Share on Facebook

Main News Page

ਪੰਥਕ ਵਿਦਵਾਨਾਂ ਵਲੋਂ ਪੁਸਤਕ "ਜਾ ਤੂੰ ਸਾਹਿਬ" ਸਿੱਖੀ ਸਿਧਾਂਤਾਂ ਤੋਂ ਉਲਟ ਕਰਾਰ

ਅਨੰਦਪੁਰ ਸਾਹਿਬ, (2 ਮਈ, ਸੁਰਿੰਦਰ ਸਿੰਘ ਸੋਨੀ): ਪਿਛਲੇ ਕਈ ਦਿਨਾਂ ਤੋ ਚਰਚਾ ਵਿਚ ਰਹੀ ਪੁਸਤਕ ਜਾ ਤੂੰ ਸਾਹਿਬ ਪੰਥਕ ਵਿਦਵਾਨਾਂ ਵਲੋ ਸਿੱਖੀ ਸਿਧਾਤਾਂ ਤੋ ਉਲਟ ਕਰਾਰ ਦਿਤੀ ਗਈ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਇਸ ਬਾਰੇ ਸਿੱਖੀ ਰਿਵਾਇਤਾਂ ਮੁਤਾਬਕ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋ ਅਜਿਹੀਆਂ ਪੁਸਤਕਾਂ ਛਾਪਣ ਦੇ ਰੁਝਾਨ ਨੂੰ ਠੱਲ ਪਾਈ ਜਾ ਸਕੇ।

ਇਸ ਬਾਰੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਮੁਖ ਸੇਵਾਦਾਰ ਗਿ: ਕੇਵਲ ਸਿੰਘ ਨੇ ਕਿਹਾ ਕਿ ਸਿੱਖੀ ਸਿਧਾਤਾਂ ਤੇ ਮਨਮਤੀ ਪੁਸਤਕਾਂ ਦੁਆਰਾ ਜੋ ਹਮਲੇ ਕੀਤੇ ਜਾ ਰਹੇ ਹਨ ਉਨਾਂ ਨੂੰ ਰੋਕਣਾ ਕੌਮ ਦੇ ਪਹਿਰੇਦਾਰਾਂ ਦਾ ਮੁਢਲਾ ਫਰਜ ਹੈ। ਉਨਾਂ ਕਿਹਾ ਅਜਿਹੀਆਂ ਗੈਰ ਸਿਧਾਂਤਕ ਤੇ ਸਿੱਖੀ ਦੇ ਨਿਆਰੇ ਸਿਧਾਤਾਂ ਨੂੰ ਸੱਟ ਮਾਰਨ ਵਾਲੀਆਂ ਪੁਸਤਕਾਂ ਦੀ ਨਿਸ਼ਾਨਦੇਹੀ ਕਰਕੇ ਉਨਾਂ ਚੋ ਗੁਰਮਤਿ ਵਿਰੋਧੀ ਅੰਸ਼ ਬਾਹਰ ਕੱਢੇ ਜਾਣ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

ਮੁਹਾਲੀ ਤੋ ਸ਼੍ਰੋਮਣੀ ਕਮੇਟੀ ਮੈਬਰ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇ ਤੋ ਸਾਡੇ ਇਤਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਤੇ ਅਸੀ ਚੁਪਚਾਪ ਤਮਾਸ਼ਬੀਨ ਬਣ ਕੇ ਵੇਖੀ ਜਾ ਰਹੇ ਹਾਂ। ਉਨਾਂ ਕਿਹਾ ਖਾਲਸਾ ਪੰਥ ਦੇ ਆਗੂਆਂ ਵਲੋ ਧਾਰਨ ਕੀਤਾ ਗਿਆ ਇਹ ਅਵੇਸਲਾਪਨ ਸਿੱਖ ਵਿਰੋਧੀ ਸ਼ਕਤੀਆਂ ਦੇ ਹੋਸਲੇ ਵਧਾ ਰਿਹਾ ਹੈ ਤੇ ਉਹ ਧੜਾਧੜ ਅਜਿਹੀਆਂ ਪੁਸਤਕਾਂ ਛਾਪੀ ਜਾ ਰਹੇ ਹਨ ਜਿਨਾਂ ਦਾ ਸਿੱਖੀ ਸਿਧਾਤਾਂ ਨਾਲ ਦੁੂਰ ਦਾ ਵੀ ਕੋਈ ਸਬੰਧ ਨਹੀ।

ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਖਾਲਸਾ ਨੇ ਇਸ ਬਾਰੇ ਕਿਹਾ ਕਿ ਜੇਕਰ ਸ਼ੁਰੂ ਤੋ ਹੀ ਅਜਿਹੀਆਂ ਪੁਸਤਕਾਂ ਨੂੰ ਨੱਥ ਪਾਈ ਹੁੰਦੀ ਤਾਂ ਅੱਜ ਜਾ ਤੁੂੰ ਸਾਹਿਬ ਪੁਸਤਕ ਪ੍ਰਕਾਸ਼ਿਤ ਨਾ ਹੁੰਦੀ। ਉਨਾਂ ਕਿਹਾ ਕਿ ਅਜਿਹੀਆਂ ਪੁਸਤਕਾਂ ਸਿੱਖੀ ਦੇ ਨਿਆਰੇਪਨ ਨੂੰ ਗ੍ਰਹਿਣ ਲਗਾਉਦੀਆਂ ਹਨ ਤੇ ਸਿੱਖੀ ਨੂੰ ਮਿਲਗੋਭਾ ਵਿਚਾਰਧਾਰਾ ਦੀ ਦਲਦਲ ਵਿਚ ਫਸਾਉਣ ਦਾ ਕਾਰਨ ਬਣਦੀਆਂ ਹਨ ਜੋ ਬਹੁਤ ਹੀ ਮੰਦਭਾਗਾ ਵਰਤਾਰਾ ਹੈ।

ਹਲਕਾ ਅਨੰਦਪੁਰ ਸਾਹਿਬ ਤੋ ਸ਼੍ਰੋਮਣੀ ਕਮੇਟੀ ਮੈਬਰ ਪ੍ਰਿੰ. ਸੁਰਿੰਦਰ ਸਿੰਘ ਨੇ ਇਸ ਬਾਰੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਤਖਤਾਂ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਵਿਦਵਾਨਾਂ ਦਾ ਇਕ ਪੈਨਲ ਬਣਾਇਆ ਜਾਵੇ ਤੇ ਸਿੱਖ ਧਰਮ ਨਾਲ ਸਬੰਧਿਤ ਪੁਸਤਕਾਂ ਜਾਂ ਫਿਲਮਾਂ ਇਸ ਪੈਨਲ ਤੋ ਮਨਜੂਰ ਕਰਵਾਈਆਂ ਜਾਣ ਤਾਂ ਕਿ ਅਜਿਹੀ ਕੋਈ ਲਿਖਤ ਬਜਾਰ ਵਿਚ ਨਾ ਆਵੇ ਜਿਸ ਨਾਲ ਸਿੱਖੀ ਸਿਧਾਤਾਂ ਤੇ ਸੱਟ ਵਜਦੀ ਹੋਵੇ।

ਤਖਤ ਸ਼੍ਰੀ ਕੇਸਗੜ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿ: ਰਣਜੋਧ ਸਿੰਘ ਨੇ ਇਸ ਬਾਰੇ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋ ਸਿੱਖਾਂ ਨੂੰ ਕੋਈ ਆਸ ਨਹੀ ਰਖਣੀ ਚਾਹੀਦੀ ਸਗੋ ਆਪਣੇ ਤੋਰ ਤੇ ਪੰਥਕ ਸੰਸਥਾਵਾਂ ਦੀ ਸਾਂਝੀ ਕਮੇਟੀ ਬਣੇ ਤੇ ਉਹ ਬਜਾਰ ਵਿਚ ਵਿਕ ਰਹੀਆਂ ਸਿੱਖੀ ਸਿਧਾਤਾਂ ਵਿਰੋਧੀ ਪੁਸਤਕਾਂ ਦੀ ਸਮੀਖਿਆ ਕਰੇ ਤੇ ਉਨਾਂ ਖਿਲਾਫ ਸੰਗਤਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿਢੀ ਜਾਵੇ।

ਗਿਆਨ ਆਸ਼ਰਮ ਦੇ ਮੁਖੀ ਭਾਈ ਹਰਸਿਮਰਨ ਸਿੰਘ ਨੇ ਇਸ ਬਾਰੇ ਕਿਹਾ ਕਿ ਜਦੋ ਤਕ ਸਿਰ ਜੋੜ ਕੇ ਬੈਠਣ ਦੀ ਪਿਰਤ ਨਹੀ ਪਾਈ ਜਾਂਦੀ ਇਸ ਤਰਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਰਹਿਣਗੀਆਂ। ਉਨਾਂ ਕਿਹਾ ਜੇਕਰ ਹੁਣ ਵੀ ਅਸੀ ਸੁਚੇਤ ਨਾ ਹੋਏ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮਾਫ ਨਹੀ ਕਰਨਗੀਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top