Share on Facebook

Main News Page

ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇੱਕ ਰੀਜ਼ੌਰਟ ਹੋਣ ਦਾ ਭੁਲੇਖਾ ਪੈਣ ਲੱਗਾ
- ਜਸਬੀਰ ਸਿੰਘ ਪੱਟੀ  935 602 4684

ਭਾਈ ਸਾਹਿਬ ਆਜ ਯਹਾਂ ਕੋਈ ਸ਼ਾਦੀ ਹੋ ਰਹੀ ਹੈ

ਅੰਮ੍ਰਿਤਸਰ 9 ਮਈ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਦੀਆਂ ਗਲਤੀਆਂ ਕਾਰਨ ਜਿਥੇ ਪ੍ਰਬੰਧ ਦੀ ਬਦਨਾਮੀ ਹੋਣੀ ਸੁਭਾਵਕ ਹੈ, ਉਥੇ ਅੱਜ ਉਸ ਵੇਲੇ ਇੱਕ ਵਾਰੀ ਫਿਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਸੁਰਖੀਆ ਵਿੱਚ ਆ ਗਏ ਜਦੋਂ ਇੱਕ ਅਧਿਕਾਰੀ ਨੇ ਮਨਮਾਨੀ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਪੁੱਲ ਤੇ ਲੱਗੇ ਨਵੇਂ ਸ਼ਮਿਆਨੇ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਦੀ ਰਸਮ ਅਦਾ ਕਰਨ ਲਈ ਕੀਤੇ ਗਏ ਪ੍ਰਬੰਧਾਂ ਕਾਰਨ, ਸ੍ਰੀ ਦਰਬਾਰ ਸਾਹਿਬ ਕਿਸੇ ਧਾਰਮਿਕ ਅਸਥਾਨ ਨਹੀਂ ਸਗੋਂ ਕਿਸੇ ਰੀਜ਼ੌਰਟ ਦਾ ਉਦਘਾਟਨ ਕਰਨ ਦੀ ਭੁਲੇਖਾ ਪਾਉਂਦਾ ਸੀ।

ਗੱਪਾਂ ਵਿੱਚੋਂ ਇੱਕ ਵੱਡੀ ਗੱਪ ਮਾਰਦਿਆਂ ਜਦੋਂ ਇੱਕ ਸਾਧ ਨੇ ਕਿਹਾ ਕਿ ਉਹਨਾਂ ਨੇ ਇੱਕ ਕਰੋੜ ਰੁਪਈਆ ਖਰਚ ਕਰਕੇ ਨਵੇ ਵਧੇਰੇ ਪਲਾਸਟਿਕ ਦੇ ਬਣਾਏ ਗਏ ਸ਼ਮਿਆਨੇ ‘ਤੇ ਲਗਾਇਆ ਹੈ, ਜੋ ਕਿਸੇ ਵੀ ਥੋੜੀ ਜਿਹੀ ਬੁੱਧੀ ਰੱਖਣ ਵਾਲੇ ਵਿਅਕਤੀ ਦੇ ਸ਼ੰਘ ਤੋ ਥੱਲੇ ਨਹੀਂ ਉਤਰਦਾ। ਇਸ ਸਾਧ ਦਾ ਦਾਅਵਾ ਹੈ ਕਿ ਇਹ ਸ਼ਾਮਿਆਨਾ ਜਿਥੇ ਵਾਟਰ ਪਰੂਫ ਹੋਵੇਗਾ, ਉਥੇ ਲੋੜ ਪੈਣ ਤੇ ਇੱਕ ਬਿਜਲੀ ਦੀ ਮੋਟਰ ਇਸ ਨੂੰ ਇੱਕ ਸਾਈਡ ਤੇ ਇਕੱਠਾ ਕਰਨ ਲਈ ਸਿਰਫ ਅੱਠ ਤੋਂ ਬਾਰਾ ਮਿੰਟ ਦਾ ਸਮਾਂ ਲਗਾਏਗੀ। ਪਿਛਲੇ ਕਰੀਬ ਦੋ ਮਹੀਨਿਆਂ ਤੋਂ ਇਸ ਸ਼ਾਮਿਆਨੇ ਨੂੰ ਫਿੱਟ ਕਰਨ ਲਈ ਹਰ ਰੋਜ ਇੰਜੀਨੀਅਰ ਕੰਮ ਕਰਦੇ ਸਨ ਅਤੇ ਕਈ ਵਾਰੀ ਇਸ ਨੂੰ ਲਾਹਿਆ ਗਿਆ ਤੇ ਕਈ ਵਾਰੀ ਇਸ ਨੂੰ ਲਗਾਇਆ ਗਿਆ। ਕੁਝ ਦਿਨ ਪਹਿਲਾਂ ਜਦੋਂ ਤੇਜ ਹਵਾਵਾ ਵੱਗੀਆ ਤਾਂ ਉਹਨਾਂ ਨਾਲ ਇਸ ਸ਼ਾਮਿਆਨੇ ਦੀਆ ਕਈ ਕੰਨੀਆ ਖੁੱਲ ਗਈਆਂ ਤੇ ਸ਼ਮਿਆਨੇ ਤੇ ਆਈ ਇੱਕ ਕਰੋੜ ਲਾਗਤ ਦੀ ਪੋਲ ਖੁੱਲ ਗਈ। ਇੰਜੀਨੀਅਰਾਂ ਨੇ ਇੱਕ ਵਾਰੀ ਫਿਰ ਇਸ ਨੂੰ ਠੀਕ ਕੀਤਾ, ਅਤੇ ਹੁਣ ਇਸ ਦੀ ਭਵਿੱਖ ਵਿੱਚ ਕੀ ਕਾਰਗੁਜਾਰੀ ਹੋਵੇਗੀ ਉਸ ਬਾਰੇ ਤਾਂ ਬਰਸ਼ਾਤਾਂ ਸ਼ੁਰੂ ਹੋਣ ਜਾਂ ਫਿਰ ਤੇਜ ਹਵਾਵਾ ਭਾਵ ਝੱਖੜ ਵੱਗਣ ਉਪਰੰਤ ਹੀ ਇਸ ਦੀ ਔਕਾਤ ਸਾਹਮਣੇ ਆਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਈ ਪ੍ਰੋਫੈਸਰਾਂ ਨੇ ਇਸ ਸ਼ਮਿਆਨੇ ਦੇ ਲੱਗਣ ਤੋਂ ਪਹਿਲਾਂ ਹੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਹਨਾਂ ਦਾ ਤਰਕ ਸੀ ਕਿ ਇਸ ਨਾਲ ਸ੍ਰੀ ਦਰਬਾਰ ਸਾਹਿਬ ਦੀ ਅਸਲੀ ਦਿੱਖ ਪ੍ਰਭਾਵਤ ਹੋਵੇਗੀ।

ਅੱਜ ਸਵੇਰੇ ਇਸ ਸ਼ਮਿਆਨੇ ਦੇ ਰਸਮੀ ਤੌਰ ਤੇ ਉਦਘਾਟਨ ਕਰਨ ਦੀ ਰਸਮ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਅਦਾ ਕਰਨੀ ਸੀ ਅਤੇ ਪੁੱਲ ਉਪਰ ਸਾਰੇ ਕਨੂੰਨਾਂ ਤੇ ਮਰਿਆਦਾ ਨੂੰ ਛਿੱਕੇ ਟੰਗ ਕੇ, ਕਈ ਪ੍ਰਕਾਰ ਦੇ ਪਾਖੰਡ ਕਰਕੇ ਸ਼ਾਮਿਆਨੇ ਦੇ ਆਲੇ ਦੁਆਲੇ ਸਜਾਵਟ ਵਜੋਂ ਰੰਗੀਨ ਕੱਪੜਿਆਂ ਦੀ ਝਾਲਰਾਂ ਲਟਕਾਈਆਂ ਗਈਆਂ ਜਿਹਨਾਂ ਦੇ ਕਾਰਨ ਹੀ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਰੀਜੋਰਟ ਵਿੱਚ ਤਬਦੀਲ ਕਰਨ ਦਾ ਝਾਉਲਾ ਪੈਦਾ ਸੀ। ਕਈ ਬਾਹਰੋ ਆਉਣ ਵਾਲੇ ਸ਼ਰਧਾਲੂ ਤਾਂ ਇਹ ਪੁੱਛਦੇ ਰਹੇ, ‘‘ਭਾਈ ਸਾਹਿਬ ਜ਼ਰਾ ਬਿਤਾਏ ਯਹਾਂ ਆਜ ਕੋਈ ਸ਼ਾਦੀ ਹੋ ਰਹੀ ਹੈ’’ ਤਾਂ ਇਸ ਦਾ ਪ੍ਰਬੰਧਕਾਂ ਕੋਲ ਕੋਈ ਜਵਾਬ ਨਹੀਂ ਸੀ, ਸਗੋਂ ਸੇਵਾਦਾਰ ਜਵਾਬ ਦੇਣ ਦੀ ਬਜਾਏ ਮੂੰਹ ਦੂਜੇ ਪਾਸੇ ਕਰ ਲੈਦੇ। ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਜਦੋਂ ਆ ਕੇ ਵੇਖਿਆ, ਤਾਂ ਉਹਨਾਂ ਨੇ ਨਾਰਾਜਗੀ ਪ੍ਰਗਟ ਕਰਦਿਆਂ ਨਾ ਤਾਂ ਪ੍ਰਬੰਧਕਾਂ ਵੱਲੋਂ ਲਿਆਦੇ ਮਠਿਆਈ ਦੇ ਡੱਬਿਆ ਵੱਲ ਝਾਕਿਆ ਤੇ ਨਾ ਹੀ ਕਿਸੇ ਕੋਲੋ ਕੋਈ ਗੁਲਦਸਤਾ ਲਿਆ ਜਦ ਕਿ ਸੰਤਾਂ ਮਹਾਂਪੁਰਖਾਂ ਨੂੰ ਗੁਲਦਸਤੇ ਦੇ ਕੇ ਖੜਾ ਕੀਤਾ ਗਿਆ ਸੀ। ਕੁਲ ਮਿਲਾ ਕੇ ਪਰਧਾਨ ਸਾਹਿਬ ਦੀ ਨਾਰਾਜਗੀ ਕਾਰਨ ਉਦਘਾਟਨੀ ਸਮਾਰੋਹ ਫਿੱਕਾ ਹੀ ਰਿਹਾ। ਉਦਘਾਟਨ ਦੇ ਕੀਤੇ ਪ੍ਰਬੰਧਾਂ ਨੂੰ ਵੇਖਣ ਦੀ ਬਜਾਏ ਪ੍ਰਧਾਨ ਸਾਹਿਬ ਚੁੱਪ ਚਾਪ ਅੱਗੇ ਚਲੇ ਗਏ ਤੇ ਉਹਨਾਂ ਨੇ ਮਰਿਆਦਾ ਅਨੁਸਾਰ ਗੁਰੂ ਨੂੰ ਸਮੱਰਪਿੱਤ ਹੁੰਦਿਆ ਨਵੇਂ ਸ਼ਮਿਆਨੇ ਦੀ ਆਰੰਭਤਾ ਅਰਦਾਸ ਕਰਵਾਈ ਤੇ ਕੜਾਹ ਪ੍ਰਸਾਦਿ ਦੀ ਦੇਗ ਵਰਤਾਈ ਗਈ।

ਪੰਥਕ ਮਰਿਆਦਾ ਅਨੁਸਾਰ ਜਦੋਂ ਵੀ ਕਿਸੇ ਨਵੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਕੋਈ ਪਾਖੰਡ ਕਰਨ ਦੀ ਬਜਾਏ ਸਗੋਂ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਹੀ ਕੀਤੀ ਜਾਂਦੀ ਅਤੇ ਕੜਾਹ ਪ੍ਰਸਾਦਿ ਦੀ ਦੇਗ ਵਰਤਾਈ ਜਾਂਦੀ ਹੈ, ਭਾਂਵੇ ਸਮਾਗਮ ਖੁਸ਼ੀ ਦਾ ਹੋਵੇ ਜਾਂ ਗਮੀ ਦਾ ਹੋਵੇ। ਇੱਕ ਵੈਟਰਨ ਪੱਤਰਕਾਰ ਮਨਜੀਤ ਸਿੰਘ ਜਨਸੱਤਾ ਨੇ ਇਸ ਕਾਰਵਾਈ ਤੇ ਟਿੱਪਣੀ ਕਰਦਿਆ ਪ੍ਰਬੰਧਕਾਂ ਨੂੰ ਸਮੱਤ ਬਖਸ਼ਣ ਦੀ ਅਰਜੋਈ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਕੋਲੋ ਉਹਨਾਂ ਨੂੰ ਕਦੇ ਵੀ ਇਹ ਉਮੀਦ ਨਹੀਂ ਸੀ, ਕਿ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਰੀਜ਼ੋਰਟ ਦੀ ਤਰਾ ਸਜਾ ਕੇ ਉਸ ਦੇ ਉਦਘਾਟਨੀ ਸਮਾਰੋਹ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਗੁਰੂ ਅਤੇ ਸਿੱਖ ਦਾ ਸਿੱਧਾ ਰਾਬਤਾ ਹੈ ਜਿਸ ਵਿੱਚ ਕਿਸੇ ਵੀ ਵਿਚੋਲੇ ਦੀ ਲੋੜ ਨਹੀਂ ਹੁੰਦੀ। ਉਹਨਾਂ ਕਿਹਾ ਕਿ ਭਾਂਵੇ ਸਮਾਗਮ ਖੁਸ਼ੀ ਦਾ ਹੋਵੇ ਜਾਂ ਗਮੀ ਦਾ ਹੋਵੇ ਪੰਥਕ ਰਵਾਇਤਾਂ ਅਨੁਸਾਰ ਉਸ ਸਮੇਂ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਵਿੱਚੋਂ ਹੁਕਮਨਾਮਾ ਲੈ ਕੇ ਅਰਦਾਸ, ਕਰਨ ਉਪਰੰਤ ਦੇਗ ਹੀ ਵਰਤਾਈ ਜਾਂਦੀ ਹੈ।

ਉਹਨਾਂ ਕਿਹਾ ਕਿ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਅੱਜ ਦੇ ਇਸ ਉਦਘਾਟਨੀ ਰਸਮ ਵੇਲੇ ਜਿਥੇ ਵੱਖ ਵੱਖ ਸੰਪਰਦਾਵਾਂ ਦੇ ਮਹਾਂਪੁਰਖ ਹਾਜਰ ਸਨ, ਉਥੇ ਮਰਿਆਦਾ ਦਾ ਘਾਣ ਕਰਨ ਵਾਲਿਆ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਦੋ ਸਾਬਕਾ ਹੈਡ ਗ੍ਰੰਥੀ ਤੇ ਸਾਬਕਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਪੂਰਣ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੀ ਹਾਜਰ ਸਨ। ਸਭ ਤੋ ਵੱਡਾ ਅਨਰਥ ਤਾਂ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਕੀਤਾ, ਜਿਹਨਾਂ ਦੇ ਨੱਕ ਹੇਠ ਇਹ ਤਿਆਰੀਆ ਹੁੰਦੀਆਂ ਰਹੀਆਂ, ਪਰ ਉਹਨਾਂ ਨੇ ਕਿਸੇ ਨੂੰ ਵੀ ਮਰਿਆਦਾ ਦੇ ਖਿਲਾਫ ਕਾਰਵਾਈ ਕਰਨ ਤੋਂ ਨਹੀਂ ਰੋਕਿਆ। ਸ੍ਰੀ ਮਨਜੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੂੰ ਆਪਣੇ ਆਪਣੇ ਆਹੁਦਿਆਂ ਤੋਂ ਨੈਤਿਕਤਾ ਦੇ ਆਧਾਰ ‘ਤੇ ਅਸਤੀਫੇ ਦੇ ਕੇ ਭੁੱਲ ਬਖਸ਼ਾਉਣੀ ਚਾਹੀਦੀ ਹੈ, ਅਤੇ ਸਾਬਕਾ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਦੇ ਸਨਮੁੱਖ ਨੱਕ ਰਗੜ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀਆ ਜੇਬਾਂ ਵਿੱਚੋਂ ਮੋਟੀਆ ਰਕਮਾਂ ਬਟੋਰਨ ਲਈ ਸੇਵਾ ਕਰਨ ਵਾਲੇ ਸਾਧ ਵੱਲੋਂ ਇੱਕ ਕਰੋੜ ਦੀ ਲਾਗਤ ਆਉਣ ਦੀ ਕਾਵਾਂ ਰੌਲੀ ਪਾਈ ਜਾ ਰਹੀ ਹੈ, ਜਦ ਕਿ ਇੱਕ ਕਰੋੜ ਲਾਗਤ ਨਾਲ ਇਸ ਸ਼ਾਮਿਆਨੇ ਵਿੱਚ ਹੀਰੇ ਮੋਤੀ ਵੀ ਲਗਾਏ ਜਾ ਸਕਦੇ ਸਨ।

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਸਭ ਵੱਧ ਪਵਿੱਤਰ ਤੇ ਮੁਕੱਦਸ ਅਸਥਾਨ ਹੈ, ਜਿਸ ਨੂੰ ਦੁਨੀਆ ਭਰ ਦੇ ਲੋਕ ਵੇਖਣ ਲਈ ਆ ਰਹੇ ਹਨ। ਵੱਖ ਵੱਖ ਧਰਮਾਂ ਦੇ ਧਾਰਮਿਕ ਆਗੂਆਂ ਨੇ ਵੀ ਇਹ ਤਸਲੀਮ ਕਰਨਾ ਸ਼ੁਰੂ ਕਰ ਦਿੱਤਾ ਹੈ, ਕਿ ਦੁਨੀਆ ਵਿੱਚ ਇੱਕ ਹੀ ਸੱਚਖੰਡ ਹੈ ਸ੍ਰੀ ਹਰਮਿੰਦਰ ਸਾਹਿਬ। ਉਹਨਾਂ ਕਿਹਾ ਕਿ ਉਹਨਾਂ ਕੋਲ ਤਾਂ ਇਸ ਵੇਲੇ ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਕੁਤਾਹੀ ਦੇ ਖਿਲਾਫ ਕੋਈ ਵੀ ਅਜਿਹੇ ਸ਼ਬਦ ਵਤਰਣ ਨਹੀਂ ਬਚੇ ਜਿਹਨਾਂ ਨਾਲ ਇਹਨਾਂ ਦਾ ਕੋਈ ਸੁਧਾਰ ਹੋ ਸਕੇ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਦਿੱਖ ਕਿਸੇ ਰੀਜ਼ੋਰਟ ਵਰਗੀ ਬਣਾਉਣੀ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਅਪੀਲ ਹੈ, ਕਿ ਉਹ ਆਪਣੀਆਂ ਕੁਰਸੀਆਂ ਦੇ ਲਾਲਚ ਛੱਡ ਕੇ ਦੋਸ਼ੀ ਅਧਿਕਾਰੀ ਦੇ ਖਿਲਾਫ ਤੁਰੰਤ ਕਾਰਵਾਈ ਕਰਾਉਣ ਅਤੇ ਉਸ ਨੂੰ ਆਹੁਦੇ ਤੋਂ ਮੁਅੱਤਲ ਕਰਕੇ, ਉਸ ਵਿਰੁੱਧ ਮਰਿਆਦਾ ਅਨੁਸਾਰ ਸਖਤ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ ਤਾਂ ਕਿ ਅੱਗੇ ਤੋਂ ਕੋਈ ਹੋਰ ਅਜਿਹੀ ਘਿਨਾਉਣੀ ਹਰਕਤ ਕਰਕੇ ਸ੍ਰੀ ਦਰਬਾਰ ਸਾਹਿਬਦੀ ਦਿੱਖ ਨੂੰ ਵਿਗਾੜਨ ਦੀ ਹਿੰਮਤ ਨਾ ਕਰ ਸਕੇ।

ਅਜਿਹੀ ਬਲੰਡਰ ਗਲਤੀ ਕਰਨ ਵਾਲੇ ਅਧਿਕਾਰੀ ਦੇ ਖਿਲਾਫ ਹਾਲੇ ਤੱਕ ਇਸ ਕਰਕੇ ਕੋਈ ਨਹੀਂ ਕੀਤੀ ਗਈ, ਕਿਉਕਿ ਉਸ ਨੂੰ ਮਾਝੇ ਦੇ ਮੁੱਖ ਮੰਤਰੀ ਵਜੋਂ ਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸ੍ਰੀ ਬਿਕਰਮ ਸਿੰਘ ਮਜੀਠੀਆ ਦਾ ਅਸ਼ੀਰਵਾਦ ਹਾਸਲ ਹੈ, ਅਤੇ ਭਵਿੱਖ ਵਿੱਚ ਉਸ ਦੇ ਖਿਲਾਫ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਹੈ। ਸਾਰੇ ਹੀ ਕਚੀਚੀਆਂ ਵੱਟ ਕੇ ਆਪਣੀਆਂ ਹੀ ਉਗਲਾਂ ਮੂੰਹ ਵਿੱਚ ਪਾ ਕੇ ਚਿੱਥ ਸਕਦੇ ਹਨ, ਪਰ ਦੋਸ਼ੀ ਅਧਿਕਾਰੀ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਹਿੰਮਤ ਜੁਟਾਉਣ ਲਈ ਤਿਆਰ ਨਹੀਂ ਹੈ। ਇਸ ਸਬੰਧੀ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਇੱਕ ਮੀਤ ਮਨੈਜਰ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਮਰਿਆਦਾ ਦਾ ਹਨਨ ਤਾਂ ਹੋਇਆ ਹੀ ਹੈ, ਪਰ ਉਹਨਾਂ ਨੇ ਸਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਦਿਲਮੇਘ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸ਼੍ਰੀ ਜਸਵਿੰਦਰ ਸਿੰਘ ਦੇ ਆਦੇਸ਼ਾਂ 'ਤੇ ਕਾਰਵਾਈ ਕਰਦਿਆਂ ਸਾਰੀਆਂ ਝਾਲਰਾਂ ਲੁਹਾ ਦਿੱਤੀਆਂ ਅਤੇ ਲਗਾਏ ਗਏ ਬਨਾਉਟੀ ਫੁੱਲ ਪੱਤੀਆਂ ਵੀ ਲਾਹ ਦਿੱਤੀਆ ਗਈਆਂ ਹਨ। ਉਹਨਾਂ ਕਿਹਾ ਕਿ ਮਰਿਆਦਾ ਬਾਰੇ ਤਾਂ ਸਿੰਘ ਸਾਹਿਬਾਨ ਹੀ ਵਧੇਰੇ ਜਾਣਦੇ ਹਨ ਅਤੇ ਉਹਨਾਂ ਦੇ ਹੁਕਮਾਂ ਅਨੁਸਾਰ ਹੀ ਅਗਲੀ ਕਾਰਵਾਈ ਹੋ ਸਕਦੀ ਹੈ, ਜਾਂ ਫਿਰ ਪ੍ਰਧਾਨ ਸਾਹਿਬ ਹੀ ਕੁਝ ਕਰ ਸਕਦੇ ਹਨ, ਪਰ ਕੌਣ ਸਾਹਿਬ ਇੰਜ ਨਹੀਂ ਇੰਜ ਕਰ..!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top