗੱਲ ਕਰਨੀ ਬਣਦੀ ਹੈ ਜਿਨ੍ਹਾਂ ਨੇ ਕਿਸੇ ਵੀ ਅਜਿਹੇ ਅਖੌਤੀ ਸਾਧ-ਸੰਤ ਲਈ ਵੱਡੇ ਇਨਾਮ ਰੱਖੇ ਹੋਏ ਹਨ ਜਿਨ੍ਹਾਂ ਦੀ ਰਕਮ ਇੱਕ ਕਰੋੜ ਤੋਂ ਉੱਪਰ ਬਣਦੀ ਹੈ। ਇਹ ਇਨਾਮ ਕੋਈ ਵੀ ਉਹ ਵਿਅਕਤੀ ਜਿੱਤ ਸਕਦਾ ਹੈ ਜੋ ਦੂਰ ਜਾਂ ਓਹਲੇ ਪਈ ਕਿਸੇ ਚੀਜ਼ ਨੂੰ ਵੇਖ ਸਕਦਾ ਹੋਵੇ ਕਿ ਇਹ ਕੀ ਹੈ? ਜਿਵੇਂ ਸੀਲ ਬੰਦ ਲਿਫ਼ਾਫ਼ੇ ਵਿੱਚ ਪਾਏ ਨੋਟ ਦਾ ਸੀਰੀਅਲ ਨੰਬਰ ਦੱਸਣਾ। ਹੁਣ ਜੋ ਵਿਅਕਤੀ ਕਿਸੇ ਮੰਤਰ ਨਾਲ ਕਿਸੇ ਦਾ ਭਲਾ ਕਰ ਸਕਦਾ ਹੈ, ਰੁਕੀ ਹੋਈ ਤੇ ਚੱਲ ਰਹੀ ਕਿਰਪਾ ਦਾ ਕਾਰਨ ਵੇਖ ਸਕਦਾ ਹੈ, ਬੀਤੇ ਸਮੇਂ ਦੀਆਂ ਘਟਨਾਵਾਂ ਦੀ ਭਵਿੱਖਬਾਣੀ ਕਰ ਸਕਦਾ ਹੈ, ਦੂਰ ਕਿਸੇ ਦੇ ਘਰ ਵਿੱਚ ਚੱਲ ਰਹੇ ਵਿਘਨ ਦੇ ਕਾਰਨਾਂ ਨੂੰ ਵੇਖ ਸਕਦਾ ਹੈ, ਕਿਸੇ ਵਿੱਚ ਆਉਂਦੀ ਕਿਸੇ ਰੂਹ ਬਦਰੂਹ ਨੂੰ ਦੇਖ ਸਕਦਾ ਹੈ, ਉਹ ਆਪਣੇ ਸਾਹਮਣੇ ਮੇਜ ’ਤੇ ਪਏ ਬੰਦ ਲਿਫ਼ਾਫ਼ੇ ਵਿੱਚ ਵੀ ਗੈਬੀ ਨਿਗਾਹ ਮਾਰ ਕੇ ਦੱਸ ਸਕਦਾ ਹੈ ਕਿ ਇਸ ਵਿੱਚ ਕੀ ਹੈ ਪਰ ਅੱਜ ਤਕ ਨਾ ਤਾਂ ਕਿਸੇ ਨੇ ਇਨ੍ਹਾਂ ਸੋਸਾਇਟੀਆਂ ਨਾਲ ਸ਼ਰਤ ਲਾਉਣ ਦੀ ਹਿੰਮਤ ਕੀਤੀ ਹੈ ਅਤੇ ਨਾ ਹੀ ਕਦੇ ਕਰਨੀ ਹੈ।

ਟੀ.ਵੀ. ਚੈਨਲਾਂ‘’ਤੇ ਅਜਿਹੇ ਅੰਧਵਿਸ਼ਵਾਸ ਫੈਲਾਉਣ ਵਾਲੇ ਪ੍ਰੋਗਰਾਮ ਸਰਕਾਰਾਂ ਦੀ ਮਿਲੀਭੁਗਤ ਨਾਲ ਚੱਲਦੇ ਹਨ। ਇਨ੍ਹਾਂ ਪ੍ਰੋਗਰਾਮਾਂ ਰਾਹੀ ਜਿੱਥੇ ਆਮ ਭੋਲੇ-ਭਾਲੇ ਲੋਕਾਂ ਦੀ ਲੁੱਟ ਹੁੰਦੀ ਹੈ, ਉੱਥੇ ਇਹ ਪ੍ਰੋਗਰਾਮ ਸਮਾਜ ਵਿੱਚ ਅੰਧਵਿਸ਼ਵਾਸ ਅਤੇ ਰੂੜ੍ਹੀਵਾਦੀ ਧਾਰਨਾਵਾਂ ਨੂੰ ਸੋਚੇ ਸਮਝੇ ਢੰਗ ਨਾਲ ਉਤਸ਼ਾਹਿਤ ਕਰ ਰਹੇ ਹਨ। ਸਾਡੇ ਭਾਰਤੀ ਸੰਵਿਧਾਨ ਵਿੱਚ ਅਜਿਹੀਆਂ ਗਤੀਵਿਧੀਆਂ ਕਰਨ ਦੀ ਇਜ਼ਾਜਤ ਨਹੀਂ ਹੈ। ਕਿਸੇ ਨੂੰ ਗੈਬੀ ਤਾਕਤਾਂ ਦਾ ਡਰਾਵਾ ਦੇਣਾ ਜਾਂ ਗੈਬੀ ਤਾਕਤਾਂ ਨਾਲ ਕਿਸੇ ਦੇ ਦੱੁਖ ਕਸ਼ਟ ਕੱਟਣ ਦਾ ਦਾਅਵਾ ਕਰਨ ਦੀ ਭਾਰਤੀ ਸੰਵਿਧਾਨ ਇਜ਼ਾਜਤ ਨਹੀਂ ਦਿੰਦਾ। ਡਰੱਗਜ਼ ਐਂਡ ਮੈਜਿਕ ਰੈਮਡੀਜ਼ (ਆਬਜੈਕਸ਼ਨਏਬਲ, ਐਡਵਟਾਈਜ਼ਮੈਂਟ) ਐਕਟ 1954 ਅਨੁਸਾਰ ਕਿਸੇ ਵਿਅਕਤੀ ਨੂੰ ਅਜਿਹਾ ਕਰਨ ਦੀ ਇਜ਼ਾਜਤ ਨਹੀਂ ਹੈ। ਇਸੇ ਤਰ੍ਹਾਂ ਸੰਵਿਧਾਨ ਦੇ ਅਨੁਛੇਦ 52 ਏ ਅਨੁਸਾਰ ਦੇਸ਼ ਦੇ ਨਾਗਰਿਕ ਵਿਗਿਆਨਕ ਸੋਚ ਦੇ ਧਾਰਨੀ ਹੋਣਗੇ। ਹੁਣ ਜਿਹੜਾ ਵਿਅਕਤੀ ਕਿਸੇ ਨੂੰ ਆਪਣੇ ਮੁਫ਼ਾਦਾਂ ਲਈ ਅੰਧਵਿਸ਼ਵਾਸ਼ ਦੀ ਦਲਦਲ ਵਿੱਚ ਧਕੇਲਦਾ ਹੈ, ਸੰਵਿਧਾਨ ਅਨੁਸਾਰ ਉਸ ਦੇ ਖ਼ਿਲਾਫ਼ ਕਾਨੂੰਨ ਵੀ ਹਨ ਪਰ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਿਸ ਨੇ ਕਰਵਾਉਣਾ ਹੈ। ਜਿਨ੍ਹਾਂ ਸਰਕਾਰਾਂ ਜਾਂ ਸਰਕਾਰੀ ਅਧਿਕਾਰੀਆਂ ਨੇ ਇਹ ਕਾਨੂੰਨ ਨੇਮ ਲਾਗੂ ਕਰਵਾਉਣੇ ਹੁੰਦੇ ਹਨ, ਉਨ੍ਹਾਂ ਦੇ ਕਰਤੇ ਧਰਤੇ ਤਾਂ ਆਪ ਜਾ ਕੇ ਇਨ੍ਹਾਂ ਦੇ ਦਰਬਾਰਾਂ ਵਿੱਚ ਹੱਥ ਜੋੜੀ ਖੜੇ ਹੁੰਦੇ ਹਨ।

ਇਹ ਵਰਤਾਰਾ ਦੇਖ ਕੇ ਸੋਚਣਾ ਪੈਂਦਾ ਹੈ ਕਿ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ? ਕੀ ਅਸੀਂ ਬੌਧਿਕ ਪੱਖੋਂ ਇੰਨੇ ਹੀ ਕੰਗਾਲ ਹੋ ਗਏ ਹਾਂ? ਅਸੀਂ ਆਪਣੇ ਮਾਸੂਮ ਬੱਚਿਆਂ ਦੇ ਮਨਾਂ ਵਿੱਚ ਕਿਸ ਤਰ੍ਹਾਂ ਦੀਆਂ ਰੂੜ੍ਹੀਵਾਦੀ ਗੱਲਾਂ ਭਰ ਰਹੇ ਹਾਂ। ਜਿਸ ਤਰ੍ਹਾਂ ਦੀਆਂ ਸਿੱਖਿਆਵਾਂ ਸਾਡੀਆਂ ਔਲਾਦਾਂ ਦੇ ਦਿਮਾਗਾਂ ਵਿੱਚ ਭਰੀਆਂ ਜਾ ਰਹੀਆਂ ਹਨ, ਕੀ ਕੱਲ੍ਹ ਇਨ੍ਹਾਂ ‘ਚੋਂ ਕੋਈ ਟੈਗੋਰ, ਬੋਸ, ਸ਼ਹੀਦ ਭਗਤ ਸਿੰਘ, ਗੁਰਬਖਸ਼ ਸਿੰਘ ਵਰਗੀਆਂ ਸ਼ਖ਼ਸੀਅਤਾਂ ਪੈਦਾ ਹੋ ਸਕਣਗੀਆਂ?

ਸੰਪਰਕ: 98550-51099


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top