Share on Facebook

Main News Page

ਖ਼ਾਲਸੇ ਦੇ ਨਾਮ ‘ਤੇ, ‘ਵਿਰਾਸਤ-ਏ-ਖ਼ਾਲਸਾ’ ਵਿੱਚ, ਖ਼ਾਲਸੇ ਦੇ ਸਿਧਾਂਤਾਂ ਨਾਲ ਹੀ ਕੀਤਾ ਗਿਐ ਖਿਲਵਾੜ!!
-
ਇਕਵਾਕ ਸਿੰਘ ਪੱਟੀ

ਦੱਸਵੀਂ ਪਾਸ ਕਰਨ ਉਪਰੰਤ ਸੰਨ 2001 ਤੋਂ 2004 ਤੱਕ ਤਿੰਨ ਸਾਲ ਮੈਂ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦਾ ਵਿਦਿਆਰਥੀ ਰਿਹਾ। ਸਾਨੂੰ ਹਰ ਸੋਮਵਾਰ ਕਲਾਸਾਂ ਛੁੱਟੀ ਹੁੰਦੀ ਸੀ, ਜਿਸ ਕਰਕੇ ਸਾਡੀ ਕੋਸ਼ਿਸ਼ ਹੋਣੀ ਕਿ ਦੋ-ਚਾਰ ਮਿੱਤਰ ਇਕੱਠੇ ਹੋ ਕੇ ਨੇੜਲੇ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਆਈਏ ਅਤੇ ਕੁੱਝ ਨਵਾਂ ਲੱਭ ਲਿਆਈਏ। ਪਰ ਮੇਰਾ ਜਿਆਦਾਤਰ ਝੁਕਾਅ ‘ਖਾਲਸਾ ਹੈਰੀਟੇਜ਼ ਕੰਪਲੈਕਸ’ ਜਾਣ ਦਾ ਹੀ ਹੁੰਦਾ ਸੀ, ਕਿਉਂਕਿ ਦੱਸਿਆ ਗਿਆ ਸੀ ਕਿ ਇਹ ਦੁਨੀਆ ਦਾ ਅੱਠਵਾਂ ਅਜੂਬਾ ਬਣ ਰਿਹਾ ਹੈ, ਜਿਸ ਵਿੱਚ ਸਿੱਖ ਇਤਿਹਾਸ, ਸਿੱਖ ਵਿਚਾਰਧਾਰਾ, ਸਿੱਖ ਸੱਭਿਆਚਾਰ, ਸਿੱਖ ਫਿਲਾਸਫੀ ਨੂੰ ਇਤਨੇ ਬਾਖੂਬੀ ਢੰਗ ਨਾਲ ਪੇਸ਼ ਕੀਤਾ ਜਾਣਾ ਹੈ, ਕਿ ਦੇਖਣ ਵਾਲਾ ਇੱਕ ਵਾਰ ਤਾਂ ਦੰਗ ਰਹਿ ਜਾਵੇਗਾ ਕਿ ਕਿਨਤੇ ਥੋੜੇ ਸਮੇਂ ਵਿੱਚ ਖਾਲਸਾ ਨੇ ਅਥਾਹ ਕੁਰਬਾਨੀਆਂ ਕਰਕੇ ਇਸ ਮੁਲਕ ਨੂੰ ਅਜ਼ਾਦ ਕਰਵਾਇਆ, ਵੱਡੀਆਂ-ਵੱਡੀਆਂ ਲੜਾਈਆਂ ਲੜ੍ਹੀਆਂ ਅਤੇ ਜਿੱਤਾਂ-ਪ੍ਰਾਪਤ ਕੀਤੀਆਂ ਅਤੇ ਇੱਕ ਐਸਾ ਇਤਿਹਾਸ ਸਿਰਜਿਆ, ਜਿਸਦੀ ਮਿਸਾਲ ਰਹਿੰਦੀ ਦੁਨੀਆਂ ਤੱਕ ਨਹੀਂ ਮਿਲ ਸਕੇਗੀ।

ਪਰ ਮੇਰੇ ਮਨ ਨੂੰ ਅਤਿ ਸਕੂਨ ਮਿਲਣਾ ਜਦੋਂ ਇਸ ਇਮਾਰਤ ਦੇ ਸਾਹਮਣੇ ਬੈਠ ਕੇ ਘੰਟਿਆਂ ਬੱਧੀ ਮੈਂ ਇਸ ਬਾਰੇ ਸੋਚਦੇ ਹੋਏ, ਮਨ ਵਿੱਚ ਇਹ ਖਿਆਲ ਲੈ ਆਉਣਾ ਕਿ, “ਜਦ ਦੁਨੀਆਂ ਦੇ ਲੋਕ ਇਸ ਅੱਠਵੇਂ ਅਜੂਬੇ ਨੂੰ ਦੇਖਣ ਆਉਣਗੇ ਤਾਂ ਉਹ ਇਸਨੂੰ ਅੱਠਵਾਂ ਅਜੂਬਾ ਕਹਿਣ ਦੇ ਨਾਲ ਇਹ ਕਹਿਣ ਲਈ ਮਜਬੂਰ ਹੋ ਜਾਣਗੇ ਕਿ ਸਿਰਫ ਇੱਕ ਅਜੂਬਾ ਨਹੀਂ ਹੈ, ਬਲਕਿ ਇਸ ਅਜੂਬੇ ਅੰਦਰ ਇਤਨੇ ਅਜੂਬੇ ਹਨ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੋ ਜਾਂਦਾ ਹੈ । ਮਿਸਾਲ ਦੇ ਤੋਰ ਤੇ ਜਦ ਉਹ ਦੇਖਣਗੇ ਕਿ ਨੌਵੇਂ ਪਾਤਸ਼ਾਹ ਜਿਹਨਾਂ ਨੇ ਮਾਨਵਤਾ ਲਈ ਆਪਣੀ ਕੁਰਬਾਨੀ ਕੀਤੀ ਉਹਨਾਂ ਦੇ ਧੜ ਦਾ ਸੰਸਕਾਰ ਉਹ ਦਿੱਲੀ ਅਤੇ ਸੀਸ ਦਾ ਸੰਸਕਾਰ ਇੱਧਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਹੈ, ਜਦ ਦੇਖਣਗੇ ਕਿ 6-8 ਸਾਲ ਦੀ ਉਮਰ ਦੇ ਦਸਮੇਸ਼ ਪਿਤਾ ਦੇ ਫਰਜ਼ੰਦ ਕਿਸ ਤਰ੍ਹਾਂ ਜਾਲਮ ਨੂੰ ਵੰਗਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ, ਪਰ ਮੌਤ ਦਾ ਭੈਅ ਉਹਨਾਂ ਨੂੰ ਛੂਹ ਨਾ ਸਕਿਆ, ਜਦ ਦੇਖਣਗੇ ਕਿ ਕਿਸ ਤਰ੍ਹਾਂ ਸਵਾ-ਸਵਾ ਲੱਖ ਨਾਲ ਇੱਕ-ਇੱਕ ਖਾਲਸਾ ਜਦ ਲੜਦਾ ਤਾ ਕਿਵੇਂ ਜਾਲਮਾਂ ਦੀਆਂ ਸਫਾਂ ਵਿਛ ਜਾਂਦੀਆਂ ਹਨ । ਜਦ ਦੇਖਗੇ ਕਿ ਖਾਲਸਾ ਕਿਵੇਂ ਬੰਦ-ਬੰਦ ਕਟਵਾਉਦਾਂ ਹੈ? ਕਿਵੇਂ ਚਰਖਰੀਆਂ ਤੇ ਚੜ੍ਹਦਾ ਹੈ? ਕਿਵੇਂ ਆਰਿਆਂ ਨਾਲ ਚੀਰ ਹੁੰਦਾ ਹੈ? ਕਿਵੇਂ ਦੇਗਾਂ ਵਿੱਚ ਉਬਲਦਾ ਹੈ? ਕਿਵੇਂ ਰੂੰ ਵਿੱਚ ਸੜਦਾ ਹੈ? ਕਿਵੇਂ ਖੋਪਰੀਆਂ ਲੁਹਾਉਂਦਾ ਹੈ ? ਕਿਵੇਂ ਬੱਚਿਆਂ ਦੇ ਟੋਟੇ-ਟੋਟੇ ਝੋਲੀ ਵਿੱਚ ਪੁਆਉਂਦਾ ਹੈ? ਕਿਵੇਂ ਮਾਸੂਮ ਖਾਲਸਾ ਬੱਚੇ ਨੇਜਿਆਂ ਉੱਤੇ ਟੰਗ ਹੁੰਦੇ ਹਨ ? ਕਿਵੇਂ ਉਸਦੇ ਬੱਚੇ ਦਾ ਕਲੇਜਾ ਖਾਲਸੇ ਦੇ ਮੂੰਹ ਵਿੱਚ ਜਬਰੀਂ ਤੁੰਨਿਆ ਜਾਂਦਾ ਹੈ ? ਕਿਵੇਂ ਖਾਲਸੇ ਦਾ ਮਾਸ ਨੋਚਿਆ ਜਾਂਦਾ ਹੈ? ਕਿਵੇਂ ਖਾਲਸੇ ਦੇ ਸਿਰਾਂ ਦੇ ਮੁੱਲ ਪੈਂਦੇ ਹਨ? ਕਿਵੇਂ ਖਾਲਸਾ ਜੰਮਡ ਨਾਲ ਬੰਨ ਕੇ ਪੁਠਾ ਹੋ ਕੇ ਸੜਦਾ ਹੈ ? ਇੰਨੇ ਜੁਲਮ ਹੋਣ ਤੋਂ ਬਾਅਦ ਵੀ ਖਾਲਸਾ ਸਰਬੱਤ ਦਾ ਭਲਾ ਮੰਗਦਾ ਹੈ, ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਦਾ ਹੈ ਤੇ ਕੁਰਬਾਨੀਆਂ ਦਿੰਦਾ ਹੈ ਤੇ ਆਜ਼ਾਦੀ ਤੋਂ ਬਾਅਦ ਅਜ਼ਾਦ ਦੇਸ਼ ਦੀ ਫੌਜ ਕਿਵੇਂ ਖਾਲਸੇ ਨੂੰ ਘਰੋਂ ਕੱਢ-ਕੱਢ ਕੇ ਮਾਰਦੀ ਹੈ? ਕਿਵੇਂ ਦਰਬਾਰ ਸਾਹਿਬ ਅੰਦਰ ਟੈਂਕ ਵੜ੍ਹਦੇ ਹਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਨੇਸਤੋ-ਨਾਬੂਦ ਕਰਦੇ ਹਨ? ਕਿਵੇਂ ਗਲਾਂ ਵਿੱਚ ਟਾਇਰ ਪੈਂਦੇ ਹਨ ਤੇ ਖਾਲਸਾ ਜਿਉਂਦਿਆਂ ਸਾੜਿਆ ਜਾਂਦਾ ਹੈ, ਕਿਵੇਂ ਖਾਲਸੇ ਦੀ ਇੱਜ਼ਤ ਨੂੰ ਸ਼ਰੇਆਮ ਬੇ-ਇੱਜ਼ਤ ਕੀਤਾ ਜਾਂਦਾ ਹੈ?”

ਮਨ ਨੂੰ ਧੀਰਜ ਆਉਣਾ ਕਿ ਚਲੋ ਆਉਣ ਵਾਲੇ ਸਮੈਂ ਵਿੱਚ ਕੁੱਲ ਦੁਨੀਆ ਸਿੱਖੀ ਇਤਿਹਾਸ ਤੇ ਇਸਦੇ ਫਲਸਫੇ ਨੂੰ ਬੜੀ ਨੇੜਿਉਂ ਤੱਕ ਸਕੇਗੀ । ਅੰਤ ਲੰਮੇ ਸਮੇਂ ਦੇ ਇੰਤਜ਼ਾਰ ਮਗਰੋਂ 25 ਨਵੰਬਰ 2011 ਨੂੰ ਉਸ ਇਮਾਰਤ ਦਾ ਇੱਕ ਹਿੱਸਾ ਮੁਕੰਮਲ ਤਿਆਰ ਕਰਕੇ ਆਮ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ । ਸੱਭ ਅਖਬਾਰਾਂ ਵਿੱਚ ਖਬਰ ਨਸ਼ਰ ਹੋਈ ਅਤੇ ਸੰਗਤਾਂ ਦੀ ਭੀੜ ਅਨੰਦਪੁਰ ਸਾਹਿਬ ਉਸ ‘ਵਿਰਾਸ-ਏ-ਖਾਲਸਾ’ ਇਮਾਰਤ ਨੂੰ ਦੇਖਣ ਲਈ ਇੱਕਠੀ ਹੋਣ ਲੱਗ ਪਈ । ਪਰ ਰੋਜ਼ਾਨਾ ਸਪੋਕਸਮੈਨ ਨੇ ਉਸ ਅੰਦਰ ਦੀਆਂ ਮਨਮਤਾਂ/ਅਨਮਤੀ ਕੰਮਾਂ ਨੂੰ ਵੇਰਵੇ ਨਾਲ ਛਾਪ ਦਿੱਤਾ ਅਤੇ ਨਿੱਜੀ ਡਾਇਰੀ ਦੇ ਪੰਨਿਆਂ ਵਿੱਚ ਰੱਜ ਕੇ ਹੰਝੂ ਵਹਾਏ। ਬੀਤੀ 1 ਫਰਵਰੀ ਨੂੰ ਕੈਨੇਡਾ ਤੋਂ ਸ. ਗੁਰਪ੍ਰੀਤ ਸਿੰਘ ਗੁਰੂ ਪੰਥ ਵਾਲੇ, ਸ. ਤਰਲੋਕ ਸਿੰਘ ਜੀ ਹੁਰਾਂ ਨਾਲ ਸਾਡਾ ਪ੍ਰੋਗਰਾਮ ਬਣ ਗਿਆ ਕਿ ਕੁੱਝ ਪੰਥਕ ਵਿਦਵਾਨਾਂ ਨੂੰ ਮਿਲਿਆ ਜਾਵੇ ਜਿਸ ਤਹਿਤ ਅਸੀਂ 1 ਫਰਵਰੀ ਨੂੰ ਸ. ਰਜਿੰਦਰ ਸਿੰਘ ਜੀ ਸ੍ਰੋਮਣੀ ਖਾਲਸਾ ਪੰਚਾਇਤ, ਸ. ਜਸਵਿੰਦਰ ਸਿੰਘ ਜੀ ਖਾਲਸਾ, ਡਾ. ਹਰਜਿੰਦਰ ਸਿੰਘ ਜੀ ਦਿਲਗੀਰ, ਡਾ. ਗੁਰਦਰਸ਼ਨ ਸਿੰਘ ਢਿਲੋਂ,ਪ੍ਰੋ. ਇੰਦਰ ਸਿੰਘ ਘੱਗਾ, ਸ. ਹਰਸਿਮਰਨ ਸਿੰਘ ਅਨੰਦਪੁਰ ਸਾਹਿਬ ਨੁੰ ਮਿਲਣ ਦਾ ਪ੍ਰੋਗਰਾਮ ਉਲੀਕਿਆ । 2 ਫਰਵਰੀ ਨੂੰ ਅਸੀਂ ਚੰਡੀਗੜ ਅਤੇ ਪਟਿਆਲੇ ਉਪਰੋਕਤ ਵਿਦਾਵਨ ਬੁੱਧੀਜੀਵੀਆਂ ਨੂੰ ਮਿਲਣ ਉਪਰੰਤ ਅਨੰਦਪੁਰ ਸਾਹਿਬ ਪੁੱਜ ਗਏ । ਉੱਥੇ ਜਾ ਕੇ ਪਤਾ ਲੱਗਿਆ ਕ ਭਾਈ ਹਰਸਿਮਰਨ ਸਿੰਘ ਜੀ ਨੂੰ ਕਿਸੇ ਕੰਮ ਲਈ ਜ਼ਰਾ ਬਾਹਰ ਜਾਣਾ ਪੈ ਗਿਆ ਹੈ ਅਤੇ ਇੱਕ ਘੰਟੇ ਤੱਕ ਉਹਨਾਂ ਨੇ ਵਾਪਿਸ ਆਉਣਾ ਹੈ, ਸੋ ਅਸੀਂ ‘ਵਿਰਾਸਤ-ਏ-ਖਾਲਸਾ’ ਦੇਖਣ ਦਾ ਮਨ ਬਣਾ ਲਿਆ।

ਪਾਸ ਲੈਣ ਉਪਰੰਤ ਦੋ ਤਿੰਨ ਵਾਰ ਦੀ ਚੈਕਿੰਗ ਤੋਂ ਬਾਅਦ ਅਸੀਂ ਅੰਦਰ ਪ੍ਰਵੇਸ਼ ਕੀਤਾ । ਤਾਂ ਇੱਕ ਗਾਈਡ ਨੇ ਸਾਡੇ ਸਮੇਤ ਹੋਰ ਸਾਰੀ ਸੰਗਤ ਨੂੰ ਇਕੱਠਿਆਂ ਕਰਕੇ ਉਸ ਇਮਾਰਤ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ । ਕਿ ਖਾਲਸਾ ਇਹ ਸੀ, ਖਾਲਸਾ ਉਹ ਸੀ, ਖਾਲਸੇ ਨੇ ਆਹ ਕੀਤਾ, ਖਾਲਸੇ ਨੇ ਔਹ ਕੀਤਾ, ਸੱਭ ਕੁੱਝ ਇੱਕ ਰੱਟੇ ਦੀ ਤਰ੍ਹਾਂ ਲਗਾਤਾਰ ਬੋਲੀ ਜਾ ਰਿਹਾ ਸੀ, ਉਸਦੀਆਂ ਕੀਤੀ ਜਾ ਰਹੀ ਇਸ ਗੱਲਬਾਤ ਨੇ ਮੇਰੇ ਪੈਰਾਂ ਥੱਲਿਉਂ ਜ਼ਮੀਨ ਖਿਸਕਾ ਦਿੱਤੀ ਜਦ ਮੇਂ ਉਤਾਂਹ ਨੂੰ ਮੂੰਹ ਚੁੱਕ ਕੇ ਉਸ ਲੜਕੇ ਦਾ ਚਿਹਰਾ ਦੇਖਿਆ । ਸਿਰ ਤੇ ਕੇਸ ਹੈ ਨਹੀਂ, ਮੂੰਹ ਤੇ ਦਾਹੜੀ ਨਹੀਂ, ਹਾਂ ਕੇਸਰੀ ਪੱਗ ਜ਼ਰੂਰ ਬੰਨੀ ਹੋਈ ਸੀ । ਮਨ ਨੂੰ ਧੀਰਜ ਦੇ ਕੇ ਅੱਗੇ ਵੱਧੇ ਤਾਂ ਸਾਡਾ ਸਵਾਗਤ ਇੱਕ ਲੋਕ ਗੀਤ ਦੀ ਇੱਕ ਉੱਚੀ ਧੁੰਨ ਨਾਲ ਹੋਇਆ, ਪੰਜਾਬ ਦੇ ਵਿਰਸੇ ਨਾਲ ਸਬੰਧਿਤ ਤਸਵੀਰਾਂ (ਜਿਸ ਵਿੱਚ ਹੀਰ-ਰਾਂਝੇ) ਦੀਆਂ ਤਸਵੀਰਾਂ ਅਤੇ ਉਸ ਸਮੇਤ ਹੋਰ ਕਈ ਤਰ੍ਹਾਂ ਦੇ ਅੰਧ-ਵਿਸ਼ਵਾਸਾਂ ਔਰ ਕਰਮਕਾਂਡਾਂ ਨੂੰ ਪ੍ਰੇਰਿਤ ਕਰਦੀਆਂ ਤਸਵੀਰਾਂ ਨਾਲ ਹੋਇਆ (ਜ੍ਹਿਨਾਂ ਦਾ ਖ਼ਾਲਸਾਈ ਸਿਧਾਂਤਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ)। ਅੱਗੇ ਜਾ ਕੇ ਸਾਨੂੰ ਇਲੈੱਕਟ੍ਰਾਨਿਕ ਈਅਰ ਫੋਨ ਦੇ ਦਿੱਤੇ ਜਿਹਨਾਂ ਨੇ ਹਰ ਤਸਵੀਰ ਬਾਰੇ ਸਾਨੂੰ ਬੋਲ ਕੇ ਦੱਸਣਾ ਸੀ । ਅੰਦਰ ਪ੍ਰਵੇਸ਼ ਕੀਤਾ ਤਾਂ ਇੱਕ ਵਾਰ ਸਿਰ ਚਕਰਾ ਗਿਆ ਕਿ ਜਿਵੇਂ ਮੈਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਬਣੇ ਖਾਲਸੇ ਦੇ ਨਾਮ ਤੇ ਇਸ ਭਵਨ ਵਿੱਚ ਨਹੀਂ, ਬਲਕਿ ਉੱਪਰ ਪਹਾੜਾਂ ਤੇ ਬਣੇ ਨੈਣਾਂ ਦੇਵੀ ਦੇ ਮੰਦਰ ਵਿੱਚ ਪੁੱਜ ਗਿਆ ਹਾਂ ਜਦ ਕੰਨਾ ਵਿੱਚ ਲੱਗੇ ਈਅਰ ਫੌਨ ਵਿੱਚ ਮੰਦਰ ਦੀਆਂ ਘੰਟੀਆਂ ਦੀ ਆਵਾਜ਼ ਆਈ । ਮਨ ਹੈਰਾਨ ਹੋ ਗਿਆ ਕਿ ਖਾਲਸੇ ਦੀ ਗੱਲ ਕਰਦਿਆਂ ਇਸ ਮੌਕੇ ਸਵਾਗਤ ਵੱਜੋਂ ਖਾਲਸਾਈ ਸ਼ਾਨ ਦਾ ਪ੍ਰਤੀਕ ‘ਨਗਾਰੇ’ ਦੀ ਧੁੰਨ ਨੂੰ ਵੀ ਸੁਣਾਇਆ ਜਾ ਸਕਦਾ ਸੀ, ਪਰ ਟੱਲੀਆਂ ਹੀ ਕਿਉਂ? ਕੀ ਇਸ ਇਮਾਰਤ ਵਿੱਚ ਵੀ ਆਰ.ਐੱਸ.ਐੱਸ ਦੀ ਰੂਹ ਵੜ ਗਈ ਹੈ?

ਕਾਲਜ ਟਾਈਮ ਦੌਰਾਨ ਜੋ ਸੁਪਨੇ ਇਸ ਇਮਾਰਤ ਬਾਰੇ ਅਤੇ ਖਾਲਸੇ ਦੇ ਅਠਵੇਂ ਅਜੂਬੇ ਬਾਰੇ ਦੇਖਿਆ ਕਰਦਾ ਸੀ ਇੱਕ-ਇੱਕ ਕਰਕੇ ਚੂਰ-ਚੂਰ ਹੁੰਦੇ ਗਏ ਜਦ ਮਨੋਕਲਪਿਤ ਤਸਵੀਰਾਂ ਰਾਹੀਂ ਗੁਰੂਆਂ ਦਾ ਅਪਮਾਨ ਹੁੰਦਾ ਦੇਖਿਆ। ਇਤਨੇ ਹਲਕੇ ਪੱਧਰ ਦੀ ਡਰਾਇੰਗ ਕੀਤੀ ਗਈ ਹੈ, ਜਿਸ ਦਾ ਮਕਸਦ ਗੁਰੂ ਸਾਹਿਬਨ ਦੇ ਅਕਸ ਨੂੰ ਢਾਹ ਲਾਉਣ ਤੋਂ ਵੱਧ ਕੁੱਝ ਨਹੀਂ ਲੱਗਦਾ। ਸਾਬਤ ਸੂਰਤ ਦਾਹੜੇ ਵਾਲੇ ਗੁਰੂ ਸਾਹਿਬਾਨ ਦੀਆਂ ਕਲਪਿਤ ਤਸਵੀਰਾਂ ਵਿੱਚ ਸੱਭ ਗੁਰਸਿੱਖਾਂ ਅਤੇ ਗੁਰੂ ਸਾਹਿਬਾਨਾਂ ਦੀਆਂ ਦਾਹੜ੍ਹੀਆਂ ਕੱਟੀਆਂ ਹੋਈਆਂ (ਫਰੈਂਚ ਸਟਾਈਲ) ਵਾਂਗ ਹਨ। ਗੁਰੂ ਨਾਨਕ ਸਾਹਿਬ ਦੀ ਤਸਵੀਰ ਕਲਪਿਤ ਬਾਲਾ ਅਤੇ ਅਜੀਬੋ ਗਰੀਬ ਫੋਟੋਆਂ ਵਿੱਚ ਸਿੱਖੀ ਨੂੰ ਢਾਹ ਹੀ ਲਗਾਈ ਗਈ। ਅੰਦਰ ਸਾਨੂੰ ਗਾਈਡ ਕਰਨ ਵਾਲੇ ਹਰ ਨੌਜਵਾਨ ਵੀਰ ਦੀ ਦਾਹੜ੍ਹੀ ਕੁਤਰੀ ਹੋਈ ਹੈ, ਅੱਖਾਂ ਥੱਕ ਗਈਆਂ ਕਿ ਇੱਕ ਤਾਂ ਸਾਬਤ ਸੂਰਤ ਗਾਈਡ ਮਿਲ ਜਾਵੇ ਤਾਂ ਕਿਤੇ ਜਾ ਕੇ ਮਸੀਂ 2-3 ਨੌਜਵਾਨ ਹੀ ਦੇਖਣ ਨੂੰ ਮਿਲੇ ਜੋ ਸਾਬਤ ਸੂਰਤ ਸਨ। ਤੇ ਜੋ ਨੌਜਵਾਨ ਲੜਕੀਆਂ ਸਨ ਉਹਨਾਂ ਵਿੱਚ ਇੱਕ ਵੀ ਲੜਕੀ ਅਜਿਹੀ ਨਹੀਂ ਮਿਲ ਜਿਸਨੇ ਭਰਵੱਟੇ ਨਾ ਕੱਟੇ ਹੋਣ ਅਤੇ ਸਿਰ ਤੇ ਦੁਪੱਟਾ ਲਿਆ ਹੋਵੇ। ਇਮਾਰਤ ਦਾ ਨਾਮ ਬੇਸ਼ੱਕ ਤੇ ‘ਵਿਰਾਸਤ-ਏ-ਖਾਲਸਾ’ ਹੈ।

ਹੁਣ ਤਸਵੀਰ ਨਾਲ ਦਿੱਤੀ ਜਾਣਕਾਰੀ ਵਿੱਚ ਜਿਤਨੇ ਵੀ ਬੋਰਡ ਲਗਾਏ ਗਏ ਹਨ, ਇੱਕ ਬੋਰਡ ਵੀ ਅਜਿਹਾ ਨਹੀਂ ਮਿਲਿਆ ਜਿਸ ਵਿੱਚ ਪੰਜਾਬੀ ਲਿਖਣ ਵੇਲੇ ਗਲਤੀ ਨਾ ਹੋਈ ਹੋਵੇ । ਮਨ ਕੁਰਲਾਉਂਦਾ ਰਿਹਾ ਹੁਣ ਮੈਨੂੰ ਸਮਝ ਨਾ ਲਗੇ ਕਿ ਅੱਗੋਂ ਰਹਿੰਦਾ ਹਿੱਸਾ ਵੇਖਣ ਲਈ ਅੱਗੇ ਵਧਾਂ ਜਾ ਪਿਛਾਂਹ ਨੂੰ ਮੁੜ ਜਾਵਾਂ? ਪਰ ਹਿੰਮਤ ਕਰਕੇ ਅੱਗੇ ਵੱਧਿਆ ਜਦ ਚੌਥੇ ਪਾਤਸ਼ਾਹ ਨਾਲ ਸਬੰਧਿਤ ਤਸਵੀਰਾਂ ਸ਼ੁਰੂ ਹੋਇਆਂ ਤਾਂ ਜੋ ਸਿੱਖ ਉਸ ਸਮੇਂ ਦੇ ਦਿਖਾਏ ਗਏ ਉਹਨਾਂ ਵਿੱਚ ਵੀ ਕੁੱਝ ਅੰਮ੍ਰਿਤਧਾਰੀ ਦਿਖਾ ਦਿੱਤੇ, ਜਦ ਕਿ ਅੰਮ੍ਰਿਤਪਾਣ ਤਾਂ ਜਾ ਕੇ ਦਸਵੇਂ ਗੁਰਾਂ ਨੇ ਕਰਵਾਇਆ ਸੀ ਜਾਂ ਫਿਰ ਛੇਵੇਂ ਪਾਤਸ਼ਾਹ ਨੇ ਸਸ਼ਤਰ ਜ਼ਰੂਰੀ ਕਰਾਰ ਦਿੱਤਾ ਸੀ ।

ਹੋਰ ਅੱਗੇ ਗਏ ਤਾਂ ਇਹ ਲਿਖਿਆ ਪੜ੍ਹ ਕੇ ਅਖਾਂ ਨਮ ਹੋ ਗਈਆਂ, ਜਿਸ ਵਿੱਚ ਅੰਮ੍ਰਿਤਸਰ ਦੇ ਸਰੋਵਰ ਬਾਰੇ ਲਿਖਿਆ ਗਿਆ ਹੈ ਕਿ, “ਗੁਰੂ ਰਾਮਦਾਸ ਜੀ ਨੇ ਇੱਕ ਸੁੰਦਰ ਝੀਲ ਵਿੱਚ ਇਸ਼ਨਾਨ ਕਰਨ ਲਈ ਇਹ ਸਥਾਨ ਚੁਣਿਆ, ਜੋ ਬਾਅਦ ਵਿੱਚ ਅੰਮ੍ਰਿਤ ਸਰੋਵਰ ਬਣ ਗਈ…… ਤੇ ਅੰਮ੍ਰਿਤਸਰ ਸ਼ਹਿਰ ਸਥਾਪਤ ਹੋ ਗਿਆ ।’ ਇਹ ਲਿਖ ਕੇ ਸਰੋਵਰ ਦੇ ਮਕਸਦ, ਲੋੜ ਨੂੰ ਖੂਹ ਖਾਤੇ ਵਿੱਚ ਪਾ ਦਿੱਤਾ ਗਿਆ । ਅੱਗੇ ਜਾ ਕੇ ਜਦ ਉਸ ਤਸਵੀਰ ਦੇਖੀ ਜਿਸ ਵਿੱਚ ਭਾਈ ਜੈਤਾ ਜੀ ਨੌਵੇਂ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜਦੇ ਹਨ ਤਾਂ ਜੋ ਗੁਰੂ ਜੀ ਉਸ ਸਮੇਂ ਬਣਨ ਕਰਦੇ ਹਨ ਕਿ, ‘ਰੰਗਰੇਟਾ ਗੁਰੂ ਕਾ ਬੇਟਾ’ ਉਸ ਬਚਨਾਂ ਦੀ ਜਗ੍ਹਾ ਇਹ ਨਵੇਂ ਹੀ ਬਚਨ ਪੜ੍ਹਨ ਨੂੰ ਮਿਲੇ, ਜਿਸਦੀ ਅੱਜ ਤੱਕ ਮੈਨੂੰ ਸਮਝ ਨਹੀਂ ਪੈ ਰਹੀ, ਜੇ ਕਿਸੇ ਹੋਰ ਪਾਠਕ ਨੂੰ ਪੈ ਜਾਵੇ ਤਾਂ ਮੇਰੇ ਤੇ ਜ਼ਰੂਰ ਕ੍ਰਿਪਾ ਕਰ ਦੇਵੇ, ਲਿਖਿਆ ਸੀ ਕਿ, “ਭਾਈ ਜੈਤਾ ਜੀ ਗੁਰੂ ਕਾ ਸੀਸ ਬੁੱਕਲ ਵਿੱਚ ਲੁਕਾ ਕੇ ਗੁਰੂ ਗੋਬਿੰਦ ਕੋਲ ਅਨੰਦਪੁਰ ਸਾਹਿਬ ਲੈ ਕੇ ਆਏ ਤਾਂ ਗੁਰੂ ਜੀ ਨੇ ਭਾਈ ਜੈਤੇ ਨੂੰ ਅਸੀਸ ਦਿੱਤੀ ਤੇ ਕਿਹਾ ਕਿ ਉਹ ਸੂਰਜ ਲੈ ਕੇ ਆਇਆ ਹੈ।” ਇਸ ਪੰਗਤੀ ਦੀ ਮੈਨੂੰ ਕੋਈ ਸਮਝ ਨਹੀਂ ਤੇ ਇਹ ਸੂਰਜ ਕਹਿਣ ਦਾ ਮਤਲਬ ਮੈਨੂੰ ਸਮਝ ਨਹੀਂ ਆਇਆ ? ਅੱਗੇ ਇੱਕ ਜਗ੍ਹਾ ਲਿਖਿਆ ਕਿ ‘ਗੁਰੂ ਸਾਹਿਬ ਨੇ ਜਦ ਅਨੰਦਪੁਰ ਸਾਹਿਬ ਛੱਡਿਆ ਤਾਂ ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਹਿਲਾਂ ਹੀ ਗੰਗੂ ਨਾਲ ਵਿਦਾ ਕਰ ਦਿੱਤਾ ਸੀ’ ਭਾਵ ਕੀ ਸਰਸਾ ਦੇ ਕੰਡੇ ਤੇ ਪਰਿਵਾਰ ਵਿਛੜਨ ਦਾ ਸਾਰਾ ਇਤਿਹਾਸ ਖਤਮ।

ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਸਵੀਰ ਦਾ ਚਿੱਤਰ ਜਿਸਵਿੱਚ ਉਹਨਾਂ ਦੀ ਦ੍ਹਾੜੀ ਫ੍ਰੈਂਚ ਕੱਟ ਦਿਖਾਇਆ ਗਿਆ ਹੈ, ਜਿਸ ਗੁਰੂ ਨੇ ਚਾਰ ਜੰਗਾ ਲੜ੍ਹੀਆਂ ਹੋਣ ਔਰ ਚਾਰੇ ਹੀ ਜਿੱਤੀਆਂ ਹੋਣ ਉਸ ਮਹਾਨ ਯੋਧੇ ਸੂਰਬੀਰ ਨੂੰ ਅਜੋਕੇ ਪੰਜਾਬ ਦੇ ਕਿਸੇ ਮਾੜਚੂ ਜਿਹੇ ਮੁੰਡੇ ਦੇ ਰੂਪ ਵਿੱਚ ਦਿਖਾਉਣਾ ਗੁਰੂ ਸਾਹਿਬਾਨ ਦਾ ਅਪਮਾਨ ਨਹੀਂ ਤਾਂ ਹੋਰ ਕੀ ਹੈ?

ਇਸੇ ਤਰ੍ਹਾਂ ਗੁਰੂ ਸਾਹਿਬ ਉੱਤੇ ਹਮਲਾ ਕਰਨ ਵਾਲੇ ਪਠਾਣ ਨੂੰ ਪੂਰੀ ਤਰ੍ਹਾਂ ਸਿੱਖ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।

ਇਸੇ ਤਰ੍ਹਾਂ ਗੁਰੂ ਸਾਹਿਬ ਉੱਤੇ ਹਮਲਾ ਕਰਨ ਵਾਲੇ ਪਠਾਣ ਨੂੰ ਪੂਰੀ ਤਰ੍ਹਾਂ ਸਿੱਖ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ‘ਵਿਰਾਸਤ-ਏ-ਖਾਲਸਾ’ ਜਿਸ ਵਿੱਚ ਦਿੱਤੀ ਜਾ ਰਹੀ ਅਧੂਰੀ ਅਤੇ ਕੱਚੀ ਜਾਣਕਾਰੀ ਮਿਥਿਹਾਸਕ ਹੋਣ ਦੇ ਨਾਲ-ਨਾਲ ਭਵਿੱਖ ਵਿੱਚ ਕੌਮ ਲਈ ਨੁਕਸਾਨ ਦਾਇਕ ਵੀ ਹੈ। 60 ਫੀਸਦੀ ਤੋਂ ਵੱਧ ਤਸਵੀਰਾਂ ਰੱਦ ਕੀਤੀਆਂ ਜਾਣ ਵਾਲੀਆਂ ਹਨ। ਤਸਵੀਰਾਂ ਕਰਮਕਾਂਡ/ਅੰਧਵਿਸ਼ਵਾਸ਼ ਨੂੰ ਬਾਖੂਬੀ ਪ੍ਰਚਾਰਦੀਆਂ ਹਨ, ਪਰ ਸਿੱਖੀ ਫਲਸਫੇ ਦੀ ਗੱਲ 10 ਪ੍ਰਤੀਸ਼ਤ ਵੀ ਬਿਆਨ ਨਹੀਂ ਕਰਦੀਆਂ। ਸਿੱਖਾਂ ਦੀਆਂ ਕੁਰਬਾਨੀਆਂ, ਸਿੱਖ ਫਲਸਫਾ, ਸਿੱਖ ਵਿਚਾਰਧਾਰਾ, ਸਿੱਖ ਸੰਸਕਾਰ, ਸਿੱਖ ਸਿਧਾਂਤ, ਖਾਲਸਾਈ ਪ੍ਰਾਪੰਰਾਵਾਂ ਇਸ ਇਮਾਰਤ ਵਿੱਚੋਂ ਪੂਰੀ ਤਰ੍ਹਾਂ ਸਿਫਰ ਹਨ, ਕਾਲਪਨਿਕ ਤਸਵੀਰਾਂ ਵਿੱਚ ਵੀ, ਤੇ ਪਰਬੰਧਕਾਂ ਦੇ ਅਮਲੀ ਜੀਵਣ ਵਿੱਚ ਵੀ।

ਸੋ ਆਪਣੇ ਆਪ ਨੂੰ ਰੋਕਦੇ ਹੋਏ ਵੀ ਇੱਕ ਨੌਜਵਾਨ ਵੀਰ ਨੂੰ ਪੁੱਛ ਹੀ ਬੈਠਾ, ਕਿ ਤੁਹਾਡੇ ਸਟਾਫ ਵਿੱਚ ਸੱਭ ਦੀਆਂ ਦਾਹੜੀਆਂ ਕੱਟੀਆਂ ਕਿਉਂ ਹਨ ਤਾਂ ਉਸਦਾ ਜੁਆਬ ਸੀ, ਕਿ ਭਵਿੱਖ ਵਿੱਚ ਰੱਖ ਲਈਆਂ ਜਾਣਗੀਆਂ। ਤਾਂ ਉਥੇ ਡਿਉਟੀ ਕਰ ਰਹੀ ਇੱਕ ਭੈਣ ਨੂੰ ਵੀ ਸਵਾਲ ਕਰ ਦਿੱਤਾ ਕਿ ਇਸ ਕੰਪਲੈਕਸ ਖਾਲਸਾ ਵਿਰਾਸਤ ਵਿੱਚ, ਤਾਂ ਉਸਨੇ ਪਹਿਲਾਂ ਹੀ ਟੋਕ ਦਿੱਤਾ ਕਹਿੰਦੀ, ‘ਨਹੀਂ ਜੀ ਵਿਰਾਸਤ-ਏ-ਖਾਲਸਾ।’ ਮੈਂ ਕਿਹਾ ਗਲਤੀ ਲਈ ਮੁਆਫੀ, ਇੱਕ ਸਵਾਲ ਹੈ? ਕਹਿੰਦੀ ਪੁੱਛੋ? ਮੈਂ ਕਿਹਾ ਇਸ ਵਿਰਾਸਤ-ਏ-ਖਾਲਸਾ ਵਿੱਚ ਤੁਹਾਨੂੰ ਇਹ ਨਹੀਂ ਕਿਹਾ ਗਿਆ ਕਿ ਸਿਰ ਕੱਜ ਕੇ ਰੱਖਿਆ ਜਾਵੇ? ਤਾਂ ਉਸਨੇ ਬੜੇ ਰੋਅਬ ਨਾਲ ਕਿਹਾ, ‘ਅਸੀਂ ਸ੍ਰੋਮਣੀ ਕਮੇਟੀ ਦੇ ਅੰਡਰ ਨਹੀਂ ਹਾਂ, ਅਸੀਂ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਇੱਥੇ ਜੁਆਇਨ ਕੀਤਾ ਹੈ ਤੇ ਸਾਨੂੰ ਅਜਿਹੇ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਗਏ।’ ਇਹ ਸੁਣ ਕੇ ਧਿਆਨ ਸ੍ਰੋਮਣੀ ਕਮੇਟੀ ਵੱਲ ਧਿਆਨ ਖਿੱਚਿਆ ਕਿ ਸੱਚ ਆਹ! ਸਾਰੀ ਇਮਾਰਤ ਬਣਵਾਉਣ ਵਿੱਚ 400 ਰੁਪਿਆ ਖਰਚਣ ਉਪਰੰਤ ਸ੍ਰੋਮਣੀ ਕਮੇਟੀ ਵੱਲੋਂ ਤਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਫਖਰ-ਏ-ਕੌਮ ਦਾ ਐਵਾਰਡ ਵੀ ਦਿੱਤਾ ਗਿਆ ਸੀ । ਵਾਹ ਬਈ ਵਾਹ ! ਹੁਣ ਅੱਗੇ ਕੀ ਲਿਖਾਂ? ਸਿੱਖ ਕੌਮ ਹੀ ਫੈਂਸਲਾ ਕਰੇ? ਅਜੇ ਨੀਂਦਰ ਹੋਰ ਕਿੰਨੀ ਕੁ ਪਿਆਰੀ ਹੈ ? ਗੁਰੂ ਹੀ ਭਲੀ ਕਰੇ।

ਅੰਮ੍ਰਿਤਸਰ। ਮੋ. 981-502-4920


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top