Share on Facebook

Main News Page

ਭਾਈ ਬਲਜੀਤ ਸਿੰਘ ਮੋਹਾਲੀ ਦੀ ਯਾਦ ’ਚ ਕੀਰਤਨ ਤੇ ਅੰਤਿਮ ਅਰਦਾਸ ਗੁਰਮਤਿ ਅਨੁਸਾਰ ਸੰਪੰਨ ਹੋਈ

* ਗੁਰਮਤਿ ਸਮਾਗਮਾਂ ’ਚ ਅਸੀਂ ਪੜ੍ਹਦੇ ਤਾਂ ਗੁਰਬਾਣੀ ਹਾਂ ਪਰ ਕਰਮ ਗੁਰੂ ਦੀ ਦਿਤੀ ਮੱਤ ਦੀ ਥਾਂ ਆਲੇ ਦੁਆਲੇ ਹੋ ਰਹੀ ਮਨਮਤਿ ਅਨੁਸਾਰ ਹੀ ਕਰਦੇ ਹਾਂ: ਭਾਈ ਰਜਿੰਦਰ ਸਿੰਘ
* ਗੁਰੂ ਦੀ ਸਾਨੂੰ ਸਿਖਿਆ ਹੈ ਕਿ ਮਨੁੱਖ ਦੀ ਹਸਤੀ ਜਮੀਨ ’ਤੇ ਵਾਹੀ ਹੋਈ ਲਕੀਰ ਵਾਂਗ ਹੈ ਜਿਸ ਦੇ ਨਾਂ ਵਾਹੁਣ ਵਿੱਚ ਕੋਈ ਖੁਸ਼ੀ ਹੋਣੀ ਚਾਹੀਦੀ ਹੈ ਤੇ ਨਾ ਹੀ ਮਿਟਾਏ ਜਾਣ ਦਾ ਕੋਈ ਗ਼ਮ: ਭਾਈ ਰਵਿੰਦਰ ਸਿੰਘ
* ਸਮੁੱਚੀ ਗੁਰਬਾਣੀ ਵਿੱਚ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਜੀਵਨ ਸੇਧ ਦੇਣ ਲਈ ਉਪਦੇਸ਼ ਦਿੱਤਾ ਗਿਆ ਹੈ: ਪ੍ਰੋ: ਕੁਲਬੀਰ ਸਿੰਘ
* ਗੁਰਮਤਿ ਦਾ ਇਕ ਸੱਚਾ ਪਾˆਧੀ, ਇਕ ਚੰਗਾ ਪੁੱਤ, ਇਕ ਚੰਗਾ ਪਤੀ, ਇਕ ਚੰਗਾ ਪਿਤਾ, ਇਕ ਚੰਗਾ ਬਹਾਂ ਬੇਲੀ ਭਰਾ, ਜੀਵਨ ਸੰਘਰਸ਼ ਦੀ ਸ਼ਕਤੀ ਸ: ਮਨਜੀਤ ਸਿੰਘ ਜੀ ਦਾ ਭਰਾ ਸ: ਬਲਜੀਤ ਸਿੰਘ ਚਲਾ ਗਿਆ ਹੈ: ਪ੍ਰੋ. ਦਰਸ਼ਨ ਸਿੰਘ

ਬਠਿੰਡਾ, 7 ਮਈ (ਕਿਰਪਾਲ ਸਿੰਘ): ਆਪਣਾ ਜੀਵਨ ਗੁਰਬਾਣੀ ਦੇ ਉਪਦੇਸ਼ ’ਚ ਜਿਉਣ ਵਾਲੇ ਭਾਈ ਬਲਜੀਤ ਸਿੰਘ ਮੋਹਾਲੀ ਦੀ ਯਾਦ ਵਿੱਚ ਬੀਤੇ ਦਿਨ ਅੰਤਮ ਸਮਾਗਮ ਵੀ ਪੂਰਨ ਗੁਰਮਤਿ ਅਨੁਸਾਰ ਸੰਪੰਨ ਹੋਇਆ। ਗੁਰਦੁਆਰਾ ਗੁਰੂ ਸਿੰਘ ਸਭਾ ਫੇਜ਼ 11 ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਹੋਏ ਗੁਰਮਤਿ ਸਮਾਗਮ ਵਿੱਚ ਹਜੂਰੀ ਰਾਗੀ ਭਾਈ ਜੋਗਿੰਦਰ ਸਿੰਘ ਦੇ ਜਥੇ ਨੇ ਵੈਰਾਗਮਈ ਸ਼ਬਦਾਂ ਦਾ ਕੀਰਤਨ ਕੀਤਾ। ਉਪ੍ਰੰਤ ਮ੍ਰਿਤਕ ਦੀ ਬੇਟੀ ਅਰਨੀਤ ਕੌਰ ਤੇ ਭਤੀਜੀ ਸਿਮਰਪ੍ਰੀਤ ਕੌਰ ਨੇ ਕੀਰਤਨ ਕੀਤਾ।

ਕੀਰਤਨ ਉਪ੍ਰੰਤ ਸੱਦ ਬਾਣੀ ਦੀ ਚੌਥੀ ਪਾਉੜੀ

ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥
ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥ ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ॥
ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥ ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥4॥


ਦੀ ਵਿਆਖਿਆ ਕਰਦਿਆਂ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਭਾਈ ਰਵਿੰਦਰ ਸਿੰਘ ਨੇ ਦੱਸਿਆ ਕਿ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਤੀਸਰੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਨੇ ਬੈਠ ਕੇ ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦ ਘੱਲਿਆ; (ਤੇ ਉਪਦੇਸ਼ ਦਿੱਤਾ-) 'ਮਤਾਂ ਮੇਰੇ ਪਿਛੋˆ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀˆ ਲੱਗਣਾ। ਕਿੳਂਕਿ (ਜਦੋˆ) ਕਿਸੇ ਮਨੁੱਖ ਦੇ ਮਿਤ੍ਰ ਨੂੰ ਆਦਰ ਮਿਲਦਾ ਹੈ ਉਸ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਤਾਂ ਉਹ ਖ਼ੁਸ਼ ਹੁੰਦਾ ਹੈ। ਤੁਸੀˆ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀˆ ਭੀ ਖ਼ੁਸ਼ ਹੋਵੋ)।' ਇਸੇ ਤਰ੍ਹਾਂ ਭਾਈ ਬਲਜੀਤ ਸਿੰਘ ਜਿਸ ਨੇ ਅਕਾਲ ਪੁਰਖ਼ ਵੱਲੋਂ ਬਖ਼ਸ਼ਿਆ ਆਪਣਾ ਸਾਰਾ ਜੀਵਨ ਗੁਰਮਤਿ ਅਨੁਸਾਰ ਜੀਵਿਆ ਹੈ, ਉਸ ਕਾਰਣ ਉਸ ਨੇ ਆਪਣੇ ਪ੍ਰਵਾਰ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਵਿੱਚ ਸਤਿਕਾਰ ਪ੍ਰਾਪਤ ਕੀਤਾ ਤੇ ਜਰੂਰ ਹੀ ਉਸ ਨੂੰ ਅਕਾਲ ਪੁਰਖ਼ ਦੀ ਦਰਗਹ ਵਿੱਚ ਵੀ ਸਤਿਕਾਰ ਮਿਲਿਆ ਰਿਹਾ ਹੋਵੇਗਾ ਤਾਂ ਉਸ ਦੇ ਅਕਾਲ ਚਲਾਣੇ ਪਿੱਛੋਂ ਰੋਣਾ ਨਹੀਂ ਚਾਹੀਦਾ।

ਭਗਤ ਕਬੀਰ ਸਾਹਿਬ ਦੇ ਸਲੋਕ:

ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥ ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥16॥

ਦਾ ਹਵਾਲਾ ਦਿੰਦੇ ਹੋਏ ਭਾਈ ਰਵਿੰਦਰ ਸਿੰਘ ਨੇ ਕਿਹਾ ਕਿ ਇਸ ਸਲੋਕ ਵਿੱਚ ਕਬੀਰ ਸਾਹਿਬ ਉਪਦੇਸ਼ ਦਿੰਦੇ ਹਨ: ‘ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀˆ, ਕਿਉˆਕਿ ਉਹ ਸੰਤ ਤਾˆ ਉਸ ਘਰ ਵਿਚ ਜਾˆਦਾ ਹੈ ਜਿਥੋˆ ਉਸ ਨੂੰ ਕੋਈ ਕੱਢੇਗਾ ਨਹੀˆ (ਭਾਵ, ਉਹ ਸੰਤ 'ਦੀਨ' ਦਾ ਵਪਾਰੀ ਹੋਣ ਕਰਕੇ ਪ੍ਰਭੂ-ਚਰਨਾਂ ਵਿਚ ਜਾ ਅੱਪੜਦਾ ਹੈ); (ਜੇ ਅਫ਼ਸੋਸ ਕਰਨਾ ਹੈ ਤਾˆ) ਉਸ ਮੰਦ-ਭਾਗੀ (ਦੇ ਮਰਨ) ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋˆ ਵਿਛੁੜਿਆ ਹੋਇਆ ਹੈ, (ਉਹ ਆਪਣੇ ਕੀਤੇ ਮੰਦ-ਕਰਮਾਂ ਦੇ ਵੱਟੇ) ਹਰੇਕ ਹੱਟੀ ਤੇ ਵਿਕਦਾ ਹੈ (ਭਾਵ, ਸਾਰੀ 'ਦੁਨੀਆ' ਦੀ ਖ਼ਾਤਰ ਭਟਕਣ ਕਰਕੇ ਹੁਣ ਕਈ ਜੂਨਾਂ ਵਿਚ ਭਟਕਦਾ ਹੈ) ॥16॥’

ਬਾਬਾ ਅਟੱਲ ਰਾਇ ਦੇ ਪ੍ਰਾਣ ਤਿਆਗਣ ਉਪ੍ਰੰਤ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਆਪਣੇ ਸਾਢੂ ਭਾਈ ਸਾਂਈ ਦਾਸ ਨੂੰ ਦਿੱਤੇ ਉਪਦੇਸ਼ ਦਾ ਹਵਾਲਾ ਦਿੰਦੇ ਹੋਏ ਭਾਈ ਰਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਅਕਾਲ ਪੁਰਖ਼ ਦੇ ਹੁਕਮ ਵਿੱਚ ਖਿਚੀਆਂ ਗਈਆਂ ਲਕੀਰਾਂ ਹਾਂ ਜਿਨ੍ਹਾਂ ਦੇ ਨਾ ਹੀ ਵਾਹੁਣ ਵਿੱਚ ਸਾਨੂੰ ਕੋਈ ਖੁਸ਼ੀ ਹੋਣੀ ਚਾਹੀਦੀ ਹੈ ਅਤੇ ਨਾ ਹੀ ਢਾਹੇ ਜਾਣ ਵਿੱਚ ਕੋਈ ਅਫਸੋਸ ਹੋਣਾ ਚਾਹੀਦਾ। ਉਨ੍ਹਾਂ ਕਿਹਾ ਇਸ ਮੌਕੇ ਪ੍ਰਵਾਰ ਦੀ ਬੱਚੀਆਂ ਵਲੋਂ ਕੀਤੇ ਗਏ ਸ਼ਬਦ ਕੀਰਤਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਈ ਬਲਜੀਤ ਸਿੰਘ ਦਾ ਸਾਰਾ ਪ੍ਰਵਾਰ ਹੀ ਆਪਣਾ ਜੀਵਨ ਗੁਰਮਤਿ ਦੀ ਸੇਧ ਵਿੱਚ ਬਤੀਤ ਕਰ ਰਿਹਾ ਹੈ ਤੇ ਭਰ ਜੁਆਨੀ ਵਿੱਚੇ ਪ੍ਰਵਾਰ ਨੂੰ ਦਿੱਤੇ ਅਸਹਿ ਵਿਛੋੜੇ ਨੂੰ ਇਹ ਸਹਿਜ ਸੁਭਾਇ ਸਹਿਣ ਕਰਨ ਦੇ ਸਮਰਥ ਹੈ।

ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਮੁਖੀ ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਅਜੇਹੇ ਗੁਰਮਤਿ ਸਮਾਗਮਾਂ ’ਚ ਅਸੀਂ ਪੜ੍ਹਦੇ ਤਾਂ ਗੁਰਬਾਣੀ ਹਾਂ ਪਰ ਕਰਮ ਗੁਰੂ ਦੀ ਦਿਤੀ ਮੱਤ ਦੀ ਥਾਂ ਆਲੇ ਦੁਆਲੇ ਹੋ ਰਹੀ ਮਨਮਤਿ ਅਨੁਸਾਰ ਹੀ ਕਰਦੇ ਹਾਂ। ਉਨ੍ਹਾਂ ਕਿਹਾ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਮ੍ਰਿਤਕ ਪ੍ਰਾਣੀ ਪਿੱਛੋਂ ਕੀਤੇ ਕ੍ਰਮਕਾਂਡ, ਉਸ ਨਮਿਤ ਕੀਤੇ ਦਾਨਪੁੰਨ ਅਤੇ ਉਸ ਦੇ ਫੁੱਲ ਹਰਿਦੁਆਰ ਵਿੱਚ ਪਾਉਣ ਨਾਲ ਉਸ ਨੁੰ ਕੋਈ ਆਤਮਿਕ ਲਾਭ ਮਿਲਣ ਵਾਲਾ ਨਹੀਂ ਸਗੋਂ ਮਿਲਦਾ ਉਹੀ ਹੈ ਜੋ ਉਸ ਨੇ ਇਸ ਜਿੰਦਗੀ ਵਿੱਚ ਗੁਰੂ ਦੀ ਸਿਖਿਆ ਅਨੁਸਾਰ ਕਮਾਇਆ ਹੈ:

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥

(ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ -ਪੰਨਾ 472) ਪਰ ਅਸੀਂ ਮਨਮਤਿ ਵਾਲੇ ਕੰਮ ਤਾਂ ਉਹੀ ਕਰ ਰਹੇ ਹਾਂ ਪਰ ਉਨ੍ਹਾਂ ਦੇ ਨਾਮ ਤੇ ਸਥਾਨ ਬਦਲ ਲਏ ਹਨ। ਗੰਗਾ ਨਦੀ ’ਚ ਹਰਿਦੁਆਰ ਵਿਖੇ ਫੁੱਲ ਪਾਉਣੇ ਤਾਂ ਬੰਦ ਕਰ ਦਿੱਤੇ ਹਨ ਪਰ ਉਸ ਦੀ ਥਾਂ ਨਵਾਂ ਹਰਿਦੁਆਰ ਕੀਰਤਪੁਰ ਵਿਖੇ ਸਿਰਜ ਕੇ ਉਹੀ ਮਨਮਤਿ ਇਥੇ ਕਰਨੀ ਸ਼ੁਰੂ ਕਰ ਦਿੱਤੀ ਹੈ। ਬ੍ਰਾਹਮਣਾਂ ਨੂੰ ਦਾਨ ਦੇਣ ਦੀ ਥਾਂ ਮ੍ਰਿਤਕ ਪ੍ਰਾਣੀ ਦੇ ਨਮਿਤ ਉਸ ਲਈ ਮੰਜਾ ਬਿਸਤਰਾ ਤੇ ਹੋਰ ਦਾਨ ਗੁਰਦੁਆਰੇ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਬਹਾਨਾ ਇਹ ਘੜਿਆ ਜਾ ਰਿਹਾ ਹੈ ਕਿ ਇਸ ਬਹਾਨੇ ਗੁਰਦੁਆਰੇ ਦੀ ਸੇਵਾ ਹੋ ਜਾਂਦੀ ਹੈ। ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਉਹ ਗੁਰਦੁਆਰੇ ਦੀ ਸੇਵਾ ਕਰਨ ਦੇ ਵਿਰੁਧ ਨਹੀਂ ਹਨ ਸਗੋਂ ਚਾਹੁੰਦੇ ਹਨ ਕਿ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੀ ਲੋੜ ਅਨੁਸਾਰ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ। ਪਰ ਕੀ ਸਾਡੀ ਹਾਲਤ ਇੰਨੀ ਨਿੱਘਰ ਗਈ ਹੈ ਕਿ ਸਾਨੂੰ ਸੇਵਾ ਕਰਨ ਲਈ ਵੀ ਕੋਈ ਬਹਾਨਾ ਚਾਹੀਦਾ ਹੈ ਤੇ ਅਸੀਂ ਉਡੀਕਦੇ ਰਹੀਏ ਕਿ ਕਦੋਂ ਸਾਡਾ ਕੋਈ ਆਦਮੀ ਮਰੇ ਤਾਂ ਉਸ ਦੀ ਯਾਦ ਵਿੱਚ ਅਸੀਂ ਗੁਰਦੁਆਰੇ ਸੇਵਾ ਕਰੀਏ! ਕਿਸੇ ਮ੍ਰਿਤਕ ਪ੍ਰਾਣੀ ਦੀ ਯਾਦ ਵਿੱਚ ਕੀਤੇ ਦਾਨਪੁੰਨ ਅਤੇ ਸੇਵਾ ਦੀ ਅਰਦਾਸ ਕਰਨ ਵਾਲੇ ਗ੍ਰੰਥੀ ’ਤੇ ਕੀ ‘ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥’ ਵਾਲਾ ਗੁਰਫ਼ੁਰਮਾਨ ਲਾਗੂ ਨਹੀਂ ਹੁੰਦਾ!

ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਭਾਈ ਬਲਜੀਤ ਸਿੰਘ ਦੇ ਪਿੱਛੋਂ ਉਸ ਦੇ ਭਰਾ ਭਾਈ ਮਨਜੀਤ ਸਿੰਘ ਤੇ ਹੋਰ ਸਮੁੱਚੇ ਪ੍ਰਵਾਰ ਨੇ ਕੋਈ ਗੁਰਮਤਿ ਵਿਰੋਧੀ ਕੰਮ ਨਹੀ ਨਹੀਂ ਕੀਤਾ। ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਵਿੱਚ ਕਿਧਰੇ ਵੀ ਦਰਜ ਨਹੀਂ ਹੈ ਕਿ ਮ੍ਰਿਤਕ ਪ੍ਰਾਣੀ ਦੇ ਸਸਕਾਰ ਤੋਂ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਅਤੇ ਸਸਕਾਰ ਉਪ੍ਰੰਤ ਗੁਰਦੁਆਰੇ ਆ ਕੇ ਅਲਾਹਣੀਆਂ ਦਾ ਪਾਠ ਕੀਤਾ ਜਾਵੇ ਪਰ ਵੇਖਾ ਵੇਖੀ ਇਹ ਸਾਡੇ ਵਿੱਚ ਪ੍ਰਚੱਲਤ ਹੋ ਗਿਆ ਹੈ। ਉਨ੍ਹਾਂ ਕਿਹਾ ਮਕਸਦ ਤਾਂ ਇਹ ਸੀ ਕਿ ਜਿਤਨਾ ਸਮਾਂ ਸਸਕਾਰ ਲਈ ਲਕੜੀਆਂ ਚਿਣਨ ’ਤੇ ਲਗਦਾ ਹੈ ਉਸ ਦੌਰਾਣ ਵੀ ਅਕਾਲਪੁਰਖ ਨਾਲ ਜੁੜੇ ਰਹਿਣ ਲਈ ਪਾਠ ਕੀਤਾ ਜਾਵੇ ਪਰ ਹੁਣ ਪ੍ਰਚਲਤ ਕਰ ਦਿੱਤਾ ਗਿਆ ਹੈ ਕਿ ਪਹਿਲਾਂ ਜਪੁਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਹੀ ਲਕੜੀਆਂ ਚਿਣਨੀਆਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ ਜਿਸ ਤਰ੍ਹਾਂ ਗਾਇਤਰੀ ਦਾ ਪਾਠ ਕਰਨਾ ਇੱਕ ਰਸਮ ਸੀ ਉਸੇ ਤਰ੍ਹਾਂ ਜਪੁਜੀ ਸਾਹਿਬ ਦਾ ਪਾਠ ਕਰਨ ਦੀ ਇੱਕ ਰਸਮ ਪੂਰੀ ਕੀਤੀ ਜਾ ਰਹੀ ਹੈ ਪਰ ਇਸ ਤੋਂ ਸਿਖਿਆ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਅਲਾਹਣੀਆਂ ਦੀਆਂ ਪੰਜੇ ਪਾਉੜੀਆਂ ਦਾ ਪਾਠ ਕਰਨ ਦੀ ਥਾਂ ਜੇ ਇੱਕ ਪਾਉੜੀ ਦੀ ਵਿਆਖਿਆ ਕਰਕੇ ਉਸ ਨੂੰ ਸਮਝਣ ਅਤੇ ਆਪਣੇ ਜੀਵਨ ਵਿੱਚ ਅਪਨਾਉਣ ਦੀ ਪ੍ਰਿਤ ਪੈ ਜਾਵੇ ਤਾਂ ਇਸ ਦਾ ਸਾਨੂੰ ਕਾਫੀ ਲਾਹਾ ਮਿਲ ਸਕਦਾ ਹੈ।

ਸਟੇਜ ਸਕੱਤਰ ਦੀ ਬਾਖ਼ੂਬੀ ਸੇਵਾ ਨਿਭਾਉਂਦੇ ਹੋਏ ਪ੍ਰੋ: ਕੁਲਬੀਰ ਸਿੰਘ ਨੇ ਕਿਹਾ ਸਮੁੱਚੀ ਗੁਰਬਾਣੀ ਵਿੱਚ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਜੀਵਨ ਸੇਧ ਦੇਣ ਲਈ ਉਪਦੇਸ਼ ਦਿੱਤਾ ਗਿਆ ਹੈ ਤੇ ਕਿਧਰੇ ਵੀ ਗੁਰਬਾਣੀ ਪੜ੍ਹਨ ਦਾ ਜੀਵਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਮਿਲਣ ਵਾਲੇ ਫ਼ਲ ਦਾ ਜ਼ਿਕਰ ਨਹੀਂ ਕੀਤਾ ਪਰ ਅਸੀਂ ਗੁਰਬਾਣੀ ਨੂੰ ਵਰਤਮਾਣ ਵਿੱਚ ਅਪਨਾਉਣ ਦੀ ਥਾਂ ਇਸ ਦਾ ਸਬੰਧ ਇਸ ਜੀਵਨ ਤੋਂ ਪਹਿਲਾਂ ਜਾਂ ਮੌਤ ਤੋਂ ਬਾਅਦ ਅਗਲੇ ਜਨਮ ਵਿੱਚ ਮਿਲਣ ਵਾਲੇ ਲਾਭ ਨਾਲ ਜੋੜ ਕੇ ਇਸ ਨੂੰ ਮੁੱਖ ਰੱਖ ਕੇ ਪਾਠ ਕਰਦੇ ਹਾਂ। ਪ੍ਰੋ: ਕੁਲਬੀਰ ਸਿੰਘ ਨੇ ਦੱਸਿਆ ਕਿ ਭਾਈ ਮਨਜੀਤ ਸਿੰਘ ਬਲਜੀਤ ਸਿੰਘ ਦਾ ਪ੍ਰਵਾਰ ਦਿੱਲੀ ਵਿਖੇ ਪ੍ਰੋ: ਦਰਸ਼ਨ ਸਿੰਘ ਦੇ ਗੁਆਂਢ ਵਿੱਚ ਰਹਿੰਦਾ ਰਿਹਾ ਹੋਣ ਕਰਕੇ ਉਨ੍ਹਾਂ ਦੀ ਜੀਵਨ ਸ਼ੈਲੀ ਤੇ ਕੀਰਤਨ ਕਰਨ ਦੇ ਢੰਗ ਦਾ ਇਨ੍ਹਾਂ ਤੇ ਕਾਫੀ ਅਸਰ ਰਿਹਾ ਹੈ ਤੇ ਅਕਸਰ ਹੀ ਉਨ੍ਹਾਂ ਨਾਲ ਸਾਈਡ ਰਾਗੀ ਤੇ ਤਬਲਾ ਬਜਾਉਣ ਦੀ ਸੇਵਾ ਨਿਭਾਉਂਦੇ ਰਹੇ ਹਨ। ਜਦ ਇਹ ਕੀਰਤਨ ਕਰਦੇ ਸਨ ਤਾਂ ਕਈ ਵਾਰ ਭੁਲੇਖਾ ਪੈਂਦਾ ਸੀ ਕਿ ਪ੍ਰੋ: ਦਰਸ਼ਨ ਸਿੰਘ ਹੀ ਕੀਰਤਨ ਕਰ ਰਹੇ ਹਨ। ਪ੍ਰੋ: ਕੁਲਬੀਰ ਸਿੰਘ ਨੇ ਕਿਹਾ ਕਿ ਇਸ ਸਮੇਂ ਪ੍ਰੋ: ਦਰਸ਼ਨ ਸਿੰਘ ਕੈਨੇਡਾ ’ਚ ਹੋਣ ਕਰਕੇ ਇਸ ਸਮਾਗਮ ਵਿੱਚ ਪਹੁੰਚ ਨਹੀਂ ਸਕੇ, ਤੇ ਉਨ੍ਹਾਂ ਇਸ ਮੌਕੇ ਪੜ੍ਹੇ ਜਾਣ ਵਾਲਾ ਵਿਸ਼ੇਸ਼ ਸ਼ੰਦੇਸ਼ ਭੇਜਿਆ ਹੈ ਜਿਹੜਾ ਕਿ ਉਨ੍ਹਾਂ ਨੇ ਪੜ੍ਹ ਕੇ ਸੁਣਾਇਆ।

ਪ੍ਰੋ: ਕੁਲਬੀਰ ਸਿੰਘ ਵਲੋਂ ਪੜ੍ਹ ਗਏ ਸੰਦੇਸ਼ ਵਿੱਚ ਪ੍ਰੋ: ਦਰਸ਼ਨ ਸਿੰਘ ਨੇ ਕਿਹਾ "ਗੁਰਮਤੀ ਕਾਫਲੇ ਵਾਲਿਓ, ਗੁਰਮਤਿ ਦਾ ਇਕ ਸੱਚਾ ਪਾਂਧੀ, ਇਕ ਚੰਗਾ ਪੁੱਤ, ਇਕ ਚੰਗਾ ਪਤੀ, ਇਕ ਚੰਗਾ ਪਿਤਾ, ਇਕ ਚੰਗਾ ਬਹਾਂ ਬੇਲੀ ਭਰਾ, ਜਿਸ ਤੇ ਗੁਰੂ ਭੀ ਰੱਬ ਜਿਨਾ ਭਰੋਸਾ ਕਰਦਾ ਆਖਦਾ ਹੈ “ਐਸੋ ਸਹਾਈ ਹਰ ਕੋ ਨਾਮ॥ ਜੈਸੇ ਰਣ ਮਹਿ ਸਖਾ ਭਰਾਤ॥” ਐਸੇ ਜੀਵਨ ਸੰਘਰਸ਼ ਦੀ ਸ਼ਕਤੀ ਸ: ਮਨਜੀਤ ਸਿੰਘ ਜੀ ਦਾ ਭਰਾ ਸ੍ਰ: ਬਲਜੀਤ ਸਿੰਘ ਚਲਾ ਗਿਆ ਹੈ, ਸਭ ਤੋˆ ਵੱਡੀ ਗੱਲ ਗੁਰਮੁਖਾਂ ਦੀ ਦੁਨੀਆˆ ਵਿਚੋˆ ਹਸੂੰ ਹਸੂੰ ਕਰਦਾ ਇਕ ਗੁਰਮੁੱਖ ਵੀਰ ਚਲਾ ਗਿਆ। ਅਕਾਲ ਪੁਰਖ ਭਾਈ ਬਲਜੀਤ ਸਿੰਘ ਮੋਹਾਲੀ ਦੇ ਪਰਿਵਾਰ ਵਿੱਚ ਇਸ ਅਸਹਿ ਸਦਮੇ ਨੂੰ ਸਹਿਣ ਦੀ ਸ਼ਕਤੀ ਬਖਸ਼ੇ। ਆਪਣੇ ਲਿਖਤੀ ਸੰਦੇਸ਼ ਵਿੱਚ ਪ੍ਰੋ: ਦਰਸ਼ਨ ਸਿੰਘ ਨੇ ਕਿਹਾ, ਭਲਿਓ! ਚੌਗਿਰਦੇ ਆਪਣਿਆˆ ਦੀਆˆ ਅੱਖਾਂ ਵਿਚੋˆ ਵਗਦੇ ਜ਼ਾਰ ਜ਼ਾਰ ਅਥਰੂ ਨਿਰੇ ਵਿਛੋੜੇ ਦੇ ਨਹੀˆ, ਬਲਕਿ ਵੀਰ ਦੇ ਗੁਣਾਂ ਦੀਆˆ ਯਾਦਾਂ ਦੀ ਤਸਵੀਰ ਹਨ, ਗੁਰੂ ਕਰੇ ਇਹ ਯਾਦਾਂ ਪ੍ਰਵਾਰ ਬੱਚਿਆˆ ਅਤੇ ਮਿਤਰਾਂ ਦੇ ਜੀਵਨ ਦਾ ਹਿੱਸਾ ਬਣ ਨਿਬੜਨ, ਅਕਾਲ ਪੁਰਖ ਜਿਥੇ ਪਵਿੱਤਰ ਆਤਮਾ ਨੂੰ ਅਭੇਦਤਾ ਬਖਸ਼ੇ, ਪਰਿਵਾਰ ਵਿੱਚ ਇਸ ਅਸਹਿ ਸਦਮੇ ਨੂੰ ਸਹਿਣ ਦੀ ਸ਼ਕਤੀ ਬਖਸ਼ੇ।" ਅਖੀਰ ’ਤੇ ਭਾਈ ਰਜਿੰਦਰ ਸਿੰਘ ਨੇ ਭਾਈ ਬਲਜੀਤ ਸਿੰਘ ਦੀ ਅੰਤਿਮ ਅਰਦਾਸ ਕੀਤੀ ਤੇ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਉਪ੍ਰੰਤ ਗੁਰੂ ਦੀ ਦੇਜ਼ ਤੇ ਲੰਗਰ ਵਰਤਾਇਆ ਗਿਆ।

ਇਸ ਸਮਾਗਮ ਵਿੱਚ ਭਾਈ ਬਲਜੀਤ ਸਿੰਘ ਦੇ ਰਿਸ਼ਤਦਾਰ, ਮਿੱਤਰ ਦੋਸਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਥਕ ਜਥੇਬੰਦੀਆਂ ਦੇ ਨੁੰਮਾਇੰਦੇ ਤੇ ਵਰਕਰ ਸ਼ਾਮਲ ਹੋਏ ਜਿੰਨ੍ਹਾਂ ਵਿੱਚ ਮੁੱਖ ਤੌਰ ’ਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਮੁੱਖੀ ਭਾਈ ਰਜਿੰਦਰ ਸਿੰਘ, ਰਵਿੰਦਰ ਸਿੰਘ, ਗੁਰੂ ਗ੍ਰੰਥ ਸਾਹਿਬ ਦਾ ਖ਼ਾਲਸਾ ਪੰਥ ਦੇ ਆਫਿਸ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ, ਕਿਰਪਾਲ ਸਿੰਘ ਬਠਿੰਡਾ, ਹਰਲਾਜ ਸਿੰਘ ਬਹਾਦਰਪੁਰ, ਧਰਮ ਸਿੰਘ ਬਹਾਦਰਪੁਰ, ਸੁਰਿੰਦਰ ਸਿੰਘ ਮਿਉਂਦ (ਹਰਿਆਣਾ), ਸਿੱਖ ਸਮਾਜ ਦੇ ਕਰਨਲ ਗੁਰਦੀਪ ਸਿੰਘ, ਸੁਖਦੇਵ ਸਿੰਘ, ਮੇਜਰ ਮੇਵਾ ਸਿੰਘ, ਅਕਾਲ ਸਹਾਇ ਟਰੱਸਟ ਦੇ ਭਾਈ ਕਿਹਰ ਸਿੰਘ, ਪ੍ਰੋ: ਕੁਲਬੀਰ ਸਿੰਘ, ਹਰਸ਼ਰਨ ਸਿੰਘ ਐਡਵੋਕੇਟ, ਅਮਰਜੀਤ ਸਿੰਘ, ਜਾਂਬਾਂਜ ਫੋਰਸ ਦੀ ਚੇਅਰਪਰਸਨ ਬੀਬੀ ਸੁਰਿੰਦਰ ਕੌਰ ਨਿਹਾਲ, ਜਨਰਲ ਸਕੱਤਰ ਬਚਿੱਤਰ ਸਿੰਘ ਆਹਲੂਵਾਲੀਆ, ਦਲਜੀਤ ਸਿੰਘ ਨੋਇਡਾ, ਤੱਤ ਗੁਰਮਤਿ ਪ੍ਰਵਾਰ ਦੇ ਗੁਰਿੰਦਰ ਸਿੰਘ ਅਤੇ ਗਰੇਟ ਸਿੱਖੀ ਵੈਬਸਾਈਟ ਚਲਾ ਰਹੇ ਸਰਬਜੀਤ ਸਿੰਘ ਆਦਿ ਸ਼ਾਮਲ ਹੋਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top