Share on Facebook

Main News Page

ਬੁਧੀਜੀਵੀ ਦੱਸਣ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿੱਛੋਂ 17 ਦਿਨ ਸਿੱਖਾਂ ਦਾ ਗੁਰੂ ਕੌਣ ਰਿਹਾ: ਭਾਈ ਸ਼ਿਵਤੇਗ ਸਿੰਘ

* ਸੋਧੇ ਹੋਏ ਕੈਲੰਡਰ ਮੁਤਾਬਿਕ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, 2010 ਵਿਚ 16 ਜੂਨ/ 2 ਹਾੜ (ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਗੁਰਪੁਰਬ ਤੋਂ 5 ਦਿਨ ਪਿੱਛੋਂ)
* 2011 ਵਿੱਚ 5 ਜੂਨ/ 22 ਜੇਠ (6 ਦਿਨ ਪਹਿਲਾਂ)
* 2012 ਵਿਚ 25 ਮਈ/ 12 ਜੇਠ (17 ਦਿਨ ਪਹਿਲਾਂ)
* 2013 ਵਿਚ 12 ਜੂਨ/ 30 ਜੇਠ (1 ਦਿਨ ਪਿੱਛੋਂ)
* 2014 ਵਿੱਚ 1 ਜੂਨ (10 ਦਿਨ ਪਹਿਲਾਂ)
* 2015 ਵਿੱਚ 22 ਮਈ (20 ਦਿਨ ਪਹਿਲਾਂ)

ਬਠਿੰਡਾ, 22 ਮਈ (ਕਿਰਪਾਲ ਸਿੰਘ): ਬੁਧੀਜੀਵੀ ਦੱਸਣ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿੱਛੋਂ 17 ਦਿਨ ਸਿੱਖਾਂ ਦਾ ਗੁਰੂ ਕੌਣ ਰਿਹਾ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਣ ਹੈੱਡ ਪ੍ਰਚਾਰਕ ਭਾਈ ਸ਼ਿਵਤੇਗ ਸਿੰਘ ਨੇ ਅੱਜ ਸੇਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਇਤਿਹਾਸਿਕ ਵਸੀਲਿਆˆ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663 ਮੁਤਾਬਕ 30 ਮਈ 1606 (ਯੂਲੀਅਨ) ਦਿਨ ਸ਼ੁੱਕਰਵਾਰ ਨੂੰ ਹੋਈ ਸੀ। ਆਪਣੀ ਸ਼ਹੀਦੀ ਨੂੰ ਅਟੱਲ ਜਾਣ ਕੇ ਗੁਰੂ ਅਰਜਨ ਸਾਹਿਬ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ 28 ਜੇਠ ਨੂੰ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ ਅਤੇ ਪੰਜ ਦਿਨ ਬਾਅਦ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663 ਨੂੰ ਸ਼ਹੀਦੀ ਪ੍ਰਾਪਤ ਕੀਤੀ। ਇਨ੍ਹਾਂ ਤਰੀਕਾਂ ’ਤੇ ਪੰਥ ਵਿੱਚ ਕੋਈ ਵੀ ਮੱਤ ਭੇਦ ਨਹੀ ਹਨ। 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹਰ ਸਾਲ 28 ਜੇਠ ਮੁਤਾਬਕ 11 ਜੂਨ ਅਤੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਮੁਤਾਬਕ 16 ਜੂਨ ਨੂੰ ਮਨਾਇਆ ਜਾਂਦਾ ਸੀ।

ਪਰ ਸੋਧ ਦੇ ਨਾਮ ’ਤੇ 14 ਮਾਰਚ 2010 ਨੂੰ ਲਾਗੂ ਕੀਤੇ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਤਾਂ ਹਰ ਸਾਲ ਸੂਰਜੀ ਸਾਲ ਦੇ ਹਿਸਾਬ 28 ਜੇਠ ਮੁਤਾਬਕ 11 ਜੂਨ ਨੂੰ ਹੀ ਮਨਾਇਆ ਜਾਂਦਾ ਹੈ ਪਰ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਚੰਦਰ ਸਾਲ ਮੁਤਾਬਕ ਜੇਠ ਸੁਦੀ 4 ਨੂੰ ਮਨਾਇਆ ਜਾਂਦਾ ਹੈ। ਚੰਦਰ ਸਾਲ ਦੀ ਲੰਬਾਈ 354 ਦਿਨ ਅਤੇ ਸੂਰਜੀ ਸਾਲ ਦੀ ਲੰਬਾਈ 365 ਦਿਨ ਹੋਣ ਕਰਕੇ 11 ਦਿਨ ਦਾ ਫਰਕ ਹੈ ਇਸ ਲਈ ਇਹ ਦਿਨ ਕਦੀ ਵੀ ਸਥਿਰ ਨਹੀਂ ਰਹਿੰਦਾ ਤੇ ਹਮੇਸ਼ਾਂ ਅੱਗੇ ਪਿੱਛੇ ਆਉਂਦਾ ਰਹਿੰਦਾ ਹੈ। ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, 2010 ਵਿਚ 16 ਜੂਨ/ 2 ਹਾੜ (ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਗੁਰਪੁਰਬ ਤੋਂ 5 ਦਿਨ ਪਿੱਛੋਂ), 2011 ਵਿੱਚ 5 ਜੂਨ/ 22 ਜੇਠ (6 ਦਿਨ ਪਹਿਲਾਂ), 2012 ਵਿਚ 25 ਮਈ/ 12 ਜੇਠ (17 ਦਿਨ ਪਹਿਲਾਂ),2013 ਵਿਚ 12 ਜੂਨ/ 30 ਜੇਠ (1 ਦਿਨ ਪਿੱਛੋਂ)2014 ਵਿੱਚ 1 ਜੂਨ (10 ਦਿਨ ਪਹਿਲਾਂ), 2015 ਵਿੱਚ 22 ਮਈ (20 ਦਿਨ ਪਹਿਲਾਂ) ਆਵੇਗਾ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਸਿੱਖ ਪਲ ਭਰ ਲਈ ਭੀ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ।

ਗੁਰਬਾਣੀ ਦਾ ਫ਼ੁਰਮਾਨ ਹੈ : ’ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥ ਗੁਰੂ ਬਿਨਾ ਮੈ ਨਾਹੀ ਹੋਰ ॥ ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥ ਜਾ ਕੀ ਕੋਇ ਨ ਮੇਟੈ ਦਾਤਿ ॥1॥’ (ਗੋਂਡ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 864) ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਰੀਰਕ ਚੋਲ਼ੇ ਵਿੱਚ ਹੁੰਦਿਆਂ ਹੀ ਬਾਬਾ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਕਰਕੇ ਥਾਪਿਆ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਆਪਣੀ ਮੌਜੂਦਗੀ ਵਿੱਚ ਸੌਂਪੀ। ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ, ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਹਰਿਰਾਇ ਸਾਹਿਬ, ਗੁਰੂ ਹਰਿਰਾਇ ਸਾਹਿਬ ਨੇ ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਆਪਣੇ ਸਰੀਰਕ ਚੋਲ਼ੇ ਵਿੱਚ ਰਹਿੰਦਿਆਂ ਹੀ ਦਿੱਤੀ। ਦਿੱਲੀ ਵਿਖੇ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀਜੋਤ ਸਮਾਉਣ ਸਮੇਂ (ਗੁਰੂ) ਗੁਰੂ ਤੇਗ ਬਹਾਦਰ ਸਾਹਿਬ ਜੀ ਉਥੇ ਮੌਜੂਦ ਨਹੀਂ ਸਨ ਤੇ ਉਹ ਬਾਬਾ ਬਕਾਲੇ ਵਿਖੇ ਰਹਿ ਰਹੇ ਸਨ, ਇਸ ਲਈ ਉਹ ਵੀ ਸੰਕੇਤ ਕਰ ਗਏ ਸਨ ਕਿ ਅਗਲਾ ਗੁਰੂ ਬਾਬਾ ਬਕਾਲੇ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦੇਣ ਤੋਂ ਪਹਿਲਾਂ ਗੁਰਿਆਈ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪੀ ਤੇ ਉਨ੍ਹਾਂ ਨੇ ਜੋਤੀਜੋਤ ਸਮਾਉਣ ਤੋਂ ਪਹਿਲਾਂ ਨੰਦੇੜ ਵਿਖੇ ਗੁਰਿਆਈ ਜੁਗੋਜੁੱਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਕੇ ਸਖ਼ਸ਼ੀ ਗੁਰੂ ਦਾ ਹਮੇਸ਼ਾਂ ਲਈ ਖਾਤਮਾ ਕਰ ਦਿੱਤਾ। ਇਸ ਤਰ੍ਹਾਂ ਸਿੱਖ ਦੀ ਜਿੰਦਗੀ ਦਾ ਛਿਣਮਾਤਰ ਸਮਾਂ ਵੀ ਅਜੇਹਾ ਨਹੀਂ ਕਿ ਉਹ ਗੁਰੂ ਦੀ ਅਗਵਾਈ ਤੋਂ ਵਾਂਝਾ ਰਹੇ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਸਵਾਲ ਪੈਦਾ ਹੁੰਦਾ ਹੈ, ਕਿ ਜੇ ਇਹ ਸਿੱਧ ਹੋ ਗਿਆ ਕਿ ਸਿੱਖ ਇਤਿਹਾਸ ਵਿੱਚ ਕੋਈ ਵੀ ਸਮਾਂ ਅਜੇਹਾ ਨਹੀਂ ਕਿ ਸਿੱਖ ਗੁਰੂ ਦੀ ਅਗਵਾਈ ਤੋਂ ਵਾਂਝਾ ਰਿਹਾ ਹੋਵੇ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਨਸ਼ੀਨੀ ਤਾਰੀਖਾਂ ਸਬੰਧੀ ਕੋਈ ਮਤਭੇਦ ਨਹੀਂ ਤਾˆ ਅੱਜ ਸ਼ਹੀਦੀ ਦਿਹਾੜਾ ਮਨਾਉਣ ’ਤੇ ਮੱਤ ਭੇਦ ਕਿਉਂ ਹਨ? ਉਨ੍ਹਾਂ ਕਿਹਾ ਮੈਂ ਪਿਛਲੇ ਸਾਲ ਵੀ ਬੁਧੀਜੀਵੀਆਂ ਨੂੰ ਇਹ ਸਵਾਲ ਕੀਤਾ ਸੀ ਕਿ ਗੁਰੂ ਅਰਜੁਨ ਸਾਹਿਬ ਜੀ ਦੀ 5 ਜੂਨ ਦੀ ਹੋਈ ਸ਼ਹੀਦੀ ਉਪ੍ਰੰਤ 11 ਜੂਨ ਤੱਕ 6 ਦਿਨ ਸਿੱਖਾਂ ਦਾ ਗੁਰੂ ਕੌਣ ਸੀ ਤੇ 11 ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਕਿਸ ਨੇ ਦਿੱਤੀ? ਇਹੀ ਸਵਾਲ ਅੱਜ ਫਿਰ ਖੜ੍ਹਾ ਹੈ ਕਿ ਗੁਰੂ ਅਰਜੁਨ ਸਾਹਿਬ ਜੀ ਦੀ 25 ਮਈ ਨੂੰ ਹੋਈ ਸ਼ਹੀਦੀ ਤੋਂ ਬਾਅਦ 11 ਜੂਨ ਤੱਕ 17 ਦਿਨਾਂ ਤੱਕ ਸਿੱਖਾਂ ਦਾ ਗੁਰੂ ਕੌਣ ਹੋਵੇਗਾ? ਉਨ੍ਹਾਂ ਪੁੱਛਿਆ ਕਿ ਜੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, ਦੀ ਥਾਂ 2 ਹਾੜ ਨੂੰ ਮਨਾ ਲਿਆ ਜਾਵੇ ਜਿਸ ਨਾਲ 16 ਜੂਨ ਦੀ ਤਰੀਖ ਹਮੇਸ਼ਾਂ ਲਈ ਸਥਿਰ ਆਉਣ ਕਰਕੇ ਯਾਦ ਰੱਖਣੀ ਵੀ ਸੌਖੀ ਹੋ ਜਾਵੇਗੀ ਤੇ ਗੁਰਪੁਰਬ ਅੱਗੇ ਪਿੱਛੇ ਹੋਣ ਦਾ ਭੰਬਲਭੂਸਾ ਵੀ ਨਹੀ ਰਹੇਗਾ ਤਾਂ ਗੁਰਮਤਿ ਦੇ ਕਿਹੜੇ ਸਿਧਾਂਤ ਨੂੰ ਸੱਟ ਵੱਜੇਗੀ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top