Share on Facebook

Main News Page

ਫ਼ਖਰ-ਏ-ਕੌਮ ਕਿੱਥੇ ਗਏ…?
-
ਜਸਪਾਲ ਸਿੰਘ ਹੇਰਾਂ, ਸੰਪਾਦਕ- ਪਹਿਰੇਦਾਰ

ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ ਕੌਮ ਦੀ ਉਹ ਵਿਰਾਸਤ ਹੋਵੇਗੀ, ਜਿਹੜੀ ਸਿੱਖ ਕੌਮ ਦੇ ਸਵੈਮਾਣ, ਬਹਾਦਰੀ, ਅਣਖ਼, ਕੁਰਬਾਨੀ ਤੇ ਅਜ਼ਾਦੀ ਦੀ ਤੜਫ਼ ਦੀ ਪ੍ਰਤੀਕ ਹੋਵੇਗੀ ਅਤੇ ਇਹ ਯਾਦਗਾਰ ਸਿੱਖ ਦੁਸ਼ਮਣ ਤਾਕਤਾਂ ਦੀ ਸਿੱਖਾਂ ਪ੍ਰਤੀ ਜ਼ਾਲਮਾਨਾ ਤੇ ਦੁਸ਼ਮਣੀ ਵਾਲੀ ਭਾਵਨਾ ਨੂੰ ਵੀ ਦੁਨੀਆ ਸਾਹਮਣੇ ਰਹਿੰਦੀ ਦੁਨੀਆ ਤੱਕ ਦਰਸਾਉਂਦੀ ਰਹੇਗੀ ਅਤੇ ਸਿੱਖ ਕੌਮ ਦੇ ਅੰਦਰੂਨੀ ਗਦਾਰਾਂ ਦੀ ਲਾਹਨਤਾਂ ਭਰੀ ਕਾਰਗੁਜ਼ਾਰੀ ਤੇ ਵੀ ਹਮੇਸ਼ਾ ਲਾਹਨਤਾਂ ਪਾਉਂਦੀ ਰਹੇਗੀ। ਸਾਕਾ ਸ੍ਰੀ ਦਰਬਾਰ ਸਾਹਿਬ, ਕੌਮ ਦੀਆਂ ਅੰਦਰੂਨੀ ਭਾਵਨਾਵਾਂ ਨਾਲ ਜੁੜਿਆ ਸਾਕਾ ਹੈ, ਜਿਸ ਦੀ ਚੀਸ ਰਹਿੰਦੀ ਦੁਨੀਆ ਤੱਕ ਕੌਮ ਦੇ ਸੀਨੇ ਪੈਂਦੀ ਰਹਿਣੀ ਹੈ। ਭਾਵੇਂ ਕਿ ਸ਼ਹੀਦੀ ਯਾਦਗਾਰ ਦੇ ਸਰੂਪ ਜਾਂ ਕਾਰ ਸੇਵਾ ਕਿਸ ਨੂੰ ਦਿੱਤੀ ਜਾਵੇ, ਬਾਰੇ ਕੌਮ ’ਚ ਮੱਤਭੇਦ ਹੋ ਸਕਦੇ ਹਨ, ਪ੍ਰੰਤੂ ਇਹ ਮਹਾਨ ਯਾਦਗਾਰ, ਹਰ ਸਿੱਖ ਦੀਆਂ ਅੰਦਰੂਨੀ ਭਾਵਨਾਵਾਂ ਨਾਲ ਜੁੜੀ ਹੋਈ ਹੈ, ਇਸ ਬਾਰੇ ਰੰਚਕ ਮਾਤਰ ਵੀ ਸ਼ੰਕਾ ਨਹੀਂ ਹੈ।

ਸ਼ਹੀਦੀ ਯਾਦਗਾਰ, ਕਿਉਂਕਿ ਕੌਮੀ ਅਜ਼ਾਦੀ ਦੀ ਲੜ੍ਹਾਈ ਦੀ ਵੀ ਪ੍ਰਤੀਕ ਹੈ। ਇਸ ਲਈ ਉਹ ਤਾਕਤਾਂ, ਜਿਹੜੀਆਂ, ਉਨ੍ਹਾਂ ਧਿਰਾਂ ਦੀਆਂ ਗੁਲਾਮ ਹਨ, ਜਿਹੜੀਆਂ ਸਿੱਖੀ ਦੀ ਨਿਰਾਲੀ ਸ਼ਾਨ ਅਤੇ ਕੌਮ ਦੀ ਵੱਖਰੀ ਹੋਂਦ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ, ਉਹ ਧਿਰਾਂ, ਇਸ ਯਾਦਗਾਰ ਦੀ ਆਰੰਭਤਾ ਦੇ ਸਮਾਗਮ ਤੋਂ ਦੂਰ ਰਹੀਆਂ। ਬਾਦਲ ਦਲ ਨੇ ਸਿੱਖਾਂ ’ਚ ਆਪਣੀ ਸਾਖ਼ ਬਣਾਈ ਰੱਖਣ ਲਈ ਭਾਵੇਂ ਆਪਣੀ ਮਰਜ਼ੀ ਵਾਲੀ ਸ਼ਹੀਦੀ ਯਾਦਗਾਰ ਨੂੰ ਖ਼ੁਦ ਅੰਦਰੂਨੀ ਗੰਢ-ਤੁੱਪ ਕਰਕੇ, ਸਿਰੇ ਚਾੜ੍ਹਿਆ, ਪ੍ਰੰਤੂ ਉਹ ਵਿਅਕਤੀ ਜਿਸ ਨੂੰ ਕੌਮ ਵੱਲੋਂ ਫਖ਼ਰ-ਏ-ਕੌਮ ਅਤੇ ਪੰਥ ਰਤਨ ਦਾ ਖਿਤਾਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤਾ ਗਿਆ ਹੈ, ਉਹ ਕੌਮ ਦੀਆਂ ਅੰਦਰੂਨੀ ਭਾਵਨਾਵਾਂ ਨਾਲ ਜੁੜੀ ਇਸ ਇਤਿਹਾਸਕ ਸ਼ਹੀਦੀ ਯਾਦਗਾਰ ਦੇ ਸਮਾਗਮ ਤੋਂ ਦੂਰ ਕਿਉਂ ਰਿਹਾ? ਕੀ ਇਸ ਸੁਆਲ ਦਾ ਜਵਾਬ ਕੋਈ ਦੇਵੇਗਾ ਜਾਂ ਫਖ਼ਰ-ਏ-ਕੌਮ ਨੂੰ ਇਹ ਸੁਆਲ ਪੁੱਛਿਆ ਜਾਵੇਗਾ?

ਅੱਜ ਕੌਮ ਦੀ ਅੱਧੋਗਤੀ ਦੀ ਚਿੰਤਾ ਤਾਂ ਹਰ ਕੋਈ ਕਰਦਾ ਹੈ, ਪ੍ਰੰਤੂ ਜਦੋਂ ਕੌਮ ਦੀ ਵਾਂਗਡੋਰ ਉਨ੍ਹਾਂ ਧਿਰਾਂ ਦੇ ਹੱਥ ’ਚ ਹੈ, ਜਿਹੜੇ ਕੌਮ ਦੁਸ਼ਮਣ ਤਾਕਤਾਂ ਦੀ ਖੁਸ਼ੀ ਨੂੰ ਸਭ ਤੋਂ ਅੱਗੇ ਰੱਖਦੇ ਹਨ ਅਤੇ ਹਰ ਕੌਮੀ ਤੇ ਧਾਰਮਿਕ ਮੁੱਦੇ ’ਤੇ ਸਿਆਸੀ ਸੁਆਰਥ ਨੂੰ ਹੀ ਅੱਗੇ ਰੱਖਕੇ, ਫੈਸਲੇ ਲੈਂਦੇ ਹਨ, ਉਦੋਂ ਤੱਕ ਕੌਮ ਦੀ ਚੜ੍ਹਦੀ ਕਲਾਂ ਦੀ ਉਮੀਦ ਕਰਨੀ, ਦਿਨੇ ਸੁਫ਼ਨੇ ਵੇਖਣਾ ਹੈ, ਹਰ ਕੋਈ ਸਮਝ ਸਕਦਾ ਹੈ ਕਿ ਸ਼ਹੀਦੀ ਯਾਦਗਾਰ ਦੇ ਨਿਰਮਾਣ ਦੀ ਆਰੰਭਤਾ ਬਾਦਲਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਈ, ਕਿਉਂਕਿ ਇਹ ਅਹਿਮ ਮੁੱਦਾ, ਕੌਮੀ ਭਾਵਨਾਵਾਂ ਨਾਲ ਜੁੜਿਆ ਹੈ ਅਤੇ ਇਸ ਭਾਵਨਾਤਮਕ ਮੁੱਦੇ ਤੇ ਕੌਮ ਕਦੇ ਵੀ ਇਕ ਜੁੱਟ ਹੋ ਕੇ, ਸਿੱਖੀ ਸਿਧਾਂਤਾਂ ਦੀ ਰੋਸ਼ਨੀ ’ਚ ਕੋਈ ਕਦੇ ਵੀ ਫੈਸਲਾ ਲੈ ਸਕਦੀ ਸੀ, ਇਸ ਲਈ ਆਪਣੀ ਮਰਜ਼ੀ ਵਾਲੀ ਸ਼ਹੀਦੀ ਯਾਦਗਾਰ ਦੀ ਆਗਿਆ, ਬਾਦਲਾਂ ਦੀ ਮਜ਼ਬੂਰੀ ਵੀ ਸੀ।

ਅਸੀਂ ਸ਼ਹੀਦੀ ਯਾਦਗਾਰ ਦੀ ਲੋੜ ਅਤੇ ਇਸਦੇ ਪੈਣ ਵਾਲੇ ਪ੍ਰਭਾਵਾਂ ਨੂੰ ਬਾਖ਼ੂਬੀ ਮਹਿਸੂਸ ਕਰਦੇ ਹਾਂ, ਇਸ ਲਈ ਕੌਮ ਦੇ ਵਿਰਾਸਤੀ ਖਜ਼ਾਨੇ ’ਚ ਜਿਨ੍ਹਾਂ ਕੁਝ ਵੀ ਆ ਰਿਹਾ ਹੈ, ਉਸ ਨੂੰ ਪ੍ਰਵਾਨ ਕਰ ਲੈਣ ਦੀ ਸਮੁੱਚੀ ਕੌਮ ਨੂੰ ਬੇਨਤੀ ਵੀ ਕਰਾਂਗੇ। ਪ੍ਰੰਤੂ ਅੱਜ ਦੇ ਇਸ ਇਤਿਹਾਸਕ ਪਲਾਂ ਤੋਂ ਭਗੌੜੇ ਹੋਣ ਵਾਲੇ ਪੰਥ ਰਤਨ ਅਤੇ ਸ਼ਹੀਦਾਂ ਦੇ ਜਥੇਬੰਦੀ ਦੇ ਪ੍ਰਧਾਨ ਬਾਰੇ, ਅਤੇ ਅਕਾਲੀ ਸਰਕਾਰ ਦੇ ਮੰਤਰੀਆਂ ਦੀ ਕੌਮ ਪ੍ਰਸਤੀ ਬਾਰੇ ਕਿਸੇ ਨੂੰ ਆਪਣੇ ਮਨ ’ਚ ਜੇ ਕੋਈ ਸ਼ੰਕਾ ਹੈ ਤਾਂ ਉਸਨੂੰ ਸਾਫ਼ ਕਰ ਲੈਣ ਦੀ ਅਪੀਲ ਵੀ ਜ਼ਰੂਰ ਕਰਾਂਗੇ, ਤਾਂ ਕਿ ਭਵਿੱਖ ’ਚ ਇਸ ਸ਼ਹੀਦੀ ਯਾਦਗਾਰ ਨੂੰ ਇਹ ਧਿਰਾਂ ਆਪਣੇ ਸਿਆਸੀ ਮੁਫ਼ਾਦ ਲਈ ਵਰਤ ਨਾ ਸਕਣ। ਸ਼ਹੀਦੀ ਯਾਦਗਾਰ ਦੇ ਨਿਰਮਾਣ ਦੇ ਨੰਬਰ ਵੀ ਆਪਣੇ ਖਾਤੇ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਖੁਸ਼ ਰੱਖਣ ਲਈ ਗੈਰ ਹਾਜ਼ਰ ਹੋਣਾ, ਬਾਦਲਾਂ ਦੀ ਉਸ ਸਿਆਸੀ ਖੇਡ ਦਾ ਹੀ ਹਿੱਸਾ ਹੈ, ਜਿਸ ਨਾਲ ਉਹ ਪਿਛਲੀ ਅੱਧੀ ਸਦੀ ਤੋਂ ਕੌਮ ਨੂੰ ਬੇਵਕੂਫ਼ ਬਣਾ ਰਹੇ ਹਨ।

ਧਾਰਮਿਕ ਮੁੱਦੇ ਉਦੋਂ ਠੰਡੇ ਬਸਤੇ ’ਚੋ ਬਾਹਰ ਕੱਢ ਲਏ ਜਾਂਦੇ ਹਨ, ਜਦੋਂ ਇੰਨ੍ਹਾਂ ਤੋਂ ਕੋਈ ਸਿਆਸੀ ਲਾਹਾ ਲੈਣਾ ਹੁੰਦਾ ਹੈ ਅਤੇ ਜਦੋਂ ਸਿਆਸੀ ਲਾਹਾਂ ਕੌਮੀ ਮੁੱਦਿਆਂ ਦੇ ਵਿਰੋਧ ’ਚ ਜਾਣ ਤੇ ਮਿਲਦਾ ਹੋਵੇ ਤਾਂ ਉਨ੍ਹਾਂ ਦਾ ਵਿਰੋਧ ਵੀ ਝੱਟ ਹੀ ਕਰ ਦਿੱਤਾ ਜਾਂਦਾ ਹੈ। ਇਹੋ ਕਾਰਣ ਹੈ ਕਿ ਸੰਤ ਭਿੰਡਰਾਵਾਲੇ ਨੂੰ ‘ਅੱਤਵਾਦੀ’ ਅਤੇ ‘ਸ਼ਹੀਦ’ ਦੋਵਾਂ ਨਾਮਾਂ ਨਾਲ ਸਿਰਫ਼ ਬਾਦਲ ਸਾਬ੍ਹ ਹੀ ਯਾਦ ਕਰ ਸਕਦੇ ਹਨ। ਅਸੀਂ ਚਾਹੁੰਦੇ ਹਾਂ ਕਿ ਸਾਕਾ ਸ਼੍ਰੀ ਦਰਬਾਰ ਸਾਹਿਬ ਦੀ ਯਾਦਗਾਰ ਦੀ ਕਾਰ ਸੇਵਾ ’ਚ ਸਮੁੱਚੀ ਕੌਮ ਸ਼ਰਧਾ ਨਾਲ ਭਾਗ ਲਵੇ ਅਤੇ ਕੌਮ ਦੀ ਇਸ ਵਿਰਾਸਤ ਨੂੰ ਸਿੱਖੀ ਦੀ ਆਨ-ਸ਼ਾਨ ਤੇ ਸਿੱਖਾਂ ’ਚ ਕੌਮੀ ਜ਼ਜਬੇ ਦੀ ਭਾਵਨਾ ਦੇ ਅਨਰੂਪ ਉਸਾਰਿਆ ਜਾਵੇ, ਪ੍ਰੰਤੂ ਚੰਗਾ ਹੋਵੇ ਜਿਹੜੀਆਂ ਧਿਰਾਂ ਇਸ ਸ਼ਹੀਦੀ ਯਾਦਗਾਰ ਨੂੰ ਸਿਆਸੀ ਐਨਕ ਨਾਲ ਵੇਖਦੀਆਂ ਹਨ, ਉਨ੍ਹਾਂ ਨੂੰ ਇਸ ਤੋਂ ਦੂਰ ਹੀ ਰੱਖਿਆ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top