Share on Facebook

Main News Page

84 ਦੀ ਯਾਦਗਾਰ ’ਚ ਗੁਰਦੁਆਰੇ ਦੇ ਰੂਪ ’ਚ ਨਹੀਂ, ਬਲਕਿ ਅਜਾਇਬ ਘਰ ਦੇ ਰੂਪ ਵਿੱਚ ਹੀ ਬਣਨੀ ਚਾਹੀਦੀ ਹੈ: ਗਿਆਨੀ ਬਲਵੰਤ ਸਿੰਘ ਨੰਦਗੜ੍ਹ

* ਬੇਸ਼ੱਕ ਸਿੱਖ ਧਰਮ ਵਿੱਚ ਤਲਾਕ ਦੀ ਕੋਈ ਵਿਵਸਥਾ ਨਹੀਂ ਹੈ ਪਰ ਹਾਲਾਤਾਂ ਮੁਤਾਬਿਕ ਤਲਾਕ ਦੀ ਵਿਵਸਥਾ ਹੋਣੀ ਚਾਹੀਦੀ ਹੈ

ਬਠਿੰਡਾ: 19 ਮਈ (ਕਿਰਪਾਲ ਸਿੰਘ): ’84 ਦੀ ਯਾਦਗਾਰ ’ਚ ਗੁਰਦੁਆਰੇ ਦੇ ਰੂਪ ’ਚ ਨਹੀਂ ਬਲਕਿ ਅਜਾਇਬ ਘਰ ਦੇ ਰੂਪ ਵਿੱਚ ਹੀ ਬਣਨੀ ਚਾਹੀਦੀ ਹੈ। ਇਹ ਸ਼ਬਦ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਇੱਥੇ ਉਸ ਸਮੇਂ ਕਹੇ ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਜੂਨ 1984 ’ਚ ਦਰਬਾਰ ਸਾਹਿਬ ’ਤੇ ਭਾਰਤੀ ਫੌਜਾਂ ਵਲੋਂ ਕੀਤੇ ਗਏ ਹਮਲੇ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਉਸਾਰੀ ਜਾਣ ਵਾਲੀ ਯਾਦਗਾਰ ਗੁਰਦੁਆਰੇ ਦੇ ਰੂਪ ਵਿੱਚ ਉਸਾਰੀ ਜਾ ਰਹੀ ਹੈ ਜਾਂ ਅਜਾਇਬ ਘਰ ਦੇ ਰੂਪ ’ਚ। ਉਨ੍ਹਾਂ ਕਿਹਾ ਕਿ ਉਹ ਕੱਲ ਨੂੰ ਸ਼ਹੀਦੀ ਯਾਦਗਾਰ ਦੀ ਕਾਰ ਸੇਵਾ ਦੀ ਅਰੰਭਤਾ ਸਮਾਗਮ ’ਚ ਭਾਗ ਲੈਣ ਲਈ ਜਾਣਗੇ, ਉਸ ਸਮੇਂ ਉਹ ਇਸ ’ਤੇ ਜੋਰ ਪਾਉਣਗੇ ਕਿ ਸ਼ਹੀਦੀ ਯਾਦਗਾਰ ਦੇ ਰੂਪ ਵਿੱਚ ਅਜਾਇਬ ਘਰ ਹੀ ਉਸਾਰਿਆ ਜਾਵੇ।

ਜਿਸ ਸਮੇਂ ਇਹ ਪੁੱਛਿਆ ਗਿਆ ਕਿ ਜਦ ਅਸੀਂ ਇੱਕ ਪਿੰਡ ਵਿੱਚ ਇੱਕ ਤੋਂ ਵੱਧ ਗੁਰਦੁਆਰੇ ਬਣਨ ’ਤੇ ਇਤਰਾਜ ਕਰ ਰਹੇ ਹਾਂ ਤਾਂ ਇੱਕ ਹੀ ਕੰਪਲੈਕਸ ਵਿੱਚ ਇੱਕ ਤੋਂ ਵੱਧ ਗੁਰਦੁਆਰੇ ਕਿਉਂ ਉਸਾਰੇ ਜਾ ਰਹੇ ਹਨ? ਇਸ ਤੋਂ ਇਲਾਵਾ ਕੱਲ ਨੂੰ ਤਾਂ ਨੀਂਹ ਪੱਥਰ ਹੀ ਰੱਖਿਆ ਜਾਣਾ ਹੈ, ਇਸ ਲਈ ਇਹ ਸਲਾਹ ਮਸ਼ਵਰਾ ਤਾਂ ਪਹਿਲਾਂ ਹੀ ਹੋਣਾ ਚਾਹੀਦਾ ਸੀ ਤੇ ਉਸ ਮੁਤਾਬਿਕ ਹੀ ਇਮਾਰਤ ਦੇ ਨਕਸ਼ੇ ਬਣਨੇ ਚਾਹੀਦੇ ਸਨ। ਇਸ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪਹਿਲਾਂ ਸਲਾਹ ਤਾਂ ਉਹ ਤਾਂ ਹੀ ਦਿੰਦੇ ਜੇ ਉਨ੍ਹਾਂ ਨਾਲ ਕੋਈ ਸਲਾਹ ਕਰੇ ਜਾਂ ਉਨ੍ਹਾਂ ਦੀ ਸਲਾਹ ਮੰਗੇ। ਉਨ੍ਹਾਂ ਕਿਹਾ ਕਿ ਇਮਾਰਤ ਬੇਸ਼ੱਕ ਗੁਰਦੁਆਰੇ ਦੀ ਸ਼ਕਲ ਵਿੱਚ ਹੀ ਹੋਵੇ ਪਰ ਉਸ ਦੀ ਵਰਤੋਂ ਗੁਰਦੁਆਰੇ ਦੀ ਤਰ੍ਹਾਂ ਨਹੀਂ ਬਲਕਿ ਅਜਾਇਬ ਘਰ ਦੇ ਰੂਪ ਵਿੱਚ ਹੋਵੇ।

ਜਦ ਜਥੇਦਾਰ ਨੰਦਗੜ੍ਹ ਤੋਂ ਇਹ ਪੁੱਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਲਏ ਜਾ ਰਹੇ ਫੈਸਲੇ ਜੱਗ ਹਸਾਈ ਦਾ ਕਾਰਨ ਤਾਂ ਨਹੀਂ ਬਣ ਰਹੇ ਕਿ ਇਹ ਕੰਮ ਤਾਂ ਪਹਿਲਾਂ ਸ਼ੁਰੂ ਕਰ ਦਿੰਦੇ ਹਨ ਤੇ ਇਸ ’ਤੇ ਵੀਚਾਰ ਚਰਚਾ ਪਿੱਛੋਂ ਸ਼ੁਰੂ ਹੁੰਦੀ ਹੈ ਕਿ ਬਣਨਾ ਕੀ ਚਾਹੀਦਾ ਹੈ? ਯਾਦਗਾਰ ਦਾ ਨੀਂਹ ਪੱਥਰ ਤਾਂ ਕੱਲ ਨੂੰ ਰੱਖਿਆ ਜਾ ਰਿਹਾ ਹੈ, ਪਰ ਕੌਮ ਨੂੰ ਹਾਲੀ ਤੱਕ ਇਹ ਨਹੀਂ ਪਤਾ ਕਿ ਉਥੇ ਗੁਰਦੁਆਰਾ ਬਣਨਾ ਹੈ ਜਾਂ ਅਜਾਇਬ ਘਰ।

ਇਸੇ ਤਰ੍ਹਾਂ ਆਨੰਦ ਮੈਰਿਜ ਐਕਟ 1909 ਵਿੱਚ ਸੋਧ ਕਰਕੇ ਲਾਗੂ ਕਰਨ ਲਈ ਮਤਾ ਤਾਂ 2007 ਵਿੱਚ ਭੇਜਿਆ ਗਿਆ ਸੀ, ਪਰ ਇਸ ’ਤੇ ਵੀਚਾਰ ਚਰਚਾ ਉਸ ਸਮੇਂ ਸ਼ੁਰੂ ਹੋਈ ਜਦ ਹੁਣ ਇਸ ਖਰੜੇ ਨੂੰ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਲਈ ਕੈਬਨਿਟ ਵਲੋਂ ਮਨਜੂਰੀ ਦਿੱਤੀ ਗਈ। ਕੀ ਇਹ ਵੀਚਾਰ ਚਰਚਾ ਪਹਿਲਾਂ ਨਹੀਂ ਸੀ ਹੋਣੀ ਚਾਹੀਦੀ ਕਿ ਸਿੱਖਾਂ ਨੂੰ ਕਿਸ ਤਰ੍ਹਾਂ ਦਾ ਐਕਟ ਚਾਹੀਦਾ ਹੈ। ਇਸ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਜਥੇਦਾਰ ਨੰਦਗੜ੍ਹ ਨੇ ਹੋਰ ਕਿਹਾ ਕਿ ਬੇਸ਼ੱਕ ਸਿੱਖ ਧਰਮ ਵਿੱਚ ਤਲਾਕ ਦੀ ਕੋਈ ਵਿਵਸਥਾ ਨਹੀਂ ਹੈ, ਪਰ ਹਾਲਾਤਾਂ ਮੁਤਾਬਿਕ ਤਲਾਕ ਦੀ ਵਿਵਸਥਾ ਹੋਣੀ ਚਾਹੀਦੀ ਹੈ। ਮਿਸਾਲ ਦੇ ਤੌਰ ’ਤੇ ਜੇ ਪਤੀ-ਪਤਨੀ ਵਿੱਚੋਂ ਕੋਈ ਇੱਕ ਧਰਮ ਤਬਦੀਲ ਕਰ ਜਾਂਦਾ ਹੈ ਤਾਂ ਤਲਾਕ ਲੈਣ ਦੀ ਮਜਬੂਰੀ ਬਣ ਜਾਂਦੀ ਹੈ, ਕਿਉਂਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਔਰਤ ਦਾ ਆਨੰਦ ਰੀਤੀ ਨਾਲ ਵਿਆਹ ਸਿਰਫ਼ ਸਿੱਖ ਮਰਦ ਨਾਲ ਹੀ ਹੋ ਸਕਦਾ ਹੈ। ਇਸੇ ਤਰ੍ਹਾਂ ਜੇ ਕਿਸੇ ਦੇ ਕੋਈ ਔਲਾਦ ਨਹੀਂ ਹੁੰਦੀ ਜਾਂ ਹੋਰ ਕਿਸੇ ਕਾਰਨ ਕਰਕੇ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਦੋਵਾਂ ਵਿੱਚ ਗ੍ਰਿਹਸਤੀ ਜੀਵਨ ਨਿਰਬਾਹ ਕਰਨਾ ਅਤਿ ਮੁਸ਼ਕਲ ਹੋ ਜਾਵੇ ਤਾਂ ਤਲਾਕ ਇੱਕ ਮਜ਼ਬੂਰੀ ਬਣ ਜਾਂਦਾ ਹੈ, ਇਸ ਲਈ ਇਸ ਦੀ ਵਿਵਸਥਾ ਐਕਟ ਵਿੱਚ ਹੋਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top