Share on Facebook

Main News Page

’84 ਦੇ ਸਿੱਖ ਕਤਲੇਆਮ ਵਿੱਚ ਆਰ.ਐਸ.ਐਸ. ਦੀ ਭੂਮਿਕਾ: ਸ਼ਮਸੁਲ ਇਸਲਾਮ

ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਹੋਇਆਂ ਪੂਰੇ 25 ਸਾਲ ਗੁਜ਼ਰ ਗਏ ਹਨ। ਵੱਡੀ ਤਾਕਤ ਵਾਲੀਆਂ ਅਣਗਿਣਤ ਜਾਂਚ ਕਮੇਟੀਆਂ, ਪੁਲਿਸ ਜਾਂਚ ਟੀਮਾਂ ਅਤੇ ਕਮਿਸ਼ਨਾਂ ਦੇ ਗਠਨ ਦੇ ਬਾਵਜੂਦ ਬਹੁਤ ਘੱਟ ਆਰੋਪੀਆਂ ’ਤੇ ਮੁਕੱਦਮੇ ਦਰਜ ਹੋ ਸਕੇ; ਅਸਲ ਅਪਰਾਧੀ ਤਾਂ ਕਾਨੂੰਨੀ ਦੀ ਪਹੁੰਚ ਤੋਂ ਹਾਲਾਂ ਵੀ ਬਹੁਤ ਦੂਰ ਹਨ। ਸੱਚਾਈ ਇਹ ਹੈ ਕਿ ਭਾਵੇਂ ਪਿਛਲੇ 25 ਸਾਲਾਂ ਵਿੱਚ ਦੇਸ਼ ਵਿੱਚ ਕਈ ਸਿਆਸੀ ਵਿਚਾਰਾਧਾਰਾਵਾਂ ਦਾ ਰਾਜ ਰਿਹਾ ਹੈ, ਪਰ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਕੋਈ ਸਿਆਸੀ ਇੱਛਾ ਨਹੀਂ ਸੀ।

ਆਮ ਤੌਰ ’ਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਕ ਕਤਲੇਆਮ ਪਿੱਛੇ ਕਾਂਗਰਸ ਦੇ ਵਰਕਰਾਂ ਦਾ ਹੱਥ ਸੀ। ਇਹ ਸੱਚ ਵੀ ਹੋ ਸਕਦਾ ਹੈ, ਪਰ ਅਜਿਹੀਆਂ ਹੋਰ ਵੀ ਤਾਕਤਾਂ ਸ਼ਾਮਿਲ ਸਨ ਜਿਨ੍ਹਾਂ ਨੇ ਕਤਲੇਆਮ ਵਿੱਚ ਸਰਗਰਮ ਭੂਮਿਕਾ ਨਿਭਾਈ, ਪਰ ਫਿਰ ਵੀ ਉਨ੍ਹਾਂ ਦੀ ਭੂਮਿਕਾ ਦੀ ਕਦੇ ਵੀ ਜਾਂਚ ਨਹੀਂ ਕੀਤੀ ਗਈ। ਜਿਹੜੇ ਵਿਅਕਤੀ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਗਵਾਹ ਸਨ, ਉਹ ਨਿਰਦੋਸ਼ ਸਿੱਖਾਂ ਨੂੰ ਜਲਾਉਣ ਵਾਲੀ ਕਾਤਿਲ ਹਮਲਾਵਰ ਭੀੜਾਂ ਦੀ ਚੁਸਤੀ ਅਤੇ ਫੌਜ ਵਰਗੀ ਅਚੂਕਤਾ ਤੋਂ ਹੈਰਾਨ ਹੋ ਗਏ ਸਨ। ਇਹ ਕਾਂਗਰਸੀ ਠਗਾਂ ਦੇ ਬੱਸ ਤੋਂ ਬਾਹਰ ਦੀ ਗੱਲ ਸੀ।

ਪਿੱਛੇ ਜਿਹੇ, ਇਕ ਮਹਤੱਵਪੂਰਣ ਦਸਤਾਵੇਜ਼ ਸਾਹਮਣੇ ਆਇਆ ਹੈ, ਜੋ ਇਸ ਨਸਲਕੁਸ਼ੀ ਦੇ ਕੁਝ ਛੁਪੇ ਹੋਏ ਪਹਿਲੂਆਂ ’ਤੇ ਰੌਸ਼ਨੀ ਪਾ ਸਕਦਾ ਹੈ। ਇਸ ਨੂੰ ਆਰ.ਐਸ.ਐਸ. ਦੇ ਇਕ ਨਾਮਵਰ ਅਤੇ ਅਨੁਭਵੀ ਆਗੂ ਨਾਨਾ ਦੇਸ਼ਮੁਖ ਵੱਲੋਂ 8 ਨਵੰਬਰ 1984 ਨੂੰ ਲਿਖਿਆ ਅਤੇ ਵਰਤਾਇਆ ਗਿਆ ਸੀ। ਦਿਲਸਚਪ ਗੱਲ ਹੈ ਕਿ ਇਹ ਦਸਤਾਵੇਜ਼ ਜਾਰਜ ਫਰਨਾਂਡਿਜ਼ (1999 ਤੋਂ 2005 ਤੱਕ ਭਾਰਤ ਦੇ ਸੁਰੱਖਿਆ ਮੰਤਰੀ ਅਤੇ ਮੌਜੂਦਾ ਤੌਰ ’ਤੇ ਆਰ.ਐਸ.ਐਸ. ਦਾ ਇਕ ਖਾਸ ਮਿੱਤਰ) ਦੇ ਸੰਪਾਦਨ ਵਾਲੀ ਹਿੰਦੀ ਸਾਪਤਾਹਿਕ ਪੱਤ੍ਰਿਕਾ ‘ਪ੍ਰਤੀਪਕਸ਼’ ਦੇ 25 ਨਵੰਬਰ 1984 ਦੇ ਸੰਸਕਣ ਵਿੱਚ ‘ਇੰਦਰਾ ਕਾਂਗਰਸ-ਆਰ.ਐਸ.ਐਸ. ਗਠਜੋੜ’ ਸਿਰਲੇਖ ਨਾਲ ਹੇਠ ਲਿਖੀ ਸੰਪਾਦਕੀ ਟਿੱਪਣੀ ਨਾਲ ਪ੍ਰਕਾਸ਼ਿਤ ਹੋਇਆ ਸੀ : ‘‘ਹੇਠ ਲਿਖੇ ਦਸਤਾਵੇਜ਼ ਦੇ ਲਿਖਾਰੀ ਨੂੰ ਆਰ.ਐਸ.ਐਸ. ਦੇ ਸਿਧਾਂਤਕਾਰ ਅਤੇ ਨੀਤੀਆਂ ਬਨਾਉਣ ਵਾਲੇ ਵਜੋਂ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਦੀ ਹੱਤਿਆ ਦੇ ਬਾਅਦ ਉਸਨੇ ਇਸ ਦਸਤਾਵੇਜ਼ ਨੂੰ ਪ੍ਰਮੁੱਖ ਸਿਆਸਤਦਾਨਾਂ ਵਿੱਚ ਵਰਤਾਇਆ। ਇਸਦੀ ਇਕ ਇਤਿਹਾਸਕ ਮਹੱਤਤਾ ਹੈ, ਜਿਸ ਕਾਰਨ ਅਸੀਂ ਆਪਣੇ ਹਫ਼ਤਾਵਾਰੀ ਦੀ ਨੀਤੀਆਂ ਦੇ ਉਲਟ ਇਸਨੂੰ ਪ੍ਰਕਾਸ਼ਿਤ ਕਰਨ ਦਾ ਨਿਰਣਾ ਲਿਆ ਹੈ। ਇਹ ਦਸਤਾਵੇਜ਼ ਇੰਦਰਾ ਕਾਂਗਰਸ ਅਤੇ ਆਰ.ਐਸ.ਐਸ. ਵਿਚਾਰਕਾਰ ਨਵੀਂ ਸਾਂਝ ਨੂੰ ਉਭਾਰਦਾ ਹੈ। ਅਸੀਂ ਇਸ ਦਸਤਾਵੇਜ਼ ਦਾ ਹਿੰਦੀ ਅਨੁਵਾਦ ਪੇਸ਼ ਕਰ ਰਹੇ ਹਾਂ।’’

ਇਹ ਦਸਤਾਵੇਜ਼ ਨਿਰਦੋਸ਼ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਲ ਅਪਰਾਧੀਆਂ, ਜਿਨ੍ਹਾਂ ਦਾ ਇੰਦਰਾ ਗਾਂਧੀ ਦੇ ਕਤਲ ਨਾਲ ਕੋਈ ਲੈਣ-ਦੇਣ ਨਹੀਂ ਸੀ, ਦੇ ਸਾਰੇ ਸਮੂਹ ਨੂੰ ਬੇਨਕਾਬ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਦਸਤਾਵੇਜ਼ ਇਸ ਗੱਲ ’ਤੇ ਵੀ ਕੁਝ ਪ੍ਰਕਾਸ਼ ਪਾ ਸਕਦਾ ਹੈ ਕਿ ਹਮਲਾਵਰ ਕਿਥੋਂ ਆਏ ਅਤੇ ਕਿਸਨੇ ਸੂਖਮਤਾ ਨਾਲ ਸਿੱਖਾਂ ਦੇ ਕਤਲਾਂ ਨੂੰ ਸੰਗਠਿਤ ਕੀਤਾ। ਇਸ ਦਸਤਾਵੇਜ਼ ਵਿੱਚ ਨਾਨਾ ਦੇਸ਼ਮੁਖ 1984 ਦੇ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦਾ ਵੇਖਿਆ ਜਾਂਦਾ ਹੈ।

ਇਹ ਲਿਖਤ ਆਰ.ਐਸ.ਐਸ. ਦੀ ਭਾਰਤ ਦੀਆਂ ਸਾਰੀਆਂ ਘੱਟ-ਗਿਣਤੀਆਂ ਪ੍ਰਤੀ ਅਸਲ ਭਰਿਸ਼ਟ ਅਤੇ ਫਾਸਿਸਟ ਮਨੋਬਿਰਤੀ ਦਾ ਪ੍ਰਗਟਾਵਾ ਕਰਦਾ ਹੈ। ਆਰ.ਐਸ.ਐਸ. ਇਹ ਕਹਿੰਦੀ ਰਹੀ ਹੈ ਕਿ ਉਹ ਮੁਸਲਮਾਨਾਂ ਅਤੇ ਇਸਾਈਆਂ ਦੇ ਇਸਲਈ ਵਿਰੁੱਧ ਹਨ ਕਿ ਉਹ ਵਿਦੇਸ਼ੀ ਧਰਮਾਂ ਦੇ ਉਪਾਸਕ ਹਨ। ਇੱਥੇ ਅਸੀਂ ਉਨ੍ਹਾਂ ਨੂੰ ਸਿੱਖਾਂ ਪ੍ਰਤੀ ਕਸਾਈਪੁਣੇ ਨੂੰ ਜਾਇਜ਼ ਠਹਿਰਾਉਂਦਿਆਂ ਵੇਖਦੇ ਹਾਂ, ਜੋਕਿ ਉਨ੍ਹਾਂ ਦੇ ਆਪਣੇ ਮੁਤਾਬਿਕ ਸਥਾਨਕ ਧਰਮ ਦੇ ਉਪਾਸਕ ਹਨ। ਆਰ.ਐਸ.ਐਸ. ਅਕਸਰ ਹਿੰਦੂ-ਸਿੱਖ ਏਕਤਾ ਦੀ ਦ੍ਰਿੜ੍ਹ ਸਮਰਥੱਕ ਹੋਣ ਦਾ ਦਾਅਵਾ ਕਰਦੀ ਹੈ। ਪਰ ਇਸ ਲਿਖਤ ਵਿੱਚ ਉਹ ਤਤਕਾਲੀ ਕਾਂਗਰਸ ਲੀਡਰਸ਼ਿਪ ਦੀ ਤਰ੍ਹਾਂ ਇਹ ਯਕੀਨ ਕਰਦੇ ਹਨ ਕਿ ਨਿਰਦੋਸ਼ ਸਿੱਖਾਂ ਦਾ ਕਤਲੇਆਮ ਜਾਇਜ਼ ਸੀ। ਦਸਤਾਵੇਜ਼ ਵਿੱਚ ਨਾਨਾ ਦੇਸ਼ਮੁਖ 1984 ਦੇ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੇ ਨੁਕਤੇ ਪੇਸ਼ ਕਰਦਾ ਹੈ। ਇਸ ਖੂਨ-ਖਰਾਬੇ ਦੇ ਪੱਖ ਵਿੱਚ ਉਸ ਦੀਆਂ ਦਲੀਲਾਂ ਦਾ ਹੇਠ ਲਿਖੇ ਅਨੁਸਾਰ ਹੈ:

  1. ਸਿੱਖਾਂ ਦਾ ਕਤਲੇਆਮ ਕਿਸੇ ਸਮੂਹ ਜਾਂ ਸਮਾਜ-ਵਿਰੋਧੀ ਤੱਤਾਂ ਦਾ ਕੰਮ ਨਹੀਂ ਸੀ, ਬਲਕਿ ਭਾਰਤ ਦੇ ਹਿੰਦੂਆਂ ਵਿੱਚ ਸਿੱਖਾਂ ਵਿਰੁੱਧ ਅਸਲ ਗੁੱਸੇ ਦਾ ਨਤੀਜਾ ਸੀ।

  2. ਦੇਸ਼ਮੁਖ, ਇੰਦਰਾ ਗਾਂਧੀ ਦੇ ਦੋ ਅੰਗ-ਰੱਖਿਅਕਾਂ, ਜੋ ਸਿੱਖ ਸਨ, ਅਤੇ ਸਾਰੀ ਸਿੱਖ ਬਿਰਾਦਰੀ ਦੇ ਵਿਹਾਰ ਵਿੱਚ ਕੋਈ ਅੰਤਰ ਨਹੀਂ ਕਰਦਾ। ਉਸਦੇ ਦਸਤਾਵੇਜ਼ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਇੰਦਰਾ ਗਾਂਧੀ ਦੇ ਕਾਤਲ ਸਿੱਖ ਕੌਮ ਤੋਂ ਪ੍ਰਾਪਤ ਕਿਸੇ ਤਰ੍ਹਾਂ ਦੇ ਫੁਰਮਾਨ ਦੇ ਅਧੀਨ ਕੰਮ ਕਰ ਰਹੇ ਸਨ। ਇਸਲਈ ਸਿੱਖਾਂ ’ਤੇ ਹਮਲੇ ਜਾਇਜ਼ ਸਨ।

  3. ਦੇਸ਼ਮੁਖ, ਅਨੁਸਾਰ ਸਿੱਖਾਂ ਨੇ ਖ਼ੁਦ ਹੀ ਇਨ੍ਹਾਂ ਹਮਲਿਆਂ ਨੂੰ ਦਾਵਤ ਦਿੱਤੀ ਅਤੇ ਇਸ ਤਰ੍ਹਾਂ ਕਾਂਗਰਸ ਵੱਲੋਂ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਥਿਉਰੀ ਨੂੰ ਅੱਗੇ ਵਧਾਇਆ।

  4. ਦੇਸ਼ਮੁਖ, ‘ਸਾਕਾ ਨੀਲਾ ਤਾਰਾ’ ਦੀ ਵਡਿਆਈ ਕਰਦਿਆਂ ਕਹਿੰਦਾ ਹੈ ਕਿ ਇਸ ਸਾਕੇ ਦੀ ਕਿਸੇ ਤਰ੍ਹਾਂ ਦੀ ਵਿਰੋਧਤਾ ਦੇਸ਼-ਵਿਰੋਧੀ ਹੈ। ਜਦ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਮਾਰੇ ਜਾ ਰਹੇ ਸਨ ਤਾਂ ਉਹ ਇਨ੍ਹਾਂ ਕਤਲਾਂ ਦੀ ਸਿਧਾਂਤਕ ਜਵਾਬਦੇਹੀ ਕਰਦਿਆਂ ਦੇਸ਼ ਨੂੰ ਸਿੱਖ ਅੱਤਵਾਦ ਬਾਰੇ ਚੇਤਾਵਨੀ ਦੇ ਰਿਹਾ ਸੀ।

  5. ਪੰਜਾਬ ਵਿੱਚ ਹੋਈ ਹਿੰਸਾ ਲਈ ਸਾਰੀ ਸਿੱਖ ਕੌਮ ਸਮੁੱਚੇ ਤੌਰ ’ਤੇ ਜ਼ਿੰਮੇਵਾਰ ਸੀ।

  6. ਸਿੱਖਾਂ ਨੂੰ ਆਪਣੇ ਬਚਾਅ ਲਈ ਕੁਝ ਨਹੀਂ ਕਰਨਾ ਚਾਹੀਦਾ ਸੀ, ਬਲਕਿ ਕਾਤਿਲ ਭੀੜਾਂ ਪ੍ਰਤੀ ਧੀਰਜ ਅਤੇ ਸਬਰ ਦਾ ਪ੍ਰਗਟਾਵਾ ਕਰਨਾ ਚਾਹੀਦਾ ਸੀ।

  7. ਕਤਲੇਆਮ ਲਈ ਕਾਤਿਲ ਭੀੜਾਂ ਨਹੀਂ ਬਲਕਿ ਸਿੱਖ ਬੁੱਧੀਜੀਵੀ ਜ਼ਿੰਮੇਵਾਰ ਸਨ। ਉਨ੍ਹਾਂ ਨੇ ਸਿੱਖਾਂ ਨੂੰ ਹਿੰਦੂ ਜੜ੍ਹਾਂ ਤੋਂ ਅਲੱਗ ਕਰਦਿਆਂ ਇਕ ਲੜਾਕੂ ਬਣਾ ਦਿੱਤਾ ਸੀ ਅਤੇ ਇਸ ਤਰ੍ਹਾਂ ਦੇਸ਼ਭਗਤ ਭਾਰਤੀਆਂ ਤੋਂ ਹਮਲੇ ਨੂੰ ਦਾਵਤ ਦਿੱਤੀ। ਦਿਲਚਸਪ ਗੱਲ ਹੈ ਕਿ ਦੇਸ਼ਮੁਖ ਨੂੰ ਲੜਾਕੂ ਹਿੰਦੂਆਂ ’ਤੇ ਕੋਈ ਇਤਰਾਜ਼ ਨਹੀਂ। ਸਭ ਤੋਂ ਵੱਡੀ ਗੱਲ, ਉਹ ਸਾਰੇ ਸਿੱਖਾਂ ਨਾਲ ਕਿਸੇ ਗੈਂਗ ਦੇ ਮੈਂਬਰਾਂ ਦੀ ਤਰ੍ਹਾਂ ਵਤੀਰਾ ਕਰਦਾ ਹੈ ਅਤੇ ਉਨ੍ਹਾਂ ’ਤੇ ਹੋਏ ਹਮਲਿਆਂ ਨੂੰ ਦੇਸ਼ਭਗਤ ਹਿੰਦੂਆਂ ਦੀ ਪ੍ਰਤੀਕ੍ਰਿਆ ਵਜੋਂ ਸਫਾਈ ਪੇਸ਼ ਕਰਦਾ ਹੈ।

  8. ਉਹ ਇੰਦਰਾ ਗਾਂਧੀ ਦਾ ਵਰਣਨ ਇਕ-ਮਾਤਰ ਅਜਿਹੀ ਆਗੂ ਦੇ ਰੂਪ ਵਿੱਚ ਕਰਦਾ ਹੈ, ਜੋ ਦੇਸ਼ ਦੀ ਏਕਤਾ ਬਣਾਈ ਰੱਖ ਸਕਦੀ ਸੀ ਅਤੇ ਅਜਿਹੀ ਮਹਾਨ ਨੇਤਾ ਦੇ ਮਾਰੇ ਜਾਣ ’ਤੇ ਅਜਿਹੇ ਕਤਲੇਆਮ ਤੋਂ ਬਚਾਅ ਨਹੀਂ ਹੋ ਸਕਦਾ ਸੀ।

  9. ਲਿਖਤ ਦੇ ਅੰਤ ਵਿੱਚ ਨਾਨਾ ਦੇਸ਼ਮੁਖ ਨੇ ਰਾਜੀਵ ਗਾਂਧੀ, ਜੋ ਇੰਦਰਾ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਬਣਿਆ ਅਤੇ ਜਿਸਨੇ ਦੇਸ਼-ਭਰ ਵਿੱਚ ਸਿੱਖਾਂ ਦੇ ਕਤਲਾਂ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ, ‘‘ਜਦ ਕੋਈ ਵੱਡਾ ਪੇੜ ਡਿੱਗਦਾ ਹੈ ਤਾਂ ਧਰਤੀ ਹਮੇਸ਼ਾ ਹਿੱਲਦੀ ਹੈ’’ ਦੀ ਪ੍ਰਸ਼ੰਸਾ ਕੀਤੀ ਅਤੇ ਉਸਨੂੰ ਅਸੀਸਾਂ ਦਿੱਤੀਆਂ ਹਨ।

  10. ਹੈਰਾਨੀ ਦੀ ਗੱਲ ਹੈ, ਕਿ ਸਿੱਖਾਂ ਦੇ ਕਤਲੇਆਮ ਨੂੰ ਗਾਂਧੀ ਜੀ ਦੇ ਕਤਲ ਉਪਰੰਤ ਆਰ.ਐਸ.ਐਸ. ਕਾਰਕੁੰਨਾਂ ’ਤੇ ਹੋਏ ਹਮਲਿਆ ਨਾਲ ਤੁਲਨਾ ਕੀਤੀ ਜਾਂਦੀ ਹੈ, ਅਤੇ ਅਸੀਂ ਪਾਉਂਦੇ ਹਾਂ ਕਿ ਦੇਸ਼ਮੁਖ ਸਿੱਖਾਂ ਨੂੰ ਚੁਪਚਾਪ ਮੁਸੀਬਤ ਸਹਿਨ ਕਰਨ ਦੀ ਸਲਾਹ ਦਿੰਦਾ ਹੈ। ਹਰ ਕੋਈ ਜਾਣਦਾ ਹੈ ਕਿ ਗਾਂਧੀ ਜੀ ਦੇ ਕਤਲ ਦੀ ਪ੍ਰੇਰਣਾ ਆਰ.ਐਸ.ਐਸ. ਅਤੇ ਹਿੰਦੁਤਵ ਵਿਚਾਰਧਾਰਾ ਤੋਂ ਉਪਜੀ ਸੀ ਜਦਕਿ ਆਮ ਨਿਰਦੋਸ਼ ਸਿੱਖਾਂ ਦਾ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਨਾਲ ਕੋਈ ਲੈਣ-ਦੇਣ ਨਹੀਂ ਸੀ।

  11. ਦੇਸ਼ਮੁਖ ਦੀ ਲਿਖਤ ਵਿੱਚ ਇਕ ਵੀ ਅਜਿਹਾ ਵਾਕ ਨਹੀਂ ਜਿਸ ਵਿੱਚ ਉਹ ਤਤਕਾਲੀ ਕਾਂਗਰਸ ਸਰਕਾਰ ਤੋਂ ਘੱਟ-ਗਿਣਤੀ ਬਿਰਾਦਰੀ ਵਿਰੁੱਧ ਹਿੰਸਾ ਨੂੰ ਰੋਕਣ ਲਈ ਉਪਾਅ ਦੀ ਮੰਗ ਕਰਦਾ ਹੋਵੇ। ਧਿਆਨ ਦੇਵੋ, ਦੇਸ਼ਮੁਖ ਨੇ ਇਸ ਲਿਖਤ ਨੂੰ 8 ਨਵੰਬਰ 1984 ਨੂੰ ਵਰਤਾਇਆ ਅਤੇ 31 ਅਕਤੂਬਰ ਤੋਂ ਲੈ ਉਸ ਦਿਨ ਤੱਕ ਸਿੱਖਾਂ ਨੂੰ ਕਾਤਿਲ ਭੀੜਾਂ ਨਾਲ ਨਿਬੜਨ ਲਈ ਇਕੱਲਿਆਂ ਛੱਡ ਦਿੱਤਾ ਗਿਆ ਸੀ। ਤੱਥ ਤਾਂ ਇਹ ਹੈ ਕਿ ਇਹ 5 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਦਾ ਹੀ ਸਮਾਂ ਸੀ ਜਦ ਸਭ ਤੋਂ ਵੱਧ ਸਿੱਖਾਂ ਦੇ ਕਤਲ ਹੋਏ। ਦੇਸ਼ਮੁਖ ਨੂੰ ਇਸਦੀ ਕੋਈ ਪਰਵਾਹ ਨਹੀਂ ਸੀ।

ਦੇਸ਼ਮੁਖ ਦੀ ਲਿਖਤ ਉਸਦੀ ਨਿਜੀ ਸੋਚ ਨਹੀਂ। ਇਹ ਆਰ.ਐਸ.ਐਸ. ਦਾ 1984 ਦੇ ਸਿੱਖ ਨਸਲੁਕਸ਼ੀ ਪ੍ਰਤੀ ਅਸਲ ਮਨੋਬਿਰਤੀ ਦਾ ਪ੍ਰਗਟਾਵਾ ਸੀ। ਆਰ.ਐਸ.ਐਸ. ਨੂੰ ਸ਼ੁਹਰਤ ਹਾਸਲ ਕਰਨ ਵਾਲੀ ਸਮੱਗਰੀ ਵੰਡਣ ਦਾ ਬੜਾ ਸ਼ੌਕ ਹੈ - ਖਾਸ ਕਰ ਉਹ ਤਸਵੀਰਾਂ ਜਿਨ੍ਹਾਂ ਵਿੱਚ ਖਾਕੀ ਨਿੱਕਰਾਂ ਵਾਲੇ ਇਸਦੇ ਕਾਰਕੁੰਨ ਸਮਾਜ ਸੇਵਾ ਕਰਦੇ ਹਨ। 1984 ਦੀ ਹਿੰਸਾ ਲਈ ਉਨ੍ਹਾਂ ਕੋਲ ਕੋਈ ਤਸਵੀਰ ਨਹੀਂ ਹੈ। ਅਸਲ ਵਿੱਚ, ਦੇਸ਼ਮੁਖ ਦਾ ਲੇਖ ਆਰ.ਐਸ.ਐਸ. ਕਾਰਕੁੰਨਾਂ ਵੱਲੋਂ ਘਿਰੇ ਹੋਏ ਸਿੱਖਾਂ ਦੇ ਬਚਾਵ ਲਈ ਜਾਣ ਦਾ ਕੋਈ ਜ਼ਿਕਰ ਨਹੀਂ ਕਰਦਾ। ਇਹ ਨਸਲਕੁਸ਼ੀ ਦੌਰਾਨ ਆਰ.ਐਸ.ਐਸ. ਦੀ ਅਸਲ ਇੱਛਾਵਾਂ ਦਰਸਾਉਂਦੀ ਹੈ।
ਦੇਸ਼ਮੁਖ ਦੀ ਲਿਖਤ ਦੇ ਅੰਸ਼ ਹੇਠਾਂ ਪੰਜਾਬੀ ਵਿੱਚ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ:

ਆਤਮ-ਖੋਜ ਦੀਆਂ ਘੜੀਆਂ

ਆਖਿਰਕਾਰ ਇੰਦਰਾ ਗਾਂਧੀ ਨੇ ਇਤਿਹਾਸ ਦੇ ਦਰਵਾਜ਼ੇ ’ਤੇ ਇਕ ਮਹਾਨ ਸ਼ਹੀਦ ਦਾ ਸਥਾਨ ਪਾ ਹੀ ਲਿਆ।... ਉਹ ਇਕ ਮਹਾਨ ਔਰਤ ਸੀ ਅਤੇ ਇਕ ਬਹਾਦੁਰ ਨੇਤਾ ਦੀ ਤਰ੍ਹਾਂ ਉਸਦੀ ਮੌਤ ਨੇ ਉਸਦੀ ਮਹਾਨਤਾ ਵਿੱਚ ਵਾਧਾ ਕੀਤਾ ਹੈ। ਉਸਨੂੰ ਇਕ ਅਜਿਹੇ ਵਿਅਕਤੀ ਵੱਲੋਂ ਮਾਰਿਆ ਗਿਆ ਜਿਸ ਵਿੱਚ ਉਸਨੇ ਕਈ ਸ਼ਿਕਾਇਤਾਂ ਦੇ ਬਾਵਜੂਦ ਵਿਸ਼ਵਾਸ ਰੱਖਿਆ ਸੀ। ਅਜਿਹੇ ਇਕ ਪ੍ਰਭਾਵਸ਼ਾਲੀ ਅਤੇ ਮਸਰੂਫ ਵਿਅਕਤਿਤਵ ਦਾ ਕਤਲ ਉਸ ਵਿਅਕਤੀ ਵੱਲੋਂ ਕੀਤਾ ਗਿਆ ਜਿਸਦਾ ਫਰਜ਼ ਉਸਦੀ ਰੱਖਿਆ ਕਰਨਾ ਸੀ। ਇਹ ਕਾਰਾ ਨਾ ਸਿਰਫ਼ ਭਾਰਤ ਅਤੇ ਦੁਨੀਆ ਭਰ ਵਿੱਚ ਮੌਜੂਦ ਉਸਦੇ ਪ੍ਰਸ਼ੰਸਕਾਂ ਲਈ ਬਲਕਿ ਉਸਦੇ ਵਿਰੋਧੀਆਂ ਲਈ ਵੀ ਇਕ ਸਦਮੇ ਦੀ ਤਰ੍ਹਾਂ ਸੀ। ਕਤਲ ਦਾ ਇਹ ਕਾਇਰਤਾਪੂਰਨ ਅਤੇ ਧੋਖੇ-ਭਰਪੂਰ ਕਾਰਜ ਨੇ ਨਾ ਸਿਰਫ਼ ਇਕ ਮਹਾਨ ਆਗੂ ਦੀ ਜ਼ਿੰਦਗੀ ਨੂੰ ਖ਼ਤਮ ਕਰ ਦਿੱਤਾ ਬਲਕਿ ਪੰਥ ਦੇ ਨਾਮ ’ਤੇ ਸਮੁੱਚੇ ਮਨੁੱਖੀ ਵਿਸ਼ਵਾਸ ਨੂੰ ਹੀ ਕਤਲ ਕਰ ਦਿੱਤਾ।...

ਇੰਦਰਾ ਗਾਂਧੀ ਦੇ ਮਾਸੂਮ ਅਤੇ ਬੇਖਬਰ ਸਮਰਥਕਾਂ ਲਈ ਉਸਦਾ ਵਿਸਾਹਘਾਤੀ ਕਤਲ, ਪਿਛਲੇ ਤਿੰਨ ਸਾਲ ਤੋਂ ਚੱਲ ਰਹੇ ਵੱਖਵਾਦ, ਵਿਰੋਧ ਅਤੇ ਹਿੰਸਾ ਦਾ ਜ਼ਹਿਰੀਲੀ ਮੁਹਿੰਮ, ਜਿਸ ਵਿੱਚ ਸੈਂਕੜੇ ਨਿਦਰੋਸ਼ਾਂ ਨੂੰ ਆਪਣੀ ਕੀਮਤੀ ਜਾਨਾਂ ਗੁਆਉਣੀਆਂ ਪਈਆਂ ਅਤੇ ਧਰਮ-ਸਥਾਨਾਂ ਦੀ ਬੇਅਦਬੀ ਹੋਈ, ਦਾ ਸਿਖਰ ਸੀ। ਇਸ ਮੁਹਿੰਮ ਨੇ ਜੂਨ ਵਿੱਚ ਹੋਏ ਦਰਦਨਾਕ ਫੌਰੀ ਕਾਰਵਾਈ, ਜੋ ਦੇਸ਼ ਦੇ ਜ਼ਿਆਦਾਤਰ ਲੋਕਾਂ ਦੀਆਂ ਨਜ਼ਰਾਂ ਵਿੱਚ ਧਾਰਮਕ ਸਥਾਨਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਜਰੂਰੀ ਹੋ ਗਿਆ ਸੀ, ਤੋਂ ਬਾਅਦ ਇਕ ਬਦਸ਼ਗਨੀ ਗਤੀ ਫੜ ਲਈ। ਕੁਝ ਇਕ ਅਪਵਾਦਾਂ ਨੂੰ ਛੱਡਕੇ, ਸਿੱਖ ਬਿਰਾਦਰੀ ਨੇ ਵਹਿਸ਼ੀਆਨਾ ਕਤਲੇਆਮਾਂ ਅਤੇ ਨਿਰਦੋਸ਼ ਲੋਕਾਂ ਦੇ ਅਨੈਤਿਕ ਕਤਲਾਂ ਬਾਰੇ ਲੰਬੇ ਸਮੇਂ ਤੱਕ ਚੁੱਪੀ ਸਾਧ ਰੱਖੀ ਪਰ ਲੰਬੇ ਸਮੇਂ ਤੋਂ ਲੋੜੀਂਦੀ ਫੌਜੀ ਕਾਰਵਾਈ ਦੀ ਗੁੱਸੇ ਅਤੇ ਖਤਰਨਾਕ ਧਮਕ ਨਾਲ ਨਿੰਦਾ ਕੀਤੀ। ਦੇਸ਼ ਉਨ੍ਹਾਂ ਦੀ (ਸਿੱਖਾਂ ਦੀ) ਮਨੋਬਿਰਤੀ ’ਤੇ ਹੈਰਾਨ ਸੀ। ਫੌਜੀ ਕਾਰਵਾਈ ਦੀ 1762 ਵਿੱਚ ਅਹਿਮਦਸ਼ਾਹ ਅਬਦਾਲੀ ਵੱਲੋਂ ਹਰਿਮੰਦਰ ਸਾਹਿਬ ਨੂੰ ਅਪਵਿੱਤਰ ਕਰਨ ਵਾਲੇ ‘‘ਘੱਲੁਘਾਰੇ’’ ਦੀ ਕਾਰਵਾਈ ਨਾਲ ਤੁਲਨਾ ਕੀਤੀ ਗਈ। ਇਨ੍ਹਾਂ ਦੋਹਾਂ ਘਟਨਾਵਾਂ ਦੀ ਮੰਸ਼ਾ ਵੱਲ ਧਿਆਨ ਦਿੱਤਿਆਂ ਬਿਨ੍ਹਾਂ ਸ੍ਰੀਮਤੀ ਗਾਂਧੀ ਨੂੰ ਅਹਿਮਦਸ਼ਾਹ ਅਬਦਾਲੀ ਦੀ ਸ਼੍ਰੇਣੀ ਵਿੱਚ ਧੱਕ ਦਿੱਤਾ ਗਿਆ। ਉਨ੍ਹਾਂ ਨੂੰ ਸਿੱਖ ਕੌਮ ਦਾ ਦੁਸ਼ਮਣ ਐਲਾਨ ਦਿੱਤਾ ਗਿਆ ਅਤੇ ਉਨ੍ਹਾਂ ਦੇ ਸਿਰ ’ਤੇ ਵੱਡੇ ਇਨਾਮ ਰੱਖ ਦਿੱਤੇ ਗਏ। ਦੂਜੇ ਪਾਸੇ, ਭਿੰਡਰਾਂਵਾਲੇ, ਜੋ ਧਰਮ ਦੇ ਨਾਂ ਤੇ ਅਨੈਤਿਕ ਅਪਰਾਧ ਕਰਨ ਦਾ ਦੋਸ਼ੀ ਸੀ, ਨੂੰ ਸ਼ਹੀਦ ਕਹਿ ਕੇ ਸਨਮਾਨਿਆ ਗਿਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਵਿੱਚ ਅਜਿਹੀਆਂ ਭਾਵਨਾਵਾਂ ਦੇ ਖੁੱਲ੍ਹੇ ਇਜ਼ਹਾਰ ਨੇ ਸਿੱਖਾਂ ਅਤੇ ਬਾਕੀ ਭਾਰਤੀਆਂ ਵਿਚਕਾਰ ਅਵਿਸ਼ਵਾਸ ਅਤੇ ਦੂਰੀ ਨੂੰ ਵਧਾਉਣ ਵਿੱਚ ਵਿਸ਼ੇਸ਼ ਭੂਮਿਕਾ ਅਦਾ ਕੀਤੀ। ਅਜਿਹੇ ਅਵਿਸ਼ਵਾਸ ਅਤੇ ਦੂਰੀ ਦੀ ਪਿੱਠਭੂਮੀ ਵਿੱਚ, ਸੁੰਨ ਅਤੇ ਬੌਂਦਲੇ ਹੋਏ ਲੋਕਾਂ ਨੇ ਇਨ੍ਹਾਂ ਅਫ਼ਵਾਹਾਂ ’ਤੇ ਯਕੀਨ ਕਰ ਲਿਆ ਕਿ ਇੰਦਰਾ ਗਾਂਧੀ ਦੇ ਸਿੱਖ ਅੰਗ-ਰੱਖਿਅਕਾਂ ਵੱਲੋਂ ਫੌਜੀ ਕਾਰਵਾਈ ਦੇ ਬਦਲੇ ਵਿੱਚ ਉਸਦੇ ਕਤਲ ਦੀ ਸਿੱਖਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ।...

ਮੈਂ ਅਜਿਹੀ ਨਾਜ਼ੁਕ ਅਤੇ ਵਿਸਫੋਟਕ ਘੜੀ ਵਿੱਚ ਸਿੱਖਾਂ ਦੀ ਪ੍ਰਤਿਕ੍ਰਿਆ ’ਤੇ ਵੀ ਫਿਕਰਮੰਦ ਹਾਂ। ਪੰਜਾਹ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਰਾਸ਼ਟਰ ਦੀ ਮੁੜ-ਬਹਾਲੀ ਅਤੇ ਏਕਤਾ ਵਿੱਚ ਰੁੱਝੇ ਹੋਏ ਅਤੇ ਸਿੱਖ ਬਿਰਾਦਰੀ ਦੇ ਸ਼ੁਭਚਿੰਤਕ ਵਜੋਂ ਮੈਨੂੰ ਇਹ ਕਹਿਣ ਵਿੱਚ ਹਿਚਕਿਚਾਹਟ ਹੋ ਰਹੀ ਹੈ ਕਿ ਜੇਕਰ ਸਿੱਖਾਂ ਵੱਲੋਂ ਬਚਾਵ ਲਈ ਹਥਿਆਰਬੰਦ ਕਾਰਵਾਈ ਦੀ ਸੂਚਨਾ ਜ਼ਰਾ ਜਿੰਨੀ ਵੀ ਸੱਚ ਹੈ, ਤਾਂ ਉਨ੍ਹਾਂ ਨੇ ਸਥਿਤੀ ਦਾ ਮੁਲਾਂਕਨ ਵਿਸਤਾਰ ਵਿੱਚ ਅਤੇ ਸਹੀ ਤਰ੍ਹਾਂ ਨਹੀਂ ਕੀਤਾ ’ਤੇ ਨਤੀਜੇ ਵਜੋਂ ਸਥਿਤੀ ਦੇ ਮੁਤਾਬਿਕ ਨਹੀਂ ਵਿਚਰ ਸਕੇ।...

ਮੈਂ ਆਸ ਕਰਦਾ ਹਾਂ ਕਿ ਮੌਜੂਦਾ ਮੁਸ਼ਕਿਲ ਘੜੀ ਵਿੱਚ ਸਿੱਖ ਭਰਾ ਉ¤ਪਰ ਦੱਸੇ ਗਏ (ਗਾਂਧੀ ਹੱਤਿਆ ਉਪਰੰਤ ਆਰ.ਐਸ.ਐਸ. ਵੱਲੋਂ ਕਥਿਤ ਸ਼ਾਂਤੀਪੂਰਨ ਰਵੱਈਆ) ਸਬਰ ਅਤੇ ਧੀਰਜ ਦੀ ਪਾਲਨਾ ਕਰਨਗੇ। ਪਰ ਮੈਨੂੰ ਇਹ ਜਾਣਕੇ ਭਾਰੀ ਦਰਦ ਹੋਇਆ ਹੈ ਕਿ ਅਜਿਹੇ ਸਬਰ ਅਤੇ ਧੀਰਜ ਨੂੰ ਅਪਨਾਉਣ ਦੀ ਬਜਾਏ ਉਨ੍ਹਾਂ ਨੇ ਕਈ ਥਾਵਾਂ ’ਤੇ ਭੀੜ ਦਾ ਹਥਿਆਰਾਂ ਨਾਲ ਮੁਕਾਬਲਾ ਕੀਤਾ ਅਤੇ ਉਨ੍ਹਾਂ ਸੁਆਰਥੀ ਲੋਕਾਂ ਦੇ ਹੱਥਾਂ ਵਿੱਚ ਖੇਡੇ, ਜੋ ਮੁਸੀਬਤ ਨੂੰ ਵਧਾਉਣਾ ਚਾਹੁੰਦੇ ਸਨ। ਮੈਨੂੰ ਹੈਰਾਨੀ ਹੈ ਕਿ ਕਿਵੇਂ ਸਾਡੇ ਸਮਾਜ ਦਾ ਇਕ ਹਿੱਸਾ, ਜਿਸਨੂੰ ਸਭ ਤੋਂ ਵੱਧ ਜਾਬਤੇ ਵਿੱਚ, ਸੰਗਠਿਤ ਅਤੇ ਧਾਰਮਿਕ ਮੰਨਿਆ ਜਾਂਦਾ ਹੈ, ਨੇ ਕਿਸ ਤਰ੍ਹਾਂ ਅਜਿਹਾ ਨਾਂ-ਪੱਖੀ ਅਤੇ ਖੁਦ ਨੂੰ ਹਰਾਉਣ ਵਾਲੀ ਮਨੋਬਿਰਤੀ ਗ੍ਰਹਿਣ ਕਰ ਲਈ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅਜਿਹੇ ਸੰਕਟ ਦੀ ਘੜੀ ਵਿੱਚ ਚੰਗੀ ਲੀਡਰਸ਼ਿਪ ਨਾ ਮਿਲੀ ਹੋਵੇ।... ਸਿੱਖ ਕੌਮ ਦਾ ਲੜਾਕਾ ਸੁਭਾਅ ਵਿਦੇਸ਼ੀ ਮੁਗਲ ਹਮਲਾਵਰਾਂ ਦੀ ਨਿਰਦਇਤਾ ਦਾ ਮੁਕਾਬਲਾ ਕਰਨ ਲਈ ਦੱਸਵੇਂ ਗੁਰੂ ਵੱਲੋਂ ਬਣਾਇਆ ਗਿਆ ਇਕ ਛੋਟੇ ਸਮੇਂ ਦਾ ਵਿਧਾਨ ਸੀ। ਉਨ੍ਹਾਂ ਲਈ ਖਾਲਸਾ ਇਕ ਵੱਡੇ ਹਿੰਦੂ-ਸਿੱਖ ਭਾਈਚਾਰੇ ਦਾ ਛੋਟਾ ਹਿੱਸਾ ਸੀ ਅਤੇ ਇਸਨੂੰ ਹਿੰਦੂ ਬਿਰਾਦਰੀ ਅਤੇ ਇਸਦੇ ਰਿਵਾਜਾਂ ਦੇ ਬਚਾਵ ਲਈ ਬਣਾਇਆ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਚੇਲਿਆਂ ਨੂੰ ਪੰਜ ਕਕਾਰ ਧਾਰਨ ਕਰਨ ਅਤੇ ਨਾਮ ਨਾਲ ‘ਸਿੰਘ’ ਲਗਾਉਣ ਦਾ ਨਿਰਦੇਸ਼ ਦਿੱਤਾ। ਇਹ ਉਨ੍ਹਾਂ ਦੇ ਸਿਪਾਹੀ ਹੋਣ ਦੀ ਨਿਸ਼ਾਨੀ ਸੀ। ਪਰ ਬਦਕਿਮਸਤੀ ਨਾਲ ਅੱਜ ਇਨ੍ਹਾਂ (ਕਕਾਰਾਂ) ਨੂੰ ਹੀ ਸਿੱਖ ਧਰਮ ਦਾ ਅਧਾਰਭੂਤ ਅਤੇ ਜਰੂਰੀ ਰੂਪ ਵਜੋਂ ਪ੍ਰਚਾਰਿਆ ਜਾ ਰਿਹਾ ਹੈ।

ਮੈਨੂੰ ਇਹ ਕਹਿਣ ਵਿੱਚ ਅਫ਼ਸੋਸ ਹੈ ਕਿ ਸਿੱਖ ਬੁੱਧੀਜੀਵੀ ਵੀ ਇਹ ਸਮਝਣ ਵਿੱਚ ਨਾਕਾਮ ਰਹੇ ਹਨ ਕਿ ਸਿੱਖ ਧਰਮ ਦਾ ਖਾਲਸਾਵਾਦ ਵਿੱਚ ਬਦਲਾਵ ਇਕ ਬਹੁਤ ਬਾਅਦ ਦੀ ਘਟਨਾ ਹੈ ਅਤੇ ਅਜਿਹਾ ਬ੍ਰਿਟਿਸ਼ ਹਾਕਮਾਂ ਵੱਲੋਂ ਪੰਜਾਬ ਨੂੰ ਵੰਡ ਕੇ ਰਾਜ ਕਰਨ ਦੀ ਯੋਜਨਾ ਕਾਰਨ ਹੋਇਆ। ਇਸਦਾ ਮੁੱਖ ਉਦੇਸ਼ ਸਿੱਖਾਂ ਨੂੰ ਉਨ੍ਹਾਂ ਦੇ ਹਿੰਦੂ ਵਾਤਾਵਰਣ ਤੋਂ ਦੂਰ ਕਰਨਾ ਸੀ।... ਸਿੱਖਾਂ ਦੀ ਲੜਾਕੂ ਖਾਲਸਾਵਾਦ ਨਾਲ ਗੈਰ-ਵਾਜਿਬ ਤੁਲਨਾ ਸਿੱਖ ਬਿਰਾਦਰੀ ਦੇ ਕੁਝ ਭਾਗਾਂ ਵਿੱਚ ਵੱਖਰੇਵੇਂਪਨ ਦੇ ਰੁਝਾਨ ਦਾ ਮੂਲ ਕਾਰਨ ਹੀ ਨਹੀਂ ਬਲਕਿ ਇਸਨੇ ਲੜਾਕੂਵਾਦ ਅਤੇ ਹਥਿਆਰਾਂ ਦੀ ਤਾਕਤ ਵਿੱਚ ਵਿਸ਼ਵਾਸ ਨੂੰ ਧਾਰਮਿਕ ਪੂਜਾ ਦੇ ਸਤਰ ਤਕ ਵਧਾ ਦਿੱਤਾ।

ਧਾਰਮਕ ਪੂਜਾ ਨੇ ਦੂਜੇ ਦਹਾਕੇ ਵਿੱਚ ਬੱਬਰ ਖਾਲਸਾ ਜਿਹੇ ਅੱਤਵਾਦੀ ਆਂਦੋਲਨ ਨੂੰ ਜਨਮ ਦਿੱਤਾ ਅਤੇ ਹੁਣ ਇੰਦਰਾ ਗਾਂਧੀ ਦਾ ਕਤਲ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਅੱਤਵਾਦੀ ਲਹਿਰ ਦੇ ਨਤੀਜੇ ਵਜੋਂ ਹੋਈ ਅਤੇ ਹਾਲਾਂ ਇਕ ਲੰਬੀ ‘ਹਿਟ ਲਿਸਟ’ ਨੂੰ ਅੰਜਾਮ ਦਿੱਤਾ ਜਾਣਾ ਹੈ।...

ਹੁਣ ਸਮਾਂ ਆ ਗਿਆ ਹੈ ਕਿ ਸਿੱਖ ਭਰਾਵਾਂ ਨੂੰ ਆਪਣੇ ਦਿਲਾਂ ਵਿੱਚ ਖੋਜ ਕਰਨੀ ਚਾਹੀਦੀ ਹੈ ਤਾਂ ਜੋ ਉਹ ਬ੍ਰਿਟਿਸ਼ ਸਮਾਰਜਵਾਦੀਆਂ ਅਤੇ ਸੱਤਾ ਦੇ ਲਾਲਚੀ ਮੌਕਾਪ੍ਰਸਤ ਲੋਕਾਂ ਵੱਲੋਂ ਉਨ੍ਹਾਂ ਦੇ ਮੂਲ ਧਾਰਮਿਕ ਸੁਭਾਅ ਦੇ ਝੂਠੇ ਵਰਣਨ ਤੋਂ ਮੁਕਤੀ ਪਾ ਸਕਣ। ਦੋ ਮਿਲਦੀ-ਜੁਲਦੀ ਕਿਸਮਤ, ਸੁਭਾਅ ਅਤੇ ਰਿਵਾਜਾਂ ਵਾਲੀਆਂ ਬਿਰਾਦਰੀਆਂ ਵਿਚਕਾਰ ਅਵਿਸ਼ਵਾਸ ਅਤੇ ਦੂਰੀ ਦੀ ਖਾਈ ’ਤੇ ਪੁੱਲ ਬਣਾਉਣ ਲਈ ਅਜਿਹੇ ਵਰਣਨਾਂ ਦਾ ਹਟਾਇਆ ਜਾਣਾ ਜਰੂਰੀ ਹੈ।...

ਅੰਤ ਵਿੱਚ, ਇਸ ਗੱਲ ਤੋਂ ਇਨਕਾਰ ਨਹੀਂ ਹੈ ਕਿ ਭਾਰਤੀ ਸਿਆਸਤ ਦੇ ਦ੍ਰਿਸ਼ ਤੋਂ ਇੰਦਰਾ ਗਾਂਧੀ ਦੀ ਅਚਾਨਕ ਗੈਰ-ਮੌਜੂਦਗੀ ਨਾਲ ਆਮ ਭਾਰਤੀ ਜ਼ਿੰਦਗੀ ਵਿੱਚ ਇਕ ਖਤਰਨਾਕ ਸੁੰਨਾਪਣ ਆ ਗਿਆ ਹੈ। ਪਰ ਭਾਰਤ ਨੇ ਅਜਿਹੀ ਮੁਸੀਬਤ ਅਤੇ ਅਨਿਸ਼ਚਿਤਤਾ ਦੀਆਂ ਘੜੀਆਂ ਵਿੱਚ ਹਮੇਸ਼ਾ ਅੰਦਰੂਨੀ ਤਾਕਤ ਦਾ ਮੁਜ਼ਾਹਰਾ ਕੀਤਾ ਹੈ। ਸਾਡੇ ਰਿਵਾਜਾਂ ਮੁਤਾਬਿਕ, ਤਾਕਤ ਦੀ ਜ਼ਿੰਮੇਵਾਰੀ ਹੁਣ ਇਕ ਗੈਰ-ਤਜ਼ੁਰਬੇਕਾਰ ਜਵਾਨ ਵਿਕਅਤੀ ਦੇ ਮੋਢਿਆਂ ’ਤੇ ਸ਼ਾਂਤੀਪੂਰਨ ਤਰੀਕੇ ਨਾਲ ਰੱਖੀ ਗਈ ਹੈ।...

ਇਕ ਗੈਰ-ਸਿਅਸੀ ਸੰਰਚਨਾਤਮਕ ਕਾਰਕੁੰਨ ਦੀ ਹੈਸੀਅਤ ਨਾਲ, ਮੈਂ ਆਸ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਭਗਵਾਨ ਉਸ (ਰਾਜੀਵ ਗਾਂਧੀ) ਨੂੰ ਹੋਰ ਵਧੇਰੇ ਪੁੱਗਾ ਹੋਇਆ, ਸੰਤੁਲਿਤ, ਅੰਦਰੂਨੀ ਤਾਕਤ ਅਤੇ ਨਿਰਪੱਖ ਸਰਕਾਰ ਚਲਾਉਣ ਦੀ ਤਾਕਤ ਬਖਸ਼ੇਗਾ, ਤਾਂ ਜੋ ਉਹ ਦੇਸ਼ ਨੂੰ ਅਸਲ ਖੁਸ਼ੀਆਂ ਭਰਪੂਰ ਏਕਤਾ ਅਤੇ ਵਡਿਆਈ ਵੱਲ ਲੈ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top