Share on Facebook

Main News Page

ਐਸੇ ਸੰਤ ਨ ਮੋ ਕਉ ਭਾਵਹਿ॥
-
ਗੁਰਮਤਿ ਸੰਚਾਰ ਸਭਾ ਜਰਮਨੀ

ਗੁਰਬਾਣੀ ਸਾਧਾਰਨ ਲੋਕਾਂ ਦਾ ਸ਼ੋਸ਼ਣ ਅਤੇ ਲੁੱਟ ਕਰਨ ਵਾਲੇ ਧਾਰਮਿਕ ਪਹਿਰਾਵੇ ਵਿਚ ਵਿਚਰਦੇ ਹੋਏ ਪਾਖੰਡੀਆਂ ਭੇਖੀਆਂ ਨੂੰ ਬਨਾਰਸ ਕੇ ਠਗ ਕਰਕੇ ਸੰਬੋਧਨ ਕਰਦੀ ਹੈ। ਢਡਰੀਆਂ ਅਤੇ ਪਿਹੋਵੇ ਵਾਲੇ ਵਰਗੇ ਅਨੇਕਾਂ ਹੀ ਹੋਰ ਐਸੇ ਆਪੂ ਬਣੇ ਅਖੌਤੀ ਸੰਤ ਮਹਾਂਪੁਰਖ ਇਸੇ ਹੀ ਕੈਟਾਗਰੀ ਨਾਲ ਸਬੰਧ ਰੱਖਦੇ ਹਨ।

ਇਹਨਾਂ ਠੱਗਾਂ ਉੱਪਰ ਲਗ ਰਹੇ ਸਰੀਰਕ ਸ਼ੋਸ਼ਣ ਅਤੇ ਜ਼ੁਲਮ ਕਰਨ ਦੇ ਇਲਜ਼ਾਮ ਇਸਦੇ ਸਬੂਤ ਹਨ। ਇਹ ਚਿੱਟ-ਕਪੜੀਆ ਮਾਫੀਆ ਨੇ ਆਪਣੇ ਜਾਲ਼ ਦੇਸ ਅਤੇ ਵਿਦੇਸ ਵਿਚ ਫੈਲਾਅ ਰੱਖੇ ਹਨ। ਪਿੱਛੇ ਦੇਸ ਵਿਚ ਇਹਨਾਂ ਨੇ ਜਬਰੀ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਉੱਪਰ ਸਰਕਾਰੀ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਕਬਜ਼ੇ ਕਰਕੇ ਓਥੇ ਆਪਣੇ ਡੇਰੇ ਸਥਾਪਤ ਕੀਤੇ ਹੋਏ ਹਨ, ਜਿਹਨਾਂ ਵਿਚ ਇਹ ਆਪਣੇ ਘਿਨੌਣੇ ਕਾਰਨਾਮਿਆਂ ਨੂੰ ਅੰਜਾਂਮ ਦਿੰਦੇ ਹਨ। ਅਖਬਾਰੀ ਖ਼ਬਰਾਂ ਇਹਨਾਂ ਦੀ ਕਮੀਨੀਂ ਸੋਚ ਦਾ ਪ੍ਰਗਟਾਵਾ ਆਮ ਹੀ ਕਰਦੀਆਂ ਰਹਿੰਦੀਆਂ ਹਨ। ਇਹ ਡੇਰਿਆਂ ਵਿਚ ਗੁਰੂ ਗ੍ਰੰਥ ਸਹਿਬ ਦਾ ਪ੍ਰਕਾਸ਼ ਲੋਕਾਂ ਨੂੰ ਸਿਰਫ ਬੇਵਕੂਫ ਬਣਾਉਨ ਲਈ ਹੀ ਕਰਦੇ ਹਨ ਪਰ ਜੋੜਦੇ ਆਪਣੀ ਹਸਤੀ ਨਾਲ ਹਨ। ਢਡਰੀਆਂ ਵਾਲੇ ਸਾਧ ਦੀ ਹਾਲ ਹੀ ਵਾਲੀਆਂ ਘਟਨਾਵਾਂ ਨੇ ਇਹ ਜਗ ਜ਼ਾਹਰ ਕਰ ਦਿੱਤਾ ਹੈ ਕਿ ਇਹ ਬਦਫੈਲ ਅਤੇ ਲਾਲਚੀ ਬਿਰਤੀ ਵਾਲਾ ਮਹਾਂ ਠਗ ਹੈ।

ਇਹਨਾਂ ਦੇ ਡੇਰਿਆਂ ਵਿਚ ਹੁੰਦੀਆਂ ਬਦਫੈਲੀਆਂ ਦੀ ਅਸਲ ਗਿਣਤੀ ਬਹੁਤ ਜ਼ਿਆਦਾ ਹੈ, ਪਰ ਆਮ ਲੋਕ ਆਪਣੀ ਬਦਨਾਮੀਂ ਤੋਂ ਡਰਦੇ ਚੁੱਪ ਧਾਰ ਲੈਂਦੇ ਹਨ। ਭਾਰਤ ਵਿਚ ਸਾਰੇ ਹੀ ਸਾਧਾਂ ਦੇ ਡੇਰੇ ਹੀ ਫਰੇਬ ਨਾਲ ਮਾਇਆ ਇੱਕਤਰ ਕਰਨ ਅਤੇ ਬਦਫੈਲੀ ਦੇ ਅੱਡੇ ਬਣ ਚੁੱਕੇ ਹਨ। ਕਿੰਨਿਆਂ ਹੀ ਡੇਰਿਆਂ ਵਿਚੋਂ ਕਰੋੜਾਂ ਦੀ ਮਿਲੀ ਰਾਸ਼ੀ ਇਹ ਸਿਧ ਕਰਦੀ ਹੈ। ਐਸੇ ਡੇਰਿਆਂ ਦੇ ਮੁਖੀ ਸਾਧਾਂ ਨੇ ਦੇਸਾਂ ਵਿਦੇਸਾਂ ਵਿਚ ਪੁਲਸ ਵਾਂਗੂੰ ਆਪਣੇ ਕੈਟ (ਏਜੰਟ) ਰੱਖੇ ਹੋਏ ਹਨ, ਜੋ ਇਹਨਾਂ ਦਾ ਜਾਲ਼ ਭੋਲੇ ਭਾਲੇ ਇਨਸਾਨਾਂ ਨੂੰ ਵਰਗਲਾਅ ਕੇ ਫੈਲੌਂਦੇ ਹਨ। ਇਸ ਵਾਸਤੇ ਇਹਨਾਂ ਦੀ ਨਿਸ਼ਾਨ ਦੇਹੀ ਕਰਨੀ ਬਹੁਤ ਹੀ ਜ਼ਰੂਰੀ ਹੈ, ਤਾਂ ਕਿ ਲੋਕਾਂ ਨੂੰ ਇਹਨਾਂ ਦੇ ਜਾਲ਼ ਵਿਚ ਫਸਣੋਂ ਬਚਾਇਆ ਜਾ ਸਕੇ। ਢਡਰੀਆਂ, ਪਿਹੋਵੇ ਵਾਲ਼ੇ ਅਤੇ ਗਪੌੜ-ਮਾਸਟਰ ਠਾਕਰ ਸਿੰਹੁ ਵਰਗਿਆਂ ਦਾ ਵਡਾ ਜੁਗਾੜ ਇਟਲੀ ਵਿਚ ਹੈ, ਜੋ ਪਰਮਜੀਤ ਕਰਮੋਨਾਂ ਵਰਗੇ ਜ਼ਾਤ-ਅਭਿਮਾਨੀ ਭੁਲੜਾਂ ਦੀ ਬਦੌਲਤ ਵਧ-ਫੁਲ ਰਿਹਾ ਹੈ।

ਗੁਰੂ ਗ੍ਰੰਥ ਅਤੇ ਪੰਥ ਦੀ ਮਹਾਨਤਾ ਨੂੰ ਅਖੌਤੀ ਸੰਤ ਸਮਾਜ ਨੇ ਬਹੁਤ ਢਾਅ ਲਗਾਈ ਹੈ ਅਤੇ ਇਹ ਆਪ ਹੀ ਗੁਰੂ ਤੇ ਮਹਾਂਰਾਜ ਬਣੀ ਬੈਠੇ ਹਨ। ਦਰਅਸਲ ਸਿੱਖੀ ਵਿਚ ਨਾ ਕੋਈ ਸੰਤ ਅਤੇ ਨਾ ਹੀ ਇਹਨਾਂ ਦਾ ਸਮਾਜ ਹੈ। ਹਰ ਸਿੱਖ ਹੀ ਖੰਡੇ ਬਾਟੇ ਦੀ ਪਹੁਲ ਲੈਣ ਉਪ੍ਰੰਤ ਗੁਰਮਤੀ ਗੁਣ ਧਾਰਨ ਕਰਨ ਨਾਲ ਸੰਤ ਅਤੇ ਸਪਾਹੀ ਬਣ ਜਾਂਦਾ ਹੈ। ਇਸ ਵਾਸਤੇ ਸਾਰੇ ਸਿੱਖਾਂ ਨੂੰ ਨਿਮਾਣੀ ਜੇਹੀ ਬੇਨਤੀ ਹੈ ਕਿ ਕਿਰਤ-ਵਿਰਤ ਅਤੇ ਗ੍ਰਿਸਤੀ ਜੀਵਨ ਤੋਂ ਭਗੌੜੇ ਹੋਏ ਸਾਧ ਲਾਣੇ ਦੀ ਗਿਣਤੀ ਵਧੌਣ ਵਿਚ ਆਪਣਾ ਯੋਗਦਾਨ ਨਾ ਪਾਵੋ ਸਗੋਂ ਇਹਨਾਂ ਨੂੰ ਖ਼ਤਮ ਕਰਨ ਲਈ ਤੱਤਪਰ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਪਤ ਕਰੋ। ਗੁਰੂ ਸਹਿਬਾਨ ਨੇ ਸਾਨੂੰ ਧਾਰਮਕ ਪਾਠਸ਼ਾਲਾ ਦੇ ਰੂਪ ਵਿਚ ਗੁਰਦੁਆਰੇ ਭਖਸ਼ੇ ਸਨ ਸਾਧ ਡੇਰੇ ਨਹੀਂ।

ਗੁਰਮਤਿ ਅਨੁਸਾਰ ਹਰ ਪ੍ਰਾਣੀ ਆਪਣੀ ਜ਼ਿੰਦਗੀ ਨੂੰ ਸੁਧਾਰਨ ਲਈ ਆਪ ਖ਼ੁਦ ਜ਼ੁੰਮੇਵਾਰ ਹੈ ਕਿਸੇ ਤਰਾਂ ਦੇ ਵੀ ਵਿਚੋਲੇ ਤੋਂ ਬਿਨਾਂ। ਗੁਰੂਆਂ ਦੀ ਸਿੱਖਿਆ , (ਜਿਸ ਵਿਚ ਸੰਤ ਸਮਾਜ ਦੀ ਕੋਈ ਥਾਂਹ ਹੀ ਨਹੀਂ) ਨੂੰ ਅਪਣਾ ਕੇ ਹੀ ਧਰਮ ਪੱਖੋਂ ਨਰੋਏ ਸਮਾਜ ਦੀ ਸਿਰਜਣਾ ਸੰਭਵ ਹੈ। ਸਿੱਖਾਂ ਨੂੰ ਆਪਣੇ ਬੱਚੇ ਸਕੂਲਾਂ, ਕਾਲਜਾਂ ਅਤੇ ਯੁਨੀਵਰਸਟੀਆਂ ਵਿਚ ਭੇਜਣੇ ਚਾਹੀਦੇ ਹਨ, ਤਾਂ ਕਿ ਉਹਨਾਂ ਦਾ ਮਾਨਸਕ ਪਧਰ ਉੱਚਾ ਹੋਵੇ, ਨਾ ਕਿ ਸਾਧਾਂ ਦੇ ਡੇਰਿਆਂ ਵਿਚ ਜਿੱਥੇ ਉਹ ਵ੍ਹੇਲੜ ਅਤੇ ਵਿਭਚਾਰੀ ਵਾਤਾਵਰਨ ਦਾ ਅਸਰ ਕਬੂਲ ਕੇ ਇਸ ਤਰਾਂ ਦੇ ਹੀ ਬਣਦੇ ਹਨ। ਸਾਧ ਸੰਤ ਮੇਹਨਤਕਸ਼-ਮਨੁੱਖਾਂ ਦਾ ਖੂਨ ਚੂਸਣ ਵਾਲੀਆਂ ਜੋਕਾਂ ਹਨ ਇਸ ਲਈ ਆਪਣੇ ਆਂਡੀਆਂ-ਗੁਆਂਡੀਆਂ ਅਤੇ ਆਪਣੀ ਔਣ ਵਾਲੀ ਨਸਲ ਨੂੰ ਇਹਨਾਂ ਤੋਂ ਬਚਾ ਕੇ ਰੱਖੋ। ਧਾਰਮਕ ਪਹਿਰਾਵੇ ਵਾਲੇ ਭੇਖੀਆਂ ਨੂੰ ਪਰਖ ਕੇ ਹੀ ਗੁਰਮਤਿ ਇਹਨਾਂ ਨੂੰ ਪਸੰਦ ਨਹੀਂ ਕਰਦੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top