Share on Facebook

Main News Page

ਸ਼੍ਰੋਮਣੀ ਕਮੇਟੀ ਦਾ ਸੇਵਾਦਰ ਬਣਿਆ ਦੋ ਔਰਤਾਂ ਦੀ ਪਤੀ ਤੀਸਰੀ 'ਤੇ ਅੱਖ ਟਿਕਾਈ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆ ਤੋਂ ਜ਼ਜ਼ੀਆ ਵਸੂਲਣ ਵਾਲੇ ਇੱਕ ਮੁਲਾਜ਼ਮ ਵੱਲੋਂ ਲੱਗੀਆ ਖਬਰਾਂ ਦੀ ਹਾਲੇ ਸਿਆਹੀ ਵੀ ਨਹੀ ਸੁੱਕੀ ਸੀ ਕਿ ਸ੍ਰੋਮਣੀ ਕਮੇਟੀ ਦੇ ਇੱਕ ਹੋਰ ਕਰਮਚਾਰੀ ਨੇ ਨਵਾਂ ਚੰਦ ਚਾੜਦਿਆ ਪਹਿਲੀ ਪਤਨੀ ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦੇ ਕੇ ਜ਼ਬਰੀ ਤਲਾਕ ਲੈ ਕੇ ਧੋਖੇ ਨਾਲ ਆਪਣੀ ਉਮਰ ਤੋ ਕਰੀਬ 10 ਸਾਲ ਛੋਟੀ ਦੀ ਕੁੜੀ ਨਾਲ ਦੂਜਾ ਵਿਆਹ ਕਰਵਾ ਕੇ ਇੱਕ ਵਾਰੀ ਸ੍ਰੋਮਣੀ ਕਮੇਟੀ ਨੂੰ ਨਵੇਂ ਧਰਮ ਸੰਕਟ ਵਿੱਚ ਪਾ ਦਿੱਤਾ ਹੈ।

ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਇੱਕ ਵਾਰੀ ਫਿਰ ਉਸ ਵੇਲੇ ਚਰਚਾ ਵਿੱਚ ਆ ਗਈ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਇੱਕ ਐਡੀਸ਼ਨਲ ਮਨੈਜਰ ਦੇ ਸੇਵਾਦਾਰ ਹਰਪ੍ਰੀਤ ਸਿੰਘ ਨੇ ਆਪਣੇ ਦੋ ਬੱਚਿਆ ਦੀ ਮਾਂ, ਆਪਣੀ ਪਹਿਲੀ ਪਤਨੀ ਸਵਿੰਦਰ ਕੌਰ ਨੂੰ ਕੁੱਟਮਾਰ ਕਰਕੇ ਵਿਦੇਸ਼ ਜਾਣ ਦਾ ਬਹਾਨਾ ਬਣਾ ਕੇ, ਜ਼ਬਰੀ ਤਲਾਕ ਲੈ ਲਿਆ ਅਤੇ ਵਿਦੇਸ਼ ਜਾਣ ਦੀ ਬਜਾਏ ਆਪਣੇ ਆਪ ਨੂੰ ਕੁਆਰਾ ਦੱਸ ਕੇ ਆਪਣੀ ਹੀ ਇੱਕ ਸਾਥਣ ਰਾਹੀਂ ਇੱਕ ਅੱਲੜ ਉਮਰ ਦੀ ਕੁੜੀ ਨਾਲ ਸ਼ਾਂਦੀ ਕਰ ਲਈ ਜਿਸ ਨੂੰ ਵੀ ਦਾਜ ਲਿਆਉਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਹਾਲਾਤ ਉਸ ਵੇਲੇ ਹੋਰ ਸੰਗੀਨ ਤੇ ਗੰਭੀਰ ਹੋ ਗਏ ਜਦੋਂ ਇਸ ਮਾਨਯੋਗ ਸੇਵਾਦਾਰ ਨੂੰ ਉਸ ਦੀ ਨਵੀਂ ਵਿਅਹੁੜ ਭੁਪਿੰਦਰਜੀਤ ਕੌਰ ਨੇ ਇੱਕ ਤੀਸਰੀ ਔਰਤ ਬਾਰੇ ਪੁੱਛਿਆ ਕਿ ਇਸ ਮਹਾਰਾਣੀ ਦੀ ਕੀ ਤਰੀਫ ਹੈ? ਨਵੀ ਵਿਆਹੁੜ ਨੂੰ ਇਹ ਪੁੱਛਣਾ ਇੰਨਾ ਕੁ ਮਹਿੰਗਾ ਪਿਆ ਕਿ ਉਸ ਨੂੰ ਅੱਗੇ ਤੋਂ ਅਜਿਹੀ ਹਰਕਤ ਕਰਨ ਦੀ ਤਾੜਨਾ ਕਰਨ ਤੋਂ ਇਲਾਵਾ ਉਸ ਦੀ ਭੁਗਤ ਵੀ ਇਹ ਕਹਿ ਕੇ ਸੰਵਾਰੀ ਗਈ ਕਿ ਮਰਦ ਬਾਹਰ ਬਹੁਤ ਕਰਦੇ ਹਨ ਇਸ ਬਾਰੇ ਅੱਗੇ ਤੋਂ ਕੋਈ ਗੱਲ ਪੁੱਛੀ ਗਈ ਤਾਂ ਤੈਨੂੰ ਵੀ ਇਸ ਦੇ ਗੰਭੀਰ ਸਿੱਟੇ ਭੁੱਗਤਣੇ ਪੈਣਗੇ। ਅਖੀਰ ਸੇਵਾਦਾਰ ਦੀ ਦੂਸਰੀ ਪਤਨੀ ਵੀ ਉਸ ਦੀਆ ਹਰਕਤਾਂ ਤੋਂ ਦੁੱਖੀ ਹੋ ਕੇ ਆਪਣੇ ਪੇਕੇ ਪਿੰਡ ਚੱਲੀ ਗਈ ਤੇ ਉਸ ਨੇ ਆਪਣੇ ਮਾਤਾ ਪਿਤਾ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਉਹ ਵਾਪਸ ਆਪਣੇ ਜ਼ਾਅਲਸਾਜ਼ ਪਤੀ ਕੋਲ ਜਾਣ ਦੀ ਬਜਾਏ ਆਤਮ ਹੱਤਿਆ ਕਰਨ ਨੂੰ ਤਰਜੀਹ ਦੇਵੇਗੀ।

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਸ਼ਕਾਇਤ ਕਰਨ ਲਈ ਸ੍ਰੋਮਣੀ ਕਮੇਟੀ ਦੇ ਦਫਤਰ ਵਿਖੇ ਪੁੱਜੇ ਭੁਪਿੰਦਰਜੀਤ ਕੌਰ ਦੇ ਪਿਤਾ ਕਾਬਲ ਸਿੰਘ (ਜੋ ਕਿ ਥੀਨ ਡੈਮ ਵਿਖੇ ਮੁਲਾਜਮ ਹੈ) ਅਤੇ ਉਸ ਦੀ ਪਤਨੀ ਜਸਬੀਰ ਕੌਰ ਨੇ ਆਪਣੀ ਦੁੱਖ ਤੇ ਦਰਦ ਭਰੀ ਕਹਾਣੀ ਭਰੇ ਮਨ ਨਾਲ ਸੁਣਾਉਦਿਆ ਕਿਹਾ ਕਿ ਉਹ ਜਿਲਾ ਗੁਰਦਾਸਪੁਰ ਦੇ ਪਿੰਡ ਉਦੋਵਾਲੀ ਕਲਾਂ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦੀਆ ਦੋ ਲੜਕੀਆ ਹੀ ਹਨ ਅਤੇ ਉਹਨਾਂ ਨੇ ਆਪਣੀਆਂ ਦੋਹਾਂ ਲੜਕੀਆਂ ਨੂੰ ਪੁੱਤਾਂ ਨਾਲੋਂ ਵੀ ਵੱਧ ਪਿਆਰ ਤੇ ਦਿਲਾਰ ਨਾਲ ਪਾਲਿਆ ਪੋਸਿਆ ਤੇ ਪ੍ਰਵਾਨ ਚੜਾਇਆ ਅਤੇ ਪੜਾਇਆ ਲਿਖਾਇਆ ਹੈ। ਜਸਬੀਰ ਕੌਰ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਉਦਿਆ ਕਿਹਾ ਕਿ ਉਸਦੀ ਭਣੇਵੀ ਹਰਜੀਤ ਕੌਰ ਘੰਮਣ ਅਤੇ ਉਸ ਦੀ ਇੱਕ ਸਹੇਲੀ ਚਰਨਜੀਤ ਬਾਵਾ ਉਹਨਾਂ ਦੇ ਘਰ ਆਈਆ ਤੇ ਉਹਨਾਂ ਨੇ ਕਿਹਾ ਕਿ ਭੁਪਿੰਦਰਜੀਤ ਕੌਰ ਲਈ ਉਹਨਾਂ ਨੇ ਇੱਕ ਲੜਕਾ ਬਹੁਤ ਹੀ ਸ਼ੁਸ਼ੀਲ ਤੇ ਕਾਰੋਬਾਰ ‘ਤੇ ਲੱਗਾ ਵੇਖਿਆ ਹੈ। ਉਹਨਾਂ ਦੱਸਿਆ ਕਿ ਲੜਕਾ ਸ੍ਰੋਮਣੀ ਕਮੇਟੀ ਵਿੱਚ ਪੱਕੀ ਨੌਕਰੀ ਕਰਦਾ ਹੈ ਅਤੇ ਉਸ ਨੂੰ ਕਮੇਟੀ ਵਾਲਿਆ ਨੇ ਇੱਕ ਬਹੁਤ ਵੱਡਾ ਮਕਾਨ ਵੀ ਦਿੱਤਾ ਹੋਇਆ ਹੈ। ਬੀਬੀ ਜਸਬੀਰ ਕੌਰ ਨੇ ਹੁੱਬਕੀਆ ਲੈਦਿਆ ਦੱਸਿਆ ਕਿ ਉਸੇ ਦਿਨ ਹੀ ਉਹਨਾਂ ਦੀ ਧੀ ਦੀ ਕਿਸਮਤ ਸੜ ਗਈ ਅਤੇ ਉਹਨਾਂ ਨੇ ਤੁਰੰਤ ਮੁੰਡਾ ਵੇਖਣਾ ਚਾਹਿਆ। ਮੁੰਡਾ ਵਾਕਿਆ ਹੀ ਸੁੰਦਰ ਤੇ ਸ਼ੁਸ਼ੀਲ ਸੀ ਤੇ ਉਹਨਾਂ ਨੇ ਆਪਣੀ ਭਣੇਵੀ ਤੇ ਉਸ ਦੀ ਸਹੇਲੀ ‘ਤੇ ਭਰੋਸਾ ਕਰਕੇ ਤੁਰੰਤ ਹਾਂ ਕਰ ਦਿੱਤੀ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਬੀਬੀਆ ਨੇ ਤੁਰੰਤ ਵਿਆਹ ਸਾਦੇ ਕੱਪੜਿਆ ਵਿੱਚ ਬਿਨਾਂ ਦਹੇਜ ਤੋ ਕਰਨ ਲਈ ਜ਼ੋਰ ਪਾਇਆ ਜਿਸ ਨੂੰ ਉਹਨਾਂ ਨੇ ਪ੍ਰਵਾਨ ਕਰਕੇ ਤੁਰੰਤ ਵਿਆਹ ਦੀਆ ਤਿਆਰੀਆ ਆਰੰਭ ਕਰ ਦਿੱਤੀਆ। ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੀ ਬੇਟੀ ਦਾ ਵਿਆਹ ਆਪਣੀ ਹੈਸੀਅਤ ਤੋਂ ਵੱਧ ਖਰਚ ਕਰਕੇ ਵਿਆਹ ਕੀਤਾ ਤੇ ਸੋਨੇ ਦੀ ਮੁੰਦਰੀਆ ਤੇ ਕੜੇ ਵੀ ਪਾਏ।

ਲੜਕੀ ਦੇ ਪਿਤਾ ਸ੍ਰੀ ਕਾਬਲ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਜਦੋਂ ਸ਼ੱਕ ਹੋਇਆ ਕਿ ਉਸ ਦਾ ਪਤੀ ਤਾਂ ਕਿਸੇ ਤੀਸਰੀ ਹੋਰ ਥਾਂ ਵੀ ਮੂੰਹ ਮਾਰ ਰਿਹਾ ਹੈ ਤਾਂ ਉਸ ਨੇ ਪਹਿਲਾਂ ਤਾਂ ਇੱਕ ਹੋਰ ਔਰਤ ਵੱਲੋ ਬਾਰ ਬਾਰ ਘਰ ਆਉਣ ਦਾ ਕਾਰਨ ਪੁੱਛਿਆ ਤਾਂ ਅੱਗੇ ਇਸ ਸੇਵਾਦਾਰ ਸਾਬ ਨੇ ਆਪਣੀ ਅਫਸਰੀ ਝਾੜਦਿਆ ਕਿਹਾ ਕਿ ਮਰਦਾਂ ਦੇ ਸੌ ਸਿੜੀ ਸਿਆਪੇ ਹੁੰਦੇ ਹਨ ਤੂੰ ਇਸ ਗੱਲ ਵਿੱਚੋਂ ਕੀ ਲੈਣਾ ਹੈ, ਸੋ ਜੇਕਰ ਦਿਨ ਕੱਟਣੇ ਹਨ ਤਾਂ ਕੱਟ ਨਹੀ ਤਾਂ ਤੂੰ ਜਿਥੋਂ ਆਈ ਹੈ ਉਥੇ ਹੀ ਜਾ ਸਕਦੀ ਹੈ।

ਉਹਨਾਂ ਦੱਸਿਆ ਕਿ ਜਦੋਂ ਮੇਰੀ ਲੜਕੀ ਨੇ ਉਸ ਦੀ ਪਤਨੀ ਹੋਣ ਦਾ ਦਾਅਵਾ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਦੋਂ ਉਹਨਾਂ ਦੀ ਬੇਟੀ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਆਪਣੇ ਸਹੁਰੇ ਪਿੰਡ ਜਾ ਕੇ ਆਪਣੇ ਬਾਕੀ ਰਿਸ਼ਤੇਦਾਰਾਂ ਨੂੰ ਵੀ ਮਿਲਣਾ ਚਾਹੁੰਦੀ ਹੈ ਤਾਂ ਪਤੀ ਦੇਵ ਨੇ ਬੜੇ ਹੀ ਰੁੱਖੇ ਲਫਜਾਂ ਵਿੱਚ ਕਿਹਾ ਕਿ ਪਿੰਡ ਜਾਣ ਦੀ ਕੋਈ ਲੋੜ ਨਹੀ ਅਤੇ ਨਾ ਹੀ ਉਥੇ ਸਾਡਾ ਰਿਸ਼ਤੇਦਾਰ ਵੱਸਦਾ ਹੈ,ਫਿਰ ਵੀ ਜੇਕਰ ਕਿਸੇ ਨੂੰ ਮਿਲਣ ਦੀ ਤਾਂਘ ਹੋਵੇਗੀ ਤਾਂ ਉਹ ਖੁਦ ਹੀ ਆ ਜਾਵੇਗਾ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੂੰ ਆਪਣੇ ਨਵੇਂ ਬਣੇ ਜਵਾਈ ਦੀਆ ਹਰਕਤਾਂ ਤੋ ਕੁਝ ਸ਼ੱਕ ਹੋਇਆ ਤਾਂ ਉਹਨਾਂ ਨੇ ਤੁਰੰਤ ਲੜਕੇ ਦੇ ਪਿੰਡ ਕਾਲਾ ਬਾਲਾ ਜਾ ਕੇ ਵੇਖਿਆ ਤਾਂ ਉਹਨਾਂ ਦੀ ਸਾਰੀ ਅਸਲੀਅਤ ਵੇਖ ਕੇ ਖਾਨਿਉ ਗਈ ਤੇ ਉਹ ਤਾਂ ਉਥੇ ਹੀ ਕਲੇਜਾ ਫੜ ਕੇ ਬੈਠ ਗਏ ਤੇ ਉਹਨਾਂ ਨੂੰ ਆਪਣੀ ਧੀ ਬਿਨਾਂ ਪਾਣੀ ਤੋਂ ਹੀ ਰੁੱੜਦੀ ਜਾਂਦੀ ਜਾਪੀ।

ਉਹਨਾਂ ਨੇ ਵੇਖਿਆ ਕਿ ਜਵਾਈ ਦਾ ਤਾਂ ਪਹਿਲਾਂ ਵੀ ਵਿਆਹ ਹੋ ਚੁੱਕਾ ਸੀ ਅਤੇ ਉਸ ਦੇ ਦੋ ਬੱਚੇ ਇੱਕ ਲੜਕੀ (11) ਅਤੇ ਇੱਕ ਲੜਕਾ (9) ਸਾਲ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੀ ਲੜਕੀ ਨੂੰ ਵਾਪਸ ਆਪਣੇ ਘਰ ਲੈ ਆਦਾ ਤੇ ਇਨਸਾਫ ਲਈ ਗੁਹਾਰ ਲਗਾਈ। ਉਹਨਾਂ ਕਿਹਾ ਕਿ ਉਹਨਾਂ ਨੇ ਸ੍ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੇ ਨਾਮ ਉਹਨਾਂ ਦੇ ਨਿੱਜੀ ਸਹਾਇਕ ਮਨਜੀਤ ਸਿੰਘ ਨੂੰ ਇੱਕ ਪੱਤਰ ਤੇ ਮੰਗ ਕੀਤੀ ਹੈ ਇਸ ਧੋਖੋਬਾਜ ਵਿਅਕਤੀ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਮਸੂਮ ਔਰਤਾਂ ਦੀਆ ਇੱਜਤਾਂ ਨਾਲ ਖਿਲਵਾੜ ਕਰਨ ਦੇ ਦੋਸ਼ ਵਿੱਚ ਇਸ ਨੂੰ ਸਭ ਤੋਂ ਪਹਿਲਾਂ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਤਾਂ ਕਿ ਇਹ ਸਰੋਮਣੀ ਕਮੇਟੀ ਵਿੱਚ ਨੌਕਰੀ ਦੀ ਆੜ ਹੇਠ ਕੋਈ ਹੋਰ ਨਵੀ ਜਿੰਦਗੀ ਖਰਾਬ ਨਾ ਕਰ ਸਕੇ।

ਇਸੇ ਤਰਾ ਜਦੋਂ ਸੇਵਾਦਾਰ ਭਾਅ ਜੀ ਦੀ ਪਹਿਲੀ ਪਤਨੀ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਉਸ ਬੀਬੀ ਸਵਿੰਦਰ ਕੌਰ ਨੇ ਵੀ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਦਿਆ ਕਿਹਾ ਕਿ ਉਹ ਇੱਕ ਅੱਛੇ ਪਰਿਵਾਰ ਦੀ ਲੜਕੀ ਹੈ ਪਰ ਬਦਕਿਸਮਤੀ ਨਾਲ ਉਸ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਤੇ ਪਿੱਛੇ ਭਰਾ ਭਰਜਾਈ ਰਹਿ ਗਏ ਪਰ ਕੁਝ ਦੇਰ ਬਾਅਦ ਭਰਾ ਵੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਤੁਰ ਗਿਆ ਤੇ ਭਰਜਾਈ ਰਹਿ ਗਈ ਅਤੇ ਹੁਣ ਥੋੜਾ ਸਮਾਂ ਪਹਿਲਾਂ ਹੀ ਭਰਜਾਈ ਵੀ ਅਕਾਲ ਚਲਾਣਾ ਕਰ ਗਈ ਹੈ। ਉਸ ਨੇ ਕਿਹਾ ਕਿ ਜਦੋ ਉਹ ਇਕੱਲੀ ਰਹਿ ਗਈ ਤੇ ਪਿੱਛੇ ਉਸ ਦੀ ਕੋਈ ਜੜ ਨਾ ਰਹੀ ਤਾਂ ਉਸ ਦੇ ਪਤੀ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਇਥੋਂ ਤੱਕ ਕਿ ਉਸ ਦੀ ਮਾਰ ਕੁੱਟਾਈ ਦਾ ਸਿਲਸਿਲਾ ਤਾਂ ਲੱਗਪੱਗ ਹਰ ਰੋਜ ਵਾਪਰਨ ਲੱਗ ਪਿਆ। ਅਖੀਰ ਇੱਕ ਦਿਨ ਉਸ ਦੇ ਪਤੀ ਦੇਵ ਹਰਪ੍ਰੀਤ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਤਲਾਕ ਨਾ ਦਿੱਤਾ ਤਾਂ ਉਹ ਬੱਚਿਆ ਸਮੇਤ ਉਸ ਨੂੰ ਮਾਰ ਦੇਵੇਗਾ। ਉਸ ਨੇ ਕਿਹਾ ਕਿ ਤਲਾਕ ਇਹ ਬਹਾਨਾ ਬਣਾ ਕੇ ਲਿਆ ਗਿਆ ਕਿ ਉਸ ਨੇ ਵਿਦੇਸ਼ ਜਾਣਾ ਹੈ ਅਤੇ ਵਿਦੇਸ਼ ਸਿਰਫ ਕੁਆਰਾ ਵਿਅਕਤੀ ਹੀ ਜਾ ਸਕਦਾ ਹੈ।

ਉਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਤੇ ਫਿਰ ਨਾਨਕਸਰ ਗੁਰੂਦੁਆਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਹੁੰ ਖਾਧੀ ਕਿ ਉਹ ਆਪਣੀ ਪਤਨੀ ਤੇ ਬੱਚਿਆ ਨੂੰ ਨਹੀ ਛੱਡੇਗਾ ਸਗੋਂ ਤਲਾਕ ਤਾਂ ਸਿਰਫ ਫਰਜੀ ਹੀ ਹੈ। ਉਹ ਨੇ ਦੱਸਿਆ ਕਿ ਤਲਾਕ ਲੈਣ ਉਪਰੰਤ ਫਿਰ ਉਸ ਦਿਨ ਤੋਂ ਬਾਅਦ ਉਸ ਨੇ ਆਪਣੇ ਪਤੀ ਦੀ ਸ਼ਕਲ ਨਹੀ ਵੇਖੀ ਤੇ ਉਸ ਨੂੰ ਇਹ ਜਾਣਕਾਰੀ ਜਰੂਰ ਮਿਲੀ ਹੈ ਕਿ ਮਿੱਠੇ ਸੁਭਾਅ ਵਾਲਾ ਉਸ ਦਾ ਪਤੀ ਔਰਤਾਂ ਦਾ ਰੱਸੀਆ ਹੈ ਅਤੇ ਉਸ ਨੇ ਦੂਸਰੀ ਸ਼ਾਦੀ ਕਰਵਾ ਲਈ ਹੈ ਅਤੇ ਤੀਸਰੀ ਦੀ ਤਿਆਰੀ ਹੋ ਰਹੀ ਹੈ। ਉਹ ਨੇ ਦੱਸਿਆ ਕਿ ਉਸ ਦਾ ਹੁਣ ਆਪਣੇ ਪਤੀ ਨਾਲ ਕੋਈ ਵਾਸਤਾ ਨਹੀ ਹੈ ਅਤੇ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਕੇ ਆਪਣੇ ਬੱਚੇ ਪਾਲ ਰਹੀ ਹੈ। ਉਸ ਨੇ ਦੱਸਿਆ ਕਿ ਜਦੋਂ 23 ਜੂਨ 2006 ਨੂੰ ਉਸ ਦੇ ਪਤੀ ਨੂੰ ਨੌਕਰੀ ਮਿਲੀ ਸੀ ਤਾਂ ਉਸ ਤੋਂ ਬਾਅਦ ਹੀ ਉਸ ਦਾ ਵਤੀਰਾ ਬਦਲਣਾ ਸ਼ੁਰੂ ਹੋ ਗਿਆ ਸੀ। ਉਸ ਨੇ ਦੱਸਿਆ ਕਿ ਉਸ ਨਾਲ ਹੋ ਰਹੀਆ ਵਧੀਕੀਆ ਤੇ ਉਸ ਕੋਲੋ ਜਬਰੀ ਤਲਾਕ ਲੈਣ ਲਈ ਜਦੋਂ ਦਬਾ ਪਾਇਆ ਜਾ ਰਿਹਾ ਸੀ ਉਸ ਨੇ ਤੱਤਕਾਲੀ ਸ੍ਰੀ ਦਰਬਾਰ ਸਾਹਿਬ ਦੇ ਇੱਕ ਬਹੁਤ ਗੁਰ ਸਿੱਖ ਮੈਨੇਜਰ ਨਾਲ ਰਾਬਤਾ ਕਾਇਮ ਕੀਤਾ ਤੇ ਸਾਰੀ ਕਹਾਣੀ ਦੱਸੀ ਤਾਂ ਉਸ ਨੇ ਭਰੋਸਾ ਦਿਵਾਇਆ ਸੀ ਕਿ ਕਾਰਵਾਈ ਹੋਵੇਗੀ ਪਰ ਉਸ ਨੇ ਵੀ ਉਸ ਦੀਆ ਆਸਾਂ ਤੇ ਪਾਣੀ ਫੇਰ ਦਿੱਤਾ ਤੇ ਉਸ ਦਿਨ ਤੋ ਬਾਅਦ ਹੀ ਉਸ ਨੇ ਸ੍ਰੋਮਣੀ ਕਮੇਟੀ ਦੇ ਕਿਸੇ ਵੀ ਅਧਿਕਾਰੀ ਕੋਲ ਸ਼ਕਾਇਤ ਕਰਨੀ ਛੱਡ ਦਿੱਤੀ ਸੀ ਕਿ ਜੇਕਰ ਹਰਪ੍ਰੀਤ ਸੇਰ ਹੈ ਤਾਂ ਇਥੇ ਬੈਠੇ ਅਧਿਕਾਰੀ ਸਵਾ ਸੇਰ ਹਨ, ਇਸ ਲਈ ਉਸ ਨੂੰ ਇਸ ਨਿਜਾਮ ਕੋਲੋ ਇਨਸਾਫ ਮਿਲਣ ਦੇ ਕੋਈ ਆਸ ਨਹੀ ਹੈ। ਉਸ ਨੇ ਕਿਹਾ ਕਿ ਭਲੇ ਹੀ ਭੁਪਿੰਦਰਜੀਤ ਕੌਰ ਨਾਲ ਵੀ ਬੇਇਨਸਾਫੀ ਹੋਈ ਹੈ ਪਰ ਇਸ ਮਾਮਲੇ ਵਿੱਚ ਦਖਲਅੰਦਾਜੀ ਕਰਕੇ ਆਪਣਾ ਚੈਨ ਬਰਬਾਦ ਨਹੀ ਕਰਨਾ ਚਾਹੁੰਦੀ। ਉਸ ਨੇ ਕਿਹਾ ਕਿ ਉਸ ਲਈ ਤਾਂ ਪਿਛਲਾ ਸਭ ਕੁਝ ਖਤਮ ਹੋ ਚੁੱਕਾ ਹੈ ਅਤੇ ਹੁਣ ਉਹ ਕਿਸੇ ਨਵੀ ਭੁਸੂੜੀ ਵਿੱਚ ਨਹੀ ਪੈਣਾ ਚਾਹੁੰਦੀ।

ਇਸੇ ਤਰਾ ਪਿੰਡ ਦੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਇੱਕ ਅਬਲਾ ਦੀ ਜਿੰਦਗੀ ਬਰਬਾਦ ਕਰਨ ਬਾਅਦ ਜਿਸ ਤਰੀਕੇ ਨਾਲ ਦੂਸਰੀ ਸ਼ਾਦੀ ਕਰਵਾਈ ਹੈ ਉਸ ਤੋ ਤਾਂ ਸਾਰਾ ਪਿੰਡ ਉਸ ਨੂੰ ਤੋਏ ਤੋਏ ਕਰ ਰਿਹਾ ਹੈ। ਉਹਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਹਰਪ੍ਰੀਤ ਬਹੁਤ ਹੀ ਕਮੀਣਾ ਹੈ ਜੋ ਆਪਣੇ ਦੋ ਹੀਰੇ ਵਰਗੇ ਬੇਟੇ ਛੱਡ ਕੇ ਇਧਰ ਉਧਰ ਕਈ ਪਾਪੜ ਵੇਲ ਰਿਹਾ ਹੈ। ਉਸ ਨੇ ਕਿਹਾ ਕਿ ਇਸ ਵਿਅਕਤੀ ਨੇ ਸਰਕਾਰ ਨਾਲ ਵੀ ਹੇਰਾਫੇਰੀ ਕੀਤੀ ਹੈ ਅਤੇ ਇਸ ਨੇ ਪਹਿਲਾਂ 1978 ਦੀ ਜਨਮ ਤਰੀਕ ਲਿਖਾ ਕੇ ਆਪਣਾ ਪਾਸਪੋਰਟ ਬਣਾਇਆ ਤੇ ਫਿਰ ਪਾਕਿਸਤਾਨ ਚੱਕਰ ਲਗਾ ਕੇ ਆਇਆ ਤੇ ਉਸ ਤੋਂ ਬਾਅਦ ਇਸ ਨੇ ਇੱਕ ਪ੍ਰਾਈਵੇਟ ਸਕੂਲ ਵਿੱਚੋਂ ਅੱਠਵੀ ਕਲਾਸ ਦਾ ਸਰਟੀਫਿਕੇਟ ਲੈ ਕੇ ਆਪਣਾ ਦੂਸਰਾ ਪਾਸਪੋਰਟ ਬਣਾਇਆ ਜਿਸ ਤੇ ਉਸ ਨੇ ਆਪਣੀ ਜਨਮ ਤਰੀਕ 1982 ਲਿਖਾਈ ਹੈ। ਉਸ ਨੇ ਦੱਸਿਆ ਕਿ ਜੇਕਰ ਇਸ ਦੀ ਜਨਮ 1982 ਦਾ ਮੰਨ ਲਿਆ ਜਾਵੇ ਤਾਂ ਇਸ ਨੇ ਸ਼ਾਂਦੀ ਵੇਲੇ ਵੀ ਕਨੂੰਨ ਨਾਲ ਖਿਲਾਵੜ ਕੀਤਾ ਹੈ ਕਿਉਕਿ ਕਨੂੰਨੀ ਤੌਰ ਤੇ ਮਰਦ ਦੀ ਸ਼ਾਦੀ 21 ਸਾਲ ਤੋ ਬਾਅਦ ਹੋਣੀ ਚਾਹੀਦੀ ਹੈ ਪਰ ਇਸ ਨੇ 17 ਸਾਲ ਦੀ ਉਮਰ ਵਿੱਚ ਕਿਵੇ ਸ਼ਾਂਦੀ ਕਰਵਾ ਲਈ। ਉਸ ਨੇ ਕਿਹਾ ਕਿ ਇਹ ਵਿਅਕਤੀ 420 ਹੈ ਅਤੇ ਇਸ ਦੇ ਖਿਲਾਫ ਬਿਨਾਂ ਕਿਸੇ ਦੇਰੀ ਤੋਂ ਪਰਚਾ ਦਰਜ ਕਰਕੇ ਜੇਲ ਯਾਤਰਾ ਤੇ ਭੇਜਿਆ ਜਾਣਾ ਚਾਹੀਦਾ ਹੈ।

ਇਸ ਅਨੰਦ ਵਿਆਹ ਦੀ ਨੰਬਰ ਇੱਕ ਵਿਚੋਲਣ ਬੀਬੀ ਹਰਜੀਤ ਕੌਰ ਪ੍ਰਧਾਨ ਐੰਟੀ ਕੁਰੱਪਸ਼ਨ ਜਿਲਾ ਗੁਰਦਾਸਪੁਰ ਨੇ ਕਿਹਾ ਕਿ ਉਹਨਾਂ ਨੇ ਦੋ ਸਿਰ ਜੋੜ ਕੇ ਕੋਈ ਗੁਨਾਹ ਨਹੀ ਕੀਤਾ ਸਗੋਂ ਭਲਾਈ ਕੀਤੀ ਹੈ ਅਤੇ ਲੜਕਾ ਹਰਪ੍ਰੀਤ ਬਹੁਤ ਹੀ ਚੰਗਾ ਹੈ ਉਸ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ। ਇਸੇ ਤਰਾ ਨੰਬਰ ਦੋ ਵਿਚੋਲਣ ਬੀਬੀ ਚਰਨਜੀਤ ਬਾਵਾ ਪ੍ਰਧਾਨ ਐਂਟੀ ਕੁਰੱਪਸ਼ਨ ਜ੍ਰਿਲਾ ਅੰਮ੍ਰਿਤਸਰ ਨੇ ਕਿਹਾ ਕਿ ਉਹ ਤਾਂ ਮੁੰਡੇ ਵਾਲੇ ਪਾਸਿਉ ਸੀ ਤੇ ਉਸ ਨੇ ਤਾਂ ਹਰਜੀਤ ਕੌਰ ਨੂੰ ਸਾਰੀ ਹਕੀਕਤ ਦੱਸ ਦਿੱਤੀ ਸੀ, ਇਸ ਤੋਂ ਵੱਧ ਉਸ ਦਾ ਕੋਈ ਹੋਰ ਰੋਲ ਨਹੀ ਹੈ ਅਤੇ ਅੱਜ ਕਲ ਉਹ ਹਾਰਟ ਦੀ ਮਰੀਜ਼ ਹੈ ਤੇ ਬਾਹਰ ਬਹੁਤ ਹੀ ਘੱਟ ਜਾਂਦੀ ਹੈ। ਇਸੇ ਤਰਾ ਸ੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਲਾਇੰਗ ਸਕੁਐਡ ਦੇ ਇੰਚਾਰਜ ਨੂੰ ਪੜਤਾਲ ਕਰਲ ਲਈ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਰੀਪੋਰਟ ਆਉਣ ਉਪਰੰਤ ਹੀ ਅਗੇਲਰੀ ਕਾਰਵਾਈ ਹੋਵੇਗੀ।

ਹੁਣ ਵੇਖਣਾ ਇਹ ਹੈ ਕਿ ਕੀ ਸ੍ਰੋਮਣੀ ਕਮੇਟੀ ਕੋਈ ਯੋਗ ਕਾਰਵਾਈ ਕਰਦੀ ਹੈ ਜਾਂ ਫਿਰ ਦੀਆ ਧੀਆ ਦੀਆ ਇੱਜਤਾਂ ਨਾਲ ਹੋਏ ਖਿਲਵਾੜ ਨੂੰ ਵੇਖ ਕੇ ਅੱਖਾਂ ਮੀਚ ਲੈਦੀ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਵੀ ਇੱਕ ਵਿਅਕਤੀ ਦੂਸਰੀ ਸ਼ਾਦੀ ਨਹੀ ਕਰ ਸਕਦਾ ਪਰ ਮਰਿਆਦਾ ਦਾ ਪਾਠ ਪੜਾਉਣ ਵਾਲੀ ਜੇਕਰ ਸ੍ਰੋਮਣੀ ਕਮੋਟੀ ਦੇ ਮੁਲਾਜਮ ਹੀ ਮਰਿਆਦਾ ਦੀ ਉਲੰਘਣਾ ਕਰਨਗੇ ਤਾਂ ਫਿਰ ਸੰਗਤਾਂ ਨੂੰ ਕੌਣ ਸਮਝਾਵੇਗਾ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਚਾਹੀਦਾ ਹੈ, ਕਿ ਉਹ ਅਜਿਹੇ ਵਿਅਕਤੀ ਦੇ ਵਿਰੁੱਧ ਤੁਰੰਤ ਕਾਰਵਾਈ ਕਰਨ ਲਈ ਸ੍ਰੋਮਣੀ ਕਮੇਟੀ ਪ੍ਰਧਾਨ ਤੋਂ ਦਬਾ ਪਾਉਣ ਤਾਂ ਕਿ ਸਿੱਖਾਂ ਦੀ ਪਾਕਿ ਪਵਿੱਤਰ ਸੰਸਥਾ ਸ੍ਰੋਮਣੀ ਕਮੇਟੀ ਦੀ ਪਵਿੱਤਰਤਾ ਕਾਇਮ ਰਹਿ ਸਕੇ।

Source: PunjabSpectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top