Share on Facebook

Main News Page

ਸਿੱਖ ਕੌਮ ਦਾ ਅਸਲੀ ਆਗੂ ਕੌਣ ਅਤੇ ਕੀ ਉਹ ਵਿਵਾਦ ਰਹਿਤ ਹੈ?
-
ਅਵਤਾਰ ਸਿੰਘ ਮਿਸ਼ਨਰੀ

ਆਗੂ ਦਾ ਅਰਥ ਹੈ ਅਗਵਾਈ ਕਰਨ ਵਾਲਾ, ਸਿੱਖ ਕੌਮ ਦੀ ਪੂਰਨ ਅਗਵਾਈ, ਸਦੀਵੀ ਸ਼ਬਦ-ਗੁਰੂ ਗੁਰੂ-ਗ੍ਰੰਥ ਸਾਹਿਬ ਹੀ ਕਰ ਸਕਦਾ ਹੈ ਕਿਉਂਕਿ ਗੁਰੂ-ਗ੍ਰੰਥ ਸਾਹਿਬ ਸਿੱਖ ਕੌਮ ਦਾ ਸਦੀਵੀ ਸ਼ਬਦ ਗੁਰੂ ਵੀ ਹੈ। ਸਰੀਰਕ ਜਾਮਿਆਂ ਵੇਲੇ ਵੀ ਗੁਰੂ ਹੀ ਕੌਮ ਦੀ ਅਗਵਾਈ ਕਰਦਾ ਸੀ ਅਤੇ ਉਸ ਨੇ ਹੀ ਸਦੀਵ ਕਾਲ ਲਈ ਸ਼ਬਦ ਨੂੰ ਗੁਰਤਾ ਸਉਂਪ ਕੇ ਦੁਨਿਆਵੀ ਵਿਵਾਦਾਂ ਤੋਂ ਰਹਿਤ ਸ਼ਬਦ ਨੂੰ ਸਤਿਗੁਰੂ ਆਗੂ ਥਾਪ ਦਿੱਤਾ। ਅੱਜ ਵੀ ਕਈ ਵਿਵਾਦਾਂ ਵਿੱਚ ਉਲਝੀ ਸਿੱਖ ਕੌਮ ਜੇ “ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ” ਨੂੰ ਹੀ ਸਰਬ ਪ੍ਰਵਾਣਿਤ ਆਗੂ (ਜਥੇਦਾਰ) ਮੰਨ ਲਵੇ ਤਾਂ ਪੁਜਾਰੀਆਂ ਅਤੇ ਲੋਟੂ ਸਾਧਾਂ ਦੀ ਲੁੱਟ ਤੋਂ ਬਚ ਸਕਦੀ ਹੈ।

ਕੌਮ ਦੀ ਤਰਾਸਦੀ ਹੈ ਕਿ ਅੱਜ ਜਾਗ੍ਰਤ ਸਿੱਖ ਵੀ ਔਖੇ ਵੇਲੇ ਗੁਰੂ ਨੂੰ ਪਿੱਠ ਦੇ ਕੇ ਉਨ੍ਹਾਂ ਅਖੌਤੀ ਜਥੇਦਾਰਾਂ ਦੇ ਅੱਗੇ ਪੇਸ਼ ਹੋ ਜਾਂਦੇ ਹਨ ਜੋ ਜਥੇਦਾਰ ਬਲਾਤਕਾਰੀ ਡੇਰੇਦਾਰਾਂ ਦੇ ਪੈਰਾਂ ਤੇ ਨੱਕ ਰਘੜਦੇ ਅਤੇ ਅਖੌਤੀ ਅਕਾਲੀ ਲੀਡਰਾਂ ਦੀ ਚਾਪਲੂਸੀ ਕਰਦੇ ਨਹੀਂ ਥੱਕਦੇ। ਜੇ ਸਾਡੇ ਗੁਰੂਆਂ-ਭਗਤਾਂ ਅਤੇ ਕੌਮੀ ਸ਼ਹੀਦਾਂ ਨੇ ਮਰੀ ਜਮੀਰ ਵਾਲੇ ਪੁਜਾਰੀਆਂ ਅਤੇ ਜ਼ਾਲਮ ਹਕੂਮਤਾਂ ਨਾਲ ਸੁਆਰਥੀ ਸਮਝੌਤੇ ਨਹੀਂ ਕੀਤੇ ਤਾਂ ਅਸੀਂ ਕੌਣ ਹੁੰਦੇ ਹਾਂ ਅਜਿਹਾ ਕਰਨ ਵਾਲੇ? ਇਸ ਦੁਨੀਆਂ ਤੋਂ ਵਾਰੀ ਨਾਲ ਹਰੇਕ ਇਨਸਾਨ ਨੇ ਤੁਰ ਜਾਣਾ ਹੈ ਫਿਰ ਇਨ੍ਹਾਂ ਪੁਜਾਰੀਆਂ ਦੀ ਗਰਜ ਕਾਹਦੀ? ਜੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵਿਰੋਧੀ ਡੇਰਿਆਂ ਤੇ ਭੱਜੇ ਜਾਂਦੇ ਹਨ? ਇਹ ਪਾਰਟੀਬਾਜ, ਈਰਖਾਵਾਦੀ ਪੁਜਾਰੀ ਆਗੂ ਆਪ ਤਾਂ ਸੈਂਕੜੇ ਵਿਵਾਦਾਂ ਵਿੱਚ ਘਿਰੇ ਹੋਏ ਹਨ, ਕੌਮ ਦੇ ਮਸਲੇ ਕਿਵੇਂ ਹੱਲ ਕਰਨਗੇ? ਇਹ ਤਾਂ ਪੰਥਕ ਵਿਦਵਾਨਾਂ ਨੂੰ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਦੇ ਹਨ, ਅਖੌਤੀ ਡੇਰੇਦਾਰਾਂ ਅਤੇ ਪੁਲੀਟੀਕਲ ਆਗੂਆਂ ਦੇ ਦਬਾਅ ਥੱਲੇ ਆ ਕੇ ਉਨ੍ਹਾਂ ਨੂੰ ਛੇਕ ਦਿੰਦੇ ਹਨ।

“ਬੋਲੀਐ ਸਚ ਧਰਮ ਝੂਠਿ ਨਾਂ ਬੋ਼ਲੀਐ” ਦਾ ਪ੍ਰਚਾਰ ਕਰਨ ਵਾਲਿਆਂ ਨੂੰ ਵੀ "ਸੱਚ ਧਰਮ" ਤੇ ਪਹਿਰਾ ਦੇਣਾਂ ਚਾਹੀਦਾ ਹੈ। ਜੇ ਸਿੱਖ ਵਿਦਵਾਨਾਂ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਅਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਸਾਬਕਾ ਜਥੇਦਾਰ ਅਕਾਲ ਤਖਤ ਵਰਗੇ ਵਿਦਵਾਨਾਂ ਨੂੰ ਛੇਕਣ ਨਾਲ ਸੈਂਕੜੇ ਵਿਦਵਾਨ ਹੋਰ ਪੈਦਾ ਹੋ ਗਏ ਹਨ ਫਿਰ ਸਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਹੁਣ ਮੀਡੀਆ ਵੀ ਗੁਰ ਉਪਦੇਸ਼ਾਂ ਰਾਹੀਂ ਜਾਗਿਰਤ ਕਰ ਰਿਹਾ ਹੈ। ਕਿੰਨਾ ਚਿਰ ਅਸੀਂ ਪਾਰਟੀਬਾਜ ਅਤੇ ਡੇਰੇਦਾਰਾਂ ਅੱਗੇ ਨਿਵਣ ਵਾਲਿਆਂ ਨੂੰ ਕੌਮ ਦੇ ਆਗੂ (ਜਥੇਦਾਰ) ਸਵੀਕਾਰ ਕੇ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਹਿਬ ਅਤੇ ਗੁਰੂ ਪੰਥ ਦੀ ਤੌਹੀਨ ਕਰਦੇ ਰਹਾਂਗੇ। ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ! ਗੁਰੂ ਪੰਥ ਦੇ ਪੱਕੇ ਸਿਪਾਹੀ ਨੂੰ ਕੋਈ ਪੁਜਾਰੀ ਗੁਰੂ ਪੰਥ ਚੋਂ ਛੇਕ ਸਕਦਾ ਹੈ? ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਹੜਾ “ਜੱਜ” ਅਦਾਲਤ ਦੇ ਕਾਇਦੇ ਕਨੂੰਨਾਂ ਨੂੰ ਨਹੀਂ ਮੰਨਦਾ ਉਹ “ਜੱਜ” ਹੋ ਸਕਦਾ ਹੈ? ਅਕਾਲ ਤਖਤ ਦੀ "ਸਿੱਖ ਰਹਿਤ ਮਰਜ਼ਾਦਾ" ਜੋ ਤਖਤ ਤੇ ਹੀ ਲਾਗੂ ਨਹੀਂ ਕਰ ਸਕਦਾ, ਜਥੇਦਾਰ ਕਿਵੇਂ ਹੋ ਸਕਦਾ ਹੈ? ਕੀ ਕਰਮਕਾਂਡੀ ਅਤੇ ਬਲਾਤਕਾਰੀ ਡੇਰੇਦਾਰ ਸਾਧਾਂ ਦੇ ਡੇਰਿਆਂ ਤੇ ਜਾ ਕੇ ਸਿਰੋਪੇ ਲੈਣ ਵਾਲਾ ਕੌਮ ਦਾ ਜਥੇਦਾਰ ਆਗੂ ਹੋ ਸਕਦਾ ਹੈ?

ਕੀ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਅਖੌਤੀ ਦਸਮ ਗ੍ਰੰਥ, ਜਿਸ ਵਿੱਚ ਅਸ਼ਲੀਲਤਾ ਦੀਆਂ ਹੱਦ ਬੰਦੀਆਂ ਪਾਰ ਕੀਤੀਆਂ ਗਈਆਂ ਹਨ, ਨੂੰ ਮਾਣਤਾ ਦੇਣ ਵਾਲੇ ਵਿਅਕਤੀਆਂ ਨੂੰ ਕੌਂਮੀ ਜਥੇਦਾਰ ਮੰਨ ਸਕਦੀ ਹੈ? ਭਲਿਓ! ਸਿੱਖ ਅਖੌਤੀ ਆਗੂਆਂ (ਜਥੇਦਾਰਾਂ) ਨੂੰ ਛੱਡ ਕੇ ਤਾਂ ਬਚ ਸਕਦਾ ਹੈ ਪਰ ਅਕਾਲ ਪੁਰਖ ਦੇ ਸਦੀਵੀ ਹੁਕਮ ਗਿਆਨ ਗੁਰਬਾਣੀ ਨੂੰ ਛੱਡ ਕੇ ਸਦਾ ਲਈ ਜਮੀਰਕ ਤੌਰ ਤੇ ਮਰ ਜਾਂਦਾ ਹੈ। ਹਰੇਕ ਸਿੱਖ ਹੀ ਗੁਰੂ ਦਾ ਪ੍ਰਚਾਰਕ ਹੈ ਜੋ ਕਿਰਤ ਕਰਕੇ ਪ੍ਰਚਾਰ ਕਰਦਾ ਹੈ ਨਾਂ ਕਿ ਪ੍ਰਬੰਧਕਾਂ ਅਤੇ ਪੁਜਾਰੀਆਂ ਤੇ ਰੋਟੀ ਰੋਜੀ ਤੇ ਅਧਾਰਤ ਹੁੰਦਾ ਹੈ। ਕਾਲਜ, ਵਿਦਿਆਲੇ ਅਤੇ ਜਥੇਬੰਦੀਆਂ ਗਿਆਨ ਦੇਣ ਵਿੱਚ ਤਾਂ ਸਹਾਈ ਹੋ ਸਕਦੀਆਂ ਹਨ ਪਰ ਸਾਡੀਆਂ ਮਾਲਕ ਨਹੀਂ ਹਨ ਮਾਲਕ ਸਭ ਦਾ ਕਰਤਾਰ ਹੈ। ਇਸ ਕਰਕੇ ਕਰਤਾਰ ਤੇ ਭਰੋਸਾ ਰੱਖ ਕੇ ਕਰਤਾਰ ਬਾਰੇ ਸਿਖਿਆ ਦੇਣ ਵਾਲੇ ਗੁਰੂ ਗ੍ਰੰਥ ਨੂੰ ਸਮਰਪਿਤ ਹੋਣਾ ਚਾਹੀਦਾ ਹੈ।

ਦੂਜੇ ਪਾਸੇ ਪੰਜ ਪਿਆਰੇ ਵੀ ਉਹ ਹੀ ਹੋ ਸਕਦੇ ਹਨ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਅਗਵਾਈ ਵਿੱਚ ਸਿਖਿਆ ਦੇਣ, ਜੋ ਪਿਆਰੇ ਹੋ ਕੇ ਵੀ ਡੇਰੇਦਾਰ ਸਾਧਾਂ ਨੂੰ ਮਾਨਤਾ ਦੇਣ ਅਤੇ ਪਾਰਟੀਬਾਜੀ ਦਾ ਸ਼ਿਕਾਰ ਹੋਣ, ਉਹ ਕੌਮ ਦੇ ਆਗੂ ਪਿਆਰੇ ਨਹੀਂ ਹੋ ਸਕਦੇ। ਕੀ ਗੁਰੂ ਨੇ ਸਾਨੂੰ ਕੇਵਲ ਮੱਥੇ ਟੇਕਣ, ਕੇਵਲ ਪਾਠ ਕਰਨ-ਕਰਾਉਣ, ਕੀਮਤੀ-ਕੀਮਤੀ ਰੁਮਾਲੇ ਚੜ੍ਹਾਉਣ, ਸੁੱਖਣਾ ਸੁੱਖਣ ਅਤੇ ਭੇਟਾ ਦੇ ਕੇ ਪੁਜਾਰੀਆਂ ਕੋਲੋਂ ਅਰਦਾਸਾਂ ਕਰਾਈ ਜਾਣ ਲਈ ਹੀ ਸ਼ਬਦ ਗੁਰੂ ਦੇ ਲੜ ਲਾਇਆ ਸੀ? ਹਰ ਅਰਦਾਸ ਵਿੱਚ ਗੁਰੂ ਦਾ ਇਹ ਹੁਕਮ ਕਿ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਨੂੰ ਦੁਹਰਾਉਣ ਵਾਲੇ, ਕੀ ਕਦੇ ਸੱਚੇ ਦਿਲੋਂ “ਗੁਰੂ ਗ੍ਰੰਥ ਸਾਹਿਬ” ਨੂੰ ਸਦੀਵੀ ਗੁਰੂ, ਆਗੂ ਅਤੇ ਕੌਮੀ ਜਥੇਦਾਰ ਮੰਣਗੇ ਵੀ? ਜੋ ਗੁਰੂ ਜਾਤਪਾਤ, ਦੇਸ਼, ਧਰਮ, ਮਜਹਬ, ਪੱਖਪਾਤ, ਪਾਰਟੀਬਾਜੀ, ਦੂਸ਼ਣਬਾਜੀ ਅਤੇ ਵਿਵਾਦਾਂ ਤੋਂ ਰਹਿਤ ਹੈ ਜੇ ਸਿੱਖ ਕੌਮ ਐਸੇ ਗੁਰੂ ਨੂੰ ਆਗੂ ਮੰਨ ਕੇ ਉਸ ਦੀ ਅਗਵਾਈ ਕਬੂਲ ਲਵੇ ਤਾਂ ਸਦੀਵੀ ਚੜ੍ਹਦੀਆਂ ਕਲਾਂ ਵਿੱਚ ਜਾਂਦੀ ਹੋਈ ਬਹੁਤ ਸਾਰੇ ਵਾਦ-ਵਿਵਾਦਾਂ ਤੋਂ ਮੁਕਤੀ ਪ੍ਰਾਪਤ ਕਰਕੇ, ਆਪਣੀ ਮੰਜਲ ਵੱਲ ਵਧਦੀ ਹੋਈ, ਸਮੁੱਚੀ ਮਾਨਵਤਾ ਨੂੰ ਰੱਬੀ ਗਿਆਨ ਦੇ ਭੰਡਾਰ ਵੰਡ ਕੇ ਆਪਣੇ ਹਮ ਸ਼ਹਿਰੀ ਬਣਾ ਸਕਦੀ ਹੈ। ਅੰਤ ਵਿੱਚ ਅਰਜੋਈ ਹੈ ਅੰਧੇ ਅਗੂਆਂ ਤੋਂ ਬਚੋ ਜੋ ਆਪ ਵਹਿਮਾਂ-ਭਰਮਾਂ, ਕਰਮਕਾਂਡਾਂ ਅਤੇ ਹਉਮੇ ਹੰਕਾਰ ਮਾਇਆ, ਧਰਮ ਦੇ ਨਾਂ ਤੇ ਜਨਤਾ ਦੀ ਲੁੱਟ ਕਰਨ ਵਾਲੇ ਡੇਰਿਆਂ ਦੀਆਂ ਖੱਡਾਂ ਵਿੱਚ ਖੁਭੇ ਪਏ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top