Share on Facebook

Main News Page

ਬਰਬਾਦੀ ਦੇ ਰਾਹ ਪਿਆ ਪੰਜਾਬੀ ਸਭਿਆਚਾਰ
- ਸੁਰਜੀਤ ਸਿੰਘ ਝਬੇਲਵਾਲੀ

ਰਾਗ ਸੰਗੀਤ ਕਲਾ ਤੇ ਸਾਹਿਤ ਮੱਨੁਖੀ ਮਨ ਦੀ ਸਿਰਜਣਾ ਦੇ ਰੂਪ ਹਨ। ਸੰਗੀਤ ਨਾਲ ਮਨੁੱਖ ਦਾ ਰਿਸ਼ਤਾ ਜਨਮ ਸਮੇ ਦੀ ਪਹਿਲੀ ਲੋਰੀ ਤੋਂ ਮਰਨ ਸਮੇ ਦੇ ਆਖਰੀ ਵੈਣਾ ਤੱਕ ਰਹਿੰਦਾ ਹੈ। ਸੰਗੀਤ ਵਿੱਚ ਇੰਨੀ ਸ਼ਕਤੀ ਹੈ, ਕਿ ਮਨੁੱਖ ਤਾਂ ਕੀ ਪੱਛੂ-ਪੰਛੀਆਂ ਨੂੰ ਵੀ ਮੰਤਰ ਮੁਗਧ ਕਰ ਸਕਦਾ ਹੈ। ਪੁਰਾਤਨ ਵੇਦ-ਗਰੰਥਾਂ ਵਿੱਚ ਸਾਮ ਵੇਦ ਸੰਗੀਤ ਨਾਲ ਸਬੰਧਤ ਵੇਦ ਸੀ। ਅਤੇ ਪਾਂਣਨੀ ਰਿਸ਼ੀ ਦੀ ਲਿਖੀ ਸੰਸਕ੍ਰਿਤ ਦੀ ਵਿਆਕਰਣ, ਚਾਰ ਹਜਾਰ ਸਲੋਕਾਂ ਵਿੱਚ ਕਾਵਿਕ ਰੂਪ ਵਿੱਚ ਮਿਲਦੀ ਹੈ।

ਸ੍ਰੀ ਗੁਰੁ ਗਰੰਥ ਸਾਹਿਬ ਜੀ ਦੀ ਪਾਵਨ ਬਾਣੀ 31 ਰਾਗਾਂ ਵਿੱਚ ਲਿਖੀ ਗਈ ਹੈ। ਰਾਗ ਦੀ ਮਹੱਤਤਾ ਬਾਰੇ ਭਰਥਰੀ ਹਰੀ ਨੇ ਕਿਹਾ ਸੀ ‘ਜਿਸਨੂੰ ਕਵਿਤਾ ਤੇ ਰਾਗ ਦੀ ਸਮਝ ਨਾਹੀ ਉਹ ਸਿੰਗਾਂ ਤੇ ਪੂਛ ਤੋਂ ਬਿਨਾ ਪੱਛੂ ਹੁੰਦਾ ਏ’। ਮਾਂ ਬੋਲੀ ਪੰਜਾਬੀ ਵਿੱਚ ਨਾਥ ਜੋਗੀਆਂ ਦੀ ਭਾਸ਼ਾ ਦਾ ਖ਼ਜਾਨਾ ਸਾਨੂੰ ਕਾਵ ਰੂਪ ਵਿੱਚ ਹੀ ਮਿਲਦਾ ਹੈ। ਗੱਲ ਕੀ ਸੰਗੀਤ ਮਾਨਵ ਕਲਿਆਣ ਦਾ ਮਾਰਗ ਸੀ, ਰੂਹ ਦੀ ਖੁਰਾਕ ਸੀ ਅਤੇ ਗਿਆਨ ਦਾ ਜਰੀਆ ਸੀ ਤੇ ਮਨੁੱਖ ਦੇ ਇਕੱਲੇਪਨ ਦਾ ਸਾਥੀ ਸੀ। ਜਿਸ ਨੇ ਮਨੁੱਖ ਦੇ ਜੀਵਨ ਮੁੱਲਾਂ ਨੂੰ ਸਦੈਵ ਜਿਉਂਦਾ ਰੱਖਿਆ। ਪੰਜਾਬੀ ਸਹਿਤ ਦੇ ਬੋਲੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਸੰਗੀਤ ਵਿਚਾਰਾ ਅਸ਼ਲੀਲਤਾ, ਨੰਗੇਜਵਾਦ, ਲੱਚਰਤਾ, ਹਿੰਸਾ ਆਦਿ ਦੇ ਪੈਗਾਮ ਦਾ ਸਾਧਨ ਬਣਿਆ। ਸੰਗੀਤ ਦੀ ਵਰਤੋਂ ਸਮਾਜ ਨੂੰ ਗਲਤ ਲੀਹਾਂ ਵਲ ਲਿਜਾਣ ਲੱਗੀ। ਸੰਗੀਤ ਦੀਆਂ ਪਿਆਰੀਆਂ ਠੰਡ ਪਾਉਂਣ ਵਾਲੀਆਂ ਧੁੰਨਾ ਰਾਹੀਂ ਬਦਇਖਲਾਕੀ, ਬੇਸ਼ਰਮੀ ਅਤੇ ਅਨੁਸ਼ਾਸ਼ਣਹੀਣਤਾ ਦਾ ਪ੍ਰਸ਼ਾਦ ਅੰਨ੍ਹੇ ਵਾਹ ਬਿਨਾ ਰੋਕ-ਟੋਕ ਵੰਡਿਆ ਗਿਆ। ਸਿੱਟਾ ਇਹ ਨਿਕਲਿਆ ਕਿ 15-20 ਸਾਲਾਂ ਵਿੱਚ ਵੇਖਦਿਆਂ-ਵੇਖਦਿਆਂ ਪੰਜਾਬ ਨਸ਼ੇ ਦੇ ਛੇਵੇਂ ਦਰਿਆ ਵਿੱਚ ਰੁੜਨ ਲੱਗਿਆ। ਭਰੂਣ-ਹੱਤਿਆ ਦੀ ਗਿਣਤੀ ਚਰਮਸੀਮਾ ਤੱਕ ਪਹੁੰਚਣ ਲੱਗੀ। ਸਿਖਿਆ ਦਾ ਮਿਆਰ ਡਿੱਗਣ ਲੱਗਿਆ। ਪਰਿਵਾਰਕ ਸਬੰਧਾਂ ਵਿੱਚ ਭਰੋਸਾ ਅਤੇ ਪੁਖਤਗੀ ਘੱਟਣ ਲੱਗੀ ਅਤੇ ਤਲਾਕਾਂ ਦੀ ਗਿਣਤੀ ਵਧਣ ਲੱਗੀ।

ਜਿੰਦਗੀ ਵਿੱਚ ਪਰਿਵਾਰ ਦਾ ਸਕੰਲਪ ਜਿਥੇ ਪਤੀ-ਪਤਨੀ, ਮਾਂ-ਪਿਓ ਅਤੇ ਬੱਚੇ ਮਹਿਫੂਜ਼ ਹੋਣ ਅਤੇ ਇਕੱਠੇ ਰਹਿੰਦੇ ਹੋਣ, ਸਾਡੇ ਅਮੀਰ ਵਿਰਸੇ ਦੀ ਨਿਸ਼ਾਨੀ ਸੀ, ਜਿਹੜਾ ਦਿਨੋ ਦਿਨ ਕਮਜੋਰ ਹੋ ਰਿਹਾ ਹੈ। ਪੰਜਾਬੀ ਗਾਇਕ ਅਤੇ ਗੀਤਕਾਰ ਜਿੰਨਾ ਵਿਚੋਂ ਬਹੁਤੇ ਅਨ੍ਹਪੜ ਜਾਂ ਅੱਧਪ੍ਹੜ ਹਨ, ਕੋਈ ਵਿਰਲਾ-ਵਾਝਾਂ ਹੀ ਯੂਨੀਵਰਸਿਟੀ ਪਹੁੰਚਾ ਹੋਇਆ ਹੈ। ਇਨ੍ਹਾਂ ਨੂੰ ਤਾਂ ਸਿਰਫ ਇਹ ਹੀ ਪਤਾ ਹੈ, ਕਿ ਸ਼ੋਹਰਤ ਅਤੇ ਦੌਲਤ ਕਿਵੇਂ ਪ੍ਰਪਾਤ ਕਰਨੇ ਹਨ। ਇਨ੍ਹਾਂ ਨੂੰ ਇਸ ਤੋਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਦਾ ਨਹੀਂ ਪਤਾ। ਮਨੁੱਖੀ ਮਨ ਦੀ ਤਰਜਮਾਨੀ ਕਰਨ ਵਾਲੇ ਗੀਤਾਂ ਨੂੰ ਪੂੰਜੀਵਾਦੀ ਯੁੱਗ ਦੀਆਂ ਮਸ਼ੀਨੀ ਭਾਵਨਾਵਾਂ ਤੇ ਮਾਇਆ ਦੇ ਸੱਪ ਨੇ ਡੱਸ ਲਿਆ ਹੈ। ਜਿਸ ਕਰਕੇ ਅਣਖੀਲਾ ਕਹਾਇਆ ਜਾਣ ਵਾਲਾ ਸਭਿਆਚਾਰ, ਅੱਜ ਕੱਲ ਦੇ ਪੰਜਾਬੀ ਗੀਤਾਂ ਵਿਚੋਂ ਬੜੀ ਮੁਸ਼ਕਲ ਨਾਲ ਲੱਭਦਾ ਹੈ। ਪੰਜਾਬੀ ਗੀਤਾਂ ਅਤੇ ਵੀਡੀਓ ਰਾਹੀਂ ਦਿਖਾਈ ਜਾਂਦੀ ਤਿੰਨ-ਚੌਥਾਈ ਨੰਗੀ ਕੁੜੀ, ਕਿਸੇ ਦੀ ਧੀ-ਭੈਣ ਸਪੁੱਤਨੀ ਜਾਂ ਮਾਂ ਨਾ ਹੋ ਕੇ, ਇੱਕ ਭੋਗਣ ਵਾਲੀ ਵਸਤੂ ਦੇ ਰੂਪ ਵਿੱਚ ਪੇਸ਼ ਕੀਤੀ ਜਾਣ ਲੱਗੀ ਹੈ।

ਪੰਜਾਬੀ ਸਰੋਤਾ ਅਤੇ ਦਰਸ਼ਕ ਮਨੋਵਿਆਗਨਕ ਤੌਰ 'ਤੇ ਡਰਪੋਕ ਹੋ ਗਿਆ। ਜਿਹੜਾ ਕੁੜੀ ਦਾ ਬਾਪ ਜਾਂ ਭਰਾ ਅਖਵਾਉਂਣ ਤੋਂ ਭੈਅ ਖਾਣ ਲੱਗਿਆ। ਸ਼ਾਇਦ ਲੜਕੀਆਂ ਨੂੰ ਇੰਨਾ ਡਰ ਮੁਗਲਾਂ ਵੇਲੇ ਵੀ ਨਹੀਂ ਸੀ। ਅੱਜ ਵੀ ਅਫਗਸਿਤਾਨ ਸਮੇਤ ਅਰਬ ਦੇਸ਼ਾਂ ਜਾਂ ਫਿਰ ਖੁਲ੍ਹੇ ਕਹਾਉਂਦੇ ਪੱਛਮੀ ਦੇਸ਼ਾਂ ਵਿੱਚ ਵੀ ਲੜਕੀਆਂ ਸਾਡੇ ਮੁਲਕ ਨਾਲੋਂ ਕਿਤੇ ਵੱਧ ਮਹਿਫੂਜ਼ ਨੇ। ਸਭਿਆਚਾਰ ਦੇ ਨਾਂ ਹੇਠ ਦਿੱਤੀ ਹੋਈ ਬੇਸ਼ਰਮ ਖੁਲ੍ਹ ਹੇਠਾਂ ਲੜਕੀਆਂ ਦਾ ਸਕੂਲਾਂ-ਕਾਲਜਾਂ ਵਿੱਚ ਜਾਣਾ ਸੁਰਿਅੱਖਤ ਨਾ ਰਿਹਾ।

ਪੰਜਾਬ ਵਿੱਚ ਇਨ੍ਹਾਂ ਗਾਇਕਾਂ ਦੀ ਬੇਰੋਕ ਭੀੜ ਨੇ ਪੰਜਾਬ ਨੂੰ ਮਿਰਜਿਆਂ-ਰਾਝਿਆਂ ਮੁਫਤ ਵਿੱਚ ਲੜਕੀਆਂ ਪਿੱਛੇ ਪੈਟਰੌਲ ਫੂਕਣ ਵਾਲਿਆਂ, ਜਿਪਸੀਆਂ-ਸਪਾਰੀਆਂ ਉਪਰ ਅਪਣੇ ਪਿੰਡ ਦੀਆਂ ਧੀਆਂ-ਭੈਣਾ ਦੇ ਨਾਂ ਲਿਖਣ ਵਾਲਿਆਂ ਦੀ ਫੈਕਟਰੀ ਬਣਾ ਦਿੱਤਾ। ਇੰਝ ਜਾਪਣ ਲੱਗਿਆ ਜਿਵੇਂ ਪੰਜਾਬ ਵਿੱਚ ਬੰਦੇ-ਬਹਾਦਰ, ਅਟਾਰੀ-ਨਲੂਏ ਘੱਟ ਅਤੇ ਕਦਾਚਾਰੀ, ਬਲਾਤਕਾਰੀ ਆਸ਼ਕ ਵੱਧ ਵੱਸਦੇ ਹੋਣ। ਪੰਜਾਬ ਦੇ ਅਮੀਰ ਵਿਰਸੇ ਸਭਿਆਚਾਰ ਦੇ ਡਾਕੂ ਬਣੇ, ਇਨ੍ਹਾਂ ਮਾਂ-ਬੋਲੀ ਦੇ ਨਲਾਇਕ ਨਿਰਲੱਜ ਵਾਰਸਾਂ ਨੇ, ਕੁੜੀ ਨੂੰ ਤਾਂ ਕੀ ਪੰਜਾਬ ਦੇ ਅੰਨਦਾਤਾ ਜੱਟ ਨੂੰ ਵੀ ਨਹੀਂ ਬਖਸ਼ਿਆ। ਜੱਟ ਆਵਾਰਾਗਰਦ, ਵਿਹਲੜ, ਬੁਰਸ਼ਾਗਰਦ, ਮੇਲਿਆਂ-ਕਚਹਿਰੀਆਂ ਵਿੱਚ ਲੜਨ ਵਾਲਾ, ਚੌਥਾ ਪੈੱਗ ਪੀ ਕੇ ਕਿਸੇ ਸ਼ਰੀਫ ਲੜਕੀ ਦੀ ਬਾਂਹ ਫੜਨ ਵਾਲਾ, ਬਲਾਤਕਾਰੀ ਅਤੇ ਹਿੰਸਕ ਪੇਸ਼ ਕੀਤਾ ਜਾਣ ਲੱਗਿਆ। ਪਰ ਇਨ੍ਹਾ ਨੂੰ ਕਰਜੇ ਦੀ ਮਾਰ ਹੇਠ ਆ ਕੇ ਸਲਫਾਸ਼ ਖਾਦਾਂ ਜੱਟ, ਦਾਜ ਦੇ ਦੈਂਤ ਦੀ ਤੇਲ ਪਾ ਕੇ ਸਾੜੀ ਹੋਈ ਧੀ ਦਾ ਪਿਓ, ਜਿਸ ਦਾ ਇੱਕੋ ਪੁੱਤਰ ਪੰਜਾਬ ਦੇ ਹਾਲਾਤਾਂ ਦੀ ਅਣਹੋਣੀ ਭੇਟ ਚ੍ਹੜ ਗਿਆ ਹੋਵੇ, ਜਿਹੜਾ ਨਸ਼ੇੜੀ ਪੁੱਤ ਦੀ ਅਰਥੀ ਮੋਢਿਆਂ ਤੇ ਚੁੱਕੀ ਜਾਂਦਾ ਹੋਵੇ ਉਹ ਜੱਟ ਨਹੀਂ ਦਿੱਸਿਆ।

ਇਨ੍ਹਾਂ ਨੂੰ ਉਸ ਦੀ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲ ਪਾਲਦਾ ਜੱਟ ਨਹੀਂ ਦਿੱਸਦਾ। ਉਸ ਦੀ ਅੰਨਦਾਤਾ ਜਾਂ ਭਗਤ-ਸੂਰਮਾਂ ਦਾਨੀ ਹੋਣ ਦੀ ਵਡਿਆਈ ਕਿਤੇ ਨਹੀਂ ਲੱਭਦੀ। ਇਨ੍ਹਾਂ ਕੱਚਘਰੜ ਗਇਕਾਂ ਨੂੰ ਕਿਸੇ ਰੋਟੀ ਤੋਂ ਮੁਥਾਜ ਗਰੀਬ ਦੀ ਤਰਸਜੋਗ ਹਾਲਤ ਨਹੀਂ ਦਿੱਸਦੀ, ਪੰਜਾਬ ਦੀ ਕਪਾਹ ਪੱਟੀ ਤੋਂ ਕੈਂਸਰ ਪੱਟੀ ਤੱਕ ਦੀ ਦਾਸਤਾਂਨ ਅਤੇ ਪੰਜਾਬ ਦੇ ਪਾਣੀਆਂ ਵਿੱਚਲਾ ਜ਼ਹਿਰ ਨਹੀਂ ਦਿੱਸਦਾ। ਸੜਕਾਂ-ਹੋਟਲਾਂ ਅਤੇ ਘਰਾਂ ਵਿੱਚ ਕੰਮ ਕਰਦੇ ਬਾਲ-ਮਜਦੂਰਾਂ ਦੀ ਹਾਲਤ ਇਨ੍ਹਾਂ ਦੇ ਚਗਲੇ ਹੋਏ ਸਵਾਦਾਂ ਦਾ ਹਿੱਸਾ ਨਹੀਂ। ਪਥਾਰਦਵਾਦੀ ਯੁੱਗ ਦੀ ਮਾਇਆਵਾਦੀ ਸ਼ਤਰੰਜ ਦੇ ਇਨ੍ਹਾਂ ਬੇਅਕਲ ਅੰਨ੍ਹੇ ਘੋੜਿਆ ਨੂੰ ਸਫਾਰੀਆਂ-ਜਿਪਸੀਆਂ, ਰਾਇਫਲਾਂ-ਨੀਲੇ ਫੋਰਡਾਂ ਤੇ ਜਾਂ ਫਿਰ ਦੋਂਹ-ਦੋਂਹ ਖਤਿਆਂ ਦੀਆਂ ਕੋਠੀਆਂ ਵਿੱਚ ਮੌਜਾਂ ਮਾਣਦਾ ਜੱਟ ਹੀ ਦਿੱਸਦਾ ਹੈ।

ਇਨ੍ਹਾਂ ਦੀ ਮਰੀ ਹੋਈ ਜਮੀਰ ਅਤੇ ਸਰਮਾਏਦਾਰੀ ਪਹੁੰਚ ਤੋਂ ਡਿੱਗਦੀ ਲ੍ਹਾਲ ਨੇ ਕਈ ਨਿਕਲਦੀਆਂ ਫੁੱਲਾਂ ਦੀਆਂ ਨਾਜੁਕ ਪੰਖੜੀਆਂ ਪਲੀਤ ਕੀਤੀਆਂ। ਇਨ੍ਹਾਂ ਦੀ ਬੇਰੋਕ ਕੁਹਾੜੀ ਪੰਜਾਬ ਦੀਆਂ ਅਨੇਕ ਕਦਰਾਂ-ਕੀਮਤਾਂ ਦੇ ਆਹੀ ਲਾਹੁੰਦੀ ਰਹੀ। ਅਤੇ ਕੁਹਾੜੀ ਦਾ ਦੱਸਤਾ ਬਣਦੇ ਰਹੇ ਚਾਪਲੂਸ ਅਤੇ ਚੌਧਰ ਦੀ ਹਵਸ ਦੇ ਸ਼ਿਕਾਰੀ। ਅਸੀਂ ਸੱਤਾ ਦੇ ਲਾਲਚੀ, ਸ਼ੋਹਰਤ ਦੇ ਭੁੱਖੇ ਵਿਦੇਸ਼ੀਂ ਲੋਕਾਂ ਨੇ ਵੱਖ ਵੱਖ ਕਲੱਬਾਂ, ਗਰੁੱਪਾਂ, ਸ਼ਕਤੀ ਕੇਦਰਾਂ ਦੀ ਸਿਰਜਣਾ ਕੀਤੀ। ਇਨ੍ਹਾਂ ਸਭਿਆਚਾਰ ਦੇ ਦੁਸ਼ਮਣਾ ਨੂੰ ਰਜਵੇਂ ਪੈਸੇ ਦਿੱਤੇ ਅਤੇ ਦੇ ਰਹੇ ਹਾਂ। ਕੁਝ ਮੀਡੀਏ ਦੀ ਕੁੱਤੀ ਵੀ ਚੋਰਾਂ ਦੀ ਭਾਲੀਵਾਲ ਬਣੀ।

ਜੇਕਰ ਇਨ੍ਹਾਂ ਨੂੰ ਪੁੱਛਿਆ ਜਾਵੇ ਕਿ ਕੀ ਸਿਰਫ ਲੱਚਰ ਗਾਉਂਣਾ, ਅਸ਼ਲੀਲ ਭੰਗੜਾ ਜਾਂ ਗਿੱਧਾ ਪਾਉਂਣਾ ਹੀ ਸਾਡਾ ਸਭਿਆਚਾਰ ਹੈ? ਸਾਡਾ ਸਭਿਆਚਾਰ ਸੀ ਸੱਚ ਦੀ ਗੱਲ ਕਰਨੀ, ਜੁਲਮ ਦੇ ਖਿਲਾਫ ਲੜਨਾ, ਮਿਹਨਤ ਕਰਕੇ ਖਾਣਾ, ਰਲ-ਮਿਲ ਕੇ ਰਹਿਣਾ, ਵੰਡੇ ਕੇ ਛੱਕਣਾ ਅਤੇ ਸੱਚੀ-ਸੁੱਚੀ ਕਿਰਤ ਕਰਨੀ। ਜਿਸਦੀ ਇਨ੍ਹਾਂ ਗਾਇਕਾਂ ਅਤੇ ਗੀਤਕਾਰਾਂ ਕਦੇ ਗੱਲ ਵੀ ਨਹੀਂ ਕੀਤੀ।

ਪੈਸਾ ਦੁਨੀਆਂ ਦੇ ਹੋਰ ਲੋਕਾਂ ਕੋਲੇ ਵੀ ਆਇਆ ਹੋਵੇਗਾ, ਉਨ੍ਹਾਂ ਜਰੂਰੀ ਨਹੀਂ ਕਿ ਲੱਖਾਂ ਡਾਲਰ ਅਤੇ ਲੱਖਾਂ ਰੁਪਏ ਗੰਦਾ ਗਾਉਂਣ ਅਤੇ ਲਿਖਣ ਵਾਲਿਆਂ ਉਪਰ ਹੀ ਖਰਚੇ ਹੋਣ। ਪੰਜਾਬ ਤੋਂ ਬਿਨਾ ਬਾਕੀ ਹੋਰ ਸੂਬਿਆਂ ਸਮੇਤ ਪਾਕਿਸਤਾਨ ਵਿੱਚ ਵੀ ਪ੍ਰਾਂਤਕ ਗਾਇਕਾਂ ਦੀ ਇੰਨੇ ਨੀਂਵੇਂ ਪੱਧਰ ਦੀ ਗਾਇਕੀ ਕਦੇ ਵੀ ਵੇਖਣ ਜਾਂ ਸੁਣਨ ਨੂੰ ਨਹੀਂ ਮਿਲੀ। ਕੁਝ ਲੋਕ ਇਸ ਦਾ ਕਾਰਨ ਆਰਥਿਕ ਕਰਾਂਤੀ ਨੂੰ ਮੰਨਦੇ ਹਨ, ਪ੍ਰੰਤੂ ਆਰਥਿਕ ਕਰਾਂਤੀ ਤਾਂ ਗੁਜਰਾਤ ਅਤੇ ਹਰਿਆਣੇ ਨੇ ਵੀ ਕੀਤੀ, ਜੋ ਕਿ ਸਾਡੇ ਨਾਲੋਂ ਕਿਤੇ ਅੱਗੇ ਹਨ। ਉਥੋਂ ਦੀ ਪ੍ਰਾਂਤਕ ਗਾਇਕੀ ਪੰਜਾਬ ਨਾਲੋਂ ਹਾਲੇ ਵੀ ਕਿਤੇ ਸਾਫ-ਸੁਥਰੀ ਹੈ।

ਇਸ ਉਪਰਲੀ ਸਾਰੀ ਬਿਮਾਰੀ ਦੇ ਪਿੱਛੇ ਜਿਥੇ ਗਾਇਕ ਅਤੇ ਲੇਖਕ ਜਿੰਮੇਵਾਰ ਹਨ, ਉਥੇ ਉਨ੍ਹਾਂ ਨੂੰ ਚੁੱਪ-ਚਾਪ ਸੁਣਨ ਵਾਲੀਆਂ ਜਾ ਅਣਦੇਖੀ ਕਰਨ ਵਾਲੀਆਂ ਧਾਰਮਿਕ, ਸਮਾਜਕ ਅਤੇ ਸਰਕਾਰੀ ਧਿਰਾਂ ਵੀ ਉਨੀਆਂ ਹੀ ਦੋਸ਼ੀ ਹਨ, ਜਿੰਨਾ ਨੇ ਮਾਖਿਓ ਮਿੱਠੀ ਪੰਜਾਬੀ ਮਾਂ ਬੋਲੀ ਵਿੱਚ ਰੱਲ-ਗੱਡ ਹੁੰਦੇ ‘ਕਰੈਕ’ ਵਰਗੇ ਸਬਦ, ਜੋ ਨਸ਼ੇੜੀ ਸਮਾਜ ਬਿਮਾਰ ਮਾਨਸਿਕਤਾ ਦੀ ਉਪਜ ਸਨ, ਨੂੰ ਵੀ ਅੱਖੋਂ ਉਹਲੇ ਕਰੀ ਰੱਖਿਆ। ਯਾਦ ਰਹੇ ਕਿ ‘ਕਰੈਕ’ ਸਬਦ ਬੱਬੂ-ਮਾਨ ਵਲੋਂ ਵਰਤਿਆ ਗਿਆ ਹੈ, ਜਿਹੜਾ ਤਾਂਬੇ ਅਤੇ ਸਮੈਕ ਦੇ ਮਿਸ਼ਰਨ ਦਾ ਨਾਮ ਹੈ, ਜਿਸ ਦੀ ਲਗਾਤਾਰ ਵਰਤੋਂ ਆਦਮੀ ਨੂੰ ਨਾ ਸਿਰਫ ਅੱਤ ਦਾ ਨਸ਼ੇੜੀ ਸਗੋਂ ਨਿਪੁੰਸਕ ਵੀ ਬਣਾ ਦਿੰਦੀ ਹੈ।

ਸਰਕਾਰੀ ਕਨੂੰਨ ਜਾਂ ਤਾਂ ਬਹੁਤ ਪੁਰਾਣੇ ਹਨ ਜਾਂ ਅਸਰਹੀਣ ਹੋ ਚੁੱਕੇ ਹਨ। ਨਵੇਂ ਰੂਪ ਵਿੱਚ ਸੈਂਸਰ-ਬੋਰਡਾਂ ਦੀ ਸਥਾਪਨਾ ਅਤੇ ਨਵੇ ਨਿਯਮਾਂ ਦਾ ਘੜੇ ਜਾਣਾ ਅੱਤ ਜਰੂਰੀ ਹੈ। ਧਾਰਮਿਕ ਸੰਸਥਾਵਾਂ ਅਪਣਾ ਫਰਜ ਤਨਦੇਹੀ ਨਾਲ ਨਿਭਾਉਣ, ਇਕੱਲਾ ਮਾਲਾ ਫੇਰਨਾ ਹੀ ਧਰਮ ਨਹੀਂ, ਬਲਕਿ ਸਮਾਜ ਨੂੰ ਚੰਗੀ ਅਤੇ ਨਰੋਈ ਸੇਧ ਦੇਣਾ ਵੀ ਧਰਮ ਦਾ ਇੱਕ ਅੰਗ ਹੈ। ਗਾਇਕਾਂ ਉਪਰ ਵਿਆਹਾਂ ਦੇ ਪ੍ਰੋਗਰਾਮਾਂ ਦੌਰਾਨ ਦੋ ਤਿੰਨਾ ਘੰਟਿਆਂ ਵਿੱਚ ਹੀ ਲੱਖਾਂ ਰੁਪਏ ਰੋਹੜ ਦੇਣਾ ਕਿਧਰ ਦੀ ਅਕਲਮੰਦੀ ਹੈ। ਜਿਹੜੀ ਗਾਇਕੀ ਨਸ਼ਿਆਂ, ਹਿੰਸਾ, ਅਸ਼ਲੀਲਤਾ, ਨੰਗੇਜਵਾਦ ਦਾ ਪ੍ਰਗਟਾਵਾ ਕਰਦੀ ਹੋਵੇ, ਉਹ ਨੌਜਵਾਨਾਂ ਦਾ ਮਾਰਗ ਦਰਸ਼ਨ ਕਿਵੇਂ ਕਰ ਸਕਦੀ ਹੈ? ਸਮਾਜ ਨੂੰ ਅਜਿਹੀਆਂ ਭੈੜੀਆਂ ਰੀਤਾਂ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ। ਕਿਉਂਕਿ ਗਾਇਕੀ ਇਕ ਦੌਲਤ ਅਤੇ ਸ਼ੋਹਰਤ ਦਾ ਕੈਰੀਅਰ ਬਣ ਚੁੱਕਿਆ ਸੀ, ਜਿਸ ਦੀ ਖਿੱਚ ਕਾਰਨ ਜਾਣੇ ਜਾਂ ਅਨਜਾਣੇ ਰੂਪ ਵਿੱਚ ਬਹੁਤ ਸਾਰੇ ਨਵੇਂ ਤੇ ਪੁਰਾਣੇ ਗਾਇਕ ਅਤੇ ਗੀਤਕਾਰ ਇਸ ਦਾ ਹਿੱਸਾ ਬਣਦੇ ਗਏ। ਚਲੋ ਇਹ ਕਹਿ ਲਈਏ ਇਨਸਾਨ ਗਲਤੀਆਂ ਦਾ ਪੁਤਲਾ ਹੈ, ਪਰੰਤੂ ਇਹ ਕੌੜਾ ਸੱਚ ਹੈ, ਕਿ ਇਹ ਗਲਤੀਆਂ ਇਤਿਹਾਸਕ ਗਲਤੀਆਂ ਸਨ, ਜਿੰਨਾ ਕਰਕੇ ਅੱਜ ਦਾ ਪੰਜਾਬ ਵਿਸਫੋਟ ਦੇ ਕੰਡੇ 'ਤੇ ਬੈਠਾ ਹੈ। ਇਨ੍ਹਾਂ ਭੁਲੱਕੜ ਅਤੇ ਅਨਾੜੀ ਗਾਇਕਾਂ-ਗੀਤਕਾਰਾਂ, ਪ੍ਰਮੋਟਰਾਂ, ਮੀਡੀਆਕਾਰਾਂ ਨੂੰ ਚਾਹੀਦਾ ਹੈ, ਕਿ ਅੱਜ ਤੋਂ ਇਸ ਕੰਮ ਤੋਂ ਤੌਬਾ ਕਰਨ ਅਤੇ ਅਪਣੇ ਪੁਰਾਣੇ ਕੀਤੇ ਹੋਏ ਗੁਨਾਹਾਂ ਲਈ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਭਾਈਚਾਰੇ ਤੋਂ ਭੁੱਲ ਬਖਸ਼ਾਉਂਣ ਅਤੇ ਪਸ਼ਚਾਤਾਪ ਕਰਨ।

ਭਾਈਚਾਰੇ ਨੂੰ ਚਾਹੀਦਾ ਹੈ, ਕਿ ਇਸ ਸਮਾਜਕ ਬੁਰਾਈ ਨੂੰ ਦੁਰ ਕਰਨ ਲਈ ਸੰਜੀਦਗੀ ਨਾਲ ਵਿਚਾਰ ਕਰੇ। ਵਿਆਹਾਂ ਅਤੇ ਹੋਰ ਖੁਸ਼ੀ ਦੇ ਪ੍ਰੋਗਰਾਮਾਂ ਦੌਰਾਨ ਅਜਿਹੇ ਵਿਚਾਰਧਾਰਕ ਦੂਸ਼ਤਾ ਦਾ ਸ਼ਿਕਾਰ ਹੋਏ ਨੀਂਵੇਂ ਪੱਧਰ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ।

- ਸੁਰਜੀਤ ਸਿੰਘ ਝਬੇਲਵਾਲੀ
ਐਡੋਵੋਕੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ
ਹਾਲ ਵਾਸੀ ਬ੍ਰੈਮਟਨ ਕਨੇਡਾ
647-403-2305


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top