Share on Facebook

Main News Page

ਬੀਰ ਖਾਲਸਾ ਗੱਤਕਾ ਟੀਮ ਦਾ ਨਾਮ ਗਿੰਨੀਜ਼ ਬੁੱਕ ਵਿੱਚ ਦਰਜ

ਅੰਮ੍ਰਿਤਸਰ, 9 ਮਈ: ਤਰਨ ਤਾਰਨ ਦੀ ਬੀਰ ਖਾਲਸਾ ਗੱਤਕਾ ਟੀਮ ਨੇ ਪੰਜਾਬ ਨੂੰ ਉਦੋਂ ਵੱਡਾ ਮਾਣ ਦਿਵਾਇਆ, ਜਦੋਂ ਉਸ ਨੇ ਸਿਰ ਉਤੇ ਰੱਖੇ ਨਾਰੀਅਲ ਤੋੜਨ ਦੇ ਇਕ ਮੁਕਾਬਲੇ ਦੌਰਾਨ ਇਕ ਮਿੰਟ ਵਿੱਚ ਬੇਸਬਾਲ ਦੇ ਬੱਲੇ ਨਾਲ 59 ਨਾਰੀਅਲ ਤੋੜਨ ਦਾ ਰਿਕਾਰਡ ਕਾਇਮ ਕੀਤਾ, ਜਿਸ ਨੂੰ ਗਿੰਨੀਜ਼ ਬੁੱਕ ਵਿੱਚ ਦਰਜ ਕਰ ਲਿਆ ਗਿਆ। ਇਹ ਮੁਕਾਬਲਾ ਇਟਲੀ ਦੀ ਰਾਜਧਾਨੀ ਰੋਮ ਵਿੱਚ ਹੋਇਆ। ਇਸ ਸੱਤ ਮੈਂਬਰੀ ਗਤਕਾ ਟੀਮ ਦੇ ਆਗੂ ਕੰਵਲਜੀਤ ਸਿੰਘ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ, "ਵਿਸ਼ਵ ਰਿਕਾਰਡ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਡੀ ਟੀਮ ਨੂੰ ਸਖ਼ਤ ਮਿਹਨਤ ਕਰਨੀ ਪਈ। ਹਰ ਰੋਜ਼ ਸਵੇਰੇ 4 ਤੋਂ 8 ਵਜੇ ਤਕ ਅਤੇ ਰਾਤੀਂ 7 ਵਜੇ ਤੋਂ 12 ਵਜੇ ਤਕ ਨਾਰੀਅਲ ਤੋੜਨ ਦਾ ਅਭਿਆਸ ਕਰਦੇ ਸਾਂ।"

ਉਨ੍ਹਾਂ ਦੱਸਿਆ ਕਿ ਟੀਮ ਦੇ ਪੰਜ ਮੈਂਬਰ ਗੁਰਪ੍ਰੀਤ ਸਿੰਘ ਦੇ ਸਿਰ ’ਤੇ ਵਾਰੀ-ਵਾਰੀ ਨਾਰੀਅਲ ਰੱਖਦੇ ਰਹੇ, ਜਦੋਂ ਕਿ ਕੰਵਲਜੀਤ ਸਿੰਘ ਬੇਸਬਾਲ ਨਾਲ ਨਾਰੀਅਲ ਤੋੜਦਾ ਰਿਹਾ ਅਤੇ ਇਕ ਮਿੰਟ ਵਿਚ 59 ਨਾਰੀਅਲ ਤੋੜ ਕੇ ਵਿਸ਼ਵ ਰਿਕਾਰਡ ਬਣਾਉਣ ਵਿਚ ਸਫਲ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਇਕ ਮਿੰਟ ਵਿਚ 41 ਨਾਰੀਅਲ ਤੋੜਨ ਦਾ ਰਿਕਾਰਡ ਸੀ। ਟੀਮ ਇਕ ਹੋਰ ਰਿਕਾਰਡ ਬਣਾਉਣ ਲਈ ਯਤਨ ਕਰ ਰਹੀ ਹੈ। ਉਹ ਇਹ ਕਿ ਤੀਹ ਫੁੱਟ ਦੀ ਉਚਾਈ ਤੋਂ ਬਣੇ ਇਕ ਸਟੈਂਡ ’ਤੇ ਟਿਊਬ ਲਾਈਟਾਂ ਦੀਆਂ ਤਿੰਨ-ਚਾਰ ਹਜ਼ਾਰ ਰਾਡਾਂ ਲੱਗੀਆਂ ਹੋਣਗੀਆਂ, ਅਤੇ ਟੀਮ ਮੈਂਬਰ ਉਪਰੋਂ ਛਾਲ ਮਾਰ ਕੇ ਇਨ੍ਹਾਂ ਨੂੰ ਤੋੜਨਗੇ। ਇਸ ਵਿਚ ਸਫਲਤਾ ਤੋਂ ਮਗਰੋਂ ਸਿਰ ਨਾਲ ਬਰਫ ਦੀਆਂ ਮੋਟੀਆਂ ਸਿੱਲਾਂ ਨੂੰ ਤੋੜਨਗੇ।

ਟੀਮ ਦੇ ਦੂਜੇ ਮੈਂਬਰਾਂ ਵਿਚ ਗੁਰਿੰਦਰ ਸਿੰਘ, ਨਸੀਬ ਸਿੰਘ, ਹਰਪ੍ਰੀਤ ਸਿੰਘ, ਰਣਜੋਤ ਸਿੰਘ ਅਤੇ ਬਲਵੰਤ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਰੋਮ ਤੋਂ ਬਾਅਦ ਅਗਲੇ ਮਹੀਨਿਆਂ ਵਿਚ ਟੀਮ ਜਾਪਾਨ ਅਤੇ ਚੈਕੋਸਲਵਾਕੀਆ ਵਿਚ ਮੁਕਾਬਲਿਆਂ ਵਿਚ ਹਿੱਸਾ ਲਵੇਗੀ। ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਡਾ. ਮਨਮੋਹਨ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਵਿਦੇਸ਼ਾਂ ਵਿਚ ਗੱਤਕਾ ਟੀਮ ਨੇ ਇਹ ਰਿਕਾਰਡ ਬਣਾ ਕੇ ਸਿੱਖੀ ਸਰੂਪ ਦੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਗੱਤਕਾ ਟੀਮ ਦੇ 200 ਮੈਂਬਰ ਹਨ, ਜਿਹੜੇ ਇਸ ਮਾਰਸ਼ਲ ਆਰਟ ਦਾ ਨਿਰੰਤਰ ਅਭਿਆਸ ਕਰਦੇ ਹਨ ਅਤੇ ਸਾਰਾ ਖਰਚ ਵੀ ਆਪ ਹੀ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top