Share on Facebook

Main News Page

ਜਸਟਿਸ ਕੁਲਦੀਪ ਸਿੰਘ ਨੂੰ ਮਿਲੇ ‘ਲਾਈਫ ਟਾਈਮ ਅਚੀਵਮੈਂਟ ਸਨਮਾਨ’ ਲਈ ਵਧਾਈਆਂ
-
ਤੱਤ ਗੁਰਮਤਿ ਪਰਿਵਾਰ

ਮੌਜੂਦਾ ਦੌਰ ਵਿਚ ਸਿੱਖਾਂ ਦੇ ਕੁਝ ਕੁ ਜ਼ਹੀਨ ਬੁੱਧੀਜੀਵੀਆਂ ਵਿਚੋਂ ਇਕ ਜਸਟਿਸ ਕੁਲਦੀਪ ਸਿੰਘ ਦੀ ਸਾਖ ਇਕ ਬਹੁਤ ਹੀ ਨੇਕ ਅਤੇ ਦਮਦਾਰ ਕਾਨੂੰਨਦਾਨ ਦੀ ਰਹੀ ਹੈ। ਸੁਪਰੀਮ ਕੋਰਟ ਦੇ ਕੱਦਾਵਾਰ ਜੱਜ ਵਜੋਂ ਦੇ ਲਗਭਗ 6 ਸਾਲਾਂ ਕਾਰਜਕਾਲ ਦੌਰਾਣ ਉਨ੍ਹਾਂ ਨੇ ਸਮਾਜਿਕ ਬੁਰਾਈਆਂ ਖਿਲਾਫ ਲਏ ਅਨੇਕਾਂ ਠੋਸ ਫੈਸਲਿਆਂ ਕਾਰਨ ਉਹ ਚਰਚਾ ਦਾ ਵਿਸ਼ਾ ਵੀ ਰਹੇ। ਇਸੇ ਸ਼ਾਨਦਾਰ ਕੈਰੀਅਰ ਕਾਰਨ ਉਨ੍ਹਾਂ ਨੂੰ ਕਾਨੂੰਨ ਮੰਤਰੀ ਵਲੋਂ ‘ਲਾਈਫ ਟਾਈਮ ਅਚੀਵਮੈਂਟ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਲਈ ਤੱਤ ਗੁਰਮਤਿ ਪਰਿਵਾਰ ਉਨ੍ਹਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹੈ। ਉਨ੍ਹਾਂ ਨੂੰ ਖਾਸ ਤੌਰ ਤੇ ਵਾਤਾਵਰਨ ਪ੍ਰੇਮੀ ਵਜੋਂ ਜਾਣਿਆ ਜਾਂਦਾ ਹੈ। ਵਾਤਾਵਰਣ ਦੀ ਸੰਭਾਲ ਲਈ ਦਿਤੇ ਕੁਝ ਕਰੜੇ ਅਤੇ ਠੋਸ ਕਾਨੂੰਨੀ ਫੈਸਲਿਆਂ ਕਾਰਨ ਉਨ੍ਹਾਂ ਨੂੰ ‘ਗਰੀਨ ਜੱਜ’ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ।

ਜੇ ਪੰਥਕ ਨਜ਼ਰੀਏ ਦੀ ਗੱਲ ਕਰੀਏ ਤਾਂ ਸਿੱਖ ਕੌਮ ਕੌਲ ਜਸਟਿਸ ਕੁਲਦੀਪ ਸਿੰਘ ਜੀ ਵਰਗੇ ਨੇਕ, ਸੂਝਵਾਣ, ਦੂਰ-ਅੰਦੇਸ਼ ਅਤੇ ਬੇਦਾਗ ਬੁੱਧੀਜੀਵੀ ਬਹੁਤ ਘੱਟ ਹਨ। ਉਨ੍ਹਾਂ ਦੀ ਕਾਬਲਿਅਤ ਦਾ ਪ੍ਰਗਟਾਵਾ ‘ਵਿਸ਼ਵ ਸਿੱਖ ਕੌਂਸਿਲ’ ਦਾ ਪ੍ਰਧਾਨ ਬਨਣ ਤੋਂ ਬਾਅਦ ਉਘੜਵੇਂ ਬਾਖੂਬੀ ਕੀਤਾ ਸੀ। ਉਨ੍ਹਾਂ ਨੇ ਵਿਸ਼ਵ ਸਿੱਖ ਕੌਂਸਿਲ ਨੂੰ ਅਸਲ ਵਿਚ ਇਕ ਦਮਦਾਰ ਅਦਾਰਾ ਬਣਾਉਣ ਦੇ ਆਸਾਰ ਪੈਦਾ ਕਰ ਦਿਤੇ ਸਨ। ਪਰ ਅਫਸੋਸ! ਪੰਥਕ ਕੇਂਦਰ ਤੇ ਕਾਬਜ਼ ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਨੂੰ ਜਸਟਿਸ ਕੁਲਦੀਪ ਸਿੰਘ ਦੀ ਨੇਕ ਅਤੇ ਦਮਦਾਰ ਸ਼ਖਸੀਅਤ ਆਪਣੇ ਨਾਪਾਕ ਮਨਸੂਬਿਆਂ ਲਈ ਇਕ ਖਤਰਾ ਜਾਪਨ ਲਗ ਪਈ। ਉਨ੍ਹਾਂ ਨੂੰ ਲਗਿਆ ਕਿ ਜਸਟਿਸ ਜੀ ਦੀ ਅਗਵਾਈ ਵਿਚ ਬਨਣ ਜਾ ਰਹੀ ਇਹ ਦਮਦਾਰ ਸੰਸਥਾ ਕਿਧਰੇ ਸ਼੍ਰੋਮਣੀ ਕਮੇਟੀ ਨੂੰ ਹੀ ਬੌਣਾ ਨਾ ਬਣਾ ਦੇਵੇ। ਸ਼੍ਰੋਮਣੀ ਕਮੇਟੀ ਤਾਂ ਭ੍ਰਿਸ਼ਟ ਅਕਾਲੀਆਂ ਦੀ ‘ਕਾਮਧੇਨ ਗਾਂ’ ਹੈ। ਜਿਸ ਕਾਰਨ ਉਨ੍ਹਾਂ ਨੂੰ ਆਪਣਾ ਕੰਮ ਠੀਕ ਤਰੀਕੇ ਨਾਲ ਨਿਬਾਉਣ ਤੋਂ ਰੋਕਣ ਦੇ ਬਹਾਨੇ ਘੜੇ ਜਾਣ ਲਗ ਪਏ। ਹੋਲੀ ਹੋਲੀ ਇਸ ਨਾਪਾਕ ਗਠਜੋੜ ਨੇ ਇਨ੍ਹਾਂ ਨੂੰ ਇਤਨਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਕਿ ਇਨ੍ਹਾਂ ਨੇ ਕਿਨਾਰਾ ਕਰਨਾ ਹੀ ਬੇਹਤਰ ਸਮਝਿਆ। ਪੰਥ ਜਾਣਦਾ ਹੈ ਕਿ ਸਰਦਾਰ ਕੁਲਦੀਪ ਸਿੰਘ ਜੀ ਦੇ ਕਿਨਾਰਾ ਕਰਨ ਤੋਂ ਬਾਅਦ ‘ਵਿਸ਼ਵ ਸਿੱਖ ਕੌਂਸਿਲ’ ਠੁੱਸ ਹੋ ਕੇ ਰਹਿ ਗਈ ਅਤੇ ਹੁਣ ਉਸ ਦਾ ਕੋਈ ਨਾਮ ਵੀ ਨਹੀਂ ਜਾਣਦਾ। ਸੋ ਭ੍ਰਿਸ਼ਟ ਹਾਕਮਾਂ ਨੇ ਇਕ ਨਾਯਾਬ ਬਨਣ ਜਾ ਰਹੀ ਕੌਮੀ ਸੰਸਥਾ ਨੂੰ ਆਪਣੇ ਸੌੜੇ ਸਵਾਰਥਾਂ ਕਾਰਨ ‘ਮਿੱਟੀ-ਘੱਟੇ’ ਵਿਚ ਰੋਲ ਦਿਤਾ।

ਜਿਥੇ ਬਾਕੀ ਕੌਮਾਂ ਆਪਣੇ ਬੁੱਧੀਜੀਵੀਆਂ ਦੀਆਂ ਸੇਵਾਵਾਂ ਦਾ ਭਰਪੂਰ ਫਾਇਦਾ ਉਠਾਉਂਦੀਆਂ ਹਨ, ਉਥੇ ਸਿੱਖ ਕੌਮ ਇਸ ਮਾਮਲੇ ਵਿਚ ਫਾਡੀ ਹੀ ਰਹੀ ਹੈ। ਇਹ ਕੌਮ ਆਪਣੀ ਹਰ ਸਮੱਸਿਆ ਲਈ ਭ੍ਰਿਸ਼ਟ ਅਕਾਲੀਆਂ ਅਤੇ ਉਨ੍ਹਾਂ ਦੇ ਮਾਨਸਿਕ ਗੁਲਾਮ, ਅਨਪੜ/ਅਧਪੜ ਪੁਜਾਰੀਆਂ ਵੱਲ ਹੀ ਬਿਟ ਬਿਟ ਤੱਕਣ ਲੱਗ ਪੈਂਦੀ ਹੈ। ਕੌਮ ਦੀਆਂ ਬਹੁੱਤੀਆਂ ਸੰਸਥਾਵਾਂ/ਧਿਰਾਂ ਦੀ ਤ੍ਰਾਸਦੀ ਇਹੀ ਹੈ। ਉਹ ਇਹ ਨਹੀਂ ਸਮਝਣਾ ਚਾਹੁੰਦੇ ਕਿ ਜਿਨ੍ਹਾਂ ਹਾਕਮਾਂ ਅਤੇ ਪੁਜਾਰੀਆਂ ਅੱਗੇ ਵਾਰ ਵਾਰ ਅਪੀਲਾਂ ਕਰਨ ਲੱਗ ਪੈਂਦੇ ਹਨ, ਬਹੁੱਤੀਆਂ ਕੌਮੀ ਸਮੱਸਿਆਵਾਂ ਉਨ੍ਹਾਂ ਦੀ ਬਦਨੀਤੀ ਕਾਰਨ ਹੀ ਪੈਦਾ ਹੋਈਆਂ ਹਨ।

ਐਸੇ ਵਿਚ ਲੋੜ ਹੈ ਕਿ ਕੌਮ ਜਸਟਿਸ ਕੁਲਦੀਪ ਸਿੰਘ ਜਿਹੇ ਨੇਕ, ਦੂਰ-ਅੰਦੇਸ਼ ਅਤੇ ਸੂਝਵਾਣ ਪੰਥਦਰਦੀ ਬੁੱਧੀਜੀਵੀਆਂ ਦੀਆਂ ਸੇਵਾਵਾਂ ਲੈ ਕੇ ਚੰਗੇ ਭਵਿੱਖ ਦਾ ਬਾਣਨੂੰ ਬੰਨੇ। ਸਾਡੀ ਜਸਟਿਸ ਕੁਲਦੀਪ ਸਿੰਘ ਜੀ ਵਰਗੇ ਦਰਵੇਸ਼ ਬੁੱਧੀਜੀਵੀਆਂ ਨੂੰ ਵੀ ਬੇਨਤੀ ਹੈ ਕਿ ਜੇ ਆਪ ਜਿਹੇ ਚੰਗੇ ਲੋਕ ਕਿਨਾਰਾ ਕਰ ਕੇ ਬਹਿ ਗਏ ਤਾਂ ਇਸ ਨਾਪਾਕ ਗਠਜੋੜ ਨੂੰ ਤਾਂ ਆਪਣਾ ‘ਨੰਗਾ ਨਾਚ’ ਖੁੱਲ ਕੇ ਖੇਡਣ ਦਾ ਮੌਕਾ ਹੋਰ ਵੱਧੀਆ ਮਿਲ ਜਾਵੇਗਾ। ਸੋ ਤੂਸੀ ਇਕ ਸਾਂਝਾ ਮੰਚ ਬਣਾ ਕੇ ਕੌਮ ਨੂੰ ਜਾਗ੍ਰਿਤ ਕਰਨ ਦਾ ਉਪਾਲਾ ਕਰੋ। ਐਸੇ ਨਿਸ਼ਕਾਮ ਜਤਨ ਸਮਾਂ ਪਾ ਕੇ ਆਪਣਾ ਰੰਗ ਜ਼ਰੂਰ ਵਿਖਾਉਣਗੇ। ਮਾਨਵਤਾ ਅਤੇ ਕੌਮ ਨੂੰ ਆਪ ਜੈਸੇ ਇਮਾਨਦਾਰ ਅਤੇ ਦੂਰ-ਅੰਦੇਸ਼ ਜ਼ਹੀਨ ਆਗੂਆਂ ਦੀ ਬਹੁਤ ਲੋੜ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top