Share on Facebook

Main News Page

ਆਨੰਦ ਮੈਰਿਜ ਐਕਟ- ਛਿੜੀ ਨਵੀਂ ਚਰਚਾ

ਅੰਮ੍ਰਿਤਸਰ, 10 ਮਈ-ਸੋਧੇ ਹੋਏ ਆਨੰਦ ਮੈਰਿਜ ਐਕਟ ਵਿੱਚ ਤਲਾਕ ਦੀ ਮਦ ਸ਼ਾਮਲ ਨਾ ਹੋਣ ਕਾਰਨ ਇਸ ਐਕਟ ਬਾਰੇ ਸਿੱਖ ਜਗਤ ’ਚ ਨਵੀਂ ਚਰਚਾ ਛਿੜ ਗਈ ਹੈ। ਐਕਟ ਵਿੱਚ ਇਹ ਮਦ ਸ਼ਾਮਲ ਕੀਤੀ ਜਾਵੇ ਜਾਂ ਨਾ ਇਸ ਬਾਰੇ ਸਿੱਖ ਚਿੰਤਕਾਂ ਵਿੱਚ ਇੱਕ ਰਾਏ ਨਹੀਂ ਬਣ ਸਕੀ। ਇਸ ਮਾਮਲੇ ਨੂੰ ਹੁਣ ਪੰਜ ਸਿੰਘ ਸਾਹਿਬਾਨ ਵੱਲੋਂ ਅਗਾਮੀ ਹੋਣ ਵਾਲੀ ਇਕੱਤਰਤਾ ’ਚ ਵਿਚਾਰਨ ਦਾ ਫੈਸਲਾ ਕੀਤਾ ਗਿਆ।

ਕੁਝ ਸਿੱਖ ਆਗੂਆਂ ਤੇ ਵਿਦਵਾਨਾਂ ਦਾ ਕਹਿਣਾ ਹੈ, ਕਿ ਆਨੰਦ ਮੈਰਿਜ ਐਕਟ ’ਚ ਤਲਾਕ ਦੀ ਮਦ ਸ਼ਾਮਲ ਕਰਨ ਦੀ ਲੋੜ ਨਹੀਂ ਅਤੇ ਕੁਝ ਦਾ ਕਹਿਣਾ ਹੈ, ਕਿ ਇੱਕ ਮੁਕੰਮਲ ਐਕਟ ਵਿੱਚ ਤਲਾਕ ਦੀ ਮਦ ਹੋਣੀ ਚਾਹੀਦੀ ਹੈ।

ਇਸ ਬਾਰੇ ਛਿੜੀ ਚਰਚਾ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ’ਚ ਤਲਾਕ ਦਾ ਕੋਈ ਜ਼ਿਕਰ ਨਹੀਂ ਹੈ। ਅਨੰਦ ਕਾਰਜ ਗੁਰੂ ਨੂੰ ਹਾਜ਼ਰ ਮੰਨ ਕੇ ਕੀਤਾ ਜਾਂਦਾ ਹੈ ਅਤੇ ਇਸਨੂੰ ਅੰਤ ਤੱਕ ਨਿਭਾਇਆ ਜਾਂਦਾ ਹੈ ਪਰ ਵਿਸ਼ੇਸ਼ ਸਥਿਤੀਆਂ ’ਚ ਜਦੋਂ ਜੋੜੇ ਵਿੱਚੋਂ ਇੱਕ ਦਾ ਦੇਹਾਂਤ ਹੋ ਜਾਵੇ ਜਾਂ ਸਿਹਤ ਪੱਖੋਂ ਗੰਭੀਰ ਵਿਗਾੜ ਹੋਵੇ ਤਾਂ ਮੁੜ ਅਨੰਦ ਕਾਰਜ ਕਰਵਾਇਆ ਜਾ ਸਕਦਾ ਹੈ। ਇਸ ਬਾਰੇ ਵੀ ਸਿੱਖ ਰਹਿਤ ਮਰਿਆਦਾ ਵਿੱਚ ਕੋਈ ਵੇਰਵੇ ਨਹੀਂ ਦਿੱਤੇ ਗਏ। ਉਹ ਇਸ ਮਾਮਲੇ ਵਿੱਚ ਆਪਣੀ ਨਿੱਜੀ ਰਾਏ ਨਹੀਂ ਦੇਣਾ ਚਾਹੁੰਦੇ। ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿਚ ਵਿਚਾਰਿਆ ਜਾਵੇਗਾ ਅਤੇ ਸਮੂਹਿਕ ਰਾਏ ਸਿੱਖ ਪੰਥ ਅੱਗੇ ਰੱਖੀ ਜਾਵੇਗੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੀ ਕਹਿ ਚੁੱਕੇ ਹਨ ਕਿ ਆਨੰਦ ਕਾਰਜ ਗੁਰੂ ਨੂੰ ਹਾਜ਼ਰ ਮੰਨ ਕੇ ਕੀਤਾ ਜਾਂਦਾ ਹੈ ਅਤੇ ਜੇਕਰ ਤਲਾਕ ਹੋ ਜਾਂਦਾ ਹੈ ਤਾਂ ਫਿਰ ਆਨੰਦ ਕਾਰਜ ਕਿਵੇਂ ਰਹਿ ਜਾਵੇਗਾ। ਇਸ ਲਈ ਤਲਾਕ ਦੀ ਮਦ ਨਹੀਂ ਹੋਣੀ ਚਾਹੀਦੀ। ਉਨ੍ਹਾਂ ਆਖਿਆ ਕਿ ਸਿੱਖ ਸਿਧਾਂਤ ਤਲਾਕ ਦੀ ਆਗਿਆ ਨਹੀਂ ਦਿੰਦੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਮੌਜੂਦਾ ਸੋਧੇ ਹੋਏ ਖਰੜੇ ਨੂੰ ਇਸੇ ਤਰ੍ਹਾਂ ਹੀ ਪ੍ਰਵਾਨ ਹੋਣ ਦੇਣਾ ਚਾਹੀਦਾ ਹੈ। ਇਸਨੂੰ ਲਾਗੂ ਹੋਣ ਵਿਚ ਕੋਈ ਅੜਿੱਕਾ ਖੜਾ ਨਹੀਂ ਕਰਨਾ ਚਾਹੀਦਾ। ਜੇਕਰ ਭਵਿੱਖ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਮੁੜ ਇਸ ਵਿੱਚ ਸੋਧ ਲਈ ਯਤਨ ਕੀਤਾ ਜਾ ਸਕਦਾ ਹੈ।

ਉੱਘੇ ਵਕੀਲ ਐਚ.ਐਸ. ਫੂਲਕਾ ਦਾ ਕਹਿਣਾ ਹੈ ਕਿ ਤਲਾਕ ਦੀ ਮਦ ਤੋਂ ਬਿਨਾਂ ਆਨੰਦ ਕਾਰਜ ਐਕਟ ਨੂੰ ਮੁਕੰਮਲ ਨਹੀਂ ਆਖਿਆ ਜਾ ਸਕਦਾ ਪਰ ਮੌਜੂਦਾ ਸਥਿਤੀ ਵਿੱਚ ਇਹ ਸਿੱਖ ਜਗਤ ਦੀਆਂ ਲੋੜਾਂ ਨੂੰ ਪੂਰਾ ਕਰ ਰਿਹਾ ਹੈ। ਇਸਦੇ ਲਾਗੂ ਹੋਣ ਨਾਲ ਸਿੱਖ ਭਾਈਚਾਰੇ ਦੇ ਵਿਆਹ ਅਨੰਦ ਮੈਰਿਜ ਐਕਟ ਹੇਠ ਦਰਜ ਹੋ ਸਕਣਗੇ ਅਤੇ ਇਸੇ ਤਹਿਤ ਹੀ ਸਰਟੀਫਿਕੇਟ ਮਿਲੇਗਾ। ਜੇਕਰ ਕੋਈ ਜੋੜਾ ਤਲਾਕ ਲੈਣਾ ਚਾਹੁੰਦਾ ਹੈ ਤਾਂ ਇਸ ਵਿੱਚ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ। ਅਜਿਹਾ ਜੋੜਾ ਹਿੰਦੂ ਮੈਰਿਜ ਐਕਟ ਦੀ ਧਾਰਾ 13 ਤਹਿਤ ਤਲਾਕ ਲਈ ਅਰਜ਼ੀ ਦਾਇਰ ਕਰ ਸਕੇਗਾ।

ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਦੱਸਿਆ ਕਿ ਸੋਧੇ ਹੋਏ ਖਰੜੇ ਨੂੰ ਪ੍ਰਵਾਨਗੀ ਲਈ ਭੇਜਣ ਤੋਂ ਪਹਿਲਾਂ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਭੇਜਿਆ ਗਿਆ ਸੀ। ਉਸ ਵੇਲੇ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਇਸ ਵਿੱਚ ਤਲਾਕ ਦੀ ਮਦ ਸ਼ਾਮਲ ਕਰਨ ਦੀ ਲੋੜ ਨਹੀਂ ਹੈ। ਸਿੱਖ ਸਿਧਾਂਤਾਂ ਅਨੁਸਾਰ ਤਲਾਕ ਨਹੀਂ ਹੋ ਸਕਦਾ।

ਸਿੱਖ ਵਿਦਵਾਨ ਤੇ ਸਾਬਕਾ ਉਪ ਕੁਲਪਤੀ ਡਾ.ਐਸ.ਪੀ. ਸਿੰਘ ਦਾ ਮਤ ਹੈ, ਕਿ ਅਨੰਦ ਮੈਰਿਜ ਐਕਟ ਵਿੱਚ ਤਲਾਕ ਦੀ ਮਦ ਸ਼ਾਮਲ ਕਰਨ ਦੀ ਲੋੜ ਨਹੀਂ ਹੈ, ਜੇਕਰ ਕਿਸੇ ਨੂੰ ਤਲਾਕ ਦੀ ਲੋੜ ਪੈਂਦੀ ਹੈ ਤਾਂ ਕਿਸੇ ਹੋਰ ਐਕਟ ਹੇਠ ਲਿਆ ਜਾ ਸਕੇਗਾ।

ਗੁਰੂ ਨਾਨਕ ਦੇਵ ’ਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਗੁਰਸ਼ਰਨਜੀਤ ਸਿੰਘ ਨੇ ਆਖਿਆ ਕਿ ਤਲਾਕ ਦੀ ਮਦ ਸ਼ਾਮਲ ਕੀਤੇ ਬਿਨਾਂ ਅਨੰਦ ਮੈਰਿਜ ਐਕਟ ਨੂੰ ਮੁਕੰਮਲ ਨਹੀਂ ਆਖਿਆ ਜਾ ਸਕਦਾ। ਗੁਰਬਾਣੀ ਵਿੱਚ ਵੀ ਤਲਾਕ ਦੇ ਖ਼ਿਲਾਫ਼ ਕੁਝ ਨਹੀਂ ਕਿਹਾ ਗਿਆ। ਤਲਾਕ ਇਸ ਵੇਲੇ ਸਮਾਜਿਕ ਜ਼ਰੂਰਤ ਹੈ ਅਤੇ ਵਿਸ਼ੇਸ਼ ਹਾਲਾਤ ਵਿੱਚ ਇਸਦੀ ਆਗਿਆ ਹੋਣੀ ਚਾਹੀਦੀ ਹੈ। ਜੇਕਰ ਕਿਸੇ ਵਿਅਕਤੀ ਦੀ ਵਿਆਹੁਤਾ ਜ਼ਿੰਦਗੀ ਸਹੀ ਨਹੀਂ ਚੱਲ ਰਹੀ ਤਾਂ ਉਸਨੂੰ ਰੱਬ ਦੇ ਆਸਰੇ ਸਾਰੀ ਜ਼ਿੰਦਗੀ ਲਈ ਨਹੀਂ ਛੱਡਿਆ ਜਾ ਸਕਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top