Share on Facebook

Main News Page

ਪੁਜਾਰੀਵਾਦ ਦਾ ਬਦਲ
-
ਡਾ. ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆ)

ਗੁਰੂ ਅਮਰਦਾਸ ਜੀ ਨੇ ਦੂਰ ਦੁਰਾਡਿਆਂ ਤੱਕ ਗੁਰਮਤਿ ਦੇ ਪ੍ਰਚਾਰ ਲਈ ਪ੍ਰਚਾਰਕ ਨਿਯੁਕਤ ਕੀਤੇ ਸਨ ਜਿਨਾਂ ਨੂੰ ਉਸ ਸਮੇ ਮਸਨਦ(ਮਸੰਦ) ਕਿਹਾ ਜਾਂਦਾ ਸੀ ।ਮਸਨਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਗੱਦੀ।

ਇਹਨਾਂ ਮਸੰਦਾਂ ਦਾ ਕੰਮ ਆਪਣੀ ਕਿਰਤ ਕਮਾਈ ਕਰਦਿਆਂ ਗੁਰਮਤਿ ਦਾ ਪ੍ਰਚਾਰ ਕਰਦੇ ਕਰਦੇ ਸੰਗਤਾਂ ਦੇ ਦਸਵੰਦ ਨੂੰ ਮੁੱਖ ਕੇਂਦਰ (ਗੁਰੂ ਕੋਲ) ਪਹੁੰਚਾਉਣਾ ਹੁੰਦਾ ਸੀ। ਕੁਝ ਸਮਾਂ ਤਾਂ ਪ੍ਰਚਾਰ ਦੇ ਇਹ ਕੇਂਦਰ ਬਹੁਤ ਵਧੀਆ ਚਲਦੇ ਰਹੇ ਪਰ ਸਮੇ ਦੇ ਬਦਲਾਵ ਨਾਲ ਉਹਨਾਂ ਮਸੰਦਾਂ ਦੀ ਨੀਅਤ ਵੀ ਬਦਲ ਗਈ। ਹੋ ਰਹੀ ਪੂਜਾ ਪ੍ਰਤਿਸ਼ਠਾ ਅਤੇ ਕਮਾਈ ਦੇ ਸੌਖਾ ਸਾਧਨ ਬਣ ਜਾਣ ਕਾਰਣ ਮਸੰਦਾਂ ਨੇ ਪ੍ਰਚਾਰ ਕੇਂਦਰਾਂ ਨੂੰ ਵਪਾਰ ਕੇਂਦਰਾਂ ਵਿੱਚ ਬਦਲ ਦਿੱਤਾ। ਗੁਰਮਤਿ ਦੇ ਪ੍ਰਚਾਰ ਦੀ ਜਗਹ ਪੈਸੇ ਦੇ ਚੜ੍ਹਾਵੇ ਨਾਲ ਪੂਜਾ ਹੋਣੀ ਸ਼ੁਰੂ ਹੋ ਗਈ। ਜਿਆਦਾ ਚੜ੍ਹ ਰਹੇ ਪੈਸੇ ਨੇ ਮਸੰਦਾ ਦੀ ਮੱਤ ਮਾਰ ਦਿੱਤੀ ਅਤੇ ਉਹ ਕੁਕਰਮਾਂ ਦੇ ਰਸਤੇ ਪੈ ਗਏ। ਇਹਨਾਂ ਮਸੰਦਾਂ ਦੀਆਂ ਗੱਦੀਆਂ ਲਈ ਝਗੜੇ ਸ਼ੁਰੂ ਹੋ ਗਏ। ਆਖਿਰ ਗੁਰੂ ਗੋਬਿੰਦ ਸਿੰਘ ਜੀ ਨੇ ਲੰਬਾ ਵਿਚਾਰ ਕੇ ਇਸ ਪ੍ਰਥਾ ਵਿੱਚ ਸੁਧਾਰ ਕਰਨ ਦੀ ਥਾਂ ਇਸ ਮਸੰਦ ਪ੍ਰਥਾ ਦਾ ਸਦਾ ਲਈ ਹੀ ਖਾਤਮਾ ਕਰ ਦਿੱਤਾ, ਕਿਉਂਕਿ ਗੁਰੂ ਜੀ ਗੁਰਮਤਿ ਪ੍ਰਚਾਰ ਦੀ ਅਗਲੀ ਸਟੇਜ ਤੇ ਦੇਹ-ਗੁਰੂ ਪ੍ਰਥਾ ਨਾਲੋਂ ਸ਼ਬਦ-ਗੁਰੂ ਪ੍ਰਥਾ ਨਾਲ ਸੰਸਾਰ ਨੂੰ ਜੋੜਕੇ ਕਿਸੇ ਵੱਖਰੀ ਪੁਜਾਰੀ ਸ਼੍ਰੇਣੀ ਦੇ ਮੁਹਤਾਜ ਬਨਾਣ ਨਾਲੋਂ ਹਰ ਪ੍ਰਾਣੀ ਨੂੰ ਹੀ ਗੁਰਮਤਿ ਅਨੁਸਾਰੀ ਪੁਜਾਰੀ (ਸੁਕਿਰਤ ਕਰਦਿਆਂ ਰੱਬ ਨਾਲ ਜੁੜੇ ਰਹਿਣ ਵਾਲਾ) ਬਨਾਉਣਾ ਚਾਹੁੰਦੇ ਸਨ।

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ। ਹਾਥ ਪਾਉ ਕਰ ਕਾਮੁ ਚੀਤ ਨਿਰੰਜਨ ਨਾਲਿ। (ਪੰਨਾ 1375)

ਗੁਰਮਤਿ ਅਨੁਸਾਰ ਹਰ ਸਿੱਖ ਹੀ ਪੁਜਾਰੀ ਹੈ ਜੋ ਕਿ ਪੁਰਾਣੇ ਸਮੇਂ ਤੋਂ ਪਰਚਲਤ ਕਿਸੇ ਆਕਾਰ ਦੀ ਕਰਮਕਾਂਡੀ ਪੂਜਾ ਅਰਚਨਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਸਗੋਂ ਆਪਣੇ ਆਪ ਨੂੰ ਕਾਦਰ ਦੀ ਕੁਦਰਤ ਦਾ ਇੱਕ ਹਿੱਸਾ ਜਾਣਦਿਆਂ, ਕੁਦਰਤ ਦੇ ਅਟੱਲ ਨਿਯਮਾਂ ਅੱਗੇ ਸਮਰਪਿਤ ਹੋ ਉਸੇ ਦੀ ਨਿਯਮਾਵਲੀ ਅਧੀਨ ਵਿਚਰਨਾਂ ਹੀ ਕਾਦਰ ਦੀ ਪੂਜਾ ਸਮਝਦਾ ਹੈ। ਲੋੜ ਹੈ ਬਸ ਕੁਦਰਤ ਦੀ ਨਿਯਮਾਵਲੀ ਨੂੰ ਸਮਝਣ ਦੀ। ਕੁਦਰਤ ਦੇ ਨਿਯਮਾਂ ਦੇ ਅਨੁਕੂਲ ਹੋਕੇ ਜੀਣਾ ਹੀ ਰੱਬ ਦੇ ਹੁਕਮ ਵਿੱਚ ਜੀਣਾ ਹੈ। ਪਰਮਾਤਮਾਂ ਸੈਭੰਗ (ਸਵੈ ਭੰਗ) ਅਰਥਾਤ ਆਪਣੇ ਆਪ ਤੋਂ ਹੀ ਪ੍ਰਕਾਸ਼ ਹੋਇਆ ਅਤੇ ਪੁਰਖ(ਪੂਰਿਆ ਹੋਇਆ) ਅਰਥਾਤ ਹਰ ਦਿੱਖ-ਅਦਿੱਖ ਚੀਜ ਵਿੱਚ ਸਮਾਇਆ ਹੋਇਆ ਹੈ ਅਤੇ ਇਕ ਰਸ ਆਪਣੀ ਕੁਦਰਤ ਵਿੱਚ ਵਿਆਪ ਰਿਹਾ ਹੈ। ਇਸ ਤਰਾਂ ਮਨੁੱਖ ਵੀ ਇਸ ਕੁਦਰਤ ਦਾ ਇੱਕ ਹਿੱਸਾ ਅਰਥਾਤ ਰੱਬ ਜੀ ਦਾ ਇਕ ਹਿੱਸਾ ਹੈ ਜਿਸਨੂੰ ਕੁਦਰਤ ਵਾਂਗ ਹੀ ਜੀਣਾਂ ਸਮੇਂ ਸਮੇਂ ਦੇ ਕੁਦਰਤ ਦੇ ਅੰਗ ਸੰਗ ਜੀਣ ਵਾਲੇ ਪਰਮ ਮਨੁੱਖਾਂ ਨੇ ਆਪੋ ਆਪਣੇ ਤਰੀਕੇ ਨਾਲ ਦੱਸਿਆ ਹੈ। ਆਮ ਲੁਕਾਈ ਨੂੰ ਸਮਝ ਆਉਣ ਲਈ ਲੋਕਾਂ ਦੀ ਭਾਸ਼ਾ ਵਿੱਚ ਅਜਿਹੇ ਸਰਬੱਤ ਦੇ ਭਲੇ ਦੇ ਨਿਯਮਾਂ ਦੇ ਵਰਣਨ ਵੱਖਰੇ ਵੱਖਰੇ ਮਜ਼ਹਬਾਂ ਦੇ ਬਾਨਣੂ ਬੰਨਣ ਦਾ ਆਧਾਰ ਬਣਦੇ ਗਏ। ਹੌਲੀ ਹੌਲੀ ਵਿਕਸਤ ਹੋਏ ਅਜਿਹੇ ਧਾਰਮਿਕ ਆਖੇ ਜਾਂਦੇ ਨਿਯਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਵਿਚੋਲੇ ਹੋਂਦ ਵਿੱਚ ਆ ਗਏ। ਇਹੀ ਵਿਚੋਲੇ ਆਪਣੇ ਨਿੱਜੀ ਸਵਾਰਥ ਲਈ ਸ਼ਰਧਾਲੂਆਂ ਵਿੱਚ ਆਪਦੀ ਰੱਬ ਨਾਲ ਨੇੜਤਾ ਦਾ ਭੁਲੇਖਾ ਪੈਦਾ ਕਰ ਪੁਜਾਰੀ ਅਖਵਾਉਣ ਲੱਗ ਪਏ।

ਲੋਕਾਂ ਵਿੱਚ ਇਹ ਭਰਮ ਪੈਦਾ ਕਰਕੇ ਕਿ ਪੁਜਾਰੀਆਂ ਦੀ ਰੱਬ ਜਿਆਦਾ ਸੁਣਦਾ ਹੈ, ਇਹਨਾਂ ਚੜ੍ਹਾਵੇ ਲੈਕੇ ਲੋਕਾਂ ਦੇ ਰੁਕੇ ਕੰਮ ਪੂਜਾ-ਅਰਦਾਸਾਂ ਨਾਲ ਕਰਵਾਉਣ ਦਾ ਪੁਸ਼ਤ ਦਰ ਪੁਸ਼ਤ ਬਿਜਨਸ ਸ਼ੁਰੂ ਕਰ ਲਿਆ। ਦੁਨੀਆਂ ਦੇਖਦੀ ਸੀ ਕਿ ਦੁਨਿਆਵੀ ਰਾਜਿਆਂ ਦੀ ਖੁਸ਼ਾਮਦ ਕਰਕੇ, ਕਿੰਝ ਕੁਝ ਲੋਕ ਉਹਨਾਂ ਦੀ ਵਡਿਆਈ ਵਿੱਚ ਕਵਿਤਾਵਾਂ ਆਦਿ ਸੁਣਾਕੇ ਧਨ-ਸੰਪਦਾ ਹਾਸਲ ਕਰ ਲੈਂਦੇ ਹਨ। ਲੋਕਾਂ ਸੋਚਿਆ ਕਿ ਰੱਬ ਤਾਂ ਇਹਨਾਂ ਰਾਜਿਆਂ ਦਾ ਵੀ ਰਾਜਾ ਹੈ, ਉਸਨੂੰ ਵੀ ਆਪਦੀ ਉਪਮਾਂ ਸੁਣਨ ਦੀ ਭੁੱਖ ਹੋਵੇਗੀ ਉਹ ਵੀ ਇੰਝ ਦੀ ਉਪਮਾਂ ਸੁਣਕੇ ਖੁਸ਼ ਹੋਕੇ ਦੁਨਿਆਵੀ ਪਦਾਰਥਾਂ ਦੀਆਂ ਮਿਹਰਾਂ ਕਰਦਾ ਹੋਵੇਗਾ ਅਤੇ ਮਿਹਰਾਂ ਮੰਗਣ ਦਾ ਢੰਗ ਪੁਜਾਰੀ ਤੋਂ ਵਧਕੇ ਹੋਰ ਕੌਣ ਜਾਣਦਾ ਹੋ ਸਕਦਾ ਹੋਵੇਗਾ। ਇਸ ਤਰਾਂ ਮਨੁੱਖ ਦੀਆਂ ਦੁਨਿਆਵੀ ਲੋੜਾਂ ਬਿਨਾਂ ਕਿਰਤ ਕੀਤਿਆਂ ਪਾਣ ਦੀ ਚਾਹਤ, ਪੁਜਾਰੀਵਾਦ ਦਾ ਸਤਿਕਾਰ ਵਧਾਉਂਦੀ ਗਈ। ਰੁਜਗਾਰ ਦਾ ਪੁਸ਼ਤਾਂ ਤੱਕ ਦਾ ਪੱਕਾ ਸਾਧਨ ਬਣਦਾ ਦੇਖ ਪੁਜਾਰੀਆਂ ਨੇ ਸਧਾਰਣ ਲੋਕਾਂ ਨੂੰ ਗਿਆਨ ਤੋਂ ਦੂਰ ਰੱਖਣ ਦੀ ਚਾਹਨਾਂ ਵਿੱਚ ਅੰਧਵਿਸਵਾਸ਼ਾਂ ਅਤੇ ਕਰਮਕਾਂਢਾਂ ਵਿੱਚ ਉਲਝਾ ਦਿੱਤਾ। ਕਿਰਤੀ ਕੋਲ ਤਾਂ ਕਿਰਤ ਤੋਂ ਹੀ ਵਿਹਲ ਨਹੀਂ ਸੀ, ਸੋ ਉਸਨੇ ਜਾਣੇ-ਅਣਜਾਣੇ ਵਿੱਚ ਇਹ ਵਿਭਾਗ ਪੁਜਾਰੀਆਂ ਨੂੰ ਹੀ ਸੌਂਪ ਦਿੱਤਾ। ਜਿਓਂ ਜਿਓਂ ਰੋਜੀ ਰੋਟੀ ਅਤੇ ਚੰਗੇਰੇ ਭਵਿੱਖ ਦੀ ਆਸ ਵਿੱਚ ਸਥਾਪਿਤ ਹੋਣ ਦਾ ਸੰਘਰਸ਼ ਵਧਦਾ ਜਾਂਦਾ ਹੈ, ਮਨੁੱਖ ਪਹਿਲਾਂ ਨਾਲੋਂ ਜਿਆਦਾ ਰੁੱਝਦਾ ਜਾਂਦਾ ਹੈ। ਉਸ ਕੋਲ ਸਮੇ ਦੀ ਹੋਰ ਘਾਟ ਹੁੰਦੀ ਜਾਂਦੀ ਹੈ, ਜਿਸ ਨਾਲ ਪੁਜਾਰੀਵਰਗ ਦੀ ਸਥਾਪਤੀ ਪੱਕੀ ਹੁੰਦੀ ਜਾਂਦੀ ਹੈ।

ਬੰਦਾ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਤੇ ਲੰਬਾ ਸਮਾਂ ਕਹਿਰ ਦੀ ਹਨੇਰੀ ਝੁੱਲੀ। ਹਕੂਮਤ ਵੱਲੋਂ ਸਿੱਖਾਂ ਨੂੰ ਦੇਖਦਿਆਂ ਮਾਰ ਦੇਣ ਦੇ ਹੁਕਮ ਜਾਰੀ ਹੋ ਗਏ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ। ਸਿੱਖਾਂ ਨੇ ਹਕੂਮਤ ਅੱਗੇ ਝੁਕਣ ਨਾਲੋਂ ਪਿੰਡਾਂ ਨੂੰ ਛੱਡਕੇ ਜੰਗਲਾਂ, ਮਾਰੂਥਲਾਂ ਅਤੇ ਪਹਾੜਾਂ ਦੀਆਂ ਕੰਦਰਾਂ ਵਿੱਚ ਸ਼ਰਨ ਲੈ ਲਈ। ਸਿੱਖਾਂ ਦੀਆਂ ਕੁਝ ਪੀੜ੍ਹੀਆਂ ਅਜਿਹੇ ਥਾਵਾਂ ਵਿੱਚ ਹੀ ਜੰਮੀਆਂ ਪਲੀਆਂ। ਅਜਿਹੇ ਬਿਖੜੇ ਸਮੇਂ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਅੰਗ ਸੰਗ ਰਹਿਣ ਦੀ ਕੋਸ਼ਿਸ਼ ਕਰਦੇ ਰਹੇ। ਪਰ ਅਣਸੁਖਾਵੇਂ ਹਾਲਾਤਾਂ ਕਾਰਣ ਉਹਨਾਂ ਨੂੰ ਦੁਨਿਆਵੀ ਵਿੱਦਿਆ ਅਤੇ ਗੁਰਸ਼ਬਦਾਂ ਦੀ ਵਿਚਾਰ ਨਾਲ ਚੰਗੀ ਤਰਾਂ ਜੁੜਨ ਤੋਂ ਵਾਂਝਿਆਂ ਰਹਿਣਾ ਪਿਆ। ਅਜਿਹੇ ਲੜਨ-ਭਿੜਨ ਦੇ ਸਮੇਂ ਬਾਗੀ ਅਖਵਾਉਂਦੇ ਸਿੰਘ ਅਕਸਰ ਹਕੂਮਤ ਨਾਲ ਗੁਰੀਲਾ ਲੜਾਈਆਂ ਲੜਦੇ ਸਰਕਾਰੀ ਖਜਾਨੇ ਖੋਹ ਲਿਆ ਕਰਦੇ ਸਨ। ਅਜਿਹੇ ਸਮਿਆਂ ਵਿੱਚ ਵੀ ਸਿੱਖ ਛੁਪਦੇ-ਛੁਪਾਉਂਦੇ ਪਿੰਡਾਂ ਵਿੱਚ ਜਾਕੇ ਉਹਨਾਂ ਥਾਵਾਂ ਤੇ ਭੇਟਾਵਾਂ ਸਹਿਤ ਮੱਥਾ ਟੇਕਣ ਦੇ ਨਾਲ ਬਾਣੀ ਸੁਣ ਆਉਂਦੇ ਸਨ ਜਿੱਥੇ ਸਿੱਖਾਂ ਦੇ ਨਜਦੀਕੀ ਅਖਵਾਉਂਦੇ ਨਿਰਮਲੇ ਜਾਂ ਉਦਾਸੀ ਰੱਖੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਵਾਲੀਆਂ ਥਾਵਾਂ ਤੇ ਕਾਬਜ ਹੋ ਚੁੱਕੇ ਸਨ। ਗੁਰੂ ਅੱਗੇ ਤਿਲ ਫੁਲ ਜਾਂ ਵਧੀਕ ਭੇਟਾਵਾਂ ਅਰਪਣ ਕਰਨ ਦੀ ਸਿੱਖਾਂ ਦੀ ਆਦਤ ਨੂੰ ਭਾਂਪਦਿਆਂ ਕਾਬਜ ਹੋਏ ਨਿਰਮਲੇ, ਉਦਾਸੀ, ਸੰਤਾਂ-ਮਹੰਤਾਂ ਨੇ ਆਪਣੇ ਸਵਾਰਥ ਲਈ ਗੁਰਮਤਿ ਫਲਸਫੇ ਨੂੰ ਸਮਝਣ-ਸਮਝਾਉਣ ਨਾਲੋਂ ਪੁਜਾਰੀਵਾਦ ਦਾ ਹੀ ਪ੍ਰਚਾਰ ਕਰਨਾ ਲਾਹੇਬੰਦ ਸਮਝਿਆ।

ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਵੀ ਅਜਿਹਾ ਪੁਜਾਰੀਵਾਦ ਆਪਣੀ ਚਾਲੇ ਚਲਦਾ ਗਿਆ। ਅੰਗਰੇਜਾਂ ਦੇ ਸਮੇਂ ਜਾਂ ਬਾਅਦ ਵਿੱਚ ਵੀ ਗੁਰਮਤਿ ਦੇ ਫਲਸਫੇ ਦੇ ਪ੍ਰਸਾਰ/ਪ੍ਰਚਾਰ ਦੀ ਜਗਾਹ, ਬਣ ਰਹੇ ਗੁਰਦਵਾਰਿਆਂ ਵਿੱਚ ਪੂਜਾ ਹੀ ਹਾਵੀ ਰਹੀ। ਅੰਗਰੇਜਾਂ ਸਮੇਂ ਅਤੇ ਅਜਾਦ ਭਾਰਤ ਵਿੱਚ ਭਾਵੇਂ ਮਹੰਤਾਂ ਤੋਂ ਗੁਰਦਵਾਰਿਆਂ ਦੇ ਪ੍ਰਬੰਧ ਵਾਪਸ ਲੈਕੇ ਪੰਥਕ ਇਕਸਾਰਤਾ ਲਈ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਗਠਨ ਨਾਲ ਸਿੱਖਾਂ ਨੇ ਕੁਝ ਕਾਮਯਾਬੀ ਹਾਸਲ ਕਰ ਲਈ, ਪਰ ਇਸ ਕਮੇਟੀ ਦੇ ਵੀ ਰਾਜਨੀਤਕ ਹੋ ਜਾਣ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਵਿਚਾਰਧਾਰਾ ਅਨੁਸਾਰ ਗੁਰਮਤਿ ਦਾ ਫੈਲਾਵ ਨਹੀਂ ਹੋਇਆ। ਸਮੇਂ ਸਮੇਂ 'ਤੇ ਮਿਸ਼ਨਰੀ ਕਾਲਜਾਂ ਅਤੇ ਕੁਝ ਹੋਰ ਸਵੈ ਸੇਵੀ ਸੰਸਥਾਵਾਂ ਨੇ ਆਪਣੇ ਵਿਤ ਅਨੁਸਾਰ ਸਿੱਖੀ ਵਿੱਚੋਂ ਪੁਜਾਰੀਵਾਦ ਖਤਮ ਕਰਨ ਲਈ ਅਤੇ ਗੁਰੂ ਗਿਆਨ ਦੇ ਪ੍ਰਚਾਰ ਵਿੱਚ ਬਣਦਾ ਯੋਗਦਾਨ ਪਾਇਆ।

ਅਗਰ ਗੁਰੂ ਦੇ ਫਲਸਫੇ ਦਾ ਸੰਗਤਾਂ ਵਿੱਚ ਸਹੀ ਪ੍ਰਚਾਰ ਹੋਣ ਲਗ ਪਵੇ ਤਾਂ ਕਿਸੇ ਬਾਹਰਲੇ ਪੁਜਾਰੀਵਾਦ ਦੀ ਕੋਈ ਲੋੜ ਹੀ ਨਹੀਂ ਰਹਿੰਦੀ ਅਤੇ ਨਾਂ ਹੀ ਕੋਈ ਕਿਸੇ ਜਗਿਆਸੂ ਨੂੰ ਧਰਮ ਦੀ ਆੜ ਹੇਠ ਅਖੌਤੀ ਪੂਜਾ ਵਿੱਚ ਉਲਝਾ ਸਕਦਾ ਹੈ।

ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ।। (ਭਾਈ ਗੁਰਦਾਸ)

ਭਾਈ ਗੁਰਦਾਸ ਜੀ ਅਨੁਸਾਰ ਹਰ ਘਰ ਨੂੰ ਧਰਮਸ਼ਾਲ (ਧਰਮ ਸਿਖਾਉਣ ਦਾ ਸਕੂਲ) ਬਣਾਉਣ ਦੀ ਜਰੂਰਤ ਹੈ। ਜਦੋਂ ਮਾਪਿਆਂ ਵਲੋਂ ਖੁਦ ਗੁਰਮਤਿ ਸਿੱਖਕੇ, ਆਪਣੇ ਜੀਵਨ ਵਿੱਚ ਧਾਰਕੇ ਆਪਣੇ ਬੱਚਿਆਂ ਨੂੰ ਸਿਖਾਈ ਜਾਵੇਗੀ ਤਾਂ ਸਮਾਜ ਵਿੱਚ ਇਸਦਾ ਪਰੈਕਟੀਕਲ ਰੂਪ ਦੇਖਣ ਨੂੰ ਮਿਲੇਗਾ। ਕਿਸੇ ਨੂੰ ਪੈਸੇ ਦੇਕੇ ਜੀਵਨ ਦੇ ਜਰੂਰੀ ਸੰਸਕਾਰਾਂ ਵਾਲੇ ਮੌਕਿਆਂ ਸਮੇਂ ਧਾਰਮਿਕ ਦਿੱਖ ਭਰਨ ਨਾਲੋਂ ਸਹਿਜ ਸੁਭਾਇ ਕੀਤੇ ਕਾਰਜਾਂ ਵਿੱਚ ਵੀ ਗੁਰਮਤਿ ਦੀ ਖੁਸ਼ਬੋ ਹੀ ਹੋਵੇਗੀ। ਅੱਜ ਦੇ ਸਮੇਂ ਦੇ ਅਨੇਕਾਂ ਪਰਚਾਰਕ, ਵਿਦਵਾਨ ਅਤੇ ਜੱਥੇਬੰਦੀਆਂ ਪੁਜਾਰੀਵਾਦ ਨੂੰ ਗੁਰਮਤਿ ਦੇ ਰਸਤੇ ਦਾ ਸਭ ਤੋਂ ਵੱਡਾ ਅੜਿੱਕਾ ਸਮਝਦੀਆਂ ਹੋਈਆਂ ਸਿੱਖੀ ਵਿੱਚੋਂ ਇੱਕੋ ਝਟਕੇ ਪੁਜਾਰੀਵਾਦ ਦੇ ਖਾਤਮੇ ਦੀ ਗਲ ਕਰਦੀਆਂ ਹਨ, ਪਰ ਕੇਵਲ ਲਿਖਤਾਂ ਨਾਲ ਜਾਂ ਬਿਨਾਂ ਕਿਸੇ ਪਰੈਕਟੀਕਲ ਕੰਮ ਦੇ ਅਜਿਹਾ ਹੋ ਸਕਣਾ ਅਸੰਭਵ ਹੈ, ਕਿਓਂਕਿ ਇੱਕੋ ਝਟਕੇ ਬਿਨਾ ਬਦਲ ਪੁਜਾਰੀਵਾਦ ਖਤਮ ਕਰਨ ਦਾ ਮਤਲਬ ਸੰਗਤ ਵਿੱਚ ਸਹਿਜ ਸੁਭਾਇ ਨਾਸਤਿਕ ਵਿਰਤੀ ਦਾ ਉਪਜ ਜਾਣਾ ਹੋ ਸਕਦਾ ਹੈ। ਫਿਰ ਇਸ ਪੁਜਾਰੀਬਾਦ ਦੇ ਕੋੜ੍ਹ ਤੇ ਕਿਵੇਂ ਕਾਬੂ ਪਾਇਆ ਜਾਵੇ ਇਸ ਸਬੰਧ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਕਾਰਜ ਵਿਧੀ ਅਤੇ ਕਾਰਜ ਖੇਤਰਾਂ ਨੂੰ ਵਿਚਾਰਨਾਂ ਸਹਾਇਕ ਹੋ ਸਕਦਾ ਹੈ।

ਕਾਲਜ ਵਿੱਚੋਂ ਗੁਰਮਤਿ ਵਿਚਾਰਧਾਰਾ, ਫਲਸਫੇ ਅਤੇ ਗੁਰ ਉਪਦੇਸ਼ਾਂ ਦਾ ਭਰਪੂਰ ਗਿਆਨ ਹਾਸਲ ਕਰ ਜਦੋਂ ਵਿਦਿਆਰਥੀ ਇਕ ਅਧਿਆਪਕ ਵਾਂਗ ਵੱਖ ਵੱਖ ਸਰਕਲਾਂ ਵਿੱਚ ਸਿਖਿਆਰਥੀਆਂ ਦੀਆਂ ਨਵੀਆਂ ਜਮਾਤਾਂ ਵਿੱਚ ਪੁੱਜਦੇ ਹਨ ਤਾਂ ਅੱਗੇ ਉਹੀ ਪ੍ਰਚਾਰ ਕਰਦੇ ਹਨ ਜੋ ਉਹਨਾਂ ਕਾਲਜ ਰਹਿ ਕੇ ਸਿੱਖਿਆ ਹੁੰਦਾ ਹੈ। ਅਕਾਲ ਤਖਤ ਦੀ ਮੋਹਰ ਅਧੀਨ ਬਣੀ ਪੰਥ ਪਰਮਾਣਿਤ ਸਿੱਖ ਰਹਿਤ ਮਰਿਆਦਾ ਨੂੰ ਅਧਾਰ ਬਣਾਕੇ ਇਹ ਪ੍ਰਚਾਰਕ ਪਿੰਡਾਂ ਵਿੱਚ ਵਿਚਰਦੇ ਹਨ ਹਾਲਾਂਕਿ ਭਵਿੱਖ ਲਈ ਕੁਝ ਪ੍ਰਚਾਰਕ ਇਸ ਮਰਿਆਦਾ ਵਿੱਚ ਗੁਰਮਤਿ ਅਨੁਸਾਰ ਤਬਦੀਲੀਆਂ ਦੀ ਤਵੱਕੋਂ ਰੱਖਦਿਆਂ, ਡੇਰਿਆਂ ਦੇ ਮੁਕਾਬਲੇ ਹਾਲ ਦੀ ਘੜੀ ਇਸੇ ਰਹਿਤ ਮਰਿਆਦਾ ਨੂੰ ਆਧਾਰ ਬਣਾਉਣਾ ਹੀ ਠੀਕ ਸਮਝਦੇ ਹਨ। ਸੈਂਕੜੇ ਪਿੰਡਾਂ ਵਿੱਚ ਅਜਿਹੀਆਂ ਸੇਵਾਵਾਂ ਦਾ ਪੁੱਜ ਜਾਣਾ ਅਤੇ ਲਗਾਤਾਰ ਵਧਦੇ ਜਾਣਾ ਇਹਨਾਂ ਸੈਂਟਰਾਂ ਦੀ ਸਹੀ ਦਿਸ਼ਾ ਨਿਰਧਾਰਿਤ ਕਰਨ ਦਾ ਹੀ ਪ੍ਰਗਟਾਵਾ ਹੈ।

ਪੁਜਾਰੀਵਾਦ ਦੇ ਅਜੋਕੇ ਸਮੇਂ ਵਿੱਚ ਅਜਿਹੇ ਸੈਂਟਰਾਂ ਦਾ ਸ਼ੁਰੂ ਕਰਨਾਂ ਆਸਾਨ ਕੰਮ ਨਹੀਂ ਹੈ। ਇਹ ਵੀ ਇਕ ਸਟੈੱਪ ਵਾਈਜ਼ ਠਰੰਮੇ ਵਾਲਾ ਕੰਮ ਹੈ। ਪਹਿਲੇ ਸਟੈੱਪ ਤੇ ਕਿਸੇ ਵੀ ਪਿੰਡ ਦੇ ਕੁਝ ਗੁਰਮਤਿ ਅਨੁਸਾਰ ਚੱਲਣ ਵਾਲੇ ਪਰਿਵਾਰਾਂ ਅਤੇ ਕੁਝ ਐਨ ਆਰ ਆਈਜ਼ ਦੀ ਮਦਦ ਨਾਲ ਇਸ ਕਲਾਸ ਦੀ ਸ਼ੁਰੂਆਤ ਕੀਤੀ ਜਾਦੀ ਹੈ। ਪ੍ਰਚਾਰਕ ਆਪਣੀਆਂ ਕਲਾਸਾਂ ਵਿੱਚ ਕੰਪਿਊਟਰ, ਲੈਪਟੌਪ, ਪਰੌਜੈਕਟਰ, ਵੀਡੀਓ ਸਕਰੀਨ, ਸਲਾਈਡਾਂ ਅਤੇ ਮੂਵੀਆਂ ਆਦਿ ਦੀ ਵਰਤੋਂ ਅਕਸਰ ਕਰਦੇ ਹਨ । ਜਿਓਂ ਜਿਓਂ ਇਸ ਕਲਾਸ ਦਾ ਵਾਧਾ ਹੁੰਦਾ ਜਾਂਦਾ ਹੈ, ਪਿੰਡ ਵਾਲੇ ਜਾਂ ਗੁਰਦਵਾਰੇ ਵਾਲੇ ਗੁਰਮਤਿ ਦੇ ਨਵੀਨ ਤਕਨਾਲੋਜੀ ਨਾਲ ਹੋ ਰਹੇ ਪ੍ਰਚਾਰ ਨੂੰ ਦੇਖਕੇ ਇਸ ਕਲਾਸ ਨੂੰ ਅਪਣਾ ਲੈਂਦੇ ਹਨ। ਪਰ ਕਦੇ ਕਦੇ ਪਿੰਡਾਂ ਵਾਲਿਆਂ ਦੀ ਅਗਿਆਨਤਾ ਦਾ ਫਾਇਦਾ ਲੈਕੇ ਕੁਝ ਪੁਜਾਰੀਵਾਦ ਦੇ ਸਿਰ ਤੇ ਰੋਟੀ ਖਾਣ ਵਾਲੇ ਕਰਮਕਾਂਡੀ ਲੋਕ, ਜੋ ਨਹੀਂ ਚਾਹੁੰਦੇ ਕਿ ਸੰਗਤ ਕੋਲ ਗੁਰਮਤਿ ਦਾ ਸਹੀ ਗਿਆਨ ਪੁੱਜੇ, ਅਜਿਹੀ ਕਲਾਸ ਨੂੰ ਆਪਦੀ ਰੋਜੀ ਰੋਟੀ ਲਈ ਖਤਰਾ ਜਾਣਕੇ ਵਿਰੋਧਤਾ ਵੀ ਕਰਦੇ ਹਨ। ਇਹਨਾਂ ਕਲਾਸਾਂ ਵਿੱਚ ਪਿੰਡ ਵਾਸੀਆਂ ਨੂੰ ਪੈਸੇ ਦੇਕੇ ਪਾਠ-ਪੂਜਾ ਅਤੇ ਅਰਦਾਸਾਂ ਕਰਵਾਉਣ ਵਰਗੀਆਂ ਮਨਮਤਾਂ ਅਤੇ ਹਰ ਤਰਾਂ ਦੇ ਅੰਧਵਿਸ਼ਵਾਸਾਂ ਤੋਂ ਹਟਾਕੇ ਗੁਰਮਤਿ ਅਨੁਸਾਰੀ ਜੀਵਨ ਜੀਣ ਦੀ ਸੇਧ ਦਿੱਤੀ ਜਾਂਦੀ ਹੈ। ਇਸ ਤਰਾਂ ਹਰ ਪਿੰਡ ਵਿੱਚ ਇੱਕ ਅਜਿਹਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈ, ਜਿਸ ਵਿੱਚ ਹਰ ਸਿੱਖ ਨੂੰ ਆਪਣੀ ਜਿੰਦਗੀ ਦੇ ਕਿਸੇ ਵੀ ਕਾਰਜ ਨੂੰ ਕਰਨ ਲਈ ਪੁਜਾਰੀ ਨਾਮਕ ਵਿਚੋਲਿਆਂ ਦੀ ਕੋਈ ਜਰੂਰਤ ਹੀ ਨਾਂ ਪਏ। ਹਰ ਇੱਕ ਸਿੱਖ ਆਪਣੇ ਨਿਤਨੇਮ ਤੋਂ ਬਿਨਾਂ ਗੁਰਬਾਣੀ ਨੂੰ ਸਮਝ ਵਿਚਾਰ ਆਪਣੇ ਜੀਵਨ ਵਿੱਚ ਧਾਰਕੇ ਖੁਦ ਪ੍ਰਚਾਰਕ ਬਣ, ਆਪਣੇ ਧਾਰਮਿਕ ਸਮਾਜਿਕ ਸੰਸਕਾਰ ਆਪ ਕਰਕੇ ਬਾਕੀ ਪਰਿਵਾਰ ਅਤੇ ਸਮਾਜ ਲਈ ਉਦਾਹਰਣ ਬਣੇ।

ਕਈ ਸੱਜਣ ਇੰਝ ਵੀ ਸੋਚ ਸਕਦੇ ਹਨ ਕਿ ਕੀ ਇਹ ਅਨਪੜ੍ਹ ਪੁਜਾਰੀਆਂ ਦਾ ਪੜ੍ਹੇ ਲਿਖੇ ਪੁਜਾਰੀਆਂ ਨਾਲ ਤਬਾਦਲਾ ਨਹੀਂ ਹੈ? ਪਰ ਠਰੰਮੇ ਨਾਲ ਵਿਚਾਰਨ ਤੇ ਮਹਿਸੂਸ ਹੁੰਦਾ ਹੈ ਕਿ ਲੋਕਾਈ ਨੂੰ ਅਗਿਆਨੀ ਰੱਖਕੇ ਧਰਮ ਦੇ ਨਾਮ ਤੇ ਕਰਮਕਾਂਡਾਂ ਰਾਹੀਂ ਰੱਬ ਨੂੰ ਖੁਸ਼ ਕਰਨ ਦਾ ਭਰਮ ਪੈਦਾ ਕਰ, ਬ੍ਰਾਹਮਣ ਵਾਂਗ ਗੁਰੂ ਦੀ ਬਾਣੀ ਦੀ ਵਰਤੋਂ ਕਰਕੇ ਖੁਦ ਰੱਬ ਦੇ ਵਿਚੋਲੇ ਹੋਣ ਦਾ ਪਾਖੰਡ ਕਰਨਾ ਪੁਜਾਰੀਵਾਦ ਹੈ ਨਾਂ ਕਿ ਗੁਰਮਤਿ ਦੇ ਸੱਚੇ ਗਿਆਨ ਅਤੇ ਉਪਦੇਸ਼ਾਂ ਨਾਲ ਖਾਲਕ ਅਤੇ ਖਲਕਤ ਵਿੱਚੋਂ ਇਹਨਾਂ ਅਖੌਤੀ ਵਿਚੋਲਿਆਂ ਨੂੰ ਖਤਮ ਕਰਨ ਵਾਲਾ ਗਿਆਨ ਸੰਗਤਾਂ ਦੇ ਦਿਲਾਂ ਤੱਕ ਪੁੱਜਦਾ ਕਰਨ ਦੇ ਨਾਲ ਨਾਲ ਸੰਗਤਾਂ ਨੂੰ ਗੁਰੂ ਦੇ ਫਲਸਫੇ ਨੂੰ ਖੁਦ ਪੜ੍ਹਨ ਵਿਚਾਰਨ ਅਤੇ ਬਾਣੀ ਅਨੁਸਾਰ ਹਰ ਕਾਰਜ ਆਪ ਕਰਨ ਲਈ ਸੇਧ ਦੇਣੀ।

ਕੁਝ ਵੀਰ ਇਸ ਲਹਿਰ ਤੇ ਸਥਾਪਤ ਮਜ਼ਹਬੀ-ਰਾਜਨੀਤਿਕ ਵਚਿਤਰ ਨਾਟਕੀ ਆਗੂਆਂ ਦੇ ਖਿਲਾਫ ਡਟ ਨਾਂ ਸਕਣ ਦਾ ਦੋਸ਼ ਵੀ ਲਾਉਂਦੇ ਹਨ, ਪਰ ਅਜਿਹੀ ਲਹਿਰ ਦੇ ਸ਼ੁਰੂਆਤੀ ਲਾਮਬੰਦ ਹੋਣ ਦੇ ਸਮੇਂ ਅਜਿਹੀ ਤਵੱਕੋਂ ਕਰਨੀ ਉਹ ਵੀ ਉਸ ਸਮੇ ਜਦੋਂ ਪਿੰਡਾਂ ਵਿੱਚ 95% ਲੋਕ ਡੇਰਿਆਂ ਨਾਲ ਜੁੜ ਚੁੱਕੇ ਹੋਣ , 80% ਸਕੂਲੀ ਵਿਦਿਆਰਥੀ ਕੇਸ ਕਤਲ ਕਰਵਾ ਚੁੱਕੇ ਹੋਣ ਅਤੇ 75% ਲੋਕ ਨਸ਼ਿਆਂ ਵਿੱਚ ਧਸ ਗਏ ਹੋਣ, ਯੋਗ ਨਹੀਂ ਜਾਪਦੀ। ਅਜਿਹੀ ਸਥਿਤੀ ਵਿੱਚ ਤਾਂ ਪੈਰ ਧਰਨ ਦੀ ਜਗਹ ਵੀ ਬੜੀ ਮੁਸ਼ਕਲ ਅਤੇ ਧੀਰਜ ਨਾਲ ਲੰਬਾ ਸੋਚ ਕੇ ਬਣਾਉਣੀ ਪੈਂਦੀ ਹੈ। ਹਰ ਕੋਈ ਜਾਣਦਾ ਹੈ ਕਿ ਮਜ਼ਹਬੀ ਤੇ ਰਾਜਨੀਤਕਾਂ ਦੇ ਗੱਠ ਜੋੜ ਨੇ ਹਰ ਖੇਤਰ ਵਿੱਚ ਸ਼ੋਸ਼ਣ ਕਰਨ ਲਈ ਆਮ ਲੁਕਾਈ ਨੂੰ ਕਿਸ ਤਰਾਂ ਨਿੱਜੀ ਲੋੜਾਂ ਲਈ ਆਪਦੇ ਮੁਹਤਾਜ਼ ਬਣਾ ਕੇ ਰੱਖਿਆ ਹੋਇਆ ਹੈ। ਸਮੋਹਣ ਦੀ ਨੀਂਦ ਵਿੱਚੋਂ ਜਗਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸ਼ਰੀਰਕ ਨੁਕਸਾਨ ਦੇ ਨਾਲ ਨਾਲ ਪੰਥ ਵਿੱਚੋਂ ਛੇਕਣ ਦੇ ਡਰਾਵੇ ਵੀ ਦਿੱਤੇ ਜਾਂਦੇ ਹਨ। ਅਜਿਹੀ ਸਥਿੱਤੀ ਵਿੱਚੋਂ ਲੋਕਾਂ ਨੂੰ ਕੱਢਣ ਲਈ ਇਕ ਲੰਬੀ ਵਿਓਂਤ ਅਤੇ ਧੀਰਜ ਦੀ ਜਰੂਰਤ ਹੈ। ਲੋਕਾਂ ਦੇ ਗਫ਼ਲਤ ਦੀ ਨੀਂਦ ਵਿੱਚੋਂ ਜਾਗਣ ਤੋਂ ਬਾਅਦ ਹੀ ਕੋਈ ਆਰ-ਪਾਰ ਦਾ ਸੰਘਰਸ਼ ਅਸਰਦਾਇਕ ਹੋ ਸਕਦਾ ਹੈ, ਵਰਨਾਂ ਅਣਜਾਣੇ ਵਿੱਚ ਸਾਡੇ ਆਪਣੇ ਹੀ ਸੁੱਤੇ ਲੋਕ, ਜਗਾਉਣ ਵਾਲਿਆਂ ਵਿਰੁੱਧ ਭੁਗਤਣ ਲਈ ਤਿਆਰ ਹੋ ਜਾਂਦੇ ਹਨ। ਵੈਸੇ ਵੀ ਇਹਨਾਂ ਗੁਰਮਤਿ ਦੇ ਪਰਚਾਰਕਾਂ ਦੇ ਨਾਲ ਕਾਲਜ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਲਹਿਰ ਦੇ ਮੋਡੇ ਨਾਲ ਮੋਡਾ ਜੋੜੀ ਖੜੇ ਅਨੇਕਾਂ ਸੂਝਵਾਨ ਗੁਰਸਿੱਖਾਂ ਅਤੇ ਜੱਥੇਬੰਦੀਆਂ ਦਾ ਕਾਫਲਾ ਹੈ, ਜੋ ਸ਼ੁਰੂਆਤੀ ਦੌਰ ਤੇ ਹਰ ਹੀਲੇ ਇਹਨਾਂ ਪ੍ਰਚਾਰਕਾਂ ਨੂੰ ਮਜ਼ਹਬੀ-ਰਾਜਨੀਤਕ ਗੱਠਜੋੜ ਦੀਆਂ ਕੁਚਾਲਾਂ ਤੋਂ ਬਚਾਕੇ ਅਗਲੇ ਪੜਾਅ ਤੱਕ ਪਹੁੰਚਾਉਣ ਲਈ ਪ੍ਰਤੀਬਧ ਹੈ।

ਇਕ ਗਲ ਵਿਚਾਰਨ ਯੋਗ ਹੈ ਕਿ ਹਰ ਸਿੱਖ ਕਿਰਤੀ ਵੀ ਹੁੰਦਾ ਹੈ, ਪ੍ਰਚਾਰਕ ਵੀ। ਸੋ, ਬਾਬੇ ਨਾਨਕ ਦਾ ਅਸਲ ਫਲਸਫਾ ਪ੍ਰਚਾਰਨ ਲਈ ਪ੍ਰਚਾਰਕ ਦਾ ਆਪਣੇ ਪੈਰਾਂ ਤੇ ਖੁਦ ਖੜਨਾਂ ਬੜਾ ਜਰੂਰੀ ਹੈ। ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਜੋ ਕਿ ਜਲਾਵਤਨੀ ਸਮੇਂ ਵੱਖ ਵੱਖ ਦੇਸਾਂ ਦੀਆਂ ਆਜਾਦੀ ਲਈ ਸੰਘਰਸ਼ ਸ਼ੀਲ ਰਹੀਆਂ ਲਹਿਰਾਂ ਦਾ ਸਹਿਯੋਗੀ ਮੰਨਿਆਂ ਜਾਂਦਾ ਹੈ, ਅਨੇਕਾਂ ਦੇਸਾਂ ਦੀਆਂ ਭਾਸ਼ਾਵਾਂ ਦਾ ਮਾਹਰ ਸੀ। ਉਹ ਜਿਸ ਜਿਸ ਮੁਲਕ ਵਿੱਚ ਰਿਹਾ ਸਭ ਤੋਂ ਪਹਿਲਾਂ ਉਹਨਾਂ ਭਾਸ਼ਾਵਾਂ ਦੇ ਗਿਆਨ ਦੇਣ ਦੀਆਂ ਅਕੈਡਮੀਆਂ ਚਲਾਕੇ ਸਿਰਫ ਆਪਣੇ ਪੈਰਾਂ ਤੇ ਹੀ ਨਹੀਂ ਖੜਦਾ ਸੀ ਸਗੋਂ ਵੱਖ ਵੱਖ ਦੇਸਾਂ ਦੇ ਇੰਕਲਾਬੀਆਂ ਦੀ ਹਰ ਤਰਾਂ ਮਦਦ ਵੀ ਕਰਦਾ ਸੀ। ਸੋ, ਕਿਸੇ ਵੀ ਲਹਿਰ ਦੀ ਸਫਲਤਾ ਲਈ ਅਜਿਹੀ ਬਾਬੇ ਨਾਨਕ ਦੀ ਕਿਰਤ ਦੀ ਪਿਰਤ ਵਾਲੀ ਨੀਤੀ ਬਹੁਤ ਸਹਾਈ ਹੁੰਦੀ ਹੈ। ਸੋ, ਅਗਰ ਸਾਡੇ ਪਿੰਡਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਵੀ ਆਪਣੇ ਪੈਰਾਂ ਤੇ ਖੁਦ ਖੜੇ ਹੋਣਗੇ ਤਾਂ ਪ੍ਰਚਾਰ ਦਾ ਅਸਰ ਜਿਆਦਾ ਹੋਵੇਗਾ। ਚਲ ਰਹੇ ਸੈਂਟਰਾਂ ਵਿੱਚ ਧਰਮ ਪ੍ਰਚਾਰ ਦੇ ਨਾਲ ਨਾਲ ਅਗਰ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਲਈ ਟਿਊਸ਼ਨ ਵਾਂਗ ਮਦਦ ਕਰੀ ਜਾਵੇ ਤਾਂ ਹੋਰ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਵੀ ਕ੍ਰਿਸ਼ਚੀਅਨਾਂ ਦੀ ਚਲਾਈ ਨੀਤੀ ਦੇ ਹੋ ਰਹੇ ਅਸਰ ਵਾਂਗ ਵਿੱਦਿਆ ਸਬੰਧੀ ਲੋੜਾਂ ਦੀ ਪੂਰਤੀ ਹੁੰਦੀ ਦੇਖ ਗੁਰਮਤਿ ਨਾਲ ਜੁੜ ਸਕਦੇ ਹਨ। ਕਾਲਜ ਵਿੱਚ ਵੀ ਨਵੇਂ ਬਣ ਰਹੇ ਗੁਰਮਤਿ ਦੇ ਅਧਿਆਪਕਾਂ ਨੂੰ ਆਮ ਸਕੂਲੀ ਵਿਦਿਆਰਥੀਆਂ ਦੇ ਪੱਧਰ ਦੇ ਮੈਥ, ਇੰਗਲਿਸ਼ ਅਤੇ ਕੁਝ ਹੋਰ ਵਿਸ਼ਿਆਂ ਦੀ ਸਿੱਖਿਆ ਦੇਣ ਯੋਗ ਬਨਾਣ ਦੀ ਵੀ ਸਿਖਲਾਈ ਦੇਣੀ ਇਸ ਲਹਿਰ ਲਈ ਬਹੁਤ ਲਾਭਦਾਈਕ ਹੋ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top