Share on Facebook

Main News Page

ਢੱਡਰੀਆਂ ਵਾਲੇ ਦਾ ਸਫ਼ੇਦ ਚੋਲਾ ਵੀ ਹੋਇਆ ਦਾਗਦਾਰ

* ਚੇਲੇ ਨੇ ਲਾਏ ਪੁਲਿਸ ਕੋਲੋਂ ਤਸ਼ੱਦਦ ਕਰਾਉਣ ਤੇ ਜ਼ਬਰੀ ਕੇਸ ਕਤਲ ਕਰਨ ਦੇ ਦੋਸ਼, ਡੇਰੇ ਦੀਆਂ ਕਰਤੂਤਾਂ ਦਾ ਵੀ ਕੀਤਾ ਪਰਦਾਫਾਸ਼

ਚੰਡੀਗੜ੍ਹ/ ਬਿਊਰੋ ਨਿਊਜ਼: ਸਮੇਂ-ਸਮੇਂ ਵਿਵਾਦਾਂ ਵਿਚ ਰਹਿਣ ਵਾਲੇ ਕੌਮਾਂਤਰੀ ਪ੍ਰਸਿੱਧ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ 'ਸਤਿਕਾਰਤ ਸ਼ਖ਼ਸੀਅਤ' ਇਕ ਵਾਰ ਮੁੜ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਗਾਉਣ ਦਾ ਦਾਅਵਾ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਸੰਤ ਢੱਡਰੀਆਂ ਵਾਲੇ ਦੇ ਇਕ ਪੁਰਾਣੇ ਚੇਲੇ ਨੇ ਦੋਸ਼ ਲਗਾਇਆ ਹੈ ਕਿ ਸੰਤ ਢੱਡਰੀਆਂ ਵਾਲੇ ਦੇ ਕਹਿਣ 'ਤੇ ਪੁਲਿਸ ਨੇ ਉਸ ਨੂੰ ਖਾੜਕੂਵਾਦ ਵੇਲੇ ਦੇ ਬਦਨਾਮ ਤੇ ਡਰਾਉਣੇ ਤਸੀਹਾ ਕੇਂਦਰ ਲੱਡਾ ਕੋਠੀ ਵਿਚ ਰੱਖ ਕੇ ਅੰਨ੍ਹਾ ਤਸ਼ੱਦਦ ਕੀਤਾ, ਅਲਫ਼ ਨੰਗਾ ਕਰਕੇ ਗੁਪਤ ਅੰਗਾਂ ਅਤੇ ਕੰਨ੍ਹਾਂ 'ਤੇ ਕਰੰਟ ਲਗਾਏ ਅਤੇ ਕੇਸ ਤੱਕ ਕਤਲ ਕਰ ਦਿੱਤੇ। ਚੇਲੇ ਦਾ ਦੋਸ਼ ਸਿਰਫ਼ ਇਹ ਸੀ ਕਿ ਉਹ ਸੰਤ ਢੱਡਰੀਆਂ ਵਾਲੇ ਦੇ ਡੇਰੇ ਵਿਚ ਨਹੀਂ ਰਹਿਣਾ ਚਾਹੁੰਦਾ ਸੀ ਅਤੇ ਡੇਰੇ ਵਿਚ ਹੁੰਦੇ ਅਨੈਤਿਕ ਕੰਮਾਂ ਵਿਰੁੱਧ ਬੋਲਦਾ ਸੀ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਬਲਿਆਲ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਲੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੁੱਧ ਚਿੱਟੇ ਦਾਮਨ ਨੂੰ ਤਾਰ-ਤਾਰ ਕਰਨ ਵਾਲੇ ਲਗਾਏ ਦੋਸ਼ ਅੱਜ-ਕੱਲ੍ਹ ਇੰਟਰਨੈਟ 'ਤੇ ਸੁਰਖੀਆਂ ਵਿਚ ਹਨ। ਭਾਵੇਂਕਿ ਪੰਜਾਬ ਦੇ ਚਲੰਤ ਮੀਡੀਆ ਵਲੋਂ ਇਸ ਗੰਭੀਰ ਤੇ ਸੰਵੇਦਨਸ਼ੀਲ ਮਾਮਲੇ ਨੂੰ ਤਵੱਜੋਂ ਨਹੀਂ ਦਿੱਤੀ ਗਈ, ਪਰ ਵਿਦੇਸ਼ੀ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸ਼ਖ਼ਸੀਅਤ ਨੂੰ ਘਿਨਾਉਣੇ ਰੂਪ ਵਿਚ ਪੇਸ਼ ਕਰਨ ਵਾਲਾ ਇਹ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। 'ਪਰਵਾਸੀ' ਰੇਡੀਓ ਵਲੋਂ ਵੀ ਇਸ ਮਾਮਲੇ 'ਤੇ ਵਿਸਥਾਰਤ ਚਰਚਾ ਕੀਤੀ ਗਈ ਸੀ।

ਲਗਾਤਾਰ 4-5 ਸਾਲ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਢੋਲਕ ਵਜਾਉਣ ਦੀ ਸੇਵਾ ਨਿਭਾਉਣ ਦਾ ਦਾਅਵਾ ਕਰਨ ਵਾਲੇ ਸੁਖਵਿੰਦਰ ਸਿੰਘ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ ਕਰਦਿਆਂ ਦੱਸਿਆ ਕਿ ਉਸ ਨੂੰ ਸੰਤ ਢੱਡਰੀਆਂ ਵਾਲਿਆਂ ਨੇ 23 ਅਪ੍ਰੈਲ ਨੂੰ ਮੁਹਾਲੀ ਜ਼ਿਲ੍ਹੇ ਦੇ ਬਨੂੜ ਸ਼ਹਿਰ ਤੋਂ ਪੁਲਿਸ ਕੋਲੋਂ ਚੁਕਵਾ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਖ਼ਤਰਨਾਕ ਅਪਰਾਧੀਆਂ ਤੋਂ ਪੁੱਛ-ਗਿੱਛ ਕਰਨ ਵਾਲੇ ਲੱਡਾ ਕੋਠੀ ਤਸੀਹਾ ਕੇਂਦਰ ਵਿਚ ਰੱਖਿਆ ਗਿਆ। ਜਦੋਂ ਪੁਲਿਸ ਨੂੰ ਹਾਈਕੋਰਟ ਤੋਂ ਵਾਰੰਟ ਅਫ਼ਸਰ ਦੇ ਆਉਣ ਦਾ ਪਤਾ ਲੱਗਾ ਤਾਂ 5-6 ਦਿਨ ਅੰਨ੍ਹੇਵਾਹ ਤਸ਼ੱਦਦ ਕਰਨ ਤੋਂ ਬਾਅਦ ਭਵਾਨੀਗੜ੍ਹ ਪੁਲਿਸ ਥਾਣੇ ਲਿਆ ਕੇ ਉਸ 'ਤੇ ਅਵਾਰਾਗਰਦੀ ਦਾ ਮਾਮਲਾ ਦਰਜ ਕਰ ਲਿਆ।

ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਅੰਮ੍ਰਿਤਧਾਰੀ ਸਿੰਘ ਹੋਣ ਦੇ ਬਾਵਜੂਦ ਸੰਤ ਢੱਡਰੀਆਂ ਵਾਲੇ ਦੇ ਕਹਿਣ 'ਤੇ ਪੁਲਿਸ ਨੇ ਅਲਫ਼ ਨੰਗਾ ਕਰਕੇ ਥਾਣੇ ਦੀ ਹਵਾਲਾਤ ਵਿਚ ਡੱਕਿਆ। ਕਈ ਦਿਨ ਖਾਣ-ਪੀਣ ਲਈ ਕੁਝ ਵੀ ਨਹੀਂ ਦਿੱਤਾ। ਨੰਗੇ ਕਰਕੇ ਗੁਪਤ ਅੰਗਾਂ 'ਤੇ ਕਰੰਟ ਲਗਾਏ ਅਤੇ ਘੋਟਣੇ ਵੀ ਫ਼ੇਰੇ ਗਏ। ਉਸ ਨੇ ਦੋਸ਼ ਲਗਾਏ ਕਿ ਪੁਲਿਸ ਵਾਲਿਆਂ ਨੇ ਉਸ ਦੇ ਕੇਸ ਤੱਕ ਕਤਲ ਕਰ ਦਿੱਤੇ ਅਤੇ ਪੁਲਿਸ ਵਾਲਿਆਂ ਨੇ ਇਹ ਵੀ ਆਖਿਆ ਕਿ ਅਸੀਂ ਸੰਤ ਢੱਡਰੀਆਂ ਵਾਲਿਆਂ ਦੇ ਕਹਿਣ 'ਤੇ ਅਜਿਹਾ ਕੀਤਾ ਹੈ। ਉਸ ਨੇ ਦੱਸਿਆ ਕਿ ਜਦੋਂ ਪੁਲਿਸ ਨੂੰ ਇਹ ਪਤਾ ਲੱਗਾ ਕਿ ਉਸ ਦੇ ਮਾਪਿਆਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅਪੀਲ ਕਰਕੇ ਵਰੰਟ ਅਫ਼ਸਰ ਲੈ ਕੇ ਥਾਣਿਆਂ ਵਿਚ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤਾਂ ਭਵਾਨੀਗੜ੍ਹ ਪੁਲਿਸ ਨੇ 30 ਅਪ੍ਰੈਲ ਨੂੰ ਉਸ ਨੂੰ ਅਵਾਰਾਗਰਦੀ ਦਾ ਕੇਸ ਦਰਜ ਕਰਕੇ ਸੰਗਰੂਰ ਜੇਲ੍ਹ ਵਿਚ ਭੇਜ ਦਿੱਤਾ। ਸੁਖਵਿੰਦਰ ਸਿੰਘ ਅਨੁਸਾਰ ਉਸ ਦੇ ਮਾਪਿਆਂ ਨੇ 2 ਮਈ ਨੂੰ ਉਸ ਦੀ ਜ਼ਮਾਨਤ ਕਰਵਾਈ।

ਜ਼ਮਾਨਤ ਤੋਂ ਬਾਅਦ ਸੁਖਵਿੰਦਰ ਸਿੰਘ ਵੱਲੋਂ ਸੰਤ ਢੱਡਰੀਆਂ ਵਾਲਿਆਂ 'ਤੇ ਆਚਰਣਹੀਣਤਾ ਸਮੇਤ ਕਈ ਹੋਰ ਸੰਗੀਨ ਦੋਸ਼ ਲਗਾਏ ਗਏ ਜਿਸ ਦੇ ਨਾਲ-ਨਾਲ ਉਨ੍ਹਾਂ ਖੁਦ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ, ਤਸ਼ੱਦਦ ਕਰਨ ਅਤੇ ਕੇਸ ਕਤਲ ਕਰਨ ਦੇ ਦੋਸ਼ਾਂ ਨੂੰ ਆਧਾਰ ਬਣਾ ਕੇ ਸੰਤ ਢੱਡਰੀਆਂ ਵਾਲਿਆਂ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਕਰ ਦਿੱਤਾ। ਜਿਸ ਮਾਮਲੇ ਦੀ ਅਗਲੀ ਸੁਣਵਾਈ 31 ਮਈ ਨੂੰ ਹੋਵੇਗੀ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ, ਸੀਆਈਏ ਸਟਾਫ਼ ਪਟਿਆਲਾ, ਐਸ ਐਸ ਪੀ ਪਟਿਆਲਾ ਅਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਨੋਟਿਸ ਜਾਰੀ ਕਰਦਿਆਂ 10 ਮਈ ਨੂੰ ਹਾਜ਼ਰ ਹੋਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਮਾਮਲੇ ਦੀ ਅਗਲੀ ਤਰੀਕ 31 ਮਈ ਪਾ ਦਿੱਤੀ ਗਈ ਹੈ।

ਡੇਰੇ ਵਿਚ ਸੇਵਾਦਾਰ ਦੇਖਦੇ ਸਨ ਅਸ਼ਲੀਲ ਫ਼ਿਲਮਾਂ, ਡਰਾਈਵਰ ਨੇ ਵਿਆਹ ਤੋਂ ਬਿਨ੍ਹਾਂ 5 ਦਿਨ ਡੇਰੇ 'ਚ ਰੱਖੀ ਮੰਗੇਤਰ, ਫ਼ਿਰ ਤੋੜੀ ਮੰਗਣੀ

ਸੁਖਵਿੰਦਰ ਸਿੰਘ ਦਾ ਦਾਅਵਾ ਹੈ ਕਿ ਉਹ ਸਾਲ 2002 ਵਿਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕੋਲ ਪਟਿਆਲਾ-ਸੰਗਰੂਰ ਮਾਰਗ 'ਤੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਵਿਖੇ ਗਿਆ ਸੀ। ਉਸ ਨੇ 2006-07 ਤੱਕ ਸੰਤ ਰਣਜੀਤ ਸਿੰਘ ਦੇ ਨਾਲ ਕੀਰਤਨ ਦੀਵਾਨਾਂ ਵਿਚ ਢੋਲਕ ਵਜਾਉਣ ਦੀ ਸੇਵਾ ਕੀਤੀ। ਉਸ ਨੇ ਦੱਸਿਆ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਵਿਚ ਕਿਸੇ ਵੀ ਸੇਵਾਦਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੱਕ ਨਾਲ ਫ਼ੋਨ 'ਤੇ ਗੱਲ ਕਰਨ ਦੀ ਆਗਿਆ ਨਹੀਂ ਸੀ। ਉਸ ਨੇ ਆਖਿਆ ਕਿ, ਇਕ ਦਿਨ ਉਸ ਨੂੰ ਪਤਾ ਲੱਗਾ ਕਿ ਸੰਤ ਢੱਡਰੀਆਂ ਵਾਲੇ ਦੇ ਕੁਝ ਖ਼ਾਸ ਸੇਵਾਦਾਰਾਂ ਨੇ ਮਹਿੰਗੇ ਮੋਬਾਇਲ ਫ਼ੋਨ ਰੱਖੇ ਹਨ ਅਤੇ ਉਨ੍ਹਾਂ ਦੇ ਵਿਚ ਅਸ਼ਲੀਲ ਫ਼ਿਲਮਾਂ ਵੀ ਰੱਖੀਆਂ ਹਨ, ਇਸ ਭੇਦ ਨੂੰ ਗੁਪਤ ਰੱਖਣ ਲਈ ਉਸ ਨੂੰ ਢੱਡਰੀਆਂ ਵਾਲੇ ਦੇ ਡਰਾਈਵਰ ਨੇ ਇਕ ਮੋਬਾਇਲ ਫੋਨ ਦੇ ਦਿੱਤਾ। ਸੁਖਵਿੰਦਰ ਸਿੰਘ ਅਨੁਸਾਰ ਉਹ ਫ਼ੋਨ ਰਾਹੀਂ ਆਪਣੇ ਮਾਤਾ-ਪਿਤਾ ਅਤੇ ਭੈਣ ਨਾਲ ਗੱਲਬਾਤ ਕਰਦਾ ਸੀ। ਇਕ ਦਿਨ ਸੰਤ ਢੱਡਰੀਆਂ ਵਾਲੇ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਮੋਬਾਇਲ ਫ਼ੋਨ ਰੱਖਣ ਤੋਂ ਵਰਜਿਆ। ਜਦੋਂ ਸੁਖਵਿੰਦਰ ਸਿੰਘ ਨੇ ਢੱਡਰੀਆਂ ਵਾਲੇ ਨੂੰ ਦੱਸਿਆ ਕਿ ਕਈ ਸੇਵਾਦਾਰਾਂ ਨੇ ਤਾਂ ਚੋਰੀ-ਛਿਪੇ ਰੱਖੇ ਮਹਿੰਗੇ ਮੋਬਾਇਲ ਫ਼ੋਨਾਂ ਵਿਚ ਅਸ਼ਲੀਲ ਵੀਡੀਓ ਵੀ ਰੱਖੀਆਂ ਹਨ ਤਾਂ ਸੰਤ ਢੱਡਰੀਆਂ ਵਾਲੇ ਨੇ ਸੇਵਾਦਾਰਾਂ ਨੂੰ ਕੁਝ ਆਖਣ ਦੀ ਥਾਂ 'ਤੇ ਉਸ ਨੂੰ ਡੇਰੇ ਵਿਚੋਂ ਕੱਢ ਦਿੱਤਾ।

ਸੁਖਵਿੰਦਰ ਸਿੰਘ ਦਾ ਦਾਅਵਾ ਹੈ ਕਿ ਸਾਲ 2010 ਦੇ ਅਖ਼ੀਰ ਵਿਚ ਸੰਤ ਢੱਡਰੀਆਂ ਵਾਲੇ ਦੇ ਕੁਝ ਖ਼ਾਸ ਸਾਥੀਆਂ ਨੇ ਉਸ ਨੂੰ ਮੁੜ ਡੇਰੇ ਬੁਲਾ ਲਿਆ। ਜਦੋਂ ਉਹ ਡੇਰੇ ਆਇਆ ਤਾਂ ਉਸ ਨੂੰ ਘੋੜਿਆਂ ਦੇ ਤਬੇਲੇ, ਪਸ਼ੂਆਂ ਦੇ ਵਾੜੇ ਅਤੇ ਲੰਗਰ ਵਿਚ ਸੇਵਾ 'ਤੇ ਲਗਾ ਦਿੱਤਾ ਗਿਆ। ਇਸੇ ਦੌਰਾਨ 16 ਜਨਵਰੀ 2011 ਨੂੰ ਸੰਤ ਢੱਡਰੀਆਂ ਵਾਲੇ ਦੇ ਡੇਰੇ ਵਿਚ 2 ਕਰੋੜ ਰੁਪਏ ਦੀ ਚੋਰੀ ਹੋ ਗਈ। ਸੰਤ ਢੱਡਰੀਆਂ ਵਾਲੇ ਨੇ ਆਪਣੇ ਨੇੜਲੇ 7 ਸੇਵਾਦਾਰਾਂ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਵਿਖੇ ਫ਼ੜਾ ਦਿੱਤਾ, ਜਿਨ੍ਹਾਂ ਵਿਚ ਸੁਖਵਿੰਦਰ ਸਿੰਘ ਵੀ ਸ਼ਾਮਲ ਸੀ। ਸੁਖਵਿੰਦਰ ਸਿੰਘ ਅਨੁਸਾਰ, 23, 24 ਅਤੇ 25 ਜਨਵਰੀ, 2011 ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਵਿਖੇ ਉਨ੍ਹਾਂ 'ਤੇ ਪੁਲਿਸ ਨੇ ਅੰਨ੍ਹਾ ਤਸ਼ੱਦਦ ਕੀਤਾ, ਜਦੋਂਕਿ ਉਹ ਸਾਰੇ ਚੋਰੀ ਦੇ ਮਾਮਲੇ 'ਚ ਬੇਕਸੂਰ ਸਨ। ਤਿੰਨ ਦਿਨਾਂ ਬਾਅਦ ਸੁਖਵਿੰਦਰ ਨੇ ਪੁਲਿਸ ਤਸ਼ੱਦਦ ਤੋਂ ਤੰਗ ਆ ਕੇ ਸੰਤ ਢੱਡਰੀਆਂ ਵਾਲੇ ਦੇ ਡਰਾਈਵਰ ਹੱਥ ਸੁਨੇਹਾ ਭੇਜਿਆ ਕਿ ਉਹ ਬੇਕਸੂਰ ਹਨ ਅਤੇ ਢੱਡਰੀਆਂ ਵਾਲੇ ਦੇ ਖਿਲਾਫ਼ ਮੀਡੀਆ ਵਿਚ ਜਾਣਗੇ। ਇਸ ਤੋਂ ਬਾਅਦ ਉਸੇ ਸ਼ਾਮ ਨੂੰ ਸੰਤ ਢੱਡਰੀਆਂ ਵਾਲੇ ਨੇ ਆਪਣੀ ਨਿੱਜੀ ਗੱਡੀ ਰਾਹੀਂ ਸਾਰੇ ਸੇਵਾਦਾਰਾਂ ਨੂੰ ਛੁਡਵਾ ਕੇ ਡੇਰੇ ਲੈ ਆਂਦਾ। ਸੁਖਵਿੰਦਰ ਸਿੰਘ ਅਨੁਸਾਰ, ਉਸ ਸਮੇਤ ਬਲਕਾਰ ਸਿੰਘ ਬਚਿੱਤਰ ਸਿੰਘ ਅਤੇ ਕਮਲਪ੍ਰੀਤ ਸਿੰਘ ਡੇਰਾ ਛੱਡ ਕੇ ਵਾਪਸ ਆ ਗਏ ਜਦੋਂਕਿ ਕੁਲਜੀਤ ਸਿੰਘ ਅਤੇ ਹਰਵਿੰਦਰ ਸਿੰਘ ਬਿੱਟੂ ਡੇਰੇ ਵਿਚ ਹੀ ਰਹਿਣ ਲੱਗ ਪਏ।

ਸੁਖਵਿੰਦਰ ਸਿੰਘ ਨੇ ਕੁਝ ਹੋਰ ਅਹਿਮ ਖੁਲਾਸੇ ਕਰਦਿਆਂ ਦੱਸਿਆ ਕਿ ਸੰਤ ਢੱਡਰੀਆਂ ਵਾਲੇ ਨੇ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਵਲੋਂ ਭੇਜੇ ਜਾਂਦੇ ਅੰਨ੍ਹੇਵਾਹ ਪੈਸੇ ਨੂੰ ਆਪਣੀ ਐਸ਼ੋ-ਇਸ਼ਰਤ ਦਾ ਸਾਧਨ ਬਣਾਇਆ ਹੋਇਆ ਹੈ। ਉਸ ਨੇ ਸੰਤ ਢੱਡਰੀਆਂ ਵਾਲੇ 'ਤੇ ਅੱਧੀ ਦਰਜਨ ਦੇ ਲਗਭਗ ਅਤਿ-ਆਧੁਨਿਕ ਸਹੂਲਤਾਂ ਵਾਲੀਆਂ ਕੋਠੀਆਂ, ਕਰੋੜਾਂ ਰੁਪਏ ਮਹਿੰਗੀਆਂ ਕਾਰਾਂ, ਮੋਟਰਸਾਈਕਲ ਰੱਖਣ ਅਤੇ ਵਾਲਵੋ ਬੱਸਾਂ ਰੱਖਣ ਦੇ ਵੀ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਸੰਤ ਢੱਡਰੀਆਂ ਵਾਲੇ ਦੇ ਡੇਰੇ ਵਿਚ ਸ਼ਰ੍ਹੇਆਮ ਅਨੈਤਿਕ ਕੰਮ ਹੁੰਦੇ ਹਨ। ਉਸ ਨੇ ਦੋਸ਼ ਲਗਾਇਆ ਕਿ ਸੰਤ ਢੱਡਰੀਆਂ ਵਾਲੇ ਦੇ ਇਕ ਖ਼ਾਸ ਸੇਵਾਦਾਰ ਨੂੰ ਉਨ੍ਹਾਂ ਨੇ ਕਈ ਵਾਰ ਸੇਵਾਦਾਰ ਮੁੰਡਿਆਂ ਨਾਲ ਬਦਫ਼ੈਲੀ ਕਰਦਿਆਂ ਫ਼ੜਿਆ ਸੀ, ਪਰ ਉਸ ਦੇ ਬਾਵਜੂਦ ਸੰਤ ਢੱਡਰੀਆਂ ਵਾਲੇ ਨੇ ਵਿਭਚਾਰੀ ਸੇਵਾਦਾਰ ਨੂੰ ਡੇਰੇ ਵਿਚੋਂ ਨਹੀਂ ਕੱਢਿਆ। ਉਸ ਨੇ ਸੰਤ ਢੱਡਰੀਆਂ ਵਾਲੇ ਦੇ ਦਾਮਨ ਨੂੰ ਦਾਗ਼ਦਾਰ ਕਰਨ ਵਾਲੇ ਇਕ ਹੋਰ ਦੋਸ਼ ਵਿਚ ਆਖਿਆ ਕਿ ਸੰਤ ਦੇ ਡਰਾਈਵਰ ਪ੍ਰੀਤਮ ਸਿੰਘ ਨੇ ਆਪਣੀ ਮੰਗੇਤਰ ਨੂੰ ਵਿਆਹ ਤੋਂ ਪੰਜ ਦਿਨ ਪਹਿਲਾਂ ਕਈ ਦਿਨ ਡੇਰੇ ਵਿਚ ਰੱਖਿਆ ਅਤੇ ਫ਼ਿਰ ਉਸ ਨੂੰ ਲੈ ਕੇ ਪਟਿਆਲਾ ਅਤੇ ਚੰਡੀਗੜ੍ਹ ਦੇ ਹੋਟਲਾਂ ਵਿਚ ਐਸ਼ ਕਰਦੇ ਰਹੇ। ਜਦੋਂ ਸੰਗਰਾਂਦ ਵਾਲੇ ਦਿਨ ਸੰਤ ਢੱਡਰੀਆਂ ਵਾਲੇ ਨੂੰ ਪਤਾ ਲੱਗਾ ਕਿ, ਉਨ੍ਹਾਂ ਦੇ ਖ਼ਾਸ ਸੇਵਾਦਾਰਾਂ ਦੇ ਇਸ ਅਨੈਤਿਕ ਕੰਮ ਦਾ ਕੁਝ ਸ਼ਰਧਾਲੂਆਂ ਤੇ ਆਮ ਲੋਕਾਂ ਨੂੰ ਪਤਾ ਲੱਗ ਗਿਆ ਹੈ ਤਾਂ ਸੰਤ ਨੂੰ ਦੌਰਾ ਪੈ ਗਿਆ ਸੀ। ਹੋਰ ਬਦਨਾਮੀ ਤੋਂ ਡਰਦਿਆਂ ਸੰਤ ਢੱਡਰੀਆਂ ਵਾਲੇ ਨੇ ਪ੍ਰੀਤਮ ਸਿੰਘ ਤੇ ਉਸ ਦੇ ਇਕ ਹੋਰ ਸਾਥੀ ਗੁਰਪ੍ਰੀਤ ਸਿੰਘ ਨੂੰ ਅਮਰੀਕਾ ਭੇਜ ਦਿੱਤਾ। ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੰਤ ਢੱਡਰੀਆਂ ਵਾਲੇ ਦੇ ਚਹੇਤੇ ਸਾਥੀ ਪ੍ਰੀਤਮ ਸਿੰਘ ਨੇ ਆਪਣੀ ਮੰਗੇਤਰ ਨਾਲ ਵਿਆਹ ਤੋਂ ਪਹਿਲਾਂ ਕਈ ਦਿਨ ਇਕੱਠਿਆਂ ਰਹਿਣ ਤੋਂ ਬਾਅਦ ਉਸ ਨਾਲੋਂ ਮੰਗਣੀ ਤੋੜ ਦਿੱਤੀ। ਉਸ ਨੇ ਦੋਸ਼ ਲਗਾਏ ਕਿ ਸੰਤ ਢੱਡਰੀਆਂ ਵਾਲੇ ਅੱਧੀ-ਅੱਧੀ ਰਾਤ ਨੂੰ ਆਪਣੀ ਨਿੱਜੀ ਗੱਡੀ ਨੂੰ ਖੁਦ ਚਲਾ ਕੇ ਡੇਰੇ ਤੋਂ ਬਾਹਰ ਜਾਂਦੇ-ਆਉਂਦੇ ਸਨ, ਜਿਸ ਦਾ ਕਿਸੇ ਨੂੰ ਵੀ ਕੋਈ ਪਤਾ ਨਹੀਂ ਸੀ ਲੱਗਦਾ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਨੇ ਸੰਤ ਢੱਡਰੀਆਂ ਵਾਲੇ 'ਤੇ ਹੋਰ ਵੀ ਸੰਗੀਨ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਸੰਤ ਢੱਡਰੀਆਂ ਵਾਲੇ ਦੇ ਪੰਜਾਬ ਦੇ ਬਹੁਤ ਸਾਰੇ ਉਚ ਪੁਲਿਸ ਅਫ਼ਸਰਾਂ ਨਾਲ ਨੇੜਲੇ ਸਬੰਧ ਹਨ ਅਤੇ ਡੇਰੇ ਦੇ ਸੇਵਾਦਾਰਾਂ ਨੂੰ ਡਰਾਉਣਾ, ਧਮਕਾਉਣਾ ਅਤੇ ਮਾਰਕੁੱਟ ਕਰਵਾਉਣੀ ਆਮ ਜਿਹੀ ਗੱਲ ਹੈ।

ਸਾਰੇ ਦੋਸ਼ ਡੂੰਘੀ ਸਾਜ਼ਿਸ਼ ਦਾ ਹਿੱਸਾ, ਕਿਸੇ ਵੀ ਉਚ ਪੱਧਰੀ ਜਾਂਚ ਲਈ ਤਿਆਰ ਹਾਂ: ਸੰਤ ਢੱਡਰੀਆਂ ਵਾਲੇ

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣੇ ਇਕ ਪੁਰਾਣੇ ਸੇਵਾਦਾਰ ਵਲੋਂ ਲਗਾਏ ਸੰਗੀਨ ਦੋਸ਼ਾਂ ਨੂੰ ਡੂੰਘੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਪਿਛਲੇ 13 ਸਾਲਾਂ ਤੋਂ ਦੇਸ਼ਾਂ-ਵਿਦੇਸ਼ਾਂ ਵਿਚ ਗੁਰਮਤਿ ਦਾ ਪ੍ਰਚਾਰ ਕਰਦਿਆਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਦੇ ਸਾਰੇ ਦੋਸ਼ ਝੂਠੇ ਅਤੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਸੰਤ ਢੱਡਰੀਆਂ ਵਾਲਿਆਂ ਨੇ ਆਪਣੇ ਸਪੱਸ਼ਟੀਕਰਨ ਦੀ ਇਕ ਪੌਣੇ ਘੰਟੇ ਦੀ ਵੀਡੀਓ ਫ਼ੁਟੇਜ ਇੰਟਰਨੈਟ 'ਤੇ ਪਾਈ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਆਚਰਣ 'ਤੇ ਲੱਗੇ ਦੋਸ਼ ਦੀ ਸਫ਼ਾਈ ਦਿੰਦਿਆਂ ਆਖਿਆ ਕਿ ਅੱਜ ਤੱਕ ਆਪਣੀ ਕਿਸੇ ਪਰਿਵਾਰਕ ਜਾਂ ਰਿਸ਼ਤੇਦਾਰ ਔਰਤ ਨਾਲ ਵੀ ਇਕੱਲਿਆਂ ਮੁਲਾਕਾਤ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਉਹ ਆਪਣੇ ਆਚਰਣ ਅਤੇ ਬ੍ਰਹਮਚਾਰੀ ਹੋਣ ਸਬੰਧੀ ਹਰ ਤਰ੍ਹਾਂ ਦੀ ਡਾਕਟਰੀ ਜਾਂਚ ਕਰਵਾਉਣ ਲਈ ਵੀ ਤਿਆਰ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਡੇਰੇ ਦੇ 85 ਫ਼ੀਸਦੀ ਸੇਵਾਦਾਰ ਗ੍ਰਹਿਸਥ ਜੀਵਨ ਦੇ ਧਾਰਨੀ ਹਨ ਅਤੇ ਡੇਰੇ ਵਿਚ ਅਨੈਤਿਕ ਕੰਮਾਂ ਦੇ ਦੋਸ਼ ਵੀ ਬਿਲਕੁਲ ਝੂਠੇ ਹਨ। ਉਨ੍ਹਾਂ ਆਖਿਆ ਕਿ ਉਹ ਇਕ ਕੌਮਾਂਤਰੀ ਪ੍ਰਸਿੱਧ ਧਾਰਮਿਕ ਸ਼ਖ਼ਸੀਅਤ ਹੋਣ ਦੇ ਨਾਤੇ ਆਪਣੇ ਡੇਰੇ ਵਿਚ ਕੋਈ ਵੀ ਅਜਿਹਾ ਕੰਮ ਨਹੀਂ ਹੋਣ ਦਿੰਦੇ, ਜਿਸ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸਿੱਖ ਪੰਥ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਆਖਿਆ ਕਿ ਸੁਖਵਿੰਦਰ ਸਿੰਘ ਵਲੋਂ ਪੁਲਿਸ ਕੋਲੋਂ ਅਣਮਨੁੱਖੀ ਤਸ਼ੱਦਦ ਕਰਵਾਉਣ ਦੇ ਦੋਸ਼ ਬਿਲਕੁਲ ਬੇਬੁਨਿਆਦ ਹਨ ਅਤੇ ਉਹ ਸੁਖਵਿੰਦਰ ਸਿੰਘ ਵਲੋਂ ਲਗਾਇਆ ਕੋਈ ਵੀ ਦੋਸ਼ ਸਾਬਤ ਹੋ ਜਾਣ 'ਤੇ ਹਰ ਤਰ੍ਹਾਂ ਦੀ ਸਜ਼ਾ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਆਖਿਆ ਕਿ, ''ਮੈਨੂੰ ਖੁਦ ਪਤਾ ਹੈ ਕਿ ਜਿਨ੍ਹਾਂ ਕੇਸਾਂ ਨੂੰ ਰਖਵਾਉਣ ਲਈ ਮੈਂ ਦੇਸ਼ਾਂ-ਵਿਦੇਸ਼ਾਂ ਵਿਚ ਲੋਕਾਂ ਨੂੰ ਪ੍ਰੇਰਿਤ ਕਰਦਾ ਹਾਂ, ਜੇਕਰ ਮੈਂ ਕੈਂਚੀ ਨਾਲ ਕਿਸੇ ਸਿੱਖ ਦੇ ਕੇਸ ਕਟਵਾਉਂਦਾ ਹਾਂ ਤਾਂ ਉਹ ਕੈਂਚੀ ਮੇਰੀਆਂ ਜੜ੍ਹਾਂ ਵੀ ਵੱਢ ਦੇਵੇਗੀ।''

ਮਾਮਲਾ ਗੜਬੜ ਹੈ

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਸੁਖਵਿੰਦਰ ਸਿੰਘ ਦੇ ਦੋਸ਼ਾਂ ਦੇ ਜੁਆਬ ਦਿੰਦਿਆਂ ਕੁਝ ਅਜਿਹੇ ਨੁਕਤੇ ਸਾਹਮਣੇ ਆਏ ਹਨ, ਜਿਹੜੇ ਮਾਮਲੇ ਨੂੰ ਸ਼ੱਕੀ ਬਣਾਉਂਦੇ ਹਨ। ਸੰਤ ਢੱਡਰੀਆਂ ਵਾਲੇ ਦੇ ਪੁਰਾਣੇ ਸੇਵਾਦਾਰ ਸੁਖਵਿੰਦਰ ਸਿੰਘ ਅਨੁਸਾਰ ਸੰਤ ਢੱਡਰੀਆਂ ਵਾਲੇ ਦੇ ਡੇਰੇ 2 ਕਰੋੜ ਰੁਪਏ ਦੀ ਚੋਰੀ ਹੋਈ ਸੀ, ਜਦੋਂਕਿ ਸੰਤ ਢੱਡਰੀਆਂ ਵਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਡੇਰੇ 25 ਲੱਖ ਰੁਪਏ ਦੀ ਚੋਰੀ ਹੋਈ ਸੀ, ਉਹ ਰਕਮ ਜਨਵਰੀ 2011 ਨੂੰ ਹਜ਼ੂਰ ਸਾਹਿਬ ਯਾਤਰਾ ਤੋਂ ਬਾਅਦ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਦੀਆਂ ਸੰਗਤਾਂ ਨੇ ਉਨ੍ਹਾਂ ਨੂੰ ਭੇਟਾ ਵਜੋਂ ਦਿੱਤੀ ਸੀ।

੦ ਸੰਤ ਢੱਡਰੀਆਂ ਵਾਲਿਆਂ ਦਾ ਆਖਣਾ ਹੈ ਕਿ ਉਨ੍ਹਾਂ ਦੇ ਕੋਲ 19-20 ਅਪ੍ਰੈਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਇਕ ਵਕੀਲ ਸੁਖਵਿੰਦਰ ਸਿੰਘ ਦੇ ਮਾਪਿਆਂ ਵਲੋਂ ਉਨ੍ਹਾਂ ਖਿਲਾਫ਼ ਆਪਣੇ ਪੁੱਤਰ ਨੂੰ ਲਾਪਤਾ ਕਰਨ ਸਬੰਧੀ ਸੰਮਨ ਦੇਣ ਆਇਆ ਸੀ, ਜਦੋਂਕਿ ਸੁਖਵਿੰਦਰ ਸਿੰਘ ਦਾ ਆਖਣਾ ਹੈ ਕਿ ਉਸ ਨੂੰ 23 ਅਪ੍ਰੈਲ ਨੂੰ ਪੁਲਿਸ ਨੇ ਚੁੱਕਿਆ ਸੀ ਅਤੇ 26 ਅਪ੍ਰੈਲ ਨੂੰ ਉਸ ਦੇ ਮਾਪੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਤੇ ਮਨੁੱਖੀ ਅਧਿਕਾਰਾਂ ਦੇ ਕੌਮਾਂਤਰੀ ਪ੍ਰਸਿੱਧ ਕਾਰਕੁੰਨ ਰਾਜਵਿੰਦਰ ਸਿੰਘ ਬੈਂਸ ਕੋਲ ਗਏ। ਮਿਤੀ 27 ਅਪ੍ਰੈਲ ਨੂੰ ਹਾਈਕੋਰਟ ਨੇ ਉਨ੍ਹਾਂ ਦੀ ਪਟੀਸ਼ਨ 'ਤੇ ਵਾਰੰਟ ਅਫ਼ਸਰ ਨੂੰ ਸੁਖਵਿੰਦਰ ਸਿੰਘ ਦੀ ਭਾਲ ਦੇ ਆਦੇਸ਼ ਦਿੱਤੇ ਅਤੇ 28 ਅਪ੍ਰੈਲ ਨੂੰ ਵਾਰੰਟ ਅਫ਼ਸਰ ਨੂੰ ਨਾਲ ਲੈ ਕੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਅਤੇ ਸੁਖਵਿੰਦਰ ਸਿੰਘ ਦੇ ਮਾਪੇ ਸੀ.ਆਈ.ਏ. ਸਟਾਫ਼ ਪਟਿਆਲਾ ਸਮੇਤ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ 'ਚ ਪੁੱਜੇ। ਉਸੇ ਦਿਨ ਹੀ ਵਕੀਲ ਤੇ ਵਾਰੰਟ ਅਫ਼ਸਰ ਸੰਮਨ ਲੈ ਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲ ਵੀ ਗਏ।

ਢੱਡਰੀਆਂ ਵਾਲਾ ਤਾਂ ਸੀ.ਆਈ.ਏ. ਸਟਾਫ਼ ਕੋਲ ਪੁੱਛਗਿੱਛ ਲਈ ਬੰਦੇ ਭੇਜਦਾ ਹੀ ਰਹਿੰਦਾ ਸੀ

ਸੁਖਵਿੰਦਰ ਸਿੰਘ ਦੇ ਵਕੀਲ ਅਤੇ ਕੌਮਾਂਤਰੀ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁੰਨ ਰਾਜਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਜਦੋਂ ਉਹ 28 ਅਪ੍ਰੈਲ ਨੂੰ ਵਾਰੰਟ ਅਫ਼ਸਰ ਨੂੰ ਨਾਲ ਲੈ ਕੇ ਪਟਿਆਲਾ ਦੇ ਸੀ.ਆਈ.ਏ. ਸਟਾਫ਼ ਕੋਲ ਗਏ ਤਾਂ ਉਥੋਂ ਦੇ ਅਧਿਕਾਰੀਆਂ ਨੇ ਸੁਖਵਿੰਦਰ ਸਿੰਘ ਦਾ ਅਤਾ-ਪਤਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਨਾਲ ਹੀ ਅਧਿਕਾਰੀਆਂ ਨੇ ਇਹ ਮੰਨਿਆ ਸੀ ਕਿ ਸੰਤ ਢੱਡਰੀਆਂ ਵਾਲੇ ਦੇ ਕਹਿਣ 'ਤੇ ਅਸੀਂ ਹਰ 2-3 ਮਹੀਨੇ ਬਾਅਦ 1-2 ਸੇਵਾਦਾਰਾਂ ਨੂੰ ਪੁੱਛਗਿੱਛ ਲਈ ਇਥੇ ਲਿਆਉਂਦੇ ਰਹਿੰਦੇ ਹਾਂ।

ਵਿਵਾਦਾਂ ਨਾਲ ਨਵਾਂ ਰਿਸ਼ਤਾ ਨਹੀਂ ਢੱਡਰੀਆਂ ਵਾਲੇ ਬਾਬੇ ਦਾ

ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸੰਤ ਹੋਣ ਕਰਕੇ ਵੱਖਰੀ ਪਛਾਣ ਰੱਖਦਾ ਹੈ। ਉਹ 16 ਸਾਲ ਦੀ ਉਮਰ ਵਿਚ 'ਸੰਤ' ਬਣ ਕੇ ਸਿੱਖੀ ਪ੍ਰਚਾਰ ਖੇਤਰ ਵਿਚ ਆਇਆ ਸੀ। ਸੰਤ ਢੱਡਰੀਆਂ ਵਾਲੇ ਨੇ ਜਿਥੇ ਆਪਣੀ ਛੋਟੀ ਉਮਰ, ਸੁਨੱਖਾ ਰੰਗ, ਬੋਲਚਾਲ ਦੇ ਪ੍ਰਭਾਵਸ਼ਾਲੀ ਅਤੇ ਮਨਮੋਹਨੇ ਅੰਦਾਜ਼ ਕਰਕੇ ਬਹੁਤ ਛੇਤੀ ਸ਼ੋਹਰਤ ਦੀਆਂ ਬੁਲੰਦੀਆਂ ਹਾਸਲ ਕਰ ਲਈਆਂ, ਉਥੇ ਉਹ ਸਮੇਂ-ਸਮੇਂ 'ਤੇ ਵਿਵਾਦਾਂ ਵਿਚ ਫ਼ਸਦੇ ਰਹੇ ਅਤੇ ਉਨ੍ਹਾਂ ਦੀ ਸੰਤ ਸ਼ਖ਼ਸੀਅਤ ਅਤੇ ਗੁਰਮਤਿ ਸੂਝ-ਬੂਝ 'ਤੇ ਵੀ ਸਵਾਲ ਉਠਦੇ ਰਹੇ। ਲਗਭਗ 4-5 ਸਾਲ ਪਹਿਲਾਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਇਕ ਵੀਡੀਓ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਸਨ, ਜਿਸ ਵਿਚ ਦਿਖਾਇਆ ਗਿਆ ਸੀ ਕਿ ਸੰਤ ਢੱਡਰੀਆਂ ਵਾਲੇ ਨੇ ਆਪਣੇ ਸਿਰ 'ਤੇ ਕਲਗੀ ਲਗਾਈ ਹੋਈ ਹੈ ਅਤੇ ਉਹ ਦੇਹਧਾਰੀ ਗੁਰੂਆਂ ਵਾਂਗ ਔਰਤਾਂ, ਬਜ਼ੁਰਗਾਂ, ਬੱਚਿਆਂ ਅਤੇ ਮੁਟਿਆਰਾਂ ਕੋਲੋਂ ਮੱਥੇ ਟਿਕਵਾ ਰਹੇ ਹਨ ਅਤੇ ਆਸ਼ਰੀਵਾਦ ਦੇ ਰਹੇ ਹਨ। ਅਜਿਹਾ ਗੁਰਮਤਿ ਵਿਚ ਵਰਜ਼ਿਤ ਹੋਣ ਕਰਕੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਹੋਇਆ ਸੀ। ਬਾਅਦ ਵਿਚ ਸੰਤ ਢੱਡਰੀਆਂ ਵਾਲੇ ਨੇ ਇਹ ਕਹਿ ਕੇ ਮੁਆਫ਼ੀ ਮੰਗੀ ਸੀ ਕਿ ਉਨ੍ਹਾਂ ਨੂੰ ਗੁਰਮਤਿ ਵਿਚ ਮੱਥਾ ਟਿਕਵਾਉਣ ਦੀ ਮਨਾਹੀ ਦਾ ਪਤਾ ਨਹੀਂ ਸੀ।

ਇਸ ਤੋਂ ਇਲਾਵਾ ਸੰਤ ਢੱਡਰੀਆਂ ਵਾਲੇ 'ਤੇ ਰੰਗ-ਬਿਰੰਗੇ ਚੋਲੇ ਪਹਿਨਣ, ਕੱਚੀ ਬਾਣੀ ਪੜ੍ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਭਨਿਆਰਾਂਵਾਲੇ 'ਤੇ ਹਮਲਾ ਕਰਨ ਵਾਲੇ ਇਕ ਨੌਜਵਾਨ ਦੇ ਪਰਿਵਾਰ ਦਾ ਨਿਰਾਦਰ ਕਰਨ ਵਰਗੇ ਦੋਸ਼ ਲੱਗਦੇ ਰਹੇ। ਦੋ ਸਾਲ ਪਹਿਲਾਂ ਪੰਜਾਬੀ ਗਾਇਕ ਬੱਬੂ ਮਾਨ ਵਲੋਂ ਗਾਏ ਗੀਤ 'ਇਕ ਬਾਬਾ ਨਾਨਕ ਸੀ, ਜਿਨ੍ਹੇ ਤੁਰ ਕੇ ਦੁਨੀਆ ਗਾਹ 'ਤੀ, ਇਕ ਅੱਜ-ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ 'ਤੇ ਲਾ 'ਤੀ' ਨੂੰ ਲੈ ਕੇ ਵੀ ਸੰਤ ਢੱਡਰੀਆਂ ਵਾਲੇ ਬੇਲੋੜੇ ਵਿਵਾਦਾਂ ਵਿਚ ਘਿਰ ਗਏ ਸਨ। ਇਸ ਗੀਤ ਵਿਚ ਉਨ੍ਹਾਂ ਦਾ ਕੋਈ ਜ਼ਿਕਰ ਨਾ ਹੋਣ ਦੇ ਬਾਵਜੂਦ ਸੰਤ ਢੱਡਰੀਆਂ ਵਾਲੇ ਨੇ ਬੱਬੂ ਮਾਨ ਦੀ ਜੰਮ ਕੇ ਆਲੋਚਨਾ ਕੀਤੀ ਸੀ ਅਤੇ 'ਚੋਰ ਦੀ ਦਾੜ੍ਹੀ 'ਚ ਤਿਨਕਾ' ਦੀ ਕਹਾਵਤ ਅਨੁਸਾਰ ਆਪਣੇ ਆਪ ਵਿਵਾਦਾਂ ਵਿਚ ਫ਼ਸ ਗਏ ਸਨ। ਉਸ ਵੇਲੇ ਵੀ ਸੂਝਵਾਨ ਅਤੇ ਬੁੱਧੀਜੀਵੀ ਵਰਗ ਨੇ ਛੋਟੀ ਉਮਰ ਦੇ ਇਸ ਸੰਤ ਨੂੰ ਚੰਚਲ ਬਿਰਤੀ ਵਾਲਾ, ਨਿਆਣਮਤੀਆ ਅਤੇ ਅਸਹਿਣਸ਼ੀਲ ਆਖਿਆ ਸੀ।

ਪਿਛਲੇ ਕੁਝ ਸਮੇਂ ਤੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਆਪਣੇ ਪ੍ਰਚਲਿਤ ਧਾਰਨਾਵਾਂ ਵਾਲੇ ਕੀਰਤਨ ਦੇ ਨਾਲ ਅਖੰਡ ਕੀਰਤਨੀ ਜਥੇ ਦੀ ਰਵਾਇਤ ਵਾਂਗ ਕੀਰਤਨ ਕਰਨ ਲੱਗ ਪਏ ਸਨ ਅਤੇ ਉਨ੍ਹਾਂ ਨੇ ਆਪਣਾ ਬਾਣਾ ਵੀ ਨਿਹੰਗ ਸਿੰਘਾਂ ਵਾਲਾ ਅਪਣਾ ਲਿਆ ਸੀ।

Source: http://www.parvasi.com/index.php?option=com_content&task=view&id=11947&Itemid=87


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top