ਅੱਜ
ਦਾ ਦਿਨ ਸਿੱਖ ਕੌਮ ਲਈ ਇਸ ਕਰਕੇ ਇਤਿਹਾਸਕ ਦਿਨ ਹੈ, ਕਿ ਇਸ
ਦਿਨ ਇਕ ਅਜਿਹੀ ਮੰਦਭਾਗੀ ਘਟਨਾ ਵਾਪਰੀ ਸੀ, ਜਿਹੜੀ ਬਾਅਦ ’ਚ ਸਿੱਖਾਂ ਨਾਲ ਇਕ ਅਜਿਹੇ ਵਾਅਦੇ
ਦੀ ਬੁਨਿਆਦ ਬਣੀ, ਜਿਹੜਾ ਵਾਅਦਾ ਸਿੱਖਾਂ ਨਾਲ ਅੱਜ ਤੱਕ ਵਫ਼ਾ ਨਹੀਂ ਹੋਇਆ। 6 ਮਈ 1930 ਨੂੰ
ਅੰਗਰੇਜ਼ ਹਾਕਮਾਂ ਤੇ ਉਨ੍ਹਾਂ ਦੀ ਦੇਸੀ ਪੁਲਿਸ ਨੇ ‘ਹਿੰਦ ਦੀ ਚਾਦਰ’ ਸਾਹਿਬ ਸ੍ਰੀ ਗੁਰੂ ਤੇਗ
ਬਹਾਦਰ ਸਾਹਿਬ ਦੀ ਸ਼ਹਾਦਤ ਵਾਲੀ ਥਾਂ ਤੇ ਸਥਾਪਿਤ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਨੂੰ ਇਸ
ਕਾਰਣ ਗੋਲੀਆਂ ਨਾਲ ਛਲਨੀ ਕਰ ਦਿੱਤਾ ਸੀ ਕਿ ਸਿਵਲ ਨਾ ਫ਼ਰਮਾਨੀ ਲਹਿਰ ਕਾਰਣ ਅੰਗਰੇਜ਼ ਹਕੂਮਤ ਦਾ
ਵਿਰੋਧ ਕਰ ਰਹੇ ਲੋਕ ਪੁਲਿਸ ਲਾਠੀਚਾਰਜ ਤੋਂ ਬਚਾਅ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਗਏ ਸਨ।
ਪੁਲਿਸ ਦੀ ਇਸ ਮਹਾਨ ਪਵਿੱਤਰ ਅਸਥਾਨ ਤੇ ਇਸ ਜ਼ਾਲਮਾਨਾ ਕਾਰਵਾਈ ਦਾ ਸਿੱਖਾਂ ’ਚ ਵਿਆਪਕ ਰੋਸ ਤੇ
ਵਿਰੋਧ ਹੋਇਆ ਸੀ ਅਤੇ ਮਹਾਤਮਾ ਗਾਂਧੀ ਖ਼ੁਦ ਸਿੱਖ ਪੰਥ ਦੇ ਇਸ ਰੋਸ ’ਚ ਸ਼ਾਮਲ ਹੋਣ ਅਤੇ ਆਪਣੀ
ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਆਇਆ ਸੀ। ਭਾਵੇਂ ਕਿ ਗਾਂਧੀ
ਦੀ ਉਸ ਫੇਰੀ ਦਾ ਅਸਲ ਮੰਤਵ ਸਿੱਖਾਂ ਦੇ ਉਸ ਗੁੱਸੇ ਤੇ ਵਿਰੋਧ ਨੂੰ ਠੰਡਾ ਕਰਨਾ ਵੀ ਸੀ, ਜਿਹੜਾ
ਕਾਂਗਰਸ ਦੇ ਝੰਡੇ ’ਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਰੰਗ ਦੀ ਅਣਹੋਂਦ ਕਾਰਣ, ਸਿੱਖਾਂ
’ਚ ਫੈਲ ਚੁੱਕਿਆ ਸੀ।
ਗਾਂਧੀ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਬਿ ਦੀ ਪਵਿੱਤਰ ਧਰਤੀ ਤੇ ਸਿੱਖਾਂ
ਨਾਲ ਵਾਅਦਾ ਕੀਤਾ ਸੀ, ‘‘ਸਾਡੇ ਸਿੱਖ ਮਿੱਤਰਾਂ ਨੂੰ ਦਿਲ ਵਿੱਚੋਂ ਇਹ ਗੱਲ ਕੱਢ ਦੇਣੀ ਚਾਹੀਦੀ
ਹੈ ਕਿ ਕਾਂਗਰਸ ਉਨ੍ਹਾਂ ਨੂੰ ਕਦੇ ਧੋਖਾ ਦੇਵੇਗੀ, ਕਿਉਂਕਿ ਜਿਸ ਪਲ ਵੀ ਇਸਨੇ ਧੋਖਾ ਕੀਤਾ,
ਕਾਂਗਰਸ ਨਾ ਕੇਵਲ ਆਪਣੇ ਵਿਨਾਸ਼ ਉਤੇ ਹੀ ਸਗੋਂ ਦੇਸ਼ ਦੇ ਵਿਨਾਸ਼ ਤੇ ਦੀ ਮੋਹਰ ਲਾਵੇਗੀ। ਇਸ ਤੋਂ
ਵੱਧ, ਸਿੱਖ ਬਹਾਦਰ ਲੋਕ ਹਨ ਅਤੇ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਨੌਬਤ ਆਉਣ ਤੇ ਹਥਿਆਰ ਚੁੱਕ
ਕੇ ਆਪਣੇ ਹੱਕਾਂ ਦੀ ਰੱਖਿਆ ਕਿਸ ਤਰ੍ਹਾਂ ਕਰਨੀ ਹੈ’’। ਇਸ ਲਈ ਅੱਜ ਦੇ ਦਿਨ ਗੁਰਦੁਆਰਾ ਸੀਸ
ਗੰਜ ਸਾਹਿਬ ਤੇ ਹੋਏ ਜ਼ਾਲਮਾਨਾ ਹਮਲੇ ਤੋਂ ਬਾਅਦ, ਸਿੱਖਾਂ ਦੇ ਭਰੋਸੇ ਨੂੰ ਜਿੱਤਣ ਲਈ ਮਹਾਤਮਾ
ਗਾਂਧੀ ਨੇ ਗੁਰੂ ਘਰ ’ਚ ਖੜ੍ਹੇ ਹੋ ਕੇ ਸਿੱਖਾਂ ਨਾਲ ਕਈ ਵਾਅਦੇ ਕੀਤੇ ਸਨ ਅਤੇ ਉਨ੍ਹਾਂ ਦੀ
ਪੂਰਤੀ ਦਾ ਪੂਰਾ-ਪੂਰਾ ਭਰੋਸਾ ਵੀ ਦਿੱਤਾ ਸੀ। ਪਰੰਤੂ ਆਜ਼ਾਦੀ ਤੋਂ ਬਾਅਦ ਹੀ ਨਹੀਂ ਸਗੋਂ ਅਜ਼ਾਦੀ
ਤੋਂ ਪਹਿਲਾ ਹੀ ਕਾਂਗਰਸ ਨੇ ਸਿੱਖਾਂ ਨਾਲ ਵਿਸ਼ਵਾਸਘਾਤ ਦੀ ਕਹਾਣੀ ਸ਼ੁਰੂ ਕਰ ਦਿੱਤੀ ਸੀ। ਜਿਵੇਂ
ਕਿ ਅਸੀਂ ਉਪਰ ਲਿਖਿਆ ਹੈ ਕਿ ਕਾਂਗਰਸ ਨੇ ਆਪਣੇ ਝੰਡੇ ਦੇ ਰੰਗ ’ਚ ਹਿੰਦੂ, ਮੁਸਲਮਾਨ ਤੇ
ਇਸਾਈਆਂ ਦੇ ਧਰਮ ਦੇ ਪ੍ਰਤੀਕ ਰੰਗ ਪਾ ਲਏ ਸਨ, ਜਦੋਂਕਿ ਸਿੱਖਾਂ ਵੱਲੋਂ ਕਰੜਾ ਵਿਰੋਧ ਕਰਨ ਤੇ
ਸਿੱਖਾਂ ਨੂੰ ਗੁੰਮਰਾਹ ਕਰਨ ਲਈ ਲਾਲ ਰੰਗ ਦੀ ਥਾਂ ‘ਭਗਵਾਂ ਰੰਗ’ ਬਦਲ ਦਿੱਤਾ ਗਿਆ ਅਤੇ ਇਨ੍ਹਾਂ
ਰੰਗਾਂ ਨੂੰ ਧਰਮ ਦੀ ਥਾਂ ਖੁਸ਼ਹਾਲੀ ਵਿਕਾਸ ਤੇ ਸ਼ਾਂਤੀ ਦੇ ਪ੍ਰਤੀਕ ਬਣਾ ਦਿੱਤਾ ਗਿਆ।
ਆਜ਼ਾਦੀ ਤੋਂ ਤੁਰੰਤ ਬਾਅਦ ਸਿੱਖਾਂ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਦਾ
ਇਨਾਮ ਉਨ੍ਹਾਂ ਨੂੰ ‘ਜਰਾਇਮ ਪੇਸ਼ਾ’ ਕੌਮ ਕਰਾਰ ਦੇ ਕੇ ਦਿੱਤਾ ਗਿਆ। ਅਜ਼ਾਦੀ ਤੋਂ ਬਾਅਦ ਸਿੱਖਾਂ
ਨੂੰ ਦੋ ਨੰਬਰ ਦੇ ਸ਼ਹਿਰੀ ਬਣਾ ਦਿੱਤਾ ਗਿਆ, ਇੱਥੋਂ ਤੱਕ ਕਿ ਜਦੋਂ ਸਿੱਖਾਂ ਨੇ ਆਪਣੀ ਮਾਂ ਬੋਲੀ
ਪੰਜਾਬੀ ਤੇ ਅਧਾਰਿਤ ਸੂਬੇ ਦੀ ਮੰਗ ਕੀਤੀ ਤਾਂ ਉਨ੍ਹਾਂ ਨਾਲ ਦੇਸ਼ ਦੇ ਬਾਗੀਆਂ ਵਾਲਾ ਸਲੂਕ ਕੀਤਾ
ਗਿਆ ਅਤੇ ਭਾਰੀ ਕੁਰਬਾਨੀਆਂ ਤੋਂ ਬਾਅਦ ‘ਲੰਗੜੀ ਸੂਬੀ’ ਸਿੱਖਾਂ ਦੇ ਪੱਲੇ ਪਾ ਦਿੱਤੀ ਗਈ। ਦੇਸ਼
’ਚ ਲੱਗੀ ਐਮਰਜੈਂਸੀ ਦਾ ਵਿਰੋਧ ਕਰਨ ਦੀ ਸਜ਼ਾ, ਸਿੱਖਾਂ ਨੂੰ ‘ਦਰਬਾਰ ਸਾਹਿਬ ਦੇ ਸਾਕੇ’ ਨਾਲ
ਦਿੱਤੀ ਗਈ ਅਤੇ ਇਸ ਸਾਕੇ ਦੀ ਜੁੰਮੇਵਾਰ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਦੇਸ਼
ਦੀਆਂ ਸੜਕਾਂ ਤੇ ਸ਼ਰੇਆਮ ਭਿਆਨਕ ਕਤਲੇਆਮ ਹੋਇਆ, ਜਿਸ ਦਾ ਇਨਸਾਫ਼ 28 ਸਾਲ ਲੰਘ ਜਾਣ ਦੇ ਬਾਵਜੂਦ
ਹਾਲੇਂ ਤੱਕ ਨਹੀਂ ਮਿਲਿਆ। ਪੰਜਾਬ ਤੋਂ ਉਸਦੇ ਪਾਣੀ ਖੋਹੇ ਗਏ, ਧਰਤੀ ਨੂੰ ਬੰਜਰ ਕਰਨ ਦੀ
ਸਾਜ਼ਿਸ ਰਚੀ ਗਈ, ਜੁਆਨੀ ਦੀ ਤਬਾਹੀ ਦੀ ਕਹਾਣੀ ਘੜੀ ਗਈ ਅਤੇ ਸਿੱਖੀ ਹੋਂਦ ਦੇ ਖ਼ਾਤਮੇ ਲਈ ਹਰ
ਹਰਬਾ-ਜਰਬਾ ਵਰਤਿਆ ਗਿਆ। ਜਿਸ ਵਿਅਕਤੀ ਨੂੰ ਇਸ ਦੇਸ਼ ਦੇ ਹਾਕਮ, ਰਾਸ਼ਟਰ ਪਿਤਾ ਦਾ ਖਿਤਾਬ ਦਿੰਦੇ
ਹਨ, ਉਸ ਵੱਲੋਂ ਸਿੱਖ ਕੌਮ ਨਾਲ ਕੀਤੇ ਵਾਅਦੇ, ਕਿਸੇ ਨੇ ਵੀ ਵਫ਼ਾ ਕਰਨ ਦਾ ਯਤਨ ਨਹੀਂ ਕੀਤਾ।
ਇਸ ਲਈ ਅੱਜ ਦੇ ਦਿਨ ਘੱਟੋ-ਘੱਟ ਸਾਨੂੰ ਭਾਰਤੀ ਹਾਕਮਾਂ ਨੂੰ ਅਤੇ ਉਨ੍ਹਾਂ ਕੱਟੜ ਸੋਚ ਵਾਲੀਆਂ
ਸਿੱਖ ਦੁਸ਼ਮਣ ਤਾਕਤਾਂ ਨੂੰ ਯਾਦ ਤਾਂ ਕਰਵਾਉਣਾ ਚਾਹੀਦਾ ਹੈ ਕਿ ਸਿੱਖਾਂ ਨੇ ਇਸ ਦੇਸ਼ ਲਈ ਕੀ-ਕੀ
ਕੁਰਬਾਨੀਆਂ ਕੀਤੀਆਂ ਹਨ ਅਤੇ ਬਦਲੇ ’ਚ ਉਨ੍ਹਾਂ ਨੂੰ ਕੀ-ਕੀ ਮਿਲਿਆ ਹੈ।