Share on Facebook

Main News Page

ਪੰਜਾਬ 'ਚ ਦਰੱਖਤਾਂ ਦੀ ਅੰਧਾਧੁੰਦ ਨਜ਼ਾਇਜ਼ ਕਟਾਈ ਕਾਰਨ ਪਾਣੀ ’ਚ ਵਹਿ ਰਹੀ ਹੈ ਜ਼ਮੀਨ ਦੀ ਊਪਜਾਊ ਸ਼ਕਤੀ, ਧਰਤ ਹੇਠਲਾ ਪਾਣੀ ਬਣਿਆ ਤੇਜ਼ਾਬੀ, ਫਸਲਾਂ, ਮਨੁੱਖਾਂ ਅਤੇ ਜੀਵ ਜੰਤੂਆਂ ਲਈ ਹੋ ਰਿਹੈ ਘਾਤਕ ਸਿੱਧ

ਸ਼ਿਵ ਕੁਮਾਰ ਬਾਵਾ ਦੀ ਵਿਸ਼ੇਸ਼ ਰਿਪੋਰਟ

ਦੁਆਬੇ ਅਧੀਨ ਆਉਂਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਹਾੜੀ ਖਿੱਤੇ ਦੇ ਪਿੰਡਾਂ, ਕੰਢੀ, ਬੀਤ ਅਤੇ ਮੈਦਾਨੀ ਇਲਾਕੇ ਦੀ ਜ਼ਮੀਨ ਪਹਾੜੀਆਂ ਦੇ ਖੁਰਨ, ਲੋਕਾਂ ਵਲੋਂ ਨਜਾਇਜ਼ ਪੁਟਾਈ ਕਰਨ ਅਤੇ ਜੰਗਲੀ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ, ਜ਼ਮੀਨੀ ਪਾਣੀ ਦਾ ਤੇਜ਼ਾਬੀ ਬਣਨ ਅਤੇ ਪਾਣੀ ਦੇ ਧਰਤ ਹੇਠਾਂ ਗਰਕ ਜਾਣ ਕਾਰਨ ਜਿੱਥੇ ਬੰਜਰ ਬਣ ਗਈ ਹੈ, ਉਥੇ ਸਲੇਨੀਅਮ ਤੱਤਾਂ ਨਾਲ ਭਰਪੂਰ ਹੋਣ ਕਾਰਨ ਮਨੁੱਖਾਂ ਅਤੇ ਹੋਰ ਜੀਵਾਂ ਲਈ ਖ਼ਤਰਨਾਕ ਬਣ ਗਈ ਹੈ।

ਬਲਾਕ ਮਾਹਿਲਪੁਰ ਅਧੀਨ ਆਉਂਦੇ ਪਹਾੜੀ ਪਿੰਡ ਜੇਜੋ ਦੁਆਬਾ, ਫਤਿਹਪੁਰ ਕੋਠੀ, ਲਲਵਾਣ, ਹਰਜੀਆਣਾਂ, ਮੈਲੀ ਪਨਾਹਪੁਰ ਅਜਿਹੇ ਪਿੰਡ ਹਨ, ਜਿੱਥੇ ਧਨਾਢ ਜ਼ਮੀਨਾਂ ਦੇ ਖਰੀਦਦਾਰਾਂ ਵਲੋਂ ਨਜਾਇਜ਼ ਪਹਾੜੀਆਂ ਦੀ ਕੱਟ ਵੱਢ ਕਰਕੇ ਅਤੇ ਜੰਗਲਾਂ ਦੇ ਲੱਖਾਂ ਦਰੱਖਤਾਂ ਦਾ ਨਾਮੋ ਨਿਸ਼ਾਨ ਖ਼ਤਮ ਕਰਕੇ ਰੱਖ ਦਿੱਤਾ ਹੈ, ਉਥੇ ਹੀ ਇਸ ਕਾਰਨ ਜੰਗਲੀ ਜਾਨਵਰ ਪਾਣੀ ਅਤੇ ਛੁਪਣ ਲਈ ਭਟਕਦੇ ਲੋਕਾਂ ਦੇ ਸ਼ਿਕਾਰ ਬਣ ਰਹੇ ਹਨ। ਵਣ ਵਿਭਾਗ ਸੁੱਤਾ ਪਿਆ ਹੈ, ਲੋਕ ਧੜਾਧੜ ਮਹਿੰਗੇ ਖੈਰ ਦੇ ਦਰੱਖਤਾਂ ਦੀ ਕਟਾਈ ਕਰੀ ਜਾ ਰਹੇ ਹਨ, ਜਿਸ ਸਦਕਾ ਪਹਾੜਾਂ ਤੋਂ ਆਉਣ ਵਾਲੇ ਪਾਣੀ ਦਾ ਟਕਾਓ ਨਾ ਹੋਣ ਕਾਰਨ ਇੱਥੇ ਦੀ ਧਰਤ ਲਗਭਗ ਬੰਜਰ ਹੀ ਬਣ ਚੁੱਕੀ ਹੈ। ਅੱਜਕੱਲ੍ਹ ਦੁਆਬੇ ਦੀ ਜ਼ਮੀਨ ਤੋਂ ਪੈਦਾ ਹੋਣ ਵਾਲੀ ਫ਼ਸਲ ਹਰ ਮਨੁੱਖ ਅਤੇ ਜੀਵ ਲਈ ਜਾਨਲੇਵਾ ਹੈ। ਕੰਢੀ, ਬੀਤ ਅਤੇ ਮੈਦਾਨੀ ਖਿੱਤੇ ਦੇ ਲਗਭਗ 200 ਪਿੰਡਾਂ ਦਾ ਧਰਤ ਹੇਠਲਾ ਪਾਣੀ ਪੀਲਾ ਅਤੇ ਤੇਜ਼ਾਬੀ ਬਣਨ ਕਾਰਨ ਮਨੁੱਖਾਂ, ਪਸ਼ੂਆਂ ਅਤੇ ਪੰਛੀਆਂ ਲਈ ਮਾਰੂ ਰੋਗਾਂ ਦਾ ਕਾਰਨ ਬਣ ਰਿਹਾ ਹੈ। ਜ਼ਹਿਰੀਲੇ ਨਾ ਪੀਣ ਵਾਲੇ ਪਾਣੀ ਦੀ ਮਾਰ ਸਭ ਤੋਂ ਵੱਧ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿਚ ਵਸੇ ਪਿੰਡਾਂ ਤੋਂ ਇਲਾਵਾ ਹੁਸ਼ਿਆਰਪੁਰ-ਚੰਡੀਗੜ੍ਹ ਰੋਡ ਦੇ ਦੋਵੇਂ ਪਾਸੇ ਵਸੇ ਪਿੰਡਾਂ ਵਿਚ ਵਿੱਚ ਦੇਖਣ ਨੂੰ ਮਿਲ ਰਹੀ ਹੈ।

ਮਾਹਿਲਪੁਰ, ਸੈਲਾਖੁਰਦ, ਚੱਬੇਵਾਲ, ਹੰਦੋਵਾਲ ਅਤੇ ਹੁਸ਼ਿਆਰਪੁਰ ਦੇ ਅਜਿਹੇ ਸ਼ਹਿਰੀ ਖੇਤਰ, ਪਿੰਡ ਅਤੇ ਕਸਬੇ ਹਨ, ਜਿਥੋਂ ਦਾ ਪਾਣੀ ਮਨੁੱਖਾਂ ਦੇ ਪੀਣ ਦੇ ਲਾਇਕ ਹੀ ਨਹੀਂ ਅਤੇ ਇਹਨਾਂ ਕਸਬਿਆਂ ਵਿਚ ਜ਼ਮੀਨ ਮਾਰੂ ਪਾਣੀ ਕਾਰਨ ਧਰਤੀ ਬੰਜਰ ਬਣਦੀ ਜਾ ਰਹੀ ਹੈ। ਇੱਥੇ ਸਲੇਨੀਅਮ ਵਾਲੀ ਧਰਤ ’ਤੇ ਹੁੰਦੀ ਖੇਤੀ ਦੀ ਪੈਦਾਵਾਰ ਮਨੁੱਖਾਂ ਅਤੇ ਜੀਵਾਂ ਲਈ ਧੀਮੀ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ। ਅਜਿਹੇ ਕਾਰਨਾਂ ਕਰਕੇ ਦੁਆਬੇ ਦੇ ਹਰ ਪਿੰਡ ਵਿਚ ਲੋਕ ਸਾਹ, ਫੇਫੜਿਆਂ, ਗੁਰਦਿਆਂ, ਗਠੀਆ, ਲੱਕ ਦਰਦ, ਸਿਰ ਦਰਦ, ਖਾਰਸ਼ ਅਤੇ ਦਿਲ ਦੇ ਰੋਗਾਂ ਸਮੇਤ ਖੂਨ ਦੀ ਕਮੀ ਅਤੇ ਦੰਦਾਂ ਦੀਆਂ ਬਿਮਾਰੀਆਂ ਨਾਲ ਕੁਰਲਾ ਰਹੇ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਜਲੰਧਰ ਵਿਚ ਪੰਜਾਬ ਦੇ ਮਾਲਵਾ ਖਿੱਤੇ (ਕਪਾਹ ਪੱਟੀ) ਤੋਂ ਬਾਅਦ ਧਰਤੀ ਰੋਗਣ ਬਣ ਗਈ ਹੈ। ਇਸ ਖਿੱਤੇ ਦੇ ਅਨੇਕਾਂ ਪਿੰਡਾਂ ਦੇ ਲੋਕ ਹੁਣ ਸ਼ਰ੍ਹੇਆਮ ਕਹਿ ਰਹੇ ਹਨ ਕਿ ਇਥੋਂ ਦੀ ਧਰਤ ਨੂੰ ਕੈਂਸਰ ਹੋ ਗਿਆ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਪਹਾੜੀ ਅਤੇ ਮੈਦਾਨੀ ਪਿੰਡਾਂ ਵਿਚ ਕਈ ਮੌਤਾਂ ਕੈਂਸਰ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਕਾਰਨ ਹੀ ਹੋਈਆਂ ਹਨ। ਰਹਿੰਦੀ ਕਸਰ ਪਿੰਡਾਂ ਵਿਚ ਵਿਕ ਰਹੀ ਘਟੀਆ ਦਰਜੇ ਦੀ ਸਸਤੀ ਸ਼ਰਾਬ ਪਂੇਡੂ ਨੌਜਵਾਨਾਂ ਦੀਆਂ ਮੌਤਾਂ ਨੇ ਪੂਰੀ ਕਰਕੇ ਰੱਖ ਦਿੱਤੀ ਹੈ। ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਖੋਜੀ ਅਧਿਕਾਰੀ ਲੇਖਕ ਵਿਜੈ ਬੰਬੇਲੀ ਅਤੇ ਕੁਦਰਤੀ ਸੋਮਿਆਂ ਦੇ ਰਖਵਾਲੇ ਕਾਮਰੇਡ ਪ੍ਰਦੁਮਣ ਸਿੰਘ ਗੌਤਮ ਲਲਵਾਣ, ਸਮਾਜ ਸੇਵਕ ਤਲਵਿੰਦਰ ਹੀਰ ਨੰਗਲ ਖਿਲਾੜੀਆਂ, ਕੰਢੀ ਸੰਘਰਸ਼ ਕਮੇਟੀ ਦੇ ਜਨ ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ ਦਾ ਕਹਿਣਾ ਹੈ ਕਿ ਦੁਆਬੇ ਵਿਚ ਜ਼ਮੀਨ ਦਾ ਰੋਗਗ੍ਰਸਤ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਇਥੇ ਫਲਾਂ, ਸਬਜ਼ੀਆਂ ਦਾ ਆਕਾਰ ਵਧਾਉਣ ਤੇ ਤੁਰੰਤ ਪੈਦਾਵਾਰ ਲੈਣ ਲਈ ਉਹਨਾਂ ਨੂੰ ਔਕਸੀਟੋਸਨ ਦੇ ਟੀਕੇ ਲਗਾ ਰਹੇ ਹਾਂ ਤੇ ਦੂਜੇ ਪਾਸੇ ਕੈਂਸਰ ਵਾਲੀ ਧਰਤੀ ਤੇ ਹੁੰਦੀ ਪੈਦਾਵਾਰ ਹੋਰ ਕਹਿਰ ਢਾਅ ਰਹੀ ਹੈ।

ਉਨ੍ਹਾਂ ਆਖਿਆ ਕਿ ਇੱਥੇ ਸਿੰਚਾਈ ਲਈ ਵਰਤਿਆ ਜਾਂਦਾ ਜ਼ਹਿਰੀਲਾ ਪਾਣੀ ਬੂਟਿਆਂ ਦੀਆਂ ਜੜ੍ਹਾਂ ’ਚ ਜ਼ਹਿਰੀਲੇ ਤੱਤ ਪਹੁੰਚਾਉਂਦਾ ਹੈ। ਰਸਾਇਣਕ ਖਾਦਾਂ ਦੀ ਹੋਂਦ ਵਾਲੇ ਪਾਣੀ ਨਾਲ ਸਿੰਜੀ ਧਰਤੀ ਤੋਂ ਪੈਦਾ ਹੋਣ ਵਾਲੇ ਫ਼ਲ, ਸਬਜ਼ੀਆਂ ਅਤੇ ਹੋਰ ਫਸਲਾਂ ’ਚ ਜ਼ਹਿਰ ਵਿਗਿਆਨਕ ਤੌਰ ’ਤੇ ਵੀ ਸਿੱਧ ਹੋ ਚੁੱਕੀ ਹੈ। ਪਹਾੜੀ ਖਿੱਤੇ ਦੇ ਪਿੰਡਾਂ ਲਾਗੇ ਪਹਾੜੀਆਂ ਤੋਂ ਦਰੱਖਤਾਂ ਦੀ ਅੰਧਾਧੁੰਦ ਨਜ਼ਾਇਜ਼ ਕਟਾਈ ਕਾਰਨ, ਬਰਸਾਤੀ ਮੀਹਾਂ ਨਾਲ ਪਹਾੜੀ ਪਥਰੀਲੀ ਮਿੱਟੀ ਇੱਥੇ ਦੀ ਉਪਜਾਊ ਜ਼ਮੀਨ ਵਿਚ ਰਲਗੱਡ ਹੋ ਚੁੱਕੀ ਹੈ। ਪਹਾੜਾਂ ਦੇ ਖੁਰਨ ਤੇ ਜੰਗਲੀ ਦਰੱਖਤਾਂ ਦੀ ਨਜਾਇਜ਼ ਕਟਾਈ ਕਾਰਨ ਪਂੇਡੂ ਕਿਸਾਨਾਂ ਦੀ ਜ਼ਮੀਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਕੁਦਰਤੀ ਸੋਮਿਆਂ ਦੇ ਖੋਜ਼ਕਾਰ ਵਿਜੈ ਬੰਬੇਲੀ ਨੇ ਦੱਸਿਆ ਕਿ ਦੁਆਬੇ ਦੀ ਧਰਤ ਰੋਗ ਗ੍ਰਸਤ ਹੋਣ ਵਿਚ ਇੱਥੇ ਕੁਦਰਤੀ ਸੋਮਿਆਂ, ਪਹਾੜਾਂ ਦੇ ਪਾਣੀ, ਜੰਗਲੀ ਦਰੱਖਤਾਂ ਦੀ ਸਾਂਭ ਸੰਭਾਲ ਨਾਲ ਹੋਣਾ ਹੈ। ਪੰਜਾਬ ਸਮੇਤ ਲਗਭਗ ਦੇਸ਼ ਦੇ 7 ਸੂਬਿਆਂ ਵਿਚ ਪੈਦਾ ਹੋਣ ਵਾਲੇ ਫਲਾਂ ਦੇ 2062 ਨਮੂਨਿਆਂ ਦੇ ਸੈਪਲਾਂ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹਨਾਂ ਵਿੱਚੋਂ 2-1 ਫੀਸਦੀ ਕੀਟਨਾਸ਼ਕ ਤੇ ਜ਼ਹਿਰੀਲੇ ਤੱਤ ਮਿਲੇ, ਜਿਸ ਵਿਚ ਪੰਜਾਬ ਵਿਚ 20 ਤੋਂ 24 ਫੀਸਦੀ ਐਫਾਲਾਟਾਨਿਮਨ ਮਿਲਿਆ।

ਉਹਨਾਂ ਦੱਸਿਆ ਕਿ 2205 ਦੁਧਾਰੂ ਪਸ਼ੂਆਂ ਦੇ ਨਮੂਨਿਆਂ ਦੀ ਜਾਂਚ ਦੌਰਾਨ 85 ਫੀਸਦੀ ਵਿਚ ਡੀਡੀਈ ਅਤੇ ਬੀਐਚਸੀ ਵਰਗੀਆਂ ਜ਼ਹਿਰਾਂ ਸਾਹਮਣੇ ਆਈਆਂ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਦੁੱਧ ਵਿੱਚੋਂ ਹੋਰ ਧਾਤਾਂ ਜਿਹਨਾਂ ਵਿਚ ਮੈਡੀਓਮ, ਸਿੱਕਾ ਤੇ ਜਿੰਕ ਵਰਗੇ ਆਰਗੈਨਿਕ ਤੱਤ ਨਿਰਧਾਰਤ ਮਾਤਰਾ ਨਾਲੋਂ ਕਾਫੀ ਵੱਧ ਮਾਤਰਾ ਵਿਚ ਮਿਲੇ, ਜਿਹੜੇ ਹਿਰਦੇ ਰੋਗ, ਕੈਂਸਰ, ਨਾੜੀ ਤੰਤਰ, ਅੱਖਾਂ ਦੀ ਰੌਸ਼ਨੀ, ਗੁਰਦਿਆਂ ’ਤੇ ਮਾੜਾ ਅਸਰ ਪਾਉਂਦੇ ਹਨ ਅਤੇ ਮਨੁੱਖ ਅਤੇ ਜੀਵ ਜੰਤੂਆਂ ਲਈ ਅਤਿ ਦਰਜੇ ਦੇ ਘਾਤਕ ਹਨ। ਉਨ੍ਹਾਂ ਦੱਸਿਆ ਕਿ ਦੁਆਬੇ ਵਿਚ ਜ਼ਮੀਨ ਦੀ ਉਕਤ ਹਾਲਤ ਕਾਰਨ ਇੱਥੇ ਕੈਂਸਰ, ਮਾਨਸਿਕ ਵਿਕਾਸ, ਮਰਦਾਨਗੀ ਸ਼ਕਤੀ ਘਟਣ, ਉਹਨਾਂ ਦੇ ਵੀਰਜ਼ ਕਮਜ਼ੋਰ ਹੋਣ, ਔਰਤਾਂ ’ਚ ਗਰਭ ਨਾ ਠਹਿਰਨ , ਗਰਭ ਡਿਗਣ, ਜਮਾਂਦਰੂ ਬਿਮਾਰੀਆਂ, ਮੰਦਬੁੱਧੀ, ਗੁਰਦੇ ਫ਼ੇਲ੍ਹ ਹੋਣਾ, ਖੂਨ ਦੀ ਘਾਟ, ਅੱਖਾਂ ਅਤੇ ਦੰਦਾਂ ਸਮੇਤ ਨਵੇਂ ਜੰਮੇ ਬੱਚਿਆਂ ਨੂੰ ਦਿਲ ਰੋਗ ਸਮੇਤ ਬਹੁਤ ਸਾਰੀਆਂ ਬਿਮਾਰੀਆਂ ਦੇ ਮਰੀਜਾਂ ’ਚ ਤੇਜ਼ੀ ਨਾਲ ਖ਼ਤਰਨਾਕ ਵਾਧਾ ਹੋ ਰਿਹਾ ਹੈ। ਲੋਕਾਂ ਦੇ ਇਲਾਜ ਲਈ ਸਰਕਾਰੀ ਇਲਾਜ ਤੰਤਰ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕਾ ਹੈ। ਅਤਿ ਦਰਜੇ ਦੇ ਪੱਛੜੇ ਪਿੰਡਾਂ ਵਿਚ ਸਥਿਤ ਸਰਕਾਰੀ ਮੁੱਢਲੇ ਸਿਹਤ ਕਂੇਦਰਾਂ ’ਚ ਡਾਕਟਰ ਖਾਨਾਪੂਰਤੀ ਲਈ ਡਿਊਟੀਆਂ ਕਰਦੇ ਹਨ। ਹਸਪਤਾਲਾਂ ਵਿਚ ਦਵਾਈਆਂ ਸਮੇਤ ਲੋੜੀਂਦੀਆਂ ਸਹੂਲਤਾਂ ਦੀ ਘਾਟ ਹੈ। ਪ੍ਰਾਈਵੇਟ ਇਲਾਜ ਬਹੁਤ ਮਹਿੰਗੇ ਹਨ। ਸਰਕਾਰਾਂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੰਦੀਆਂ। ਖੇਤੀ ਪੈਦਾਵਾਰ ’ਚ ਹੱਦੋਂ ਵੱਧ ਜ਼ਹਿਰ ਦੀ ਵਰਤੋਂ ਰੋਕਣ ਦੀ ਬਜਾਏ ਹੋਰ ਉਤਸ਼ਹਿਤ ਕੀਤਾ ਜਾ ਰਿਹਾ ਹੈ।

ਖੇਤੀ ਮਹਾਹਿਰਾਂ ਅਨੁਸਾਰ ਦੁਨੀਆਂ ਭਰ ਦਾ 73 ਪ੍ਰਤੀਸ਼ਤ ਕੀਟਨਾਸ਼ਕ 30 ਫੀਸਦੀ ਬੀਜ ਵਪਾਰ ਮੁੱਠੀ ਭਰ ਬਹੁਕੌਮੀ ਕੰਪਨੀਆਂ ਮੌਨਸਾਤੋ, ਡੀਨੋਮਿਲ, ਗੁਪੇਲੀਮੇਗਰਿਨ ਆਦਿ ਦੇ ਹੱਥਾਂ ਵਿਚ ਜਾਣ ਕਾਰਨ ਖੇਤੀ, ਕਿਸਾਨੀ ਅਤੇ ਉਪਜਾਊ ਜ਼ਮੀਨ ਦੀ ਬਰਬਾਦੀ ਦਾ ਮੁੱਖ ਕਾਰਨ ਬਣ ਚੁੱਕਾ ਹੈ। ਉਹਨਾਂ ਦੱਸਿਆ ਕਿ 80ਵਿਆਂ ਵਿਚ ਦੁਆਬੇ ਦੇ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਬਹੁਤ ਸਾਰੇ ਪਿੰਡਾਂ ਦੇ ਸਲੇਨੀਅਮ ਯੁਕਤ ਹੋਣ ਦਾ ਪਤਾ ਲੱਗਾ। ਇੱਥੇ ਪਿੰਡਾਂ ਵਿਚ ਇਸ ਜ਼ਹਿਰ ਦੀ ਮਾਤਰਾ ਬਹੁਤ ਜ਼ਿਆਦਾ ਹੈ। ਇਸ ਦਾ ਮੁੱਖ ਕਾਰਨ ਸ਼ਿਵਾਲਿਕ ਰੇਂਜ ਤੋਂ ਆਉਦਾ ਉਕਤ ਤੱਤ ਯੁਕਤ ਹੜ੍ਹਾਂ ਦਾ ਪਾਣੀ ਵੀ ਹੈ। ਉਹਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਤੋਂ ਇਸ ਸਬੰਧੀ ਖੋਜ਼ ਕਰ ਰਹੇ ਹਨ। ਪੰਤੂ ਹਾਲੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਮਾਹਿਰਾਂ ਅਤੇ ਚਿੰਤਕਾਂ ਨੇ ਆਖਿਆ ਕਿ ਪੰਜਾਬ ਸਰਕਾਰ ਸਮੇਤ ਕੇਂਦਰ ਨੇ ਜੇਕਰ ਇਸ ਪਾਸੇ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਸਨਅਤੀਕ੍ਰਿਤ ਕਚਰੇ ਅਤੇ ਜ਼ਹਿਰਾਂ ਨੇ ਦੁਆਬੇ ਦੀ ਧਰਤੀ ਦੀ ਮਿੱਟੀ ਅਤੇ ਨਦੀਆਂ ਨਾਲੀਆਂ, ਚੋਆਂ ਵਿਚ ਰਲ ਕੇ ਇਸ ਨੂੰ ਤਬਾਹ ਕਰ ਦੇਣਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top