Share on Facebook

Main News Page

ਪੰਜਾਬੀ ਲੱਚਰਤਾ ਵਿਰੁਧ ਉੱਠੀ ਆਵਾਜ਼ ਦਾ ਦੂਜਾ ਪੜਾਅ ਅਤੇ ਲੋਕਾਂ ਦਾ ਹੁੰਗਾਰਾ

ਗੁਰਦੇਵ ਸਿੰਘ ਸੱਧੇਵਾਲੀਆ (ਬਰੈਂਪਟਨ 19 ਮਈ 2012): 19 ਮਈ ਦਿਨ ਸ਼ਨਿਚਰਵਾਰ ਨੂੰ ਚਾਂਦਨੀ ਬੈਂਕੁਇਟ ਹਾਲ ਵਿਖੇ ਲੱਚਰ ਗਾਇਕੀ ਵਿਰੁਧ ਹੋਏ ਦੂਜੇ ਇੱਕਠ ਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ, ਕਿ ਅਗੇ ਲੱਗ ਕੇ ਚਲਣ ਵਾਲੇ ਲੋਕ ਈਮਾਨਦਾਰੀ ਨਾਲ ਕੰਮ ਕਰਨ, ਤਾਂ ਸਮਾਜ ਅੰਦਰ ਆਈਆਂ ਬੁਰਾਈਆਂ ਵਿਰੁਧ ਲੋਕ ਕਦੇ ਵੀ ਉੱਠ ਸਕਦੇ ਹਨ। ਸ੍ਰ. ਸੁਰਜੀਤ ਸਿੰਘ ਝਬੇਲਵਾਲੀ ਅਤੇ ਉਸ ਦੇ ਸਾਥੀਆਂ ਰਲ ਕੇ ਪੰਜਾਬੀ ਲੱਚਰਤਾ ਖਿਲਾਫ ਬੀੜਾ ਚੁੱਕਿਆ ਸੀ, ਜਿਸ ਵਿਚ ਇਸ ਕਾਫਲੇ ਦੇ ਨਾਲ ਬਹੁਤ ਸੁਲਝੇ ਹੋਏ ਲੋਕ ਵੀ ਰਲਣੇ ਸ਼ੁਰੂ ਹੋਏ। ਜਿਵੇਂ ਪਟਿਆਲਾ ਯੂਨੀਵਰਸਟੀ ਦੀ ਡਾ. ਗੁਰਨਾਮ ਕੌਰ, ਡਾ. ਬਰਜਿੰਦਰ ਸਿੰਘ ਸੇਖੋਂ, ਡਾ. ਗੁਰਬਖਸ਼ ਸਿੰਘ ਭੰਡਾਲ, ਡਾ. ਦਵਿੰਦਰ ਕੌਰ ਪਟਿਆਲਾ ਯੂਨੀਵਰਸਿਟੀ ਆਦਿ। ਇਸ ਵਿਚ ਜੋ ਅਹਿਮ ਗੱਲ ਵਿਚਾਰੀ ਗਈ ਉਹ ਇਹ ਸੀ, ਕਿ ਸਾਡੇ ਦੁਆਲੇ ਫੈਲ ਚੁੱਕੀ ਗੰਦਗੀ ਨੂੰ ਸਾਫ ਕਿਵੇਂ ਕੀਤਾ ਜਾ ਸਕੇ। ਕੁਝ ਇੱਕ ਬੁਲਾਰਿਆਂ ਦੀਆਂ ਨਿੱਜੀ ਜਿਹੀਆਂ ਗੱਲਾਂ ਨੂੰ ਛੱਡ, ਬਾਕੀ ਸਭ ਪਾਸਿਓਂ ਬਹੁਤ ਸੁਲਝੇ ਅਤੇ ਉਸਾਰੂ ਵਿਚਾਰ ਆਏ।

ਇਸ ਮੀਟਿੰਗ ਵਿਚ ਇੱਕ ਹੋਰ ਗੱਲ ਅਹਿਮ ਸੀ ਕਿ ਇਸ ਵਿਚ ਖਾਲਿਸਤਾਨੀ, ਖੱਬੇ, ਸੱਜੇ ਆਦਿ ਸਭ ਤਰ੍ਹਾਂ ਦੇ ਲੋਕ ਸ਼ਾਮਲ ਹੋਏ। ਪੰਜਾਬ ਵਿਚ ਵੱਸਣ ਵਾਲਾ ਭਵੇਂ ਕੋਈ ਵੀ ਹੋਵੇ, ਚਲੋ ਕਿਸੇ ਨੁਕਤੇ ਤਾਂ ਉਸ ਦੀ ਪੀੜਾ ਸਾਂਝੀ ਹੈ ਹੀ ਨਾ। ਪੰਜਾਬ ਵਿਚ ਫੈਲ ਚੁੱਕੀ ਲੱਚਰਤਾ ਦੀ ਅੰਧੀ ਧੁੰਦ ਦੇ ਖਿਲਾਫ ਇਸ ਉੱਠੀ ਲਹਿਰ ਵਿਚ ਦੋ ਗੁਰੂੁ ਘਰਾਂ, ‘ਗੁਰੂ ਨਾਨਕ ਮਿਸ਼ਨ’ ਅਤੇ ‘ਮੇਫੀਲਡ ਗੁਰੂ ਘਰ’ ਦੇ ਪ੍ਰਬੰਧਕਾਂ ਤੋਂ ਬਿਨਾਂ, ਕੋਈ ਨਹੀਂ ਸੀ, ਜਦ ਕਿ ਸਭ ਨੂੰ ਜਾ ਕੇ ਵੀ ਅਤੇ ਈ-ਮੇਲਾਂ ਰਾਹੀਂ ਵੀ ਸੁਨੇਹਾ ਪੁੱਜਦਾ ਕੀਤਾ ਹੋਇਆ ਸੀ। ਇਹ ਗੱਲ ਆਮ ਲੋਕਾਂ ਦੇ ਮਨਾ ਵਿਚ ਜਰੂਰ ਰੜਕਦੀ ਸੀ, ਕਿ ਕੋਟਾਂ-ਕਚਹਿਰੀਆਂ ਵਿਚ ਜਾਣ ਲਈ ਜਾਂ ਵਕੀਲਾਂ ਦੇ ਪੈਸੇ ਫੂਕਣ ਲਈ ਇਨ੍ਹਾਂ ਕੋਲੇ ਸਮਾਂ ਵੀ ਹੈ ਅਤੇ ਪੈਸਾ ਵੀ, ਪਰ ਜਦ ਕੋਈ ਸਾਝਾਂ ਅਤੇ ਗੰਭੀਰ ਮਸਲਾ ਹੁੰਦਾ ਤਾਂ ਇਹ ਸਾਰੇ ਗਾਇਬ ਹੁੰਦੇ ਹਨ।

ਮੀਡੀਏ ਵਿਚੋਂ ‘ਪੰਜਾਬੀ ਡੇਲੀ’ ਦੇ ਸ੍ਰ. ਹੰਸਰਾ ਅਤੇ ‘ਪੰਜਾਬੀ-ਪੋਸਟ’ ਦੇ ਸ੍ਰ. ਗਰੇਵਾਲ, ਰੇਡੀਓ ਪ੍ਰੋਗਰਾਮ ਦਾ ਰਾਣਾ ਆਹਲੂਵਾਲੀਆ, ਤੇਜਵੀਰ ਧੁੱਗਾ ਅਤੇ ਇਕਬਾਲ ਵਿਰਕ ਨੂੰ ਛੱਡ ਬਾਕੀ ਬਾਗੀਆਂ ਪਾਉਂਣ ਵਾਲਿਆਂ ਵਿਚੋਂ ਕੋਈ ਵੀ ਹਾਜਰ ਨਹੀਂ ਸੀ। ਲੋਕਾਂ ਵਿਚ ਇਸ ਗੱਲ ਦੀ ਵੀ ਚਰਚਾ ਸੀ ਕਿ ਇਹ ਕੇਲੇ ਹੀ ਵੇਚਣਾ ਜਾਣਦੇ, ਪਰ ਹੋਰ ਕਿਸੇ ਵੀ ਗੰਭੀਰ ਮਸਲੇ ਵੇਲੇ ਇਨ੍ਹਾਂ ਦੀਆਂ ਜੁਬਾਨਾਂ ਬੰਦ ਹੋ ਜਾਦੀਆਂ?

ਪਰ ਕੁੱਲ ਪਾ ਕੇ ਇਹ ਮੀਟਿੰਗ ਸਫਲ ਰਹੀ। ਕੋਈ ਤਿੰਨ ਕੁ ਸੌ ਤੋਂ ਉਪਰ ਲੋਕ ਇਸ ਵਿਚ ਸ਼ਾਮਲ ਸਨ ਜਿਸ ਵਿਚ ਤੀਜਾ ਕੇ ਹਿੱਸਾ ਬੀਬੀਆਂ ਦਾ ਵੀ ਸੀ। ਇਹ ਸ਼ੁਰੂਆਤ ਸੀ। ਇਸ ਵਿਚ ਸ੍ਰ. ਗੁਰਮੁੱਖ ਸਿੰਘ ਬਾਠ ਹੋਰਾਂ ਦਾ ਬਹੁਤ ਅਹਿਮ ਰੋਲ ਰਿਹਾ। ਜਿੰਨਾ ਨੇ ਕੋਲੋਂ ਬੱਸ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਉਥੇ ਪੁੱਜਦਾ ਕੀਤਾ, ਪਰ ਫਿਰ ਵੀ ਕਈ ਲੋਕ ਕਿਸੇ ਕਾਰ-ਗੱਡੀ ਦਾ ਪ੍ਰਬੰਧ ਨਾ ਹੋਣ ਕਾਰਨ ਰਹਿ ਗਏ।

ਸ੍ਰ. ਹੰਸਰਾ ਦਾ ਇਸ਼ਾਰਾ ਸੀ ਕਿ ਇਥੇ ਬਹੁਤੀ ਭੀੜ ਨਹੀਂ ਸੀ। ਪਰ ਸ੍ਰ. ਅਰਸ਼ੀ ਇਸ ਗੱਲ ਦਾ ਜਵਾਬ ਪਹਿਲਾਂ ਹੀ ਦੇ ਗਏ ਸਨ ਕਿ ਜੇ ਇਥੇ ਮਿੱਸ ਪੂਜਾ ਜਾਂ ਬੱਬੂਮਾਨ ਲੱਗਣਾ ਹੁੰਦਾ, ਤਾਂ ਲੁਕਾਈ ਨੂੰ ਕਹਿਣ ਦੀ ਵੀ ਲੋੜ ਨਹੀਂ ਸੀ ਪਰ ਲੋਕ ਗੰਭੀਰ ਵਿਸ਼ਿਆਂ ਤੇ ਬਹੁਤ ਅਣਗਹਿਲੀ ਕਰਦੇ ਹਨ।

ਸ੍ਰ. ਪ੍ਰਮਜੀਤ ਸਿੰਘ ਵਿਰਦੀ ਦੇ ਬੋਲ ਬਹੁਤ ਪ੍ਰਭਾਵਸ਼ਾਲੀ, ਤਿੱਖੇ ਅਤੇ ਸਿੱਧੇ ਸਨ। ਮੀਡੀਏ ਦੇ ਦੋਗਲੇ ਰੋਲ ਬਾਰੇ ਉਨ੍ਹਾਂ ਬੜੇ ਸਪੱਸ਼ਟ ਲਫਜਾਂ ਵਿਚ ਕਿਹਾ। ਖਾਸ ਕਰ ਬੱਬੂਮਾਨ ਦੇ ਮੀਡੀਏ ਵਲੋਂ ਉਸ ਦਾ ‘ਇਨਕਲਾਬੀ’ ਪੱਖ ਹੀ ਰੱਖੀ ਜਾਣਾ, ਪਰ ਪੰਜਾਬੀ ਗਾਇਕੀ ਵਿਚ ਉਸ ਵਲੋਂ ਪਾਏ ਗੰਦ ਨੂੰ ਅੱਖੋਂ-ਪਰੋਖੇ ਕਰਨਾ।

ਸ੍ਰ. ਬਰਜਿੰਦਰ ਸੇਖੋਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਕੌਮ ਦੀ ਮੁਰਦੇਹਾਣੀ ਦੂਰ ਕਰਨ ਲਈ ਢਾਡੀ ਪ੍ਰਪੰਰਰਾ ਨੂੰ ਉੱਤੇਜਿਤ ਕਰਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਆਲੇ-ਦੁਆਲੇ ਦਾ ਪ੍ਰਭਾਵ ਮਨੁੱਖ ਕਬੂਲਦਾ ਹੈ, ਅਤੇ ਉਸ ਨੂੰ ਕਬੂਲਦਿਆਂ ਹੀ ਨਿੱਤ ਡਰੇ ਰਹਿਣ ਵਾਲੇ ਲੋਕ ਨੇਜੇ-ਬਰਛੀਆਂ ਲੈ ਕੇ ਮੁਗਲਾਂ ਮੂਹਰੇ ਆਣ ਖੜੇ ਹੋਏ। ਪਰ ਉਸੇ ਰੂਹ ਨੂੰ ਮਾਰਨ ਲਈ ਹੁਣ ਪੁੱਠੀ ਚੱਕਰੀ ਘੁੰਮਾ ਦਿੱਤੀ ਗਈ ਹੈ, ਤੇ ਲੁਕਾਈ ਨੂੰ ਲੱਚਰਤਾ ਨੇ ਅਜਿਹੀ ਚਾਟੇ ਲਾਇਆ ਹੈ, ਕਿ ਪੰਜਾਬ ਦੀ ਗੈਰਤ ਦਮ ਤੋੜ ਰਹੀ ਹੈ। ਇਸੇ ਸੰਦਰਭ ਵਿਚ ਸ੍ਰ. ਅਜਾਇਬ ਸਿੰਘ ਅਣਖੀ ਨੇ ਬਾਹਰ ਟਿੱਪਣੀ ਕਰਦਿਆਂ ਕਿਹਾ ਕਿ ਕੌਮ ਦਾ ਮਸ਼ਹੂਰ ਢਾਡੀ ਦਇਆ ਸਿੰਘ ਦਿਲਬਰ ਮਰਿਆ ਤਾਂ ਕਿਸੇ ਮੀਡੀਏ ਨੇ ਕੋਈ ਗੱਲ ਨਹੀਂ ਕੀਤੀ, ਪਰ ਜਦ ਇੱਕ ਨਚਾਰ ਜਿਹਾ ਕੁਲਦੀਪ ਮਾਣਕ ਮਰਿਆ ਤਾਂ ਮੀਡੀਆ ਇੰਝ ਕੀਰਨੇ ਪਾ ਰਿਹਾ ਸੀ, ਜਿਵੇਂ ਉਨ੍ਹਾਂ ਦਾ ਕੋਈ ਅਪਣਾ ਮਰ ਗਿਆ ਹੁੰਦਾ।

ਪੰਜਾਬੀ ਪੋਸਟ ਦੇ ਸ੍ਰ. ਜਗਦੀਸ਼ ਸਿੰਘ ਗਰੇਵਾਲ ਨੇ ਇਸ ਚਲੀ ਲਹਿਰ ਦੇ ਭਵਿੱਖ ਬਾਰੇ ਚਿਤਾਵਨੀ ਦਿੱਤੀ ਕਿ ਇਹ ਲਹਿਰ ਕੋਲਿਆਂ ਦੀ ਅੱਗ ਵਰਗੀ ਹੋਣੀ ਚਾਹੀਦੀ ਨਾ ਕਿ ਕਾਗਜੀ ਅੱਗ ਵਰਗੀ! ਯਾਨੀ ਬਲੀ ਤੇ ਬੁੱਝ ਗਈ। ਸ੍ਰ. ਗਰੇਵਾਲ ਨੇ ਮਿਸਾਲ ਦਿੱਤੀ ਕਿ ਅਸੀਂ ਕਮਲਜੀਤ ਨੀਰੂ ਦਾ ਪ੍ਰੋਗਰਾਮ ਕਰਾਉਂਦੇ ਰਹੇ ਹਾਂ। ਉਹ ਖਾਸ ਤੌਰ ਤੇ ਬੱਚਿਆਂ ਲਈ ਹੀ ਹੁੰਦਾ ਸੀ। ਪਰ ਦੁੱਖ ਦੀ ਗੱਲ ਹੈ ਕਿ ਉਸ ਵਿਚ ਸਾਨੂੰ 2-4 ਹਜਾਰ ਡਾਲਰ ਕੋਲੋਂ ਪਾਉਂਣਾ ਪੈਂਦਾ ਸੀ। ਉਨ੍ਹਾਂ ਦਾ ਸਿੱਧਾ ਇਸ਼ਾਰਾ ਕੌਮ ਮੇਰੀ ਦੀ ਬਿਮਾਰ ਮਾਨਸਿਕਤਾ ਵਲ ਸੀ, ਜਿਹੜੀ ਜੈਜੀ-ਬੱਬੂ ਵਰਗੇ ਪਕੌੜਿਆਂ ਅਤੇ ਮਿੱਸ ਪੂਜਾ ਵਰਗੀਆਂ ਚਾਟਪਾਪੜੀਆਂ ਤੇ ਤਾਂ ਭੱਜ ਕੇ ਪੈਂਦੀ ਹੈ, ਪਰ ਜੇ ਇਸ ਨੂੰ ਕੋਈ ਤੰਦਰੁਸਤੀ ਦੀ ਗੱਲ ਦੱਸਣ ਲਈ ਸੱਦੇ ਤਾਂ ਉਲਟੀਆਂ ਕਰਨ ਲੱਗ ਜਾਂਦੀ ਹੈ।

ਪੰਜ ਪਾਣੀ ਦੇ ਸ੍ਰ. ਜੋਗਿੰਦਰ ਸਿੰਘ ਗਰੇਵਾਲ ਵੀ ਪਹੁੰਚੇ ਹੋਏ ਸਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਰਕਾਰਾਂ ਇਸ ਦੇ ਪਿੱਛੇ ਹਨ ਉਨ੍ਹਾਂ ਨੂੰ ਕਿਸੇ ਵੋਟਰ ਕੋਲੇ ਜਾਣ ਦੀ ਲੋੜ ਨਹੀਂ। ਉਹ ਜਾਂ ਤਾਂ ਕਿਸੇ ਗਾਉਂਣ ਵਾਲੇ ਨੂੰ ਸੱਦ ਕੇ ਇਕੱਠ ਕਰ ਲੈਂਦੇ ਅਤੇ ਅਪਣੀਆਂ ਵੋਟਾਂ ਦੀ ਨੀਤੀ ਖੇਡ ਲੈਂਦੇ ਹਨ ਜਾਂ ਕਿਸੇ ਬਾਬੇ ਕੋਲੋਂ ਅਸ਼ੀਰਵਾਦ ਲੈ ਕੇ ਅਪਣਾ ਬੁੱਤਾ ਸਾਰ ਲੈਂਦੇ ਹਨ, ਪਰ ਬਾਬਾ ਅਤੇ ਗਾਇਕ, ‘ਕਲਚਰ’ ਦੋਵੇਂ ਹੀ ਮਾੜੇ ਹਨ ਅਤੇ ਪੰਜਾਬ ਨੂੰ ਬੇਯਾਈ ਵਲ ਧੱਕ ਰਹੇ ਹਨ। ਹੋਰ ਬੁਲਾਰਿਆਂ ਵਿਚ ਬਲਦੇਵ ਰੈਪਾ, ਜੈਕਾਰਲਾਲ ਦੁੱਗਲ, ਬਲਕਰਨ ਸਿੰਘ ਗਿੱਲ, ਜੇ.ਐਸ. ਧਾਲੀਵਾਲ, ਨਾਹਰ ਸਿੰਘ ਔਜਲਾ ਅਤੇ ਉਨ੍ਹਾਂ ਦੀ ਪਤਨੀ ਅਵਤਾਰ ਕੌਰ ਔਜਲਾ ਵੀ ਸ਼ਾਮਲ ਸਨ।

ਅਖੀਰ ਤੇ ਸ੍ਰ. ਅਮਰੀਕ ਸਿੰਘ ਮੁਕਤਸਰ ਦੀ ਵਾਰੀ ਸੀ, ਜੀਹਨਾਂ ਖਾੜਕੂਵਾਦ ਤੋਂ ਲੈ ਕੇ ਸਭ ਲਹਿਰਾਂ ਨੂੰ ਨੇੜਿਉਂ ਦੇਖਿਆ ਅਤੇ ਹੰਡਾਇਆ ਵੀ ਹੋਇਆ। ਪੰਜਾਬ ਦੀ ਲੱਚਰ ਗਾਇਕੀ ਬਾਰੇ ਉਨ੍ਹਾਂ ਕਿਹਾ ਕਿ ਜਿਸ ਰਾਹ ਤੇ ਇਹ ‘ਸਭਿਆਚਾਰ’ ਤੁਰ ਰਿਹਾ ਉਸ ਨਜਰੀਏ ਤੋਂ ਤਾਂ ਇਨ੍ਹਾਂ ਗਾਇਕਾਂ ਦੀ ਨਿਗਾਹ ਵਿਚ ਸਾਡੇ ਰਿਸ਼ਤਿਆਂ-ਨਾਤਿਆਂ ਦੀ ਵੀ ਕੋਈ ਕਦਰ-ਕੀਮਤ ਨਹੀਂ ਰਹਿ ਗਈ। ਜਿਸ ਪੜਾਅ ਤੇ ਸਾਨੂੰ ਇਹ ਲੈ ਆਏ ਹਨ, ਇਥੋਂ ਤਾਂ ਜਾਨਵਰਾਂ ਦੀ ਜਿੰਦਗੀ ਸ਼ੁਰੂ ਹੁੰਦੀ ਹੈ, ਜਿਸ ਵਿਚ ਕੋਈ ਮਾਂ, ਭੈਣ, ਧੀ, ਰਿਸ਼ਤਾ, ਨਾਤਾ ਕੁੱਝ ਵੀ ਨਹੀਂ ਰਹਿੰਦਾ। ਉਨ੍ਹਾਂ ਗੁਰਬਾਣੀ ਵਿਚਲੇ ਤਿੰਨ ਕਿਰਦਾਰਾਂ ਦੀ ਮਿਸਾਲ ਦਿੱਤੀ ਜਿਸ ਵਿਚ ਗੁਰਮੁੱਖ, ਮਨੁਮੁੱਖ ਅਤੇ ਸਾਕਤ ਆਉਂਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਬਾਰ ਬਾਰ ਸਾਨੂੰ ਕਹਿੰਦੀ ਕਿ ਸਾਕਤ ਕੋਲੋਂ ਬੱਚ ਜਾਹ ਜੇ ਬੱਚਿਆ ਜਾਂਦਾ। ਹਾਲੇ ਮਨਮੁੱਖ ਬਾਰੇ ਤਾਂ ਸੋਚਿਆ ਜਾ ਸਕਦਾ ਕਿ ਚੰਗੀ ਸੰਗਤ ਨਾਲ ਮੁੜ ਆਏ ਪਰ ਸਾਕਤ ਤਾਂ ਅਪਣੇ ਸਾਰੇ ਰਸਤੇ ਬੰਦ ਕਈ ਬੈਠਾ ਹੁੰਦਾ। ਸਾਕਤ ਮੱਤ ਦੇ ਪਿਛੋਕੜ ਵਿਚ ਜਾਂਦਿਆਂ ਉਨ੍ਹਾਂ ਕਿਹਾ ਕਿ ਸਾਕਤ ਮੱਤ ਉਹ ਹੈ, ਜਿਥੇ ਜਨਾਵਰਾਂ ਵਾਗੂੰ ਭੋਗ-ਬਿਲਾਸ, ਸ਼ਰਾਬ ਅਤੇ ਨਸ਼ਿਆਂ ਦੀ ਖੁਲ੍ਹੀ ਖੇਡ ਚਲਦੀ ਸੀ ਅਤੇ ਕਿਸੇ ਰੋਜ ਸਾਰਾ ਹਿੰਦੋਸਤਾਨ ਇਸ ਦੀ ਲਪੇਟ ਵਿਚ ਆ ਚੁੱਕਾ ਸੀ।

ਸ੍ਰ. ਮੁਕਤਸਰ ਨੇ ਗਾਇਕਾਂ, ਪ੍ਰਮੋਟਰਾਂ ਅਤੇ ਇਸ ਗੰਦੀ ਗਾਇਕੀ ਨੂੰ ਚੰਦ ਟੱਕਿਆਂ ਖਾਤਰ ਲੋਕਾਂ ਤੱਕ ਪ੍ਰਚਾਰਨ ਅਤੇ ਪ੍ਰਸਾਰਨ ਵਾਲੇ ਸਭ ਨੂੰ ਸਾਕਤਾਂ ਦੀ ‘ਕੈਟਾਗਿਰੀ’ ਵਿਚ ਰੱਖਦਿਆਂ ਕਿਹਾ, ਕਿ ਇਹ ਸਭ ਸਾਕਤ ਲੋਕ ਨੇ ਜਿਹੜੇ ਆਪ ਤਾਂ ਇਹ ਲੁੱਚਪਣੇ ਦੀ ਗੰਦਗੀ ਵਿੱਚ ਲਿਬੜੇ ਹੀ ਹਨ, ਬਾਕੀ ਲੋਕਾਂ ਦੀ ਮਾਨਸਿਤਕਾ ਉਪਰ ਵੀ ਧੱਬੇ ਲਾ ਕੇ ਉਨ੍ਹਾਂ ਦੀ ਜ਼ਮੀਰ ਮਾਰ ਰਹੇ ਹਨ। ਅਖੀਰ ਤੇ ਉਨ੍ਹਾਂ ਸ੍ਰ. ਝਬੇਲਵਾਲੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ ਜਿਹੜੇ ਇਸ ਲੜਾਈ ਨੂੰ ਤਨੋ ਮਨੋ ਅਗੇ ਲਿਜਾ ਕੇ ਲੋਕਾਂ ਨੂੰ ਸਾਧਵਾਨ ਕਰ ਰਹੇ ਸਨ, ਤਾਂ ਕਿ ਪੰਜਾਬੀ ਸਭਿਆਚਾਰ ਨੂੰ, ਪੰਜਾਬੀ ਮਾਂ ਬੋਲੀ ਨੂੰ ਪਲੀਤ ਹੋਣੋਂ ਬਚਾਇਆ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top