Share on Facebook

Main News Page

ਸਿਕਲੀਗਰ, ਵਣਜਾਰੇ ਤੇ ਸਤਨਾਮੀਏ ਸਿੱਖਾਂ ਦੀ ਸਾਰ ਲੈਣ ਦੀ ਲੋੜ

ਸਿੱਖ ਪੰਥ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਯਾਦ ਨਾਲ ਜੁੜੇ ਨਾਨਕ ਝੀਰਾ ਸਾਹਿਬ (ਬਿਦਰ) ਸਬੰਧੀ ਪੰਜਵੀਂ ਸ਼ਤਾਬਦੀ ਦੇ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਹਨ। ਲੋਹੜੇ ਦੀ ਗਰਮੀ ’ਚ ਵੀ ਸੰਗਤਾਂ ਨੇ ਵੱਡੀ ਗਿਣਤੀ ’ਚ ਹਾਜ਼ਰੀਆਂ ਭਰੀਆਂ ਹਨ ਅਤੇ ਇਕ ਹਫ਼ਤਾ ਕਰਨਾਟਕ ਸੂਬੇ ਦਾ ਇਹ ਸ਼ਹਿਰ ਸਿੱਖਾਂ ਦੀ ਨਗਰੀ ਜਾਪਦਾ ਰਿਹਾ ਹੈ।

ਪ੍ਰੰਤੂ ਕਰਨਾਟਕ ਵਰਗੇ ਸੂਬੇ ’ਚ ਮਨਾਈ ਇਸ ਸ਼ਤਾਬਦੀ ਸਮੇਂ ਜਿਹੜੇ ਉਪਰਾਲੇ ਸਿਕਲੀਗਰ, ਵਣਜਾਰੇ ਤੇ ਸਤਨਾਮੀਏ ਸਿੱਖਾਂ ਨੂੰ ਸਿੱਖੀ ਦੀ ਮੁੱਖ ਧਾਰਾ ’ਚ ਲਿਆਉਣ ਅਤੇ ਇਨ੍ਹਾਂ ਗਰੀਬ ਸਿੱਖਾਂ ਦੀ ਆਰਥਿਕ ਦਸ਼ਾ ਨੂੰ ਸੁਧਾਰਣ ਲਈ ਆਰੰਭੇ ਜਾਣੇ ਸਨ, ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ। ਅਸੀਂ ਵਾਰ-ਵਾਰ ਇਹ ਜ਼ੋਰ ਦੇ ਕੇ ਆਖ਼ਦੇ ਆ ਰਹੇ ਹਾਂ ਕਿ ਸਿੱਖ ਧਰਮ, ਜਿਸਦੀ ਅਗਵਾਈ ‘ਧੁਰ ਕੀ ਬਾਣੀ’ ‘ਗੁਰਬਣੀ’ ਕਰਦੀ ਹੈ, ਉਹ ਧਰਮ ਵਿਸ਼ਵ ਧਰਮ ਬਣਨ ਦੇ ਸਮਰੱਥ ਹੈ ਅਤੇ ਵਰਤਮਾਨ ਸਮੇਂ ਦੁਨੀਆ ਨੂੰ ਹਰ ਖੇਤਰ ’ਚ ਅਗਵਾਈ ਦੇਣ ਦੇ ਪੂਰਨ ਰੂਪ ’ਚ ਯੋਗ ਹੈ।

ਪ੍ਰੰਤੂ ਸਾਡੀ ਕੌਮ ਦੀ ਤ੍ਰਾਸਦੀ ਇਹ ਰਹੀ ਹੈ ਕਿ ਅਸੀਂ ਗੁਰਬਾਣੀ ਵੱਲੋਂ ਦਰਸਾਏ ਮਾਰਗ ਤੋਂ ਥਿੜਕ ਗਏ ਹਾਂ ਅਤੇ ਸਿੱਖੀ ਸਿਧਾਂਤਾਂ ਦਾ ਪੱਲ੍ਹਾ ਘੁੱਟ ਕੇ ਫੜ੍ਹ ਨਹੀਂ ਸਕੇ। ਕੌਮ ਆਪਣੇ ਇਤਿਹਾਸ, ਵਿਰਸੇ ਨੂੰ ਸੰਭਾਲਣ ਦੇ ਸਮਰੱਥ ਨਹੀਂ। ਅਸੀਂ ਇਤਿਹਾਸ ਅਤੇ ਵਿਰਸੇ ਨੂੰ ਭੁੱਲਣ ਦੇ ਨਾਲ ਨਾਲ ਕੌਮ ਨਾਲ ਜੁੜੇ ਅੰਗਾਂ ਨੂੰ ਵੀ ਭੁਲਾ ਦਿੱਤਾ ਹੈ।

ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਸਮੇਂ ਜੇ ਦੇਸ਼-ਵਿਦੇਸ਼ ਦਾ ਰਟਨ ਕੀਤਾ ਤਾਂ ਉਸਦਾ ਇਕ ਬਹੁਤ ਵੱਡਾ ਮੰਤਵ ਸੀ ਕਿ ਉਨ੍ਹਾਂ ਸਿੱਖੀ ਦੇ ਵਿਹੜੇ ਨੂੰ ਪੰਜਾਬ ਤੱਕ ਸੀਮਤ ਕਰਨ ਦੀ ਥਾਂ ਦੇਸ਼-ਵਿਦੇਸ਼ ਤੱਕ ਫੈਲਾਇਆ। ਛੇਵੇਂ ਤੇ ਨੌਵੇ ਪਾਤਸ਼ਾਹ ਨੇ ਉਸ ਵਿਹੜੇ ’ਚ ਲੱਗੀ ਫੁੱਲਵਾੜੀ ਦੀ ਖੁਸ਼ਬੋ ’ਚ ਵਾਧਾ ਕਰਨ ਤੇ ਸਾਰੇ ਨਾਨਕ ਨਾਮ ਲੇਵਾ ਨੂੰ ਸਿੱਖੀ ਨਾਲ ਜੋੜ੍ਹੀ ਰੱਖਣ ਲਈ ਪੂਰੇ ਦੇਸ਼ ’ਚ ਯਾਤਰਾਵਾਂ ਕੀਤੀਆਂ, ਜਿਨ੍ਹਾਂ ਸਦਕਾ ਹੀ ਜਦੋਂ ਦਸਮੇਸ਼ ਪਿਤਾ ਨੇ ਸਿੱਖੀ ਦੇ ਸਿਖ਼ਰਲੇ ਇਮਤਿਹਾਨ ’ਚੋਂ ਪਾਸ ਹੋਣ ਦਾ ‘ਸੀਸ ਦੀ ਮੰਗ’ ਵਾਲਾ ਪਰਚਾ ਪਾਇਆ ਤਾਂ ਪੰਜਾਂ ’ਚ ਚਾਰ ਸਿੱਖ, ਜਿਹੜੇ ਪੰਜਾਬ ਤੋਂ ਬਾਹਰਲੇ ਸੂਬਿਆਂ ਨਾਲ ਸਬੰਧਿਤ ਸਨ, ਪਾਸ ਹੋਏ। ਪ੍ਰੰਤੂ ਅੱਜ ਅਸੀਂ ਸਿੱਖੀ ਦੀਆਂ ਚਹੁੰ ਕੂਟਾਂ ’ਚ ਗੂੰਜਾਂ ਪੈਣ ਦੇ ਸ਼ਬਦ ਤਾਂ ਪੜ੍ਹਦੇ ਹਾਂ, ਪ੍ਰੰਤੂ ਇਹ ਗੂੰਜਾਂ ਕਿਵੇਂ ਪੈਣਗੀਆਂ? ਇਸ ਬਾਰੇ ਕਦੇ ਵਿਚਾਰ ਜਾਂ ਸਵੈ-ਪੜਚੋਲ ਕਦੇ ਨਹੀਂ ਕਰਦੇ।

ਅੱਜ ਉਨ੍ਹਾਂ ਲੋਕਾਂ ਨੂੰ ਜਿਹੜੇ ਅਸਾਮ, ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ’ਚ 10 ਕਰੋੜ ਗਰੀਬ ਸਿਕਲੀਗਰ, ਵਣਜਾਰੇ, ਸਤਨਾਮੀਏ ਅਤੇ ਲੁਬਾਣੇ ਸਿੱਖਾਂ ਦੇ ਰੂਪ ’ਚ ਸਿੱਖੀ ਸ਼ਰਧਾ ਤੇ ਸਿੱਖੀ ਸਰੂਪ ਸਾਂਭੀ ਬੈਠੇ ਹਨ, ਉਨ੍ਹਾਂ ਨੂੰ ਅਸੀਂ ਆਪਣੇ ਨਾਲ ਖੜ੍ਹਾ ਕਰਨਾ ਅਤੇ ਤੋਰਨ ਦਾ ਕਦੇ ਕੋਈ ਠੋਸ ਉਪਰਾਲਾ ਨਹੀਂ ਕੀਤਾ। ਇਹ ਲੋਕ ਆਪਣੇ-ਆਪ ਨੂੰ ਜੜ੍ਹਾਂ ਤੋਂ ਟੁੱਟੇ ਮਹਿਸੂਸ ਕਰਦੇ ਹਨ, ਇਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਜਿਸ ਕਾਰਣ ਗੁਰਬਾਣੀ ਤੋਂ ਵੀ ਇਹ ਹੌਲੀ-ਹੌਲੀ ਦੂਰ ਹੋ ਰਹੇ ਹਨ। ਸਿਰਫ਼ ਗੁਰੂ ਚਰਨਾਂ ਨਾਲ ਜੁੜ੍ਹੀ ਆਸਥਾ ਹੀ ਇੱਕੋ-ਇਕ ਕੜ੍ਹੀ ਹੈ, ਜਿਸ ਸਦਕਾ ਅੱਜ ਵੀ ਇਹ ਸਿੱਖੀ ਸ਼ਰਧਾ ਨਾਲ ਗੜੁੱਚ ਹਨ। ਸਿੱਖੀ ਸਾਹਮਣੇ ਅੱਜ ਇਕ ਨਹੀਂ ਅਨੇਕਾਂ ਚੁਣੌਤੀਆਂ ਹਨ, ਉਨ੍ਹਾਂ ’ਚ ਇਕ ਵੱਡੀ ਚੁਣੌਤੀ ਇਨ੍ਹਾਂ ਪੰਜਾਬੋਂ ਬਾਹਰ ਵੱਸਦੇ ਗਰੀਬ ਸਿੱਖਾਂ ਨੂੰ ਸਿੱਖੀ ਨਾਲ ਜੋੜ੍ਹੀ ਰੱਖਣ ਅਤੇ ਉਨ੍ਹਾਂ ਨੂੰ ਗੁਰਬਤ ਦੀ ਦਲਦਲ ’ਚੋਂ ਬਾਹਰ ਕੱਢਣ ਦੀ ਵੀ ਹੈ।

ਸਾਡੇ ਗੁਰੂ ਸਾਹਿਬਾਨ, ਇਨ੍ਹਾਂ ਲੋਕਾਂ ਨੂੰ ਸਿੱਖੀ ਦੇ ਧੁਰੇ ਨਾਲ ਜੋੜ੍ਹਕੇ ਗਏ ਸਨ, ਫਿਰ ਅਸੀਂ ਇਨ੍ਹਾਂ ਸਿੱਖਾਂ ਨੂੰ ਭੁੱਲ ਵਿਸਰ ਕਿਵੇਂ ਗਏ ਹਾਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤ ਦਾ ਸ਼ਿਕਾਰ ਹੋ ਗਈ ਅਤੇ ਉਹ ਆਪਣੇ ਫਰਜ਼ ਦੀ ਪੂਰਤੀ ਵੀ ਭੁੱਲ ਗਈ। ਪਹਿਲਾ-ਪਹਿਲਾ ਸਿਆਣੇ ਸਿੱਖ ਆਗੂਆਂ ਨੇ ਬਾਹਰਲੇ ਸੂਬਿਆਂ ’ਚ ਖਾਲਸਾ ਸਕੂਲ ਤੇ ਖਾਲਸਾ ਕਾਲਜਾਂ ਦੀ ਸਥਾਪਨਾ ਕੀਤੀ ਸੀ ਤਾਂ ਕਿ ਪੰਜਾਬੋਂ ਬਾਹਰਲੇ ਸਿੱਖ ਪੰਜਾਬੀ ਤੇ ਸਿੱਖੀ ਦੋਵਾਂ ਨਾਲ ਜੁੜੇ ਰਹਿਣ, ਪ੍ਰੰਤੂ ਅਸੀਂ ਇਸ ਨੂੰ ਅੱਗੇ ਨਹੀਂ ਤੋਰ ਸਕੇ, ਜਿਸ ਕਾਰਣ ਅੱਜ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦੀ ਨਵੀਂ ਪੀੜ੍ਹੀ ਪੰਜਾਬੀ ਵੀ ਭੁੱਲ ਗਈ। ਕਿਸੇ ਸਮੇਂ ਵਣਜਾਰੇ ਵਪਾਰੀ ਸਨ, ਪ੍ਰੰਤੂ ਅੱਜ ਉਨ੍ਹਾਂ ਦਾ ਛੋਟਾ-ਛੋਟਾ ਵਣਜ ਖ਼ਤਮ ਹੋ ਗਿਆ, ਸਿਕਲੀਗਰ ਹਥਿਆਰਾਂ ਦੇ ਕਾਰੀਗਰ ਸਨ, ਪ੍ਰੰਤੂ ਸਮੇਂ ਦੀ ਰਫ਼ਤਾਰ ਨੇ ਉਹ ਕਿੱਤਾ ਖ਼ਤਮ ਕਰ ਦਿੱਤਾ, ਜਿਸ ਕਾਰਣ ਇਹ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਏ, ਪ੍ਰੰਤੂ ਪੁਰਾਣੇ ਵਿਰਸੇ ਨੂੰ ਛੱਡਣ ਲਈ ਤਿਆਰ ਨਹੀਂ ਹਨ।

ਪੰਜਾਬ ਦੀ ਸਿਆਸਤ ਤੇ ਭਾਰੂ ਸਿੱਖ ਆਗੂ ਆਪਣੇ ਸਿਆਸੀ ਸੁਆਰਥ ਲਈ ਇਹ ਨਹੀਂ ਚਾਹੁੰਦੇ ਕਿ ਸਿੱਖਾਂ ਦੀ ਵੱਡੀ ਗਿਣਤੀ ਪੰਜਾਬ ਦੀ ਥਾਂ, ਪੰਜਾਬ ਤੋਂ ਬਾਹਰ ਹੋਵੇ ਅਤੇ ਜਿਸ ਮੰਤਵ ਨੂੰ ਲੈ ਕੇ ਉਨ੍ਹਾਂ ਪੰਜਾਬ ਨੂੰ ‘ਪੰਜਾਬੀ ਸੂਬੇ’ ’ਚ ਬਦਲਿਆ ਹੈ, ਉਹ ਮੰਤਵ ਵੀ ਖ਼ਤਮ ਹੋ ਜਾਵੇ ਅਤੇ ਸਿੱਖ ਸਿਆਸਤ ਦੀ ਵਾਂਗਡੋਰ ਉਨ੍ਹਾਂ ਦੇ ਹੱਥੋਂ ਖੁੱਸ ਜਾਵੇ। ਜੇ ਅਸੀਂ ਇਨ੍ਹਾਂ ਸਾਰੇ ਗਰੀਬ ਸਿੱਖਾਂ ਨੂੰ ਜਿਹੜੇ ਸਿੱਖੀ ’ਚ ਆਸਥਾ ਰੱਖਦੇ ਹਨ, ਮੁੜ ਤੋਂ ਸਿੱਖੀ ਦੇ ਧੁਰੇ ਨਾਲ ਪੱਕੇ ਰੂਪ ’ਚ ਜੋੜ ਲਈਏ ਤਾਂ ਦੇਸ਼ ਦੀ ਪਾਰਲੀਮੈਂਟ ’ਚ ‘ਦਾਸਤਾਰਾਂ’ ਵਾਲੇ 40-50 ਮੈਂਬਰ ਪਾਰਲੀਮੈਂਟ ਵਿਖਾਈ ਦੇਣ ਲੱਗ ਪੈਣਗੇ ਅਤੇ ਜਿਸ ਤਰ੍ਹਾਂ ਅੱਜ ਦੇਸ਼ ਦੀਆਂ ਵੱਡੀਆਂ ਸਿਆਸੀ ਧਿਰਾਂ ਕੰਮਜ਼ੋਰ ਹੋ ਰਹੀਆਂ ਹਨ ਤਾਂ ਦੇਸ਼ ਦੀ ਸੱਤਾ ਦੀ ਨਕੇਲ ਵੀ ਕਦੇ ਸਾਡੇ ਹੱਥ ਆ ਸਕਦੀ ਹੈ। ਪ੍ਰੰਤੂ ਜਿਨ੍ਹਾਂ ਸਿੱਖ ਆਗੂਆਂ ਨੇ ਸੱਤਾ ਲਾਲਸਾ ’ਚ ਸਿੱਖੀ ਨੂੰ ਸਿੱਖ ਵਿਰੋਧੀ ਤਾਕਤਾਂ ਅੱਗੇ ਗਿਰਵੀ ਰੱਖਿਆ ਹੋਇਆ ਹੈ, ਉਹ ਕਦੇ ਵੀ ਇਹ ਨਹੀਂ ਚਾਹੁੰਣਗੇ, ਜਿਸ ਕਾਰਣ ਅੱਜ ਸਿੱਖੀ ਦਾ ਘੇਰਾ ਵਿਸ਼ਾਲ ਹੋਣ ਦੀ ਥਾਂ ਸੁੰਗੜਦਾ ਜਾ ਰਿਹਾ ਹੈ। ਲੋੜ ਹੈ ਕਿ ਸਿੱਖ ਪੰਥ ਦੇ ਸੱਚੇ ਸਪੂਤ ਇਸ ਪਾਸੇ ਧਿਆਨ ਦੇਣ ਅਤੇ ਜਿਸ ਤਰ੍ਹਾਂ ਸ਼ਰਧਾ, ਉਤਸ਼ਾਹ ਨਾਲ ਅਸੀਂ ਨਾਨਕ ਝੀਰਾ ਦੀ ਪੰਜਵੀਂ ਸ਼ਤਾਬਦੀ ਮਨਾਈ ਹੈ, ਉਸੇ ਉਤਸ਼ਾਹ, ਜੋਸ਼, ਸ਼ਰਧਾ ਅਤੇ ਕੌਮੀ ਦਰਦ ਨਾਲ ਸਿੱਖੀ ਤੋਂ ਟੁੱਟੇ ਇਨ੍ਹਾਂ ਸਿਕਲੀਗਰ, ਵਣਜਾਰਿਆਂ, ਸਤਨਾਮੀਆਂ ਤੇ ਲੁਬਾਣਿਆਂ ਨੂੰ ਮੁੜ ਤੋਂ ਸਿੱਖੀ ਨਾਲ ਜੋੜ੍ਹੀਏ, ਇਨ੍ਹਾਂ ਦੀ ਆਰਥਿਕ ਦਸ਼ਾ, ਸੁਧਾਰਨ ਲਈ ‘ਠੋਸ ਉਪਰਾਲੇ ਕੀਤੇ ਜਾਣ।

ਜਸਪਾਲ ਸਿੰਘ ਹੇਰਾਂ
Editor : Daily Pehredar


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top