Share on Facebook

Main News Page

ਡੇਰਾਵਾਦ (ਮਿੱਠਾ ਜ਼ਹਿਰ)

ਪੰਜਾਬ ਦੇ ਪਿੰਡਾਂ ਵਿੱਚ ਡੇਰਾ ਸ਼ਬਦ ਆਮ ਬੋਲੀ ਵਿੱਚ ਵੀ ਵਰਤਿਆ ਜਾਂਦਾ ਹੈ। ਪਿੰਡਾਂ ਤੋਂ ਬਾਹਰ ਬਹਿਕਾਂ ਨੂੰ ਵੀ ਡੇਰਾ ਕਿਹਾ ਜਾਂਦਾ ਹੈ ਜਦੋਂ ਕਿਤੇ ਕੋਈ ਦੂਰ ਜਾ ਕੇ ਵਾਪਸ ਨਾ ਆਵੇ ਤਾਂ ਉਸ ਦੇ ਘਰ ਵਾਲੇ ਵੀ ਕਹਿ ਦਿੰਦੇ ਹਨ ਕਿ ਇਹ ਤਾਂ ਉੱਥੇ ਹੀ ਡੇਰਾ ਲਾ ਕੇ ਬੈਠ ਗਿਆ। ਗੁਰਬਾਣੀ ਅੰਦਰ ਸੰਕੇਤ ਮਿਲਦੇ ਹਨ ਕਿ ‘ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ॥ ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ॥ ਭਾਵ ਇੱਥੇ ਘਰ ਨੂੰ ਡੇਰਾ ਆਖਿਆ ਗਿਆ ਹੈ।

ਪੁਰਾਤਨ ਸਮਿਆਂ ਵਿੱਚ ਰਿਸ਼ੀਆਂ-ਮੁਨੀਆਂ, ਜੋਗੀਆਂ ਦੇ ਮੱਠਾ, ਰਹਿਣ ਦੇ ਟਿਕਾਣਿਆ ਨੂੰ ਵੀ ਡੇਰਾ ਕਹਿ ਦਿਆ ਕਰਦੇ ਸੀ। ਧੰਨ ਗੁਰੂ ਨਾਨਕ ਸਹਿਬ ਦੇ ਆਗਮਨ ਸਮੇਂ ਮੁੱਖ ਤੌਰ ਤੇ ਤਿੰਨ ਕਿਸਮ ਦੇ ਧਾਰਮਿਕ ਆਗੂ ਸਨ, ਬ੍ਰਾਹਮਣ, ਜੋਗੀ ਅਤੇ ਕਾਜ਼ੀ। ਇਹ ਤਿੰਨੇ ਹੀ ਸੱਚ ਦੇ ਮਾਰਗ ਤੋਂ ਥਿੜਕੇ ਹੋਏ ਸਨ ਅਤੇ ਸੁਆਰਥ ਵੱਸ ਭੋਲੇ ਭਾਲੇ ਲੋਕਾਂ ਦੀ ਸ਼ਰਧਾ ਦਾ ਨਜ਼ਾਇਜ਼ ਲਾਭ ਉਠਾ ਰਹੇ ਸਨ। ਲੋਕਾਂ ਨੂੰ ਕੁਰਾਹੇ ਪਾ ਰਹੇ ਸਨ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ “ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥” “ਵਿਚ ਦੁਨੀਆਂ ਸੇਵ ਕਮਾਈਐ॥” ਦੇ ਕਥਨ ਨੁੰ ਸੱਚ ਕਰਦਿਆਂ ਹੋਇਆਂ ਸਾਫ਼ ਕਹਿ ਦਿੱਤਾ:-

ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥

ਭਾਵ ਕਾਜ਼ੀ, ਇਸਲਾਮ ਦਾ ਧਾਰਮਿਕ ਆਗੂ ਹੈ ਹੱਥ ਵਿੱਚ ਧਾਰਮਿਕ ਪੁਸਤਕ ਫੜ ਕੇ ਝੂਠ ਬੋਲ ਰਿਹਾ ਹੈ, ਬੇਈਮਾਨੀ, ਧੋਖੇ, ਛਲ, ਕਪਟ, ਵੈਰ ਭਾਵਨਾ ਈਰਖਾ ਰੂਪੀ ਮੈਲ ਖਾਅ ਰਿਹਾ ਹੈ ਅਤੇ ਹੋ ਬ੍ਰਾਹਮਣ ਵਿਸ਼ਵਾਸਘਾਤੀ ਹੋ ਕੇ ਲੋਕਾਂ ਨੂੰ ਫੋਕੇ ਕਰਮਕਾਂਡ, ਦਾਨ ਆਦਿ ਅਤੇ ਹੋਰ ਭਰਮ ਜਾਲ ਵਿੱਚ ਫਸਾ ਰਿਹਾ ਹੈ ਮਾਨੋ ਧਰਮ ਦੇ ਨਾਮ ਤੇ ਲੋਕਾਂ ਦੀ ਲੁੱਟ ਕਰਦਾ ਹੋਇਆ ਲੋਕਾਂ ਦੇ ਖੁਨ ਵਿੱਚ ਇਸ਼ਨਾਨ ਕਰ ਰਿਹਾ ਹੈ। ਤੀਜਾ ਧਾਰਮਿਕ ਆਗੂ ਸੀ ਜੋਗੀ ਜੋ ਅਸਲ ਜੁਗਤ ਤੋਂ ਸੱਖਣਾਂ “ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥" ਦੁਨੀਆਂ ਦੇ ਵਿੱਚ ਰਹਿ ਕੇ ਦੁਨੀਆਂ ਦੀ ਸੇਵਾ ਕਰਨ ਦੀ ਬਜਾਏ ਜੋਗੀ ਨੇ ਕਦੇ ਵੀ ਆਪਣੇ ਆਪ ਨੂੰ ਸਮਾਜ ਦਾ ਅੰਗ ਨਹੀ ਮੰਨਿਆ ਜੰਗਲ ਬੀਆ ਬਾਨ ਅਤੇ ਪਹਾੜਾਂ ਦੀਆਂ ਕੰਧਰਾਂ ਵਿੱਚ ਰੱਬ ਨਾਲ ਜੁੜਿਆ ਹੋਣ ਦਾ ਕੇਵਲ ਨਾਟਕ ਕਰਦਾ ਰਿਹਾ ਦੁਨੀਆਂ ਵਿੱਚ ਰਹਿੰਦਿਆਂ ਹੋਇਆ ਸੱਚ ਪ੍ਰਮਾਤਮਾਂ ਦੀ ਪ੍ਰਾਪਤੀ ਸੱਚ ਦਾ ਮਾਰਗ ਇਸ ਜੋਗੀ ਵਾਸਤੇ ਸਦਾ ਬੁਝਾਰਤ ਬਣਿਆਂ ਰਿਹਾ। ਵਾੜ ਹੀ ਖੇਤ ਨੂੰ ਖਾਅ ਰਹੀ ਸੀ। ਬੁਲੰਦ ਆਵਾਜ਼ ਵਿੱਚ ਗੁਰੂ ਨੇ ਬਚਨ ਕਹੇ ਕਿ ਇਹਨਾਂ ਤਿੰਨਾਂ ਧਾਰਮਿਕ ਆਗੂਆਂ ਨੇ ਉਜਾੜ ਕੇ ਰੱਖ ਦਿੱਤਾ ਹੈ।

ਨਿਰਮਲੇ, ਉਦਾਸੀ, ਸੰਨਿਆਸੀ ਮੱਤ ਵੀ ਚੱਲੇ, ਗੁਰੂ ਸਾਹਿਬਾਂ ਨੇ ਸਮੇਂ-ਸਮੇਂ ਬੜੀ ਦੂਰ ਜਾ ਕੇ ਵੀ ਸਮਝਾਉਣਾ ਕੀਤਾ ਕਿ ਬ੍ਰਾਹਮਣ ਬਣਨਾ ਚਾਹੁੰਦਾ ਹੈਂ ਤਾਂ ਐਸ ਤਰ੍ਹਾਂ ਬਣ, ਤੂੰ ਜੋਗੀ ਬਣਨਾ ਚਾਹੁੰਦਾ ਹੈਂ ਤਾਂ ਐਸ ਤਰ੍ਹਾਂ ਬਣ, ਤੂੰ ਉਦਾਸੀ ਬਣਨਾ ਚਾਹੁੰਦਾ ਹੈਂ ਤਾਂ ਐਸ ਤਰ੍ਹਾਂ ਬਣ, ਤੂੰ ਸੰਨਿਆਸੀ ਬਣਨਾ ਚਾਹੁੰਦਾ ਹੈਂ ਤਾਂ ਐਸ ਤਰ੍ਹਾਂ ਬਣ। ਇਹ ਸਾਰਾ ਜਿਕਰ ਗੁਰਬਾਣੀ ਵਿੱਚ ਵਿਸਥਾਰ ਸਹਿਤ ਦਰਜ ਹੈ। ਰਾਜਨੀਤਿਕ ਤੇ ਧਾਰਮਿਕ ਆਗੂਆਂ ਵੱਲੋਂ ਦੀ ਕੀਤੀ ਜਾ ਰਹੀ ਕੁੱਟ ਮਾਰ, ਲੁੱਟ-ਘਸੁੱਟ ਦੇ ਵਿਰੁੱਧ ਗੁਰੂ ਨਾਨਕ ਸਾਹਿਬ ਨੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਭਾਵੇਂ ਗੁਰੂ ਨੂੰ ਮੁਸੀਬਤਾਂ ਦਾ ਸਾਹਮਣਾਂ ਵੀ ਕਰਨਾ ਪਿਆ।

ਤੀਸਰੇ ਪਾਤਿਸ਼ਾਹ ਨੇ ਸੱਚ ਧਰਮ ਦੇ ਪ੍ਰਚਾਰ ਵਾਸਤੇ 22 ਪ੍ਰਚਾਰਕ ਦੂਰ ਦੂਰ ਭੇਜੇ ਸਨ, ਪੰਜਵੇਂ ਪਾਤਿਸ਼ਾਹ ਦੀ ਸ਼ਹਾਦਤ ਹੋ ਗਈ। ਇਹ ਸਾਰਾ ਕੁੱਝ ਦੁਨੀਆਂ ਨੇ ਅੱਖੀਂ ਵੇਖਿਆ, ਗੁਰੂ ਹਰਿਗੋਬਿੰਦ ਪਾਤਿਸ਼ਾਹ ਨੂੰ ਜੰਗਾਂ ਵੀ ਕਰਨੀਆਂ ਪਈਆਂ। ਨੋਵੇਂ ਪਾਤਿਸ਼ਾਹ ਦੀ ਸ਼ਹਾਦਤ ਹੋਈ। ਦਸਮ ਪਾਤਿਸ਼ਾਹ ‘ਵਾਹੁ ਵਾਹੁ ਪ੍ਰਗਟਿਉ ਮਰਦ ਅਗੰਮੜਾ’ ਨੂੰ ਸਭ ਤੋਂ ਵੱਧ ਕੁਰਬਾਨੀ ਕਰਨੀ ਪਈ। ਸੱਚ ਧਰਮ ਦ੍ਰਿੜ ਕਰਵਾਉਂਦਿਆਂ ਹੱਕ ਸੱਚ ਵਾਸਤੇ, ਮਾਤਾ, ਪਿਤਾ, ਸਾਹਿਜ਼ਾਦਿਆਂ ਸਮੇਤ 27 ਜੀਅ ਕੁਰਬਾਨ ਕਰ ਦਿੱਤੇ। ਜਿਹੜੀ ਮਿੱਟੀ ਨੂੰ ਤੱਕਿਆ ਅੱਖ ਭਰ ਕੇ ਉਹ ਵੀ ਸੋਨਿਓ ਵੱਧ ਚਮਕਦਾਰ ਦਿੱਤੀ। ਜਿਸ ਮੱਥੇ ਨੂੰ ਵੱਡੀਆਂ-ਵੱਡੀਆਂ ਹਕੂਮਤਾਂ ਵੀ ਝੁਕਾਅ ਨਾਂਹ ਸਕੀਆਂ ਇੱਕ ਦਿਨ ਦਸਮ ਪਾਤਿਸ਼ਾਹ ਦਾ ਉਹ ਮੱਥਾ ‘ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਝੁਕ ਗਿਆ। ਸਦਾ ਵਾਸਤੇ ਗੁਰਗੱਦੀ ਬਖਸ਼ ਦਿੱਤੀ ਅਤੇ ਸਖ਼ਸ਼ੀ ਪੂਜਾ ਸਦਾ ਵਾਸਤੇ ਬੰਦ ਕਰ ਦਿੱਤੀ। ਦਸਮ ਪਾਤਿਸ਼ਾਹ ਗੁਰੂ ਪੰਥ ਨੂੰ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਰਕੇ ਆਪ ਨਿਜਧਾਮ ਨੂੰ ਪਰਤ ਗਏ।

‘ਗੁਰੂ ਗ੍ਰੰਥ ਸਾਹਿਬ’ ਜੀ ਦੇ ਹੱਥ ਲਿਖਤ ਉਤਾਰੇ ਵੀ ਹੋ ਚੁੱਕੇ ਸਨ, ਦਸ਼ਮੇਸ਼ ਦੇ ਸਿੰਘਾਂ ਨੂੰ ਜੰਗਾਂ ਜੁੱਧਾਂ ਸਮੇਂ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਉੱਪਰ ਘਰ ਬਣਾ ਕੇ ਰਹਿਣਾ ਪਿਆ ਤਾਂ ਨਿਮਲਿਆਂ ਉਦਾਸੀਆਂ ਨੂੰ ‘ਗੁਰੂ ਗ੍ਰੰਥ ਸਾਹਿਬ’ ਦੀ ਸੇਵਾ ਸੰਭਾਲ ਵਾਸਤੇ ਲਗਾ ਦਿੱਤਾ ਗਿਆ ਇਹਨਾਂ ਨਿਰਮਲਿਆਂ ਉੱਪਰ ਪਹਿਲਾਂ ਹੀ ਬ੍ਰਾਹਮਣੀ ਮੱਤਾਂ ਦਾ ਪ੍ਰਭਾਵ ਸੀ। ਸਿੱਖ ਧਰਮ ਅੰਦਰ ਵੀ ਉਹੀ ਗਿਣਤੀ ਮਿਣਤੀ ਵਾਲੇ ਪਾਠ, ਪਾਠਾਂ ਦੇ ਫ਼ਲ’ ਕੀਤਾ ਕਰਾਏ ਜਾਪ, ਵਰਨੀਆਂ, ਮਾਲਾ, ਦਾਨ ਦਾ ਫ਼ਲ, ਸਵਰਗਾਂ ਦੇ ਲਾਲਚ, ਨਰਕਾਂ ਦਾ ਡਰ ਪੈਣਾ ਸ਼ੁਰੂ ਹੋ ਗਿਆ। ਹਿੰਦੂ ਮੱਤ ਦੇ ਗ੍ਰੰਥਾਂ ਦੀ ਤਰਜ ਉੱਤੇ ਅਤੇ ਜੋਗ ਮੱਤ, ਜੈਨ ਮੱਤ ਦੀ ਧਾਰਨਾ ਅਨੁਸਾਰ ਗੁਰਬਾਣੀ ਦੀ ਵਿਆਖਿਆ ਦਾ ਮੁੱਢ ਇਥੋਂ ਹੀ ਬੱਝਾ ਸੀ, ਗੁਰਮਤਿ ਦਾ ਖੰਡਨ ਕਰਨ ਵਾਲੀ ਵਿਆਖਿਆ, ਟੀਕੇ ਵੀ ਲਿਖੇ ਗਏ, ਗੁੰਨਾਮ ਲਿਖਾਰੀਆਂ ਦੀਆਂ ਲਿਖਤਾਂ ਸਮਾਂ ਪਾ ਕੇ ਸਿੱਖੀ ਦੇ ਵਿਹੜੇ ਵਿੱਚ ਧਰਮ ਦਾ ਲੇਬਲ ਲਗਾ ਕੇ ਸੁੱਟ ਦਿੱਤੀਆਂ ਗਈਆਂ। ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਖੁਦ ਇੱਕ ਥਾਂ ਕਹਿੰਦੇ ਹਨ, ਜਦੋਂ ਮੈਂ ਲਿਖਦਾ ਹਾਂ ਤਾਂ ਕੁੱਤੇ ਭੌਂਕਦੇ ਹਨ, ਸੂਰ ਘੁਰ-ਘੁਰ ਕਰਦੇ ਹਨ, ਕਾਂ- ਕਾਂ ਕਾਂ ਕਰਦੇ ਹਨ, ਖੋਤੇ ਹੀਂਗਦੇ ਹਨ। ਇਹ ਕਾਂ ਕੁੱਤੇ ਕੌਣ ਸਨ। ਅੰਦਾਜ਼ਾ ਲਾਗਾਣਾ ਕੋਈ ਔਖਾਂ ਨਹੀਂ ਹੈ। ਸਮਾਂ ਪਾ ਕੇ ਇਹੀ ਨਿਰਮਲੇ ਉਦਾਸੀ ਮਹੰਤਾਂ ਦਾ ਰੂਪ ਧਾਰ ਕੇ ਗੁਰਦੁਆਰਿਆਂ ਉੱਪਰ ਕਾਬਜ਼ ਹੋ ਗਏ। ਸਖਸ਼ੀ ਪੂਜਾ, ਧਰਮ ਦੇ ਨਾਮ ਤੇ ਕਰਮ-ਕਾਂਡ, ਜਾਤ-ਪਾਤ ਦੇ ਨਾਂ ਤੇ ਵੰਡੀਆਂ, ਸੁੱਚ ਭਿੱਟ ਹਰ ਗੁਰਮਤਿ ਵਿਰੋਧੀ ਕਰਮ ਇਹਨਾਂ ਕੀਤਾ। ਯਾਦ ਰਹੇ ਕਿ ਦਸਮ ਪਾਤਿਸ਼ਾਹ ਦੇ ਸਮੇਂ ਵੀ ਮਸੰਦਾਂ ਨੂੰ ਗੁਰਮਤਿ ਵਿਰੋਧੀ ਕਾਰਵਾਈਆਂ ਕਾਰਣ ਤੇਲ ਦੇ ਕੜਾਹਿਆਂ ਵਿੱਚ ਸੁੱਟ ਕੇ ਸਾੜ ਦਿੱਤਾ ਗਿਆ ਸੀ। (ਨੋਟ:- ਇਹ ਗੱਲ ਠੀਕ ਨਹੀਂ ਜਾਪਦੀ। ਗੁਰੂ ਜੀ ਇਸ ਤਰ੍ਹਾਂ ਦੀਆਂ ਅਣ-ਮਨੁੱਖੀ ਸਜ਼ਾਵਾਂ ਨਹੀਂ ਦੇ ਸਕਦੇ ਸਨ-ਸੰਪਾਦਕ) ਵੱਖ-ਵੱਖ ਸੰਪਰਦਾਵਾਂ ਦਾ ਮੁੱਢ ਵੀ ਇਹਨਾਂ ਨਿਰਮਲੇ ਉਦਾਸੀਆਂ ਤੋਂ ਬੱਝਾ। ਅਠਾਰਵੀਂ ਸਦੀ ਵਿੱਚ ਸਿੰਘ ਸਭਾ ਲਹਿਰ ਚੱਲੀ ਇਹਨਾਂ ਮਹੰਤਾਂ ਵਿਰੁੱਧ ਮੋਰਚੇ ਲੱਗੇ, ਬਹੁਤ ਕੁਰਬਾਨੀਆਂ ਕਰਕੇ ਇਹਨਾਂ ਮਹੰਤਾਂ ਪਾਸੋਂ ਗੁਰਦੁਆਰੇ ਅਜ਼ਾਦ ਕਰਵਾਏ ਗਏ। ਇਹਨਾਂ ਮਹੰਤਾਂ ਨੇ ਪਾਸੇ ਜਾ ਕੇ ਵੱਖ-ਵੱਖ ਡੇਰੇ ਬਣਾ ਲਏ। ਅੱਜ ਵੀ ਜੇ ਕਿਸੇ ਗ੍ਰੰਥੀ ਨੂੰ ਗੁਰਦੁਆਰਾ ਸਾਹਿਬ ਵਿਚੋਂ ਕੱਢ ਦਿੱਤਾ ਜਾਵੇ ਤਾਂ ਉਹ ਆਪਣਾ ਵੱਖਰਾ ਗੁਰਦੁਆਰਾ ਉਸਾਰ ਲੈਂਦਾ ਹੈ।

ਜਦੋਂ ਸਰਕਾਰਾਂ ਦੇ ਧਿਆਨ ਵਿੱਚ ਇਹ ਗੱਲ ਆਈ ਕਿ ਇਹ ਸਿੱਖ ਕਹਾਉਂਣ ਵਾਲੇ ਤਾਂ ਡੇਰੇਦਾਰ ਸਾਧ ਦੀ ਗੱਲ ਤਾਂ ‘ਗੁਰੂ ਗ੍ਰੰਥ ਸਾਹਿਬ ਜੀ’ ਨਾਲੋਂ ਵੀ ਵੱਧ ਮੰਨਦੇ ਹਨ, ਇਹਨਾਂ ਡੇਰੇਦਾਰ ਸਾਧਾਂ ਰਾਹੀਂ ਸਿੱਖਾਂ ਨੂੰ ਤੱਕੜੀ ਮਾਰ ਮਾਰੀ ਜਾ ਸਕਦੀ ਹੈ ਤਾਂ ਫੌਜ ਵਿੱਚ ਹੀ ਸੰਤਾਂ ਨੂੰ ਮਾਲਾ ਫੜਾ ਦਿੱਤੀਆਂ ਗਈਆਂ। ਉਹਨਾਂ ਦੀ ਸੰਤਗੀਰੀ ਨੂੰ ਚਮਕਾਉਂਣ ਲਈ ਉਨ੍ਹਾਂ ਦੇ ਨਾਵਾਂ ਨਾਲ ਕਈ ਕਰਾਮਾਤੀ ਝੂਠੀਆਂ ਕਹਾਣੀਆਂ ਜੋੜ ਦਿੱਤੀਆਂ ਗਈਆਂ, ਅਫਸਰਾਂ ਸਮੇਤ ਜਲਦੀ ਹੀ ਬਹੁਤ ਸਾਰੇ ਲੋਕ ਇਹਨਾਂ ਸਰਕਾਰੀ ਸੰਤਾਂ ਦੇ ਪ੍ਰਵਚਨ ਸੁਣਨ ਆਉਂਣ ਲੱਗ ਪਏ। ਡੇਰਿਆਂ ਦੀ ਸੋਭਾ ਜਿਉਂ ਹੀ ਜਲਦੀ-ਜਲਦੀ ਵੱਧਣ ਲੱਗੀ। ਖਾਲਸਾ ਪੰਥ ਦੀ ਅਕਾਸ਼ ਉੱਤੇ ਚੜ੍ਹੀ ਹੋਈ ਗੁੱਡੀ ਵੀ ਬੜੀ ਤੇਜ਼ੀ ਨਾਲ ਅਰਸ਼ ਤੋਂ ਫ਼ਰਸ਼ ਵੱਲ ਵੱਧਣੀ ਸ਼ੁਰੂ ਹੋ ਗਈ। ਸਮੇਂ ਦੀਆਂ ਸਰਕਾਰਾਂ ਅਤੇ ਸਿੱਖੀ ਦੇ ਵੈਰੀ ਕਦੋਂ ਦੇ ਚਾਹੁੰਦੇ ਸਨ ਕਿ ਇਹਨਾਂ ਸਿੱਖਾਂ ਦੇ ਹੱਥਾਂ ਵਿਚੋਂ ਕਿਰਪਾਨਾਂ ਸੁੱਟਵਾ ਕੇ ਇਹਨਾਂ ਦੇ ਹੱਥਾਂ ਵਿੱਚ ਮਾਲਾ ਫੜਾ ਦਿੱਤੀਆਂ ਜਾਣ। ਚੇਤੇ ਰਹੇ ਕਿ ਬੁੱਚੜ ਵੱਢ ਕੇ ਕੂਕਿਆਂ ਨੇ ਥੋੜੀ ਬਹਾਦਰੀ ਦਿਖਾਈ ਤਾਂ ਅੰਗਰੇਜ਼ ਨੇ ਉਨ੍ਹਾਂ ਦੇ ਹੱਥਾਂ ਵਿੱਚ ਉੱਨ ਦੀਆਂ ਮਾਲਾਂ ਫੜਾ ਦਿੱਤੀਆਂ ਸਨ। ਅੱਜ ਕੂਕੇ ਇਹੀ ਕਹਿੰਦੇ ਹਨ ਕਿ ਅਸੀਂ ਤਾਂ ਵੈਸ਼ਨੋ ਭਗਤ ਹੁੰਦੇ ਹਾਂ।

ਸੋ ਗੁਰਦੁਆਰਿਆਂ ਦੀ ਥਾਂ ਇਹਨਾਂ ਨੇ ਡੇਰੇ ਪ੍ਰਚੱਲਿਤ ਕਰ ਦਿੱਤੇ, ਸ਼ਾਸਤਰਾਂ ਨਗਾਰਿਆਂ, ਨਿਸ਼ਾਨਾਂ ਨੂੰ ਪਰ੍ਹੇ ਕਰ ਦਿੱਤਾ ਗਿਆ, ਉੱਨ ਦੀਆਂ ਮਾਲਾ ਚਿੱਟੇ ਕੱਪੜੇ ਇਹਨਾਂ ਸਾਧਾਂ ਨੇ ਪਹਿਨ ਲਏ, ਸਿਰਾਂ ਉੱਪਰ ਗੋਲ ਛੋਟੇ ਪਟਕੇ ਬੰਨ੍ਹ ਲਏ, ਇਹਨਾਂ ਸਾਧਾਂ ਨੇ ਜੁੱਤੀ ਦੀ ਥਾਂ ਖੜਾਵਾਂ ਪਾ ਲਈਆਂ। ਤਿੰਨ ਫੁੱਟੀ ਕਿਰਪਾਨ ਦੀ ਥਾਂ 2 ਇੰਚੀ ਛਿੰਙ ਤਬੀਤ ਨਾਲ ਅੰਮ੍ਰਿਤ ਛਕਾਉਂਣ ਨੂੰ ਇੱਕ ਰਸਮ ਬਣਾ ਦਿੱਤਾ ਗਿਆ। ਗੁਰਬਾਣੀ ਨੂੰ ਸਮਝਣ ਮੰਨਣ ਦੀ ਥਾਂ ਮੰਤਰ ਜਾਪ, ਵਰਗੀਆਂ ਰਾਮ-ਰਾਮ ਦੀਆਂ ਮਾਲਾ, ਅਖੰਡ ਪਾਠ, ਸੰਪਟ ਪਾਠ, ਅਤੀ ਸੰਪਟ ਪਾਠ, ਪਾਠਾਂ ਦੀਆਂ ਗਿਣਤੀਆਂ ਸ਼ੁਰੂ ਕਰ ਦਿੱਤੀਆਂ।

ਮੁਸ਼ਕਲ ਸਮੇਂ ਮੰਤਰਾਂ ਦਾ ਸਹਾਰਾ, ਕਿਰਤ ਨਾ ਕਰਕੇ ਲੋਕਾਂ ਦੀ ਕਮਾਈ ਦਾਨ ਦੇ ਨਾਂ ਤੇ ਖਾਣੀ, ਅਖੌਤੀ ਜਤੀ ਹੋਣ ਦਾ ਪ੍ਰਚਾਰ ਕਰਨਾ (ਡੇਰਿਆਂ ਵਿੱਚ ਬਲਾਤਕਾਰ ਦਾ ਰਾਹ ਖੁੱਲਾ), ਡੇਰਿਆਂ ਨੂੰ ਨਿੱਜੀ ਮਾਲਕੀ ਬਣਾਉਂਣਾ, ਚੜਾਵੇ ਦਾ ਪੈਸਾ ਪੰਥਕ ਕਾਰਜਾਂ ਵਾਸਤੇ ਨਾਂਹ ਖਰਚਣਾ, ਸਗੋਂ ਐਸ਼ ਪ੍ਰਸਤੀ ਵਿੱਚ ਰੁਹੜ ਦੇਣਾ, ਸਿੱਖਾਂ ਅੰਦਰੋਂ ਸਵੈਮਾਨ ਖਤਮ ਕਰਕੇ ਆਪਣੇ ਚੇਲੇ ਬਣਾਉਂਣਾ, ਆਪਣੇ ਜੀ ਹਜ਼ੂਰੀਏ, ਬੁਜ਼ਦਿਲ ਕਾਇਰ ਬਣਾਉਂਣਾ, ਗੁਲਾਮ ਬਣਾਉਂਣਾ, ਗੁਰਬਾਣੀ ਤੱਤ ਸੋਚ ਗਿਆਨ ਤੋਂ ਲੋਕਾਂ ਨੂੰ ਦੂਰ ਕਰਨਾ ਅਤੇ ਜੋਗ ਮੱਤ, ਬ੍ਰਾਹਮਣੀ ਮੱਤ, ਜੈਨ ਮੱਤ ਵਾਲੇ ਕਰਮ ਕਾਂਡ ਦੇ ਰਾਹ ਪਾਈ ਰੱਖਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੰਨਣ ਦੀ ਬਜਾਏ ਗੁਰੂ ਦੀ ਪੂਜਾ ਕਰਵਾਉਂਣੀ, ਰਾਜਨੀਤਿਕ, ਧਾਰਮਿਕ ਆਗੂਆਂ ਦੇ ਜ਼ਬਰ ਜ਼ੁਲਮ ਦੇ ਖਿਲਾਫ਼ ਕਦੇ ਜ਼ੁਬਾਨ ਨਾ ਖੋਲਣੀ, ਗੁਰਬਾਣੀ ਦੀ ਕਥਾ ਦੀ ਥਾਂ ਤੇ ਆਪਣੀ ਹੀ ਫੋਕੀ ਪ੍ਰਸੰਸਾ, ਫੋਕੀ ਖੁਸ਼ਾਮਦ ਦੀ ਕਥਾ ਚੇਲਿਆਂ ਤੋਂ ਕਰਵਾਉਂਣੀ, ਆਪਣੇ ਆਪ ਨੂੰ ਹੀ ਰੱਬ ਸਿੱਧ ਕਰਨ ਦੀ ਕੋਝੀ ਕੋਸ਼ਿਸ਼ ਕਰਦੇ ਰਹਿਣਾ, ਲਹੂ ਭਿੱਜਾ ਇਤਿਹਾਸ ਨਾ ਸੁਣਾ ਕੇ ਕੇਵਲ ਕਰਾਮਾਤੀ ਕਹਾਣੀਆਂ ਸੁਣਾ ਕੇ ਲੋਕਾਂ ਪਾਸੋਂ ਨੋਟ, ਵੋਟ ਅਤੇ ਝੂਠੀ ਵਡਿਆਈ ਖੱਟਣੀ, ਨਾਂਅ ਨਾਲ ਸਿੰਘ, ਭਾਈ ਦੀ ਥਾਂ ਹਜ਼ੂਰ, ਮਹਾਰਾਜ, ਪੂਰਣ, ਸੰਪੂਰਣ, ਸੰਤ, ਬ੍ਰਹਮ ਗਿਆਨੀ, ਸ਼੍ਰੀ 108, 1008 ਮੁਰਾਰੇ, ਸ੍ਰੀ ਸੰਤ ਦੀਨ ਦਿਆਲ, ਗੋਸਾਂਈ, ਸੋਆਮੀ, ਅੰਤਰਯਾਮੀ, ਹਰਿ ਸੰਤ, ਸੰਤ ਅਸਾਧ ਅਪਾਰ, ਸੰਤ ਸਿਰਤਾਜ, ਅਕਾਲ ਰੂਪ, ਪ੍ਰਭੂ, ਨਾਥ, ਸਾਈ, ਹਰਿ ਜੀ, ਮਰਿਯਾਦਾ ਪ੍ਰੋਸ਼ਤਰਾ ਆਦਿ ਵਿਸ਼ੇਸ਼ਣ ਵਰਤਣੇ ਇਹ ਇਹਨਾਂ ਸਾਧਾਂ ਸੰਤਾਂ ਦੇ ਮੁੱਖ ਕੰਮ ਹਨ।

ਗੁਰਦੁਆਰੇ ਅਤੇ ਡੇਰੇ ਵਿੱਚ ਫਰਕ:- ਗੁਰਦੁਆਰਾ ਸਾਹਿਬ ਜਿੱਥੇ ‘ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਹੋਵੇ, ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਲਾਗੂ ਹੋਵੇ, ਸਾਰੀ ਚੱਲ ਅਤੇ ਅਚੱਲ ਜਾਇਦਾਦ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਨਾਂਅ ਹੋਵੇ, ਗੁਰੂ ਦੀ ਗੋਲਕ ਗਰੀਬ ਦੇ ਮੂੰਹ ਨਾਲ ਜੁੜੀ ਹੋਵੇ, ਕੇਵਲ ਤੇ ਕੇਵਲ ਗੁਰੂ ਦਾ ਹੀ ਹੁਕਮ ਮੰਨਿਆ ਜਾਵੇ। ਕੋਈ ਸਖ਼ਸ਼ੀ ਪੁਜਾ ਨਾਂਹ ਹੋਵੇ, ਉਹ ਗੁਰਦੁਆਰਾ ਸਾਹਿਬ ਹੈ। ਗੁਰਦੁਆਰੇ ਗੁਰਮਤਿ ਕੇਂਦਰ ਹੋਣ ਜਿੱਥੋਂ ਗੁਰਬਾਣੀ ਦਾ ਚਾਨਣ ਦੂਰ ਦੂਰ ਤੱਕ ਫੈਲਾਇਆ ਜਾਵੇ।

ਡੇਰਾ:- ਜਿੱਥੇ ਭਾਵੇਂ ਦਿਖਾਵੇ ਮਾਤਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਵੀ ਕੀਤੇ ਹੋਣ, ਸਿੱਖ ਰਹਿਤ ਮਰਿਯਾਦਾ ਲਾਗੂ ਨਹੀਂ ਹੈ। ਸਖ਼ਸ਼ੀ ਪੂਜਾ (ਬੰਦੇ ਦੀ ਪੂਜਾ) ਬੰਦੇ ਦਾ ਹੁਕਮ, ਸੰਪਰਦਾਈ, ਕਰਮ-ਕਾਂਡੀ ਮਰਯਾਦਾ ਹੋਰ ਕਰਮ ਰਸਮੀ ਤੌਰ ਤੇ ਦਿਖਾਵੇ ਵਾਸਤੇ, ਆਪਣੀ ਦੁਕਾਨਦਾਰੀ ਜੋ ਝੂਠ ਦੀ ਹੈ ਪਰ ਸੱਚ ਦਾ ਲੇਬਲ ਲਗਾ ਕੇ ਖੋਲ੍ਹੀ ਹੋਈ ਹੈ। ਉਹ ਚਲਾਉਂਣ ਵਾਸਤੇ ਕੇਵਲ ਭੀੜਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕੀਤਾ ਜਾਂਦਾ ਹੈ ਸਾਰੀ ਚੱਲ ਅਤੇ ਅਚੱਲ ਜਾਇਦਾਦ ਡੇਰਾ ਮੁਖੀ ਬੰਦੇ ਨਾਂਅ ਹੈ ਉਹ ਡੇਰਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top