Share on Facebook

Main News Page

ਚਰਿਤ੍ਰੋਪਾਖਿਆਨ ਦੀ ਬੇਨਤੀ ਚੌਪਈ
-
ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ) 6 ਅਪ੍ਰੈਲ 2008

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ: “ਸਿੱਖ ਰਹਿਤ ਮਰਯਾਦਾ” ਅਨੁਸਾਰ, ਸਿਰਲੇਖ “ਸੋ ਦਰੁ ਰਹਰਾਸਿ” ਹੇਠ ਇੰਜ ਜਾਣਕਾਰੀ ਦਿੱਤੀ ਹੋਈ ਹੈ ਕਿ ਸੋਦਰੁ ਰਹਰਾਸਿ - ਸ਼ਾਮ ਵੇਲੇ ਸੂਰਜ ਡੁਬੇ ਪੜ੍ਹਨੀ। ਇਸ ਵਿਚ ਇਹ ਬਾਣੀਆਂ ਸ਼ਾਮਲ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਲਿਖੇ ਹੋਏ ਨੌਂ ਸ਼ਬਦ (‘ਸੋਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’ ਤੱਕ), ਬੇਨਤੀ ਚੌਪਈ ਪਾਤਸ਼ਾਹੀ 10 (‘ਹਮਰੀ ਕਰਉ ਹਾਥ ਦੈ ਰਛਾ’ ਤੋਂ ਲੈ ਕੇ ‘ਦੁਸ਼ਟ ਦੋਖ ਤੇ ਲੇਹੁ ਬਚਾਈ’ ਤਕ, ਸਵੱਯਾ ‘ਪਾਹੇ ਗਹੇ ਜਬ ਤੇ ਤੁਮਰੇ’ ਅਤੇ ਦੋਹਰਾ ‘ਸਗਲ ਦੁਆਰ ਕੋ ਛਾਡਕੇ’), ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ*, ਮੁੰਦਾਵਣੀ ਤੇ ਸਲੋਕ ਮਹਲਾ 5 ‘ਤੇਰਾ ਕੀਤਾ ਜਾਤਉ ਨਾਹੀ’।

ਇਨ੍ਹਾਂ ਬਾਣੀਆਂ ਦਾ ਵੇਰਵਾ ਇੰਜ ਹੈ:

ਸੋ ਦਰੁ ਅਤੇ ਸੋ ਪੁਰਖੁ  ਦੇ ਨੌਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 8 ਤੋਂ 12 ਪੰਨੇ ਉਪਰ ਅੰਕਤਿ ਹਨ।

ਅਨੰਦ  ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ, ਗੁਰੂ ਗ੍ਰੰਥ ਸਾਹਿਬ ਦੇ ਪੰਨਾ 917 ਅਤੇ 922 ਉਪਰ ਪੜ੍ਹਣ ਦੀ ਕ੍ਰਿਪਾਲਤ ਕਰਨੀ ਜੀ।

ਮੁੰਦਾਵਣੀ ਤੇ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1429 ਉਪਰ ਅੰਕਤਿ ਹੈ।

“ਬੇਨਤੀ ਚੌਪਈ ਅਤੇ ਦੋਹਰਾ”, ਗੁਰੂ ਗ੍ਰੰਥ ਸਾਹਿਬ ਵਿਚ ਅੰਕਤਿ ਨਹੀਂ ਅਤੇ ਨਾਹ ਹੀ ਇਸ ਬਾਰੇ ਸਿੱਖ ਰਹਿਤ ਮਰਯਾਦਾ ਅਤੇ ਨਿੱਤਨੇਮ ਦੇ ਗੁੱਟਕਿਆਂ ਵਿਚ ਕੋਈ ਸੰਕੇਤ ਦਿੱਤਾ ਹੋਇਆ ਹੈ ਕਿ ਇਹ ਬਾਣੀ ਕਿਥੋਂ ਲਈ ਗਈ !

ਕਈ ਕਿਤਾਬਾਂ ਦੀ ਪੜਚੋਲ ਕਰਨ ਉਪਰੰਤ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ “ਬੇਨਤੀ ਚੌਪਈ” ਪੜ੍ਹਣ ਤੋਂ ਬਾਅਦ ਜੇਹੜਾ “ਸਵੈਯਾ ਤੇ ਦੋਹਰਾ” ਪੜ੍ਹੇ ਜਾਂਦੇ ਹਨ, ਉਹ ਇਕ ਸੰਗ੍ਰਹਿ “ਚੌਬੀਸ ਅਵਤਾਰ” ਦੇ ਅਖੀਰਲੇ ਲੜੀ ਨੰਬਰ 863 ਅਤੇ 864 ਵਿਖੇ ਪੜ੍ਹੇ ਜਾ ਸਕਦੇ ਹਨ, ਜਿਸ ਵਿਚ ਪਹਿਲੀ ਚੌਪਈ ਇੰਜ ਆਰੰਭ ਹੁੰਦੀ ਹੈ :

ਅਬ ਚਉਬੀਸ ਉਚਰੌ ਅਵਤਾਰਾ । ਜਿਹ ਬਿਧਿ ਤਿਨ ਕਾ ਲਖਾ ਅਖਾਰਾ ।
ਸੁਨੀਅਹੁ ਸੰਤ ਸਬੈ ਚਿਤ ਲਾਈ । ਬਰਨਤ ਸ੍ਹਯਾਮ ਜਥਾ ਮਤਿ ਭਾਈ ।1।

ਡਾਕਟਰ ਰਤਨ ਸਿੰਘ ਜੱਗੀ ਅਤੇ ਡਾਕਟਰ ਗੁਰਸ਼ਰਨ ਕੌਰ ਜੱਗੀ, ਇਸ ਦੇ ਅਰਥ ਕਰਦੇ ਹਨ: ਹੁਣ (ਮੈਂ) ਚੌਵੀ ਅਵਾਤਾਰਾ (ਦੀ ਕਥਾ) ਕਹਿੰਦਾ ਹਾਂ ਜਿਸ ਤਰ੍ਹਾਂ ਦੀ ਉਨ੍ਹਾਂ ਦੀ ਲੀਲਾ (‘ਅਖਾਰਾ’) ਵੇਖੀ ਹੈ। ਹੇ ਸੰਤੋ ! ਸਾਰੇ ਚਿੱਤ ਲਗਾ ਕੇ ਸੁਣੋ, ਸਿਆਮ (ਕਵੀ) ਨੂੰ (ਜਿਹੋ ਜਿਹਾ) ਚੰਗਾ ਲਗਾ ਹੈ ਉਸ ਦਾ ਆਪਣੀ ਬੁੱਧੀ ਅਨੁਸਾਰ ਵਰਣਨ ਕੀਤਾ ਹੈ ।1।

ਇਹ ਪੜ੍ਹਣ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਰਚਨਾ ਕਿਸੇ “ਸਿਆਮ ਕਵੀ” ਦੀ ਲਿਖੀ ਹੋਈ ਹੈ ਅਤੇ ਇਸ ਵਿਚ ਹਿੰਦੂ ਦੇਵੀ-ਦੇਵਤਿਆਂ, ਪੁਰਾਤਨ ਅਵਤਾਰਾਂ ਤੇ ਰਾਜੇ-ਰਾਣੀਆਂ ਦੀਆਂ ਮਿਥਿਹਾਸਕ ਕਹਾਣੀਆਂ ਦਾ ਹੀ ਵਰਣਨ ਕੀਤਾ ਹੋਇਆ ਹੈ । ਜੇ ਐਸਾ ਸਾਕਤ ਲਿਖਾਰੀ ਰਾਮ, ਰਹੀਮ, ਪੁਰਾਨ, ਕੁਰਾਨ ਨੂੰ ਨਹੀਂ ਮੰਨਦਾ, ਤਾਂ ਇਹ ਸਾਰਾ ਪ੍ਰਸੰਗ ਲਿਖਣ ਦਾ ਇਹ ਭਾਵ ਨਹੀਂ ਕਿ ਉਹ ਇਕ ਅਕਾਲ ਪੁਰਖ ਨੂੰ ਹੀ ਮੰਨਣ ਵਾਲਾ ਹੈ? ਦੋਹਰਾ 864 ਤੋਂ ਬਾਅਦ, ਇਹ ਬਿਆਨ ਕੀਤਾ ਹੋਇਆ ਹੈ ਕਿ “ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਇਣ ਦੀ ਸਮਾਪਤੀ”।

ਆਓ, ਹੁਣ “ਬੇਨਤੀ ਚੌਪਈ” ਬਾਰੇ ਪਤਾ ਕਰੀਏ!

“ਸ੍ਰੀ ਦਸਮ-ਗ੍ਰੰਥ ਸਾਹਿਬ” ਦੀ ਵਿਆਖਿਆ, ਡਾਕਟਰ ਰਤਨ ਸਿੰਘ ਜੱਗੀ ਅਤੇ ਡਾਕਟਰ ਗੁਰਸ਼ਰਨ ਕੌਰ ਜੱਗੀ ਨੇ ਪੰਜਾਂ ਭਾਗਾਂ ਵਿਚ ਕੀਤੀ, ਜਿਸ ਨੂੰ ਗੋਬਿੰਦ ਸਦਨ ਇੰਨਸਟੀਚਿਊਟ ਫਾਰ ਐਡਵਾਂਸਡ ਸਟੱਡੀਜ਼ ਇਨ ਕੰਪੈਰੇਟਿਵ ਰਿਲਜਿਨ, ਗਦਾਈਪੁਰ, ਮਹਿਰੌਲੀ, ਨਵੀਂ ਦਿੱਲੀ-110030 ਨੇ ‘ਖਾਲਸਾ ਤੀਜੀ ਜਨਮ ਸ਼ਤਾਬਦੀ 13 ਅਪ੍ਰੈਲ 1999 ਨੂੰ ਪ੍ਰਕਾਸ਼ਤ ਕੀਤਾ । ਇਸ ਵਿਚ ਅੰਕਤਿ ਰਚਨਾਵਾਂ ਹਨ:

1. ਜਾਪ ਸਾਹਿਬ; 2. ਅਕਾਲ ਉਸਤਤਿ; 3. ਬਚਿਤ੍ਰ ਨਾਟਕ; 4. ਚੰਡੀ ਚਰਿਤ੍ਰ (ਉਕਤਿ ਬਿਲਾਸ); 5. ਚੰਡੀ ਚਰਿਤ੍ਰ 2; 6. ਵਾਰ ਦੁਰਗਾ ਕੀ (ਚੰਡੀ ਦੀ ਵਾਰ); 7. ਗਿਆਨ ਪ੍ਰਬੋਧ; 8. ਚੌਬੀਸ ਅਵਤਾਰ; 9. ਕ੍ਰਿਸਨਾਵਤਾਰ; 10. ਚੌਬੀਸ ਅਵਤਾਰ (ਨਰ ਅਵਤਾਰ, ਬਊਦ ਅਵਤਾਰ, ਨਿਹਕਲੰਕੀ ਅਵਤਾਰ, ਮਹਿਦੀ ਅਵਤਾਰ); 11. ਬ੍ਰਹਮਾ ਅਵਤਾਰ; 12. ਰੁਦ੍ਰ ਅਵਤਾਰ (ਦੱਤ, ਪਾਰਸਨਾਥ); 13. ਸ਼ਬਦ; 14. ਸਵੈਯੇ; 15. ਸ਼ਸਤ੍ਰ ਨਾਮ ਮਾਲਾ; 16. ਚਰਿਤ੍ਰੋਪਾਖਿਆਨ; 17. ਜ਼ਫਰਨਾਮਾ ਅਤੇ 18. ਹਿਕਾਇਤਾਂ

ਚਰਿਤ੍ਰੋਪਾਖਿਆਨ” ਇਕ ਬਹੁਤ ਲੰਬੀ ਕਾਵ-ਰਚਨਾ ਹੈ, ਜਿਸ ਵਿਚ ਕਈ ਪ੍ਰਕਾਰ ਦੀਆਂ ਚੌਪਈਆਂ, ਦੋਹਰੇ, ਸੋਰਠਾ, ਅੜਿਲ, ਆਦਿਕ ਅਤੇ ਇਨ੍ਹਾਂ ਦੇ ਕੁਲ ਲੜੀ ਨੰਬਰ ਹਨ = 7,539 ਅਤੇ ਇਸ ਨੂੰ 404 ਚਰਿਤ੍ਰਾਂ ਵਿਚ ਅੰਕਤਿ ਕੀਤਾ ਹੋਇਆ ਹੈ (ਚਰਿਤ੍ਰ ਨੰਬਰ 1 ਤੋਂ ਲੈ ਕੇ 404 ਤੱਕ) । ਇਸ ਦਾ ਪਹਿਲਾ ਛੰਦ ਹੈ:

ਤੁਹੀ ਖੜਗਧਾਰਾ ਤੁਹੀ ਬਾਢਵਾਰੀ ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ।
ਹਲਬੀ ਜੁਨਬੀ ਮਗਰਬੀ ਤੁਹੀ ਹੈ । ਨਿਹਾਰੌ ਜਹਾ ਆਪੁ ਠਾਢੀ ਵਹੀ ਹੈ ।1।

ਅਰਥ: ਸ੍ਰੀ ਭਗੌਤੀ ਨੂੰ ਨਮਸਕਾਰ ਕਰਕੇ, ਪਾਖਿਆਨ ਦਾ ਪਹਿਲਾ ਚਰਿਤ੍ਰ ਸ਼ੁਰੂ ਹੁੰਦਾ ਹੈ । ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵਢਣ ਵਾਲੀ ਤਲਵਾਰ ਹੈ । ਤੂੰ ਹੀ ਤੀਰ, ਤਲਵਾਰ, ਕਾਤੀ, ਕਟਾਰੀ, ਹਲਬੀ, ਜੁਨਬੀ, ਮਗਰਬੀ (ਆਦਿ ਇਲਾਕਿਆਂ ਦੇ ਸ਼ਸਤ੍ਰ ਅਸਤ੍ਰ) ਹੈਂ । ਜਿਥੇ ਵੀ ਵੇਖਦਾ ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੈ ।1।
ਇਵੇਂ ਹੀ ਆਖੀਰਲਾ ਚਰਿਤ੍ਰ ਨੰਬਰ 404 (ਲੜੀ ਨੰਬਰ 1 ਤੋਂ 405 ਤੱਕ) ਸ਼ੁਰੂ ਹੁੰਦਾ ਹੈ:

ਸਬੁਧਿ ਬਾਚ ਚੌਪਈ
ਸਤਿ ਸੰਧਿ ਇਕ ਭੂਪ ਭਨਿਜੈ । ਪ੍ਰਥਮੇ ਸਤਿਜੁਗ ਬੀਚ ਕਹਿਜੈ ।
ਜਿਹ ਜਸ ਪੁਰੀ ਚੌਦੰਹੂ ਛਾਯੋ । ਨਾਰਦ ਰਿਖਿ ਤਬ ਰਾਇ ਮੰਗਾਯੋ ।1।

ਅਰਥ: ਸਬੁਧਿ ਨੇ ਕਿਹਾ - ਚੌਪਈ । ਸਤਿ ਸੰਧਿ ਨਾ ਦਾ ਇਕ ਰਾਜਾ ਦਸਿਆ ਜਾਂਦਾ ਸੀ । (ਉਹ) ਪਹਿਲੇ (ਯੁਗ, ਅਰਥਾਤ) ਸਤਿਯੁਗ ਵਿਚ ਹੋਇਆ ਕਿਹਾ ਜਾਂਦਾ ਸੀ । ਉਸ ਦਾ ਯਸ਼ ਚੌਦਾਂ ਲੋਕਾਂ ਵਿਚ ਪਸਰਿਆ ਹੋਇਆ ਸੀ । ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ ।1। ਇੰਜ, ਇਹ ਪ੍ਰਸੰਗ ਚਲਦਾ ਚਲਦਾ ਲੜੀ ਨੰਬਰ 375 ‘ਤੇ ਆ ਜਾਂਦਾ ਹੈ :

ਪੁਨਿ ਰਾਛਸ ਕਾ ਕਾਟਾ ਸੀਸਾ । ਸ੍ਰੀ ਅਸਿਕੇਤੁ ਜਗਤ ਕੇ ਈਸਾ ।
ਪੁਹਪਨ ਬ੍ਰਿਸਟਿ ਗਗਨ ਤੇ ਭਈ । ਸਭਹਿਨ ਆਨਿ ਬਧਾਈ ਦਈ ।375।

ਅਰਥ: ਫਿਰ ਜਗਤ ਦੇ ਸੁਆਮੀ ਅਸਿਕੇਤੁ ਨੇ ਰਾਖਸ਼ ਦਾ ਸੀਸ ਕਟ ਦਿੱਤਾ । ਆਕਾਸ਼ ਤੋਂ ਫੁਲਾਂ ਦੀ ਬਰਖਾ ਹੋਈ । ਸਾਰਿਆਂ ਨੇ ਆ ਕੇ ਵਧਾਈ ਦਿੱਤੀ ।375।

ਧੰਨ੍ਹਯ ਧੰਨ੍ਹਯ ਲੋਗਨ ਕੇ ਰਾਜਾ । ਦੁਸਟਨ ਦਾਹ ਗਰੀਬ ਨਿਵਾਜਾ ।
ਅਖਲ ਭਵਨ ਕੇ ਸਿਰਜਨਹਾਰੇ । ਦਾਸ ਜਾਨਿ ਮੁਹਿ ਲੇਹੁ ਉਬਾਰੇ ।376।

ਅਰਥ: (ਅਤੇ ਕਿਹਾ) ਹੇ ਲੋਕਾਂ ਦੇ ਰਾਜੇ ! ਤੁਸੀਂ ਧੰਨ ਹੋ, (ਤੁਸੀਂ) ਦੁਸ਼ਟਾਂ ਨੂੰ ਮਾਰ ਕੇ ਗ਼ਰੀਬਾਂ ਦੀ ਰਖਿਆ ਕੀਤੀ ਹੈ । ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ ! ਦਾਸ ਜਾਣ ਕੇ ਮੇਰੀ ਰਖਿਆ ਕਰੋ ।376।
{ਅਸ਼ਲੀਲੀ, ਲੱਚਰ, ਬੇਸ਼ਰਮੀ ਪ੍ਰਸੰਗਾਂ ਬਾਰੇ ਤਾਂ ਬਚਿਤ੍ਰ ਨਾਟਕ ਨੂੰ ਪੜ੍ਹਣ ਵਾਲੇ ਹੀ ਜਾਣਨ ?}

ਇਸ ਤੋਂ ਬਾਅਦ, ਸਿੱਖ ਰਹਿਤ ਮਰਯਾਦਾ ਵਾਲੀ “ਕਬ੍ਹਯੋ ਬਾਚ ਬੇਨਤੀ ਚੌਪਈ” ਆਰੰਭ ਹੁੰਦੀ ਹੈ :

ਹਮਰੀ ਕਰੋ ਹਾਥ ਦੈ ਰਛਾ । ਪੂਰਨ ਹੋਇ ਚਿਤ ਕੀ ਇਛਾ ।
ਤਵ ਚਰਨਨ ਮਨ ਰਹੈ ਹਮਾਰਾ । ਅਪਨਾ ਜਾਨ ਕਰੋ ਪ੍ਰਤਿਪਾਰਾ ।377।

ਅਰਥ: ਕਵੀ ਨੇ ਬੇਨਤੀ ਕੀਤੀ, ਚੌਪਈ : (ਹੇ ਪਰਮ ਸੱਤਾ !) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ । (ਤਾਂ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ । ਮੇਰਾ ਮਨ (ਸਦਾ) ਤੁਹਾਡੇ ਚਰਨਾਂ ਨਾਲ ਜੜਿਆ ਰਹੇ । ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ ।377।

ਜੇ ਅਸਿਧੁਜ ਤਵ ਸਰਨੀ ਪਰੇ । ਤਿਨ ਕੇ ਕਾਲ ਦੁਸਟ ਦੁਖਿਤ ਹੈਵ ਮਰੇ ।
ਪੁਰਖ ਜਵਨ ਪਗੁ ਕਰੇ ਤਿਹਾਰੇ । ਤਿਨ ਕੇ ਤੁਮ ਸੰਕਟ ਸਭ ਟਾਰੇ ।397।

ਅਰਥ: ਹੇ ਅਸਿਧੁਜ ! ਜੋ ਤੁਹਾਡੀ ਸ਼ਰਨ ਵਿਚ ਪੈਂਦੇ ਹਨ, ਉਨ੍ਹਾਂ ਦੇ ਦੁਸ਼ਟ (ਦੁਸ਼ਮਨ) ਦੁਖੀ ਹੋ ਕੇ ਮਰਦੇ ਹਨ । (ਜੋ) ਪੁਰਸ਼ ਤੁਹਾਡੀ ਸ਼ਰਨ ਵਿਚ ਪੈਂਦੇ ਹਨ, ਉਨ੍ਹਾਂ ਦੇ ਸਾਰੇ ਸੰਕਟ ਤੁਸੀਂ ਦੂਰ ਕਰ ਦਿੰਦੇ ਹੋ ।397।

ਖੜਗਕੇਤੁ ਮੈ ਸਰਨਿ ਤਿਹਾਰੀ । ਆਪੁ ਹਾਥ ਦੈ ਲੇਹੁ ਉਬਾਰੀ ।
ਸਰਬ ਠੌਰ ਮੋ ਹੋਹੁ ਸਹਾਈ । ਦੁਸਟ ਦੋਖ ਤੇ ਲੇਹੁ ਬਚਾਈ ।401।

ਅਰਥ: ਹੇ ਖੜਗਕੇਤ ! ਮੈਂ ਤੁਹਾਡੀ ਸ਼ਰਨ ਵਿਚ ਹਾਂ । ਆਪਣਾ ਹੱਥ ਦੇ ਕੇ (ਮੈਨੂੰ) ਬਚਾ ਲਵੋ । ਸਭ ਥਾਂਵਾਂ ਤੇ ਮੇਰੇ ਸਹਾਇਕ ਹੋ ਜਾਓ । ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ ਬਚਾ ਲਵੋ ।401।

ਕ੍ਰਿਪਾ ਕਰੀ ਹਮ ਪਰ ਜਗਮਾਤਾ । ਗ੍ਰੰਥ ਕਰਾ ਪੂਰਨ ਸੁਭਰਾਤਾ ।
ਕਿਲਬਿਖ ਸਕਲ ਦੇਖ ਕੋ ਹਰਤਾ । ਦੁਸਟ ਦੇਖਿਯਨ ਕੋ ਛੈ ਕਰਤਾ ।402।

ਅਰਥ: ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ (‘ਸਭਰਾਤਾ’) ਗ੍ਰੰਥ ਪੂਰਾ ਕੀਤਾ ਹੈ । (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲੀ ਅਤੇ ਦੁਸ਼ਟਾਂ (ਵੈਰੀਆਂ) ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ ।402। (ਇਹ ਦੇਵੀ, ਅਕਾਲ ਪੁਰਖ ਤਾਂ ਨਹੀਂ ਹੋ ਸਕਦੀ)

ਸ੍ਰੀ ਅਸਿਧੁਜ ਜਬ ਭਏ ਦਯਾਲਾ । ਪੂਰਨ ਕਰਾ ਗ੍ਰੰਥ ਤਤਕਾਲਾ ।
ਮਨ ਬਾਛਤ ਫਲ ਪਾਵੈਂ ਸੋਈ । ਦੁਖ ਨ ਤਿਸੈ ਬਿਆਪਤ ਕੋਈ ।403।

ਅਰਥ: ਜਦ ਸ੍ਰੀ ਅਸਿਧੁਜ (ਮਹਾ ਕਾਲ) ਦਿਆਲ ਹੋਏ, ਤਾਂ ਉਸੇ ਵੇਲੇ (ਮੈਂ ਇਹ) ਗ੍ਰੰਥ ਮੁਕੰਮਲ ਕਰ ਲਿਆ । (ਜੋ ਇਸ ਦਾ ਪਠਨ ਪਾਠਨ ਕਰੇਗਾ) ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ । ਉਸ ਨੂੰ ਕੋਈ ਵੀ ਦੁਖ ਵਿਆਪਤ ਨਹੀਂ ਹੋਵੇਗਾ ।403। (ਸ੍ਰੀ ਅਸਿਧੁਜ ਭੀ ਹਿੰਦੂਆਂ ਦਾ ਕੋਈ ਦੇਵਤਾ ਹੀ ਹੋਵੇਗਾ)

ਅੜਿਲ
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ । ਸੁਨੈ ਮੁੜ ਚਿਤ ਲਾਇ ਚਤੁਰਤਾ ਆਵਈ ।
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੋ ਰਹੈ । ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ।404।

ਅਰਥ: ਇਸ ਗ੍ਰੰਥ ਨੂੰ ਜੇ ਗੁੰਗਾ ਸੁਣੇਗਾ, (ਤਾਂ) ਉਹ ਜੀਭ ਪ੍ਰਾਪਤ ਕਰ ਲਵੇਗਾ । ਜੇ ਮੂਰਖ ਚਿਤ ਲਗਾ ਕੇ ਸੁਣੇਗਾ, (ਤਾਂ ਉਸ ਦੇ ਅੰਦਰ) ਸਿਆਣਪ ਆ ਜਾਏਗੀ । ਉਸ ਵਿਅਕਤੀ ਦੇ ਨੇੜੇ ਦੁਖ, ਦਰਦ ਅਤੇ ਭੈ ਨਹੀਂ ਰਹੇਗਾ, ਜੋ ਇਕ ਵਾਰ ਇਸ ਚੌਪਈ ਦਾ ਪਾਠ ਕਰੇਗਾ ।404। (ਹੁਣ ਤੇ ਹਜ਼ਾਰਾਂ ਵਾਰ ਹੋ ਰਿਹਾ ਹੈ)

ਚੌਪਈ
ਸੰਬਤ ਸਤ੍ਰਹ ਸਹਸ ਭਣਿਜੈ । ਅਰਧ ਸਹਸ ਫੁਨਿ ਤੀਨਿ ਕਹਿਜੈ ।
ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ । ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ।405।

ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੋਂ ਚਾਰ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ।404।7539।ਸਮਾਪਤਮ।

ਅਰਥ: (ਪਹਿਲਾਂ) ਸਤਾਰਾਂ ਸੌ ਸੰਮਤ ਕਹੋ ਅਤੇ (ਫਿਰ ਉਸ ਨਾਲ) ਅੱਧਾ ਸੌ (50) ਅਤੇ ਤਿੰਨ ਕਹੋ (ਅਰਥਾਤ, 1753 ਬਿ:) । ਭਾਦੋਂ ਮਹੀਨੇ ਦੀ ਸੁਦੀ ਅੱਠਵੀਂ ਐਤਵਾਰ ਨੂੰ ਸਤਲੁਜ ਨਦੀ ਦੇ ਕੰਢੇ (ਬੈਠ ਕੇ ਇਹ) ਗ੍ਰੰਥ ਸੰਪੂਰਨ ਕੀਤਾ ।405।

“ਸਿੱਖ ਰਹਿਤ ਮਰਯਾਦਾ” ਵਿਚ ਕੋਈ ਵੇਰਵਾ ਨਹੀਂ ਦਿੱਤਾ ਹੋਇਆ ਕਿ ਇਹ “ਚੌਪਈ” ਕਿਵੇਂ ਅੰਕਤਿ ਕੀਤੀ ਗਈ ਅਤੇ ਇਸ ਦੇ ਲੜੀ ਨੰਬਰ 377 ਤੋਂ ਲੈ ਕੇ 401 ਨੂੰ ਕਿਉਂ ਬਦਲੇ ਗਏ, ਜਿਵੇਂ ਗੁੱਟਕਿਆਂ ਵਿਚ ਇਨ੍ਹਾਂ ਦਾ ਲੜੀ ਨੰਬਰ 1 ਤੋਂ 25 ਲਿਖਿਆ ਹੋਇਆ ਹੈ ? ਫਿਰ, ਬਾਕੀ ਦੇ ਆਖੀਰਲੇ ਲੜੀ ਨੰਬਰ 402 ਤੋਂ ਲੈ ਕੇ 405 ਤੱਕ ਕਿਉਂ ਨਹੀਂ ਸ਼ਾਮਲ ਕੀਤੇ ਗਏ ? ਕੀ ਇਹ ਬੇਨਤੀ ਚੌਪਈ, ਗੁਰੂ ਗ੍ਰੰਥ ਸਾਹਿਬ ਵਿਚ ਅੰਕਤਿ ਗੁਰਬਾਣੀ ਨਾਲ ਮੇਲ ਖਾਂਦੀ ਹੈ?

ਇਸ “ਕਬ੍ਹਯੋ ਬਾਚ ਬੇਨਤੀ ਚੌਪਈ” ਅਤੇ “ਚਰਿਤ੍ਰੋਪਾਖਿਆਨ” ਦੀਆਂ ਹੋਰ ਰਚਨਾਵਾਂ ਵਿਚੋਂ ਐਸਾ ਕੋਈ ਸੰਕੇਤ ਨਹੀਂ ਮਿਲਦਾ, ਜਿਸ ਦੇ ਆਧਾਰ ਤੇ ਇਹ ਕਿਹਾ ਜਾ ਸਕੇ ਕਿ ਇਹ ਸਾਰੀ ਵਾਰਤਾ ਗੁਰੂ ਗੋਬਿੰਦ (ਰਾਇ) ਸਿੰਘ ਸਾਹਿਬ ਦੀ ਆਪਣੀ ਕਿਰਤ ਹੋਵੇ । ਜਿਵੇਂ, ਗੁਰੂ ਸਾਹਿਬਾਨ ਦੀ ਬਾਣੀ (31) ਰਾਗਾਂ ਵਿਚ ਉਚਾਰਣ ਕੀਤੀ ਹੋਈ ਹੈ ਅਤੇ ਉਨ੍ਹਾਂ ਦੀ ਬਾਣੀ “ਮਹਲਾ 1, 2, 3, 4, 5 ਅਤੇ 9” ਹੇਠ ਸ਼ੁਰੂ ਹੁੰਦੀ ਹੈ ਅਤੇ “ਨਾਨਕ” ਨਾਮ ਨਾਲ ਸਮਾਪਤ ਹੁੰਦੀ ਹੈ । ਪਰ, ਇਹ ਚੌਪਈ ਤਾਂ ਕਿਸੇ ਕਵੀ ਦੀ ਲਿਖੀ ਹੋਈ ਜਾਪਦੀ ਹੈ!

ਚਲੋ, ਜੇ ਇਕ ਪਲ ਲਈ, ਇਹ ਮਨ ਭੀ ਲਿਆ ਜਾਏ ਕਿ ਇਹ ਚਰਿਤ੍ਰੋਪਾਖਿਆਨ ਗ੍ਰੰਥ, ਗੁਰੂ ਗੋਬਿੰਦ ਰਾਏ ਸਾਹਿਬ ਨੇ 1753 ਬਿਕਰਮੀ (ਭਾਵ, 1696 ਈਸਵੀ) ਨੂੰ ਲਿਖਵਾ ਲਿਆ ਸੀ, ਤਾਂ ਇਸ ਬਾਰੇ ਗੁਰੂ ਸਾਹਿਬ ਨੇ ਨਾਹ ਤਾਂ 30 ਮਾਰਚ 1699 ਸਮੇਂ ਕੋਈ ਜਾਣਕਾਰੀ ਦਿੱਤੀ ਮਿਲਦੀ ਹੈ ਅਤੇ ਨਾਹ ਹੀ 6 ਅਕਤੂਬਰ 1708 ਨੂੰ?

ਖ਼ੈਰ, ਅਸੀਂ ਬਾਹਰ ਬੈਠੇ ਸਿੱਖ ਪਰਿਵਾਰ ਇਸ ਬਾਰੇ ਖ਼ੋਜ ਕਰਨ ਤੋਂ ਅਸਮਰੱਥ ਹਾਂ ਕਿਉਂਕਿ ਪੁਰਾਤਨ ਖਰੜੇ ਤਾਂ ਪੰਜਾਬ ਵਿਖੇ ਹੀ ਉਪਲਬਧ ਹੋ ਸਕਦੇ ਹਨ । ਪਰ, ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਨ੍ਹਾਂ ਵਲੋਂ ਲਗਾਏ ਹੋਏ ਪ੍ਰਬੰਧਕਾਂ ਨੇ ਕੋਈ ਸੇਧ ਦੇਣ ਦੀ ਕ੍ਰਿਪਾਲਤਾ ਨਹੀਂ ਕੀਤੀ । ਸਗੋਂ, ਜਦੋਂ ਭੀ ਕਿਸੇ ਸਿੱਖ ਨੇ ਮੇਹਨਤ ਕਰਕੇ, ਕੋਈ ਖ਼ੋਜ ਕਰਨ ਦਾ ਓਪਰਾਲਾ ਕੀਤਾ, ਤਾਂ ਉਸ ਨੂੰ ਗੁਰੂ ਪੰਥ ਵਿਚੋਂ ਹੀ ਖ਼ਾਰਜ ਕਰ ਦਿੱਤਾ ਗਿਆ ਤਾਂ ਜੋ ਹੋਰ ਕੋਈ ਐਸੀ ਵਿਚਾਰ ਪ੍ਰਗਟ ਨਾ ਕਰੇ ? ਕਈ ਸਿੱਖ ਮੰਡਲੀਆਂ ਤਾਂ ਬੇਨਤੀ ਚੌਪਈ ਦਾ ਪਾਠ ਕਰਨ ਵਿਚ ਇਵੇਂ ਮਸਤ ਹਨ ਜਿਵੇਂ ਕਿ ਉਨ੍ਹਾਂ ਦੀਆਂ ਸਾਰੀਆ ਮੁਰਾਦਾਂ ਪੂਰੀਆਂ ਹੋ ਜਾਣ (ਦੇਖੋ, ਲੜੀ ਨੰਬਰ 402, 403, 404)

ਅਤੇ ਗੁਰੂ ਗਰੰਥ ਸਾਹਿਬ ਦੇ ਪੰਨੇ 417-418 ॥ {ਦੋਵੇਂ ਸ਼ਬਦ ਪੜ੍ਹਣ ਨਾਲ ਹੋਰ ਭੀ ਸੋਝੀ ਪ੍ਰਾਪਤ ਹੋਵੇਗੀ}

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ
ਮੁਛਿ ਮੁਛਿ ਕੋਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥ 4 ॥

ਇਸ ਸਾਲ, ਗੁਰੂ ਗਰੰਥ ਸਾਹਿਬ ਦਾ (300) ਸਾਲਾ ਗੁਰਗੱਦੀ ਦਿਵਸ 7 ਅਕਤੂਬਰ 2008 ਨੂੰ ਆ ਰਿਹਾ ਹੈ । ਇਸ ਲਈ, ਸਾਰੇ ਸਿੱਖਾਂ ਨੂੰ ਹੀ ਬੇਨਤੀ ਹੈ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਚਾਹੀਦਾ ਹੈ ਅਤੇ ਕਿਸੇ ਹੋਰ ਗ੍ਰੰਥ ਜਾਂ ਰਚਨਾ ਦਾ ਸਹਾਰਾ ਨਾਹ ਲਈਏ । ਜੇ ਅਸੀਂ ਗੁਰੂ ਗਰੰਥ ਸਾਹਿਬ ਦੇ 1 ਤੋਂ 13 ਪੰਨੇ ਧਿਆਨ ਨਾਲ ਪੜ੍ਹੀਏ ਤਾਂ ਸੋਝੀ ਮਿਲਦੀ ਹੈ ਕਿ ਸਵੇਰੇ “ਜਪੁ ਜੀ ਸਾਹਿਬ”, ਸ਼ਾਮ ਨੂੰ “ਰਹਿਰਾਸ” ਅਤੇ ਸੌਣ ਵੇਲੇ “ਸੋਹਿਲਾ” ਦਾ ਰੋਜ਼ ਪਾਠ ਕਰਨਾ ਸਾਡਾ ਨਿੱਤਨੇਮ ਹੋਵੇ ਅਤੇ ਉਸ ਤੋਂ ਉਪ੍ਰੰਤ ਹੋਰ ਵਧੇਰੇ ਬਾਣੀ ਸੋਚ-ਸਮਝ ਕੇ ਭੀ ਪੜ੍ਹੀ ਜਾਵੇ । ਇਸ ਲਈ, ਸਿੱਖ ਰਹਿਤ ਮਰਯਾਦਾ ਨੂੰ ਦੁਬਾਰਾ ਸੋਧਿਆ ਜਾਣਾ ਚਾਹੀਦਾ ਹੈ, ਤਾਂ ਜੋ ਸਾਡਾ “ਨਿੱਤਨੇਮ ਅਤੇ ਅੰਮ੍ਰਿਤ ਸੰਸਕਾਰ” ਗੁਰੂ ਗਰੰਥ ਸਾਹਿਬ ਅਨੁਸਾਰ ਹੀ ਕੀਤਾ ਜਾਵੇ।

ਬੇਨਤੀ ਕਰਤਾ ਅਤੇ ਖਿਮਾ ਦਾ ਜਾਚਕ, ਇਕ ਭੁਲਣਹਾਰ ਸਾਧਾਰਨ ਸਿੱਖ,
ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ) 6 ਅਪ੍ਰੈਲ 2008


ਟਿੱਪਣੀ: ਸ੍ਰ. ਗੁਰਮੀਤ ਸਿੰਘ ਜੋ ਕਿ ਸਿੱਡਨੀ, ਆਸਟ੍ਰੇਲੀਆ, ਰਹਿੰਦੇ ਨੇ, ਉਨ੍ਹਾਂ ਨੇ ਇਹ ਲੇਖ 6 ਅਪ੍ਰੈਲ 2008 'ਚ ਲਿਖਿਆ ਸੀ, ਜੋ ਕਿ ਉਨ੍ਹਾਂ ਨੇ ਅੱਜ ਭੇਜਿਆ ਹੈ।

ਚੌਪਈ ਗੁਰਬਾਣੀ ਨਹੀਂ, ਹੋਰ ਸਾਫ ਕਰ ਦਈਏ, ਕਿ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਹੀ ਹੈ ਜੋ ਕਿ "ੴ ਤੋਂ ਲੈ ਕੇ ਮੁੰਦਾਵਣੀ" ਤੱਕ ਹੈ। ਨਿੱਤਨੇਮ 'ਚ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਅਤੇ ਅਖੌਤੀ ਦਸਮ ਗ੍ਰੰਥ 'ਚੋਂ ਲਿਖਤਾਂ ਸ਼ਾਮਿਲ ਹਨ, ਉਹ ਪੰਥਕ ਸਿੱਖ ਰਹਿਤ ਮਰਿਆਦਾ ਦਾ ਹਿੱਸਾ ਹਨ, ਜੋ ਕਿ ਕੜੀ ਮਿਹਨਤ ਨਾਲ ਤਿਆਰ ਕੀਤੀ ਗਈ, ਪਰ ਇਸ 'ਚ ਵੀ ਸਮਝੌਤਾਵਾਦੀ ਰੁੱਖ ਅਖ਼ਤਿਆਰ ਕੀਤਾ ਗਿਆ। ਇਸ 'ਚ ਬਦਲਾਅ (ਸੰਸ਼ੋਧਨ, Amendment) ਜ਼ਰੂਰੀ ਹੈ, ਕਿਉਂਕਿ ਇਹ ਕੋਈ ਗੁਰਬਾਣੀ ਨਹੀਂ, ਜਿਸ 'ਚ ਰੱਦੋਬਦਲ ਨਾ ਕੀਤਾ ਜਾ ਸਕੇ। ਪਰ ਇਹ ਸੰਸ਼ੋਧਨ ਕਿਸੇ ਇੱਕ ਵਿਅਕਤੀ ਵਲੋਂ ਨਾ ਹੋ ਕੇ, ਆਪਸ 'ਚ ਬੈਠ ਕੇ ਕੀਤਾ ਜਾਣਾ ਚਾਹੀਦਾ ਹੈ, ਜਿਸ ਲਈ ਉਪਰਾਲੇ ਸ਼ੁਰੂ ਹੋ ਚੁਕੇ ਹਨ। ਪਰ, ਇਹ ਖਿਆਲ ਰਖਿਆ ਜਾਵੇ ਕਿ ਗੁਰਬਾਣੀ ਨੂੰ ਆਧਾਰ ਮੰਨ ਕੇ ਹੀ ਉਹ ਬਦਲਾਅ ਕੀਤੇ ਜਾਣ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top