Share on Facebook

Main News Page

ਵਿਰਾਸਤ-ਏ-ਖ਼ਾਲਸਾ ਦੇ ਨਾਮ ‘ਤੇ ਇਤਿਹਾਸ ਨਾਲ ਛੇੜਛਾੜ ਹੋ ਰਹੀ ਹੈ: ਇਕਵਾਕ ਸਿੰਘ

ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰੋੜਾਂ ਰੁਪਏ ਲਗਾ ਕੇ ਤਿਆਰ ਕੀਤੇ ਗਏ ਵਿਰਾਸਤ-ਏ-ਖ਼ਾਲਸਾ ਬਾਰੇ ਪ੍ਰਤੀਕਰਮ ਦਿੰਦਿਆਂ ਸਿੱਖ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ, ਇਸ ਆਧੁਨਿਕ ਤਰਜ਼ ਤੇ ਬਣੇ ਮਿਊਜੀਅਮ ਵਿੱਚ ਜਿੱਥੇ ਖਾਲਸੇ ਦੇ ਨਾਮ ਤੇ ਪੰਜਾਬ ਦਾ ਸੱਭਿਆਚਾਰ ਦਿਖਾਇਆ ਜਾ ਰਿਹਾ ਹੈ, ਉੱਥੇ ਹੀਰ-ਰਾਂਝੇ ਦੀਆਂ ਤਸਵੀਰਾਂ ਲਗਾ ਕੇ ਖਾਲਸੇ ਦੇ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ।

ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਗੁਰੂ ਸਾਹਿਬ ਦੀਆਂ ਮਨੋਕਲਪਿਤ ਅਤੇ ਮਨਮਤੀ ਤਸਵੀਰਾਂ ਰਾਹੀਂ ਸਿੱਖ ਇਤਿਹਾਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਅੰਦਰ ਪ੍ਰਵੇਸ਼ ਕਰਦਿਆਂ ਹੀ ਪੰਜਾਬੀ ਲੋਕ ਗੀਤਾਂ ਅਤੇ ਮੰਦਰਾਂ ਵਿੱਚ ਵੱਜਣ ਵਾਲੀਆਂ ਟੱਲੀਆਂ ਨਾਲ ਸਵਾਗਤ ਕੀਤਾ ਜਾਣਾ ਆਪਣੇ ਆਪ ਵਿੱਚ ਸਿੱਖ ਰਿਵਾਇਤਾਂ ਨੂੰ ਚੈਲੰਜ ਹੈ ਜਦਕਿ ਖਾਲਸਾਈ ਸਾਜ ਨਗਾਰਾ ਇਸਤੇਮਾਲ ਕੀਤਾ ਜਾ ਸਕਦਾ ਸੀ।

ਸ੍ਰ. ਪੱਟੀ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਸਰਕਾਰੀ ਭਾਸ਼ਾ ਹੋਣ ਦੇ ਬਾਵਜੂਦ ਕੰਪਲੈਕਸ ਵਿੱਚ ਲੱਗੇ ਤਸਵੀਰਾਂ ਨਾਲ ਸਬੰਧਿਤ ਸੂਚਨਾਂ ਬੋਰਡਾਂ ਉੱਪਰ ਪੰਜਾਬੀ ਬੋਲੀ ਵਿੱਚ ਬੇਤਹਾਸ਼ਾ ਗਲਤੀਆਂ ਦੀ ਭਰਮਾਰ ਦਾ ਹੋਣਾ, ਪ੍ਰਬੰਧਕਾਂ ਦੀ ਨਲਾਇਕੀ ਦਾ ਹੀ ਨਤੀਜਾ ਕਿਹਾ ਜਾ ਸਕਦਾ ਹੈ । ਉਹਨਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੁੱਚੀਆਂ ਸੁਹਿਰਦ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੇ ਅਕਸ ਨੂੰ ਖਰਾਬ ਕਰਨ ਵਾਲੀਆਂ ਤਸਵੀਰਾਂ ਵਿਰਾਸਤ-ਏ-ਖਾਲਸਾ ਵਿੱਚੋਂ ਬਾਹਰ ਕੱਢਣ, ਪੰਜਾਬੀ ਵਿੱਚ ਗਲਤੀਆਂ ਨਾਲ ਭਰੇ ਬੋਰਡਾਂ ਨੂੰ ਦਰੁੱਸਤ ਕਰਵਾਉਣ, ਅੰਦਰ ਵੱਜਦੇ ਗੀਤਾਂ ਅਤੇ ਖਾਲਸਾਈ ਕਦਰਾਂ ਕੀਮਤਾਂ ਤੋਂ ਉਲਟ ਕੀਤੇ ਜਾ ਰਹੇ ਕੰਮਾਂ ਨੂੰ ਬੰਦ ਕਰਵਾਉਣ ਹਿੱਤ ਪੰਜਾਬ ਸਰਕਾਰ ਉੱਤੇ ਦਬਾਅ ਪਾਇਆ ਜਾਵੇ ਤਾਂ ਕਿ ਵਿਰਾਸਤ-ਏ-ਖ਼ਾਲਸਾ ਦਾ ਸਹੀ ਮਤਲਬ ਲੋਕਾਂ ਸਾਹਮਣੇ ਰੱਖਿਆ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top