Share on Facebook

Main News Page

ਅੰਧ ਵਿਸ਼ਵਾਸ਼ ਅਤੇ ਬ੍ਰਾਹਮਣੀ ਕਰਮਕਾਂਡ, ਸਿੱਖਾਂ ਦੀ ਸੋਚ ਨੂੰ ਅਪਾਹਿਜ ਬਣਾ ਰਹੇ ਹਨ
-
ਇੰਦਰਜੀਤ ਸਿੰਘ, ਕਾਨਪੁਰ

ਪੰਜਾਬ ਵਿੱਚ "ਅੰਧ ਵਿਸ਼ਵਾਸ਼" ਦਾ ਸਭ ਤੋਂ ਵੱਡਾ ਕੇੰਦਰ ਬਾਬਾ ਦੀਪ ਸਿੰਘ ਸ਼ਹੀਦ ਦਾ ਗੁਰੂਦੁਆਰਾ ਬਣਾ ਦਿਤਾ ਗਇਆ ਹੈ। ਸਾਡੇ ਕੇਸਾਧਾਰੀ ਬ੍ਰਾਹਮਣ ਆਗੂ ਸਿੱਖੀ ਸਿਧਾਂਤਾਂ ਦਾ ਇਹ ਮਖੌਲ ਅਪਣੇ ਅੱਖੀ ਵੇਖ ਕੇ ਵੀ ਖਾਮੋਸ਼ ਨੇ। ਉਨ੍ਹਾਂ ਨੂੰ ਕੀ ਲੈਨਾਂ ਦੇਣਾਂ ਹੈ, ਕਿ ਸਿੱਖੀ ਰਹੇ, ਭਾਵੇ ਨਾਂ ਰਹੇ ਉਨਾਂ ਦੀ ਦੁਕਾਨ ਤੇ ਜੋਰ ਸ਼ੋਰ ਨਾਲ ਚਲ ਰਹੀ ਹੈ। ਮੇਰੇ ਸਹੁਰੇ, ਖਾਸ ਅੰਮ੍ਰਿਤਸਰ ਸ਼ਹਿਰ ਵਿਚ ਤਰਨ ਤਾਰਨ ਰੋਡ 'ਤੇ ਹੀ ਰਹਿੰਦੇ ਹਨ। ਦੋ ਚਾਰ ਸਾਲ ਬਾਅਦ ਹੀ ਕਿਸੇ ਖੁਸ਼ੀ ਗਮੀ ਵਿੱਚ ਉਥੇ ਆਣਾ ਜਾਂਣਾਂ ਹੁੰਦਾ ਹੈ। ਕੁੱਝ ਵਰ੍ਹੇ ਪਹਿਲਾਂ ਮੈਂ, ਪੰਥ ਦੇ ਮਹਾਨ ਸ਼ਹੀਦਾ ਅਤੇ ਯੋਧੇ ਦੀ ਯਾਦਗਾਰ ਵਿੱਚ ਬਣੇ, ਉਸ ਇਤਿਹਾਸਕ ਗੁਰਦੁਆਰੇ ਦਰਸ਼ਨ ਲਈ ਗਇਆ। ਮੇਰੇ ਨਾਲ ਮੇਰੀ ਸਲਿਹਾਰ ਅਤੇ ਸਾਲਾ ਸਾਹਿਬ ਸਨ। ਗੁਰਦੁਆਰੇ ਪੁਜ ਕੇ ਉਹ ਕਿਸੇ ਦੂਜੇ ਗੇਟ ਵਿਚੋਂ ਅੰਦਰ ਵੜ ਗਏ ਤੇ ਮੈਂ ਕਿਸੇ ਦੂਜੀ ਡਿਉੜੀ ਤੋਂ ਅੰਦਰ ਵੜਿਆ। ਇਸ ਕਰਕੇ ਉਨਾਂ ਤੋਂ ਮੈਂ ਵੱਖ ਹੋ ਗਇਆ ਸੀ।

ਬਾਬਾ ਦੀਪ ਸਿੰਘ ਸ਼ਹੀਦ ਦੇ ਉਸ ਇਤਿਹਾਸਕ ਗੁਰਦੁਆਰੇ ਵਿੱਚ ਜੋ ਕੁਝ ਹੋ ਰਿਹਾ ਸੀ, ਵੇਖ ਕੇ ਮੇਰੀਆਂ ਅੱਖਾਂ ਭਿੱਜ ਗਈਆਂ। ਮੈ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕ ਕੇ ਬਾਬਾ ਦੀਪ ਸਿੰਘ ਹੋਰਾਂ ਦੀ ਮਹਾਨ ਸ਼ਖਸ਼ੀਯਤ ਅਤੇ ਉਨਾਂ ਦਾ ਉਚਾ ਸੁੱਚਾ ਕਿਰਦਾਰ ਯਾਦ ਕਰਕੇ ਉਥੇ ਹੀ ਦਲਹੀਜ ਤੇ ਬੈਠ ਕੇ, ਕਿਸੇ ਨਿਆਣੇ ਵਾਂਗ ਬਹੁਤ ਦੇਰ ਸਕ ਸੁਬਕਦਾ ਰਿਹਾ।

ਉਸ ਪੰਥ ਦੇ ਅਮਰ ਸ਼ਹੀਦ ਬਾਰੇ ਮੈਂ ਜੋ ਇਤਿਹਾਸ ਪੜ੍ਹਿਆ ਸੀ। ਉਸਨੂੰ ਯਾਦ ਕਰਦਾ ਰਿਹਾ ਤੇ ਇਹ ਸੋਚਦਾ ਰਿਹਾ, ਕਿ ਇਕ ਤੇਰੇ ਵਰਗਾ ਕੌਮ ਦਾ ਅਮਰ ਸ਼ਹੀਦ ਤੇ ਇਕ ਇਹੋ ਜਹੇ ਸਿੱਖ ਹਨ, ਜਿਨਾਂ ਦੇ ਅੰਧ ਵਿਸ਼ਵਾਸ਼ ਅਤੇ ਕਰਮਕਾਂਡਾ ਨਾਲ ਗੁਰੂ ਘਰ ਨੂੰ ਇਕ ਮੰਦਰ ਬਣਾ ਕੇ ਰਖ ਦਿਤਾ ਹੈ। ਜਦੋਂ ਵੀ ਯੋਧਿਆਂ ਦੀ ਚੋਣ ਹੁੰਦੀ, ਆਪ ਸ਼ਹੀਦ ਹੋਣ ਦੇ ਚਾਅ ਵਿਚ, ਗੁਰੂ ਦੇ ਸਾਮ੍ਹਣੇ ਯੋਧਿਆਂ ਦੀ ਕਤਾਰ ਵਿੱਚ, ਸਭਤੋਂ ਅੱਗੇ, ਜਾਨਬੂਝ ਕੇ ਖੜੇ ਹੋ ਜਾਂਦੇ ਸੀ, ਇਸ ਲਈ ਕੇ ਗੁਰੂ ਸਾਹਿਬ ਆਪ ਜੀ ਨੂੰ ਯੁਧ ਵਿੱਚ ਜਾਣ ਦੀ ਸੇਵਾ ਬਖਸ਼ ਦੇਣਗੇ। ਆਪ ਜੀ ਦਾ ਸ਼ਹੀਦ ਹੋਣ ਦਾ ਚਾਅ ਅਤੇ ਜਜਬਾ ਅੰਤਰਜਾਮੀ ਗੁਰੂ ਸਾਹਿਬ ਚੰਗੀ ਤਰ੍ਹਾ ਜਾਂਣਦੇ ਸਨ। ਇਹ ਵੀ ਜਾਂਣਦੇ ਸਨ ਕੇ ਆਪ ਜੀ ਦੀ ਬਹੁਤ ਵਡੀ ਸੇਵਾ ਲਗਣੀ ਹੈ, ਇਸ ਲਈ ਛੋਟੇ ਮੋਟੇ ਯੁਧ ਵਿੱਚ ਗੁਰੂ ਸਾਹਿਬ ਆਪ ਜੀ ਨੂੰ ਨਹੀਂ ਸਨ ਭੇਜਦੇ । ਜਦੋਂ ਆਪ ਮਾਯੂਸ ਹੋ ਜਾਂਦੇ ਸੀ ਤੇ ਆਪ ਜੀ ਦੀ ਬਾਂਹ ਫੜ ਕੇ ਅਪਣੀ ਗਲਵਕੜੀ ਵਿੱਚ ਲੈ ਕੇ ਕਹਿੰਦੇ ਸੀ ਕਿ "ਬਾਬਾ ਜੀ ਇਹ ਯੁਧ ਤੇ ਬਹੁਤ ਮਾਮੂਲੀ ਹੈ, ਤੁਹਾਡੀ ਸੇਵਾ ਤੇ ਬਹੁਤ ਵਡੀ ਲਗਣੀ ਹੈ, ਜਿਸਨੂੰ ਇਤਿਹਾਸ ਅਤੇ ਇਹ ਜਮਾਨਾਂ ਜੁਗਾਂ ਜੁਗਾਂ ਤਕ ਯਾਦ ਕਰੇਗਾ। ਇਸ ਸਾਰਾ ਦ੍ਰਿਸ਼ ਮੇਰੇ ਦਿਮਾਗ ਵਿਚ ਚਲ ਰਿਹਾ ਸੀ ਤੇ ਮੇਰੀਆਂ ਅੱਖਾਂ ਪਹਿਲੇ ਨਾਲੋ ਵੀ ਵਧ ਗਿਲੀਆਂ ਹੋ ਚੁਕੀਆਂ ਸੀ। ਮੈਂ ਬਾਬਾ ਦੀਪ ਸਿੰਘ ਹੋਰਾਂ ਨਾਲ ਅਪਣੀ ਕਲਪਨਾਂ ਦੇ ਸੰਸਾਰ ਵਿਚ ਗਿਲੇ ਵੀ ਕਰ ਰਿਹਾ ਸੀ ਕਿ, ਬਾਬਾ ਜੀ, ਕੀ ਉਸ ਵੇਲੇ ਵੀ ਇਹੋ ਜਹੇ ਸਿੱਖ ਹੈ ਸਨ ਜਾਂ ਐਸੇ ਸਿੱਖਾਂ ਦੀ ਤੁਸੀ ਕਲਪਨਾਂ ਵੀ ਕਦੀ ਕੀਤੀ ਸੀ? ਜੋ ਸਿੱਖੀ ਸਿਧਾਂਤ ਅਤੇ ਗੁਰੂ ਦੀ ਸਿਖਿਆ ਨੂੰ ਭੁਲ ਕੇ ਬ੍ਰਾਹਮਣਵਾਦ ਅਤੇ ਕਰਮਕਾਂਡਾਂ ਦੇ ਖਾਰੇ ਸਮੂੰਦਰ ਵਿੱਚ ਆਪ ਛਾਲਾਂ ਮਾਰਨਗੇ?

ਉਥੇ ਹੀ ਡਿਉੜੀ ਕੋਲ ਬੈਠਾ ਬੈਠਾਂ ਮੈਂ ਹੁਣ ਕੁਝ ਸਹਿਜ ਹੋ ਚੁਕਾ ਸੀ, ਅਤੇ ਉਸ ਗੁਰਦੁਆਰੇ ਦਾ ਨਜਾਰਾ ਵੇਖ ਰਿਹਾ ਸੀ ਬਹੁਤ ਸਾਰੇ ਸ਼੍ਰਧਾਲੂ ਅੰਦਰ ਵੜਦੇ, ਪੈਰ ਧੌਂਦੇ ਤੇ "ਧੰਨ ਬਾਬਾ ਦੀਪ ਸਿੰਘ" ਕਹੀੰਦੇ ਜਾ ਰਹੇ ਸੀ । ਮੈ ਕਿਸੇ ਦੇ ਮੂਹੋ "ਧੰਨ ਗੁਰੂ ਗ੍ਰੰਥ ਸਾਹਿਬ ਜੀ" ਕਹਿੰਦੇ ਨਹੀ ਸੁਣਿਆ। ਸ਼ਾਇਦ ਇਥੇ ਲੋਕੀ "ਸ਼ਬਦ ਗੁਰੂ" ਦੇ ਲੜ ਲਗਣ ਲਈ ਨਹੀਂ ਬਲਕਿ ਬਾਬਾ ਦੀਪ ਸਿੰਘ ਦੇ ਗੁਰੂਦੁਆਰੇ "ਚਾਲੀਹਾ" ਕਟਣ ਜਾਂ "ਚੌਪਹਿਰਾ" ਕਟ ਕੇ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਆ ਰਹੇ ਸੀ। ਬਹੁਤ ਸਾਰੇ ਲੋਕੀ ਕੰਧ ਨਾਲ ਟੇਕ ਲਾ ਕੇ ਗੁਟਕਿਆਂ ਵਿਚੋਂ ਗੁਰਬਾਣੀ ਦਾ ਪਾਠ ਵੀ ਕਰ ਰਹੇ ਸੀ। ਮੈ ਬਹੁਤ ਖੁਸ਼ ਹੋਇਆ ਕੇ ਚਲੋ ਇਥੇ ਆਂਉਣ ਵਾਲਿਆਂ ਵਿੱਚ ਕੋਈ ਤਾਂ ਗੁਰਬਾਣੀ ਦਾ ਅਭਿਲਾਖੀ ਹੈ। ਲੇਕਿਨ ਛੇਤੀ ਹੀ ਮੇਰੀ ਇਹ ਖੁਸ਼ੀ ਮਾਯੂਸੀ ਵਿੱਚ ਬਦਲ ਗਈ, ਜਦੋਂ ਨਾਲ ਹੀ ਬੈਠੀ ਇਕ ਬੀਬੀ, ਜੋ ਪਾਠ ਪੂਰਾ ਕਰਕੇ ਅਪਣਾਂ ਗੁਟਕਾ ਅਪਣੇ ਪਰਸ ਵਿੱਚ ਸਾਂਭ ਰਹੀ ਸੀ। ਉਸ ਨੂੰ ਉਠਦਿਆਂ ਵੇਖ ਉਸ ਦੀ ਜਾਂਣ ਪਛਾਣ ਦੀ ਇਕ ਹੋਰ ਬੀਬੀ ਉਸ ਕੋਲ ਆਈ ਤੇ ਬੋਲੀ ਕੇ "ਕਿਨੇ ਪਾਠ ਹੋ ਗਏ ਤੇਰੇ?" ਉਹ ਕਹਿਣ ਲਗੀ "ਪਿਛਲੀ ਵਾਰ ਤੇ ਬਾਬਾ ਜੀ ਨੇ 51 ਪਾਠ ਕਰਨ ਲਈ ਕਿਹਾ ਸੀ ਐਤਕੀ 101 ਕਹੇ ਸੀ, ਮੈਂ 60 ਕੁ ਪਾਠ ਪੂਰੇ ਕਰ ਲਏ ਨੇ। ਇਨਾਂ ਦੀਆਂ ਹੋਰ ਇਧਰ ਉਧਰ ਦੀਆਂ ਜੋ ਵੀ ਗੱਲਾਂ ਮੇਰੇ ਕੰਨ ਵਿੱਚ ਪੈ ਰਹਿਆਂ ਸੀ, ਉਨਾਂ ਤੋਂ ਇਹ ਸਾਫ ਪਤਾ ਲਗ ਚੁਕਾ ਸੀ ਕਿ ਇਹ ਵੀ ਮਾਤਾ ਕੌਲਾਂ ਟਕਸਾਲ ਦੇ ਗੁਰ ਇਕਬਾਲ ਸਿੰਘ ਦੇ ਡੇਰੇ ਜਾਂਦੀਆ ਸਨ, ਜੋ ਅਕਸਰ ਹੀ ਹਜਾਰਾਂ ਪਾਠਾਂ ਦਾ ਟਾਰਗੇਟ ਅਪਣੇ ਡੇਰੇ ਤੇ ਆਉਣ ਵਾਲਿਆ ਨੂੰ ਦੇਂਦੇ ਰਹਿੰਦੇ ਹਨ। ਇਨ੍ਹਾਂ ਦੇ ਇਹੋ ਜਹੇ ਇਸ਼ਤਿਹਾਰ ਸਾਨੂੰ ਅਪਣੇ ਸ਼ਹਿਰ ਅਤੇ ਇੰਟਰਨੇਟ ਤੇ ਵੀ ਵੇਖਣ ਨੂੰ ਅਕਸਰ ਹੀ ਮਿਲ ਜਾਂਦੇ ਨੇ।

ਬਰਫੀ ਦਾ ਪ੍ਰਸਾਦ ਵੰਡਿਆ ਜਾ ਰਿਹਾ ਸੀ। ਇਹ ਵੇਖ ਕੇ ਮੈਨੂੰ ਨਹੀ ਸਮਝ ਆ ਰਿਹਾ ਸੀ ਕਿ ਕੜਾਹ ਪ੍ਰਸਾਦ ਦੀ ਥਾਂ ਬਰਫੀ ਦੇ ਪ੍ਰਸਾਦ ਨੇ ਕਦੋ ਤੋਂ ਲੈ ਲਈ । ਬਹੁਤ ਸਾਰੇ ਵੀਰ ਅਤੇ ਬੀਬੀਆਂ ਛੋਟੇ ਛੋਟੇ ਪਾਲੀਥੀਨ ਦੇ ਲਿਫਾਫਿਆ ਵਿੱਚ ਘਿਉ ਜਾਂ ਤੇਲ ਲੈ ਲੈ ਕੇ ਉਥੇ ਜਗ ਰਹੀ ਜੋਤ ਵਿੱਚ ਪਾ ਰਹੇ ਸੀ। ਤੇਲ, ਘਿਉ ਨਾਲ ਉਹ ਥਾਂ ਭਿਜੀ ਹੋਈ ਸੀ ਅਤੇ ਸੰਗਮਰਮਰ ਦਾ ਉਹ ਪੱਥਰ ਥਿਂਦਾ ਹੋ ਕੇ ਕਾਲਾ ਪੈ ਚੁਕਿਆ ਸੀ। ਇਹ ਤੇਲ/ਘਿਉ ਬਾਹਰ ਦੁਕਾਨਾਂ ਵਿੱਚ ਪੈਕ ਕੀਤਾ ਹੋਇਆ ਵਿੱਕ ਰਿਹਾ ਸੀ । ਗੁਰਦੁਆਰੇ ਵੜਨ ਤੋਂ ਪਹਿਲਾਂ ਮੈਂ ਇਕ ਦੁਕਾਨਦਾਰ ਕੋਲੋ 100 ਰੁਪਏ ਦੀ ਚੇਂਜ ਮੰਗੀ ਤੇ ਉਸ ਨੇ ਉਹ ਨੋਟ ਹਥ ਵਿੱਚ ਫੜਕੇ ਸੁਟ ਦਿਤਾ, ਕਿ ਮੈਂ ਦੁਕਾਨਦਾਰੀ ਕਰਾਂ ਕਿ ਤੈਨੂੰ ਪਰਚੀਆਂ ਦੇਵਾਂ। ਘਿਉ ਦੀਆਂ ਥੈਲੀਆਂ ਉਥੇ ਵੀ ਵਿੱਕ ਰਹੀਆਂ ਸੀ। ਲਗਦਾ ਸੀ ਕਿ ਇਹ ਦੁਕਾਨਦਾਰ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਖਾਸ ਚਹੇਤੇ ਵੀ ਹਨ,ਅਤੇ ਉਨਾਂ ਦਾ ਬੋਜੇ ਵੀ ਗਰਮ ਕਰਦੇ ਰਹਿੰਦੇ ਹੋਣੇ ਆ। ਕਿਉਂਕਿ ਇਕ ਕੰਬਲ ਵਾਲਾ ਰੁਮਾਲਾ ਜੋ ਕਾਨਪੁਰ ਵਿੱਚ 260 ਰੁਪਏ ਦਾ ਮੇਰੀ ਸਿਘੰਣੀ ਖਰੀਦ ਕੇ ਲਿਆਈ ਸੀ, ਹੂ ਬ ਹੂ ਉਹ ਕੰਬਲ ਵਾਲਾ ਰੁਮਾਲਾ ਉਸ ਦੁਕਾਨ ਦਾਰ ਨੇ ਇਕ ਬਾਹਰੋਂ ਆਏ ਪਰਿਵਾਰ ਨੂੰ ਬਹੁਤ ਭਾਰਾਂ ਤੋਲਾਂ ਤੇ ਪੈ ਕਿ 450 ਰੁਪਏ ਦਾ ਦਿੱਤਾ। ਮੈਂ ਵੇਖ ਕੇ ਹੈਰਾਨ ਸੀ ਕਿ ਇਨਾਂ ਗੁਰੂ ਸਥਾਨਾਂ ਤੇ ਵੀ ਪਾਂਡਿਆ ਪੰਡਤਾਂ ਵਾਲੀ ਲੁਟ ਖਸੁੱਟ ਚਲ ਰਹੀ ਹੈ।

ਗੁਰਦੁਆਰੇ ਦੇ ਵੇੜ੍ਹੇ ਵਿੱਚ ਹੀ ਦੋ ਪਲਾਸਟਿਕ ਦੇ ਵੱਡੇ ਡਰਮ ਰਖੇ ਹੋਏ ਸੀ, ਜਿਸ ਵਿੱਚ ਬਹੁਤ ਸਾਰੇ ਲੋਕ ਲੂਣ ਦੇ ਪੈਕੇਟ ਰਖ ਰਹੇ ਸੀ । ਮੇਰੇ ਬੈਠਿਆਂ ਬੈਠਿਆਂ ਉਹ ਡਰਮ ਲੂਣ ਨਾਲ ਅੱਧਾ ਕੁ ਭਰ ਗਇਆ ਸੀ ਅਤੇ ਨਾਲ ਦੇ ਡਰਮ ਵਿੱਚ ਲੋਗ ਨਵੇਂ ਝਾੜੂ ਰੱਖ ਰਹੇ ਸੀ। ਇਹ ਸਾਰਾ ਕਰਮਕਾਂਡ ਅਤੇ ਅੰਧ ਵਿਸ਼ਵਾਸ਼ ਵੇਖਦਾ ਹੋਇਆ, ਅਪਣੇ ਸੁਭਾਵ ਅਨੁਸਾਰ ਕੌਮ ਦੇ ਕੇਸਾਧਾਰੀ ਬ੍ਰਾਹਮਣ ਆਗੁਆਂ ਨੂੰ ਕੋਸਦਾ ਹੋਇਆ ਉਠਿਆ ਤੇ ਜੋੜਾ ਘਰ ਤੁਰ ਪਇਆ। ਮੇਰੀ ਸਾਲਿਹਾਰ ਤੇ ਸਾਲਾ ਉਥੇ ਮੇਰਾ ਹੀ ਇੰਤਜਾਰ ਕਰ ਰਹੇ ਸੀ । ਮੈਨੂੰ ਵੇਖਦੇ ਹੀ ਬੋਲੇ, ਬਹੁਤ ਦੇਰ ਲਾ ਦੀਤੀ ਜੀਜਾ ਜੀ। ਅਸੀਂ ਤੇ ਬਹੁਤ ਦੇਰ ਦਾ ਇੰਤਜਾਰ ਕਰ ਰਹੇ ਸੀ। ਮੈ ਕੁਝ ਵੀ ਨਹੀਂ ਬੋਲਿਆ । ਮੈਂ ਜੋੜੇ ਪਾ ਕਿ ਮੇਨ ਗੇਟ ਤੋਂ ਉਨ੍ਹਾਂ ਨਾਲ ਪੈਦਲ ਹੀ ਘਰ ਵਲ ਤੁਰ ਪਿਆ ।

ਤੁਰਦੇ ਤੁਰਦੇ ਮੇਰੇ ਸਾਲਾ ਸਾਹਿਬ ਕੁਝ ਨਾਂ ਕੁਝ ਦਸਦੇ ਜਾ ਰਹੇ ਸੀ, ਅਤੇ ਮੈਂ ਬਿਲਕੁਲ ਖਾਮੋਸ਼ ਉਨਾਂ ਨਾਲ ਤੁਰ ਰਿਹਾ ਸੀ। ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਬਾਹਰ ਤਰਨ ਤਾਰਨ ਰੋਡ ਤੇ ਪੁਜੇ ਹੀ ਸੀ ਕੇ ਸਾਲਾ ਸਾਹਿਬ ਨੇ ਦਸਿਆ ਕੇ ਇਹ "ਗੋਲਡਨ ਟੇਂਪਲ ਕਾਲੋਨੀ" ਹੈ, ਦਰਬਾਰ ਸਾਹਿਬ ਦੇ ਸਾਰੇ ਰਾਗੀ ਇਥੇ ਹੀ ਰਹਿੰਦੇ ਨੇ। ਅਗੇ ਰੋਡ ਤੇ ਉਨਾਂ ਨੇ ਬਹੁਤ ਵਡੀਆਂ ਆਲੀਸ਼ਾਨ ਦੋ ਇਮਾਰਤਾਂ ਦਿਖਾਈਆਂ ਤੇ ਉਹ ਬੋਲੇ ਇਹ "ਵਿਧਵਾ ਆਸ਼ਰਮ" ਹੈ, ਬਾਬਾ ਗੁਰ ਇਕਬਾਲ ਸਿੰਘ ਜੀ ਇਸ ਨੂੰ ਚਲਾਂਦੇ ਨੇ। ਅਗੇ ਹੋਰ ਵੀ ਇਕ ਆਸ਼ਰਮ ਬਣ ਰਿਹਾ ਹੈ। ਮੇਰੇ ਮੰਨ ਵਿੱਚ ਇਸ ਬਾਰੇ ਜੋ ਕੁਝ ਆਇਆ, ਉਹ ਕਹਿ ਕੇ ਮੈਂ ਉਨਾਂ ਦਾ ਮੂਹ ਕਸੈਲਾ ਨਹੀਂ ਕਰਨਾਂ ਚਾਂਉਦਾ ਸੀ । ਮੇਰੇ ਮਨ ਵਿੱਚ ਤੇ ਹੋਰ ਹੀ ਕੁਝ ਚਲ ਰਿਹਾ ਸੀ, ਜੋ ਉਸ ਗੁਰਦੁਆਰੇ ਵਿੱਚ ਹੋ ਰਹੇ ਕਰਮਕਾਂਡਾਂ ਬਾਰੇ ਮੈਂ ਇਨ੍ਹਾਂ, ਬਿਨਾਂ ਨਾਗਾ ਜਾਂਣ ਵਾਲਿਆਂ ਦੇ ਮੁਖੋ ਹੀ ਸੁਨਣਾਂ ਚਾਂਉਦਾ ਸੀ । ਤੁਰਦੇ ਤੁਰਦੇ ਅਸੀ ਗਲੀਆਂ ਵਿੱਚ ਆ ਗਏ ਸੀ । ਉਸ ਮੁਹੱਲੇ ਦੇ ਬਹੁਤੇ ਘਰਾਂ ਦੇ ਬਾਹਰ ਮੈਂ ਇਕ ਖਾਸੀਅਤ ਵੇਖੀ ਕਿ ਬਹੁਤਿਆਂ ਸਿੱਖਾਂ ਦੇ ਘਰ ਦੇ ਬਾਹਰ ਇਕ ਟਾਈਲ ਪੱਕੀ ਲਗੀ ਹੋਈ ਸੀ, ਜਿਸ ਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਬਣੀ ਹੋਈ ਸੀ ਅਤੇ ਲਗਭਗ ਹਰ ਸਿੱਖ ਦੇ ਘਰ ਦੇ ਬਾਹਰ "ਧੰਨ ਬਾਬਾ ਦੀਪ ਸਿੰਘ ਜੀ" ਲਿਖਿਆ ਹੋਇਆ ਸੀ। ਇਹ ਉਥੇ ਦੀ ਮਾਨਸਿਕਤਾ ਨੂੰ ਪ੍ਰਗਟ ਕਰ ਰਿਹਾ ਸੀ । ਘਰ ਨੇੜੇ ਆਂਉਦੇ ਮੈਂ ਅਪਣੀ ਸਲਿਹਾਰ ਕੋਲੋਂ ਪੁਛਿਆ " ਕੀ ਤੁਸੀ ਰੋਜ "ਸ਼ਹੀਦਾਂ ਦੇ " ਜਾਂਦੇ ਹੋ (ਉਥੇ ਦੇ ਸਾਰੇ ਲੋਕ, ਉਸ ਗੁਰਦੁਆਰੇ ਨੂੰ "ਸ਼ਹੀਦਾਂ ਦੇ" ਕਹਿ ਕੇ ਹੀ ਬੁਲਾਂਦੇ ਨੇ।) ਉਹ ਬੋਲੀ, " ਹਾਂ ਜੀਜਾ ਜੀ, ਅਸੀਂ ਤੇ ਇਕ ਚਲੀਹਾ ਸੁਖਦੇ ਹਾਂ ਤੇ ਉਸ ਦੇ ਮੁੱਕਣ ਤੋਂ ਪਹਿਲਾਂ ਹੀ ਦੂਜਾ ਸੁੱਖ ਲੈਦੇ ਹਾਂ।" ਉਥੇ ਜੋਤ ਵਿਚ ਤੇਲ ਘਿਉ ਪਾਂਦੇ ਹੋ ਕੀ ਗੁਰਦੁਆਰੇ ਵਾਲੇ ਨਹੀਂ ਪਾਂਦੇ ? ਉਹ ਬੋਲੀ ਵੀਰ ਜੀ ਉਹ ਤੇਲ ਨਹੀਂ ਘਿਉ ਹੁੰਦਾ ਹੈ, ਦੇਸੀ ਘਿਉ, ਜੋਤ ਵਿੱਚ ਪਾਉਣ ਨਾਲ ਮੰਨਤ ਪੂਰੀ ਹੁੰਦੀ ਹੈ। ਤੇ ਝਾੜੂ ਅਤੇ ਲੂਣ ਕਿਉ ਦਾਨ ਕਰਦੇ ਨੇ? ਜੀਜਾ ਜੀ ਇਹ ਦਾਨ ਕਰਨ ਨਾਲ ਚਮੜੀ ਦੀਆਂ ਬੀਮਾਰੀਆਂ, ਮੱਸੇ, ਮੋਕੇ ਅਤੇ ਹੋਰ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।

ਉਨਾਂ ਦੀਆ ਗੱਲਾਂ ਅਤੇ ਉਥੇ ਦਾ ਮਾਹੋਲ ਵੇਖ ਕੇ ਹੈਰਾਨਗੀ ਘੱਟ ਦੇ ਦੁਖ ਜਿਆਦਾ ਹੋ ਰਿਹਾ ਸੀ। ਸ਼੍ਰੋਮਣੀ ਕਮੇਟੀ, ਲੱਖਾਂ ਰੁਪਏ ਬਰਬਾਦ ਕਰ ਰਹੀ ਹੈ, ਧਰਮ ਪ੍ਰਚਾਰ ਦੇ ਨਾਮ 'ਤੇ। ਉਨਾਂ ਦਾ ਫ੍ਰੀ ਲਿਟਰੇਚਰ ਕੀ ਕਰੇਗਾ? ਜੇ ਉਨਾਂ ਦੀ ਅੱਖ ਥਲੇ, ਉਨਾਂ ਦੀ ਜਾਨਕਾਰੀ ਥੱਲੇ, ਉਨ੍ਹਾਂ ਦੇ ਅਪਣੇ ਘਰ ਵਿੱਚ, ਸਿੱਖ ਅਾਪਣੇ ਸ਼ਬਦ ਗੁਰੂ, ਗੁਰਬਾਣੀ ਅਤੇ ਸਿੱਖ ਸਿਧਾਂਤਾਂ ਤੋਂ ਟੁੱਟ ਕੇ ਦਿਸ਼ਾ ਹੀਨ ਹੋ ਰਿਹਾ ਹੈ। ਪੰਜਾਬ ਵਿੱਚ ਪਤਿਤ ਪੁਣਾਂ, ਅੱਜ ਤਕ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁਕਾ ਹੈ। ਨੌਜੁਆਨ ਪੀੜ੍ਹੀ ਨਸ਼ਿਆਂ ਵਿਚ ਗਲਤਾਨ ਹੈ। ਇਹ ਪ੍ਰਚਾਰ ਕੌਣ ਕਰੇਗਾ? ਇਹਨਾਂ ਭਟਕੇ ਹੋਏ ਸਿੱਖਾਂ ਨੂੰ ਦਿਸ਼ਾ ਕੌਣ ਦਿਖਏਗਾ? ਕਰਮਕਾਂਡਾਂ ਅਤੇ ਅੰਧ ਵਿਸ਼ਵਾਸ਼ਾਂ ਤੋਂ ਹੱਟਾ ਕੇ, ਇਹਨਾਂ ਨੂੰ, ਗੁਰੂ ਬਾਣੀ ਨਾਲ ਕੌਣ ਜੋੜੇਗਾ?

ਜੇ 51000 ਚੌਪਈ ਦੇ ਪਾਠ ਕਰਵਾਉਣ ਵਾਲੇ ਰਾਗੀਆਂ ਨੂੰ ਅਕਾਲ ਤਖਤ ਦਾ ਹੈਡ ਗ੍ਰੰਥੀ, ਸਿਰੋਪੇ ਦੇਂ ਦੇ ਕੇ ਸਤਕਾਰਦਾ ਰਹੇਗਾ, ਅਤੇ ਗੁਰੂ ਸਿਧਾਂਤਾਂ ਨੂੰ ਸਿੱਖਾਂ ਤਕ ਪਹੁੰਚਾਉਣ ਵਾਲਿਆਂ ਨੂੰ, ਇਸ ਅਦਾਰੇ ਤੋਂ ਛੇਕਿਆ ਜਾਂਦਾ ਰਹੇਗਾ, ਤੇ ਜੋ ਹਾਲਾਤ ਮੈਂ ਉਥੇ ਵੇਖੇ ਹਨ ਉਸ ਤੋਂ ਵੀ ਮਾੜੇ ਹਾਲਾਤ ਪੈਦਾ ਹੋ ਜਾਣਗੇ। ਬ੍ਰਾਹਮਣੀ ਸੋਚ ਅਤੇ ਅੰਧ ਵਿਸ਼ਵਾਸ਼ ਸਿੱਖੀ ਨੂੰ ਅਪਾਹਿਜ ਬਣਾ ਦੇਵੇਗੀ। ਇਹੋ ਜਹੇ ਅਪੰਗ ਸੋਚ ਵਾਲੇ ਸਿੱਖ, ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ ਨੂੰ ਹੀ ਸਿੱਖੀ ਸਮਝ ਸਮਝ ਕੇ ਜਿਉਂਦੇ ਤੇ ਮਰਦੇ ਰਹਿਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top