Share on Facebook

Main News Page

ਕੁੱਝ ਚਲੰਤ ਪੰਥਕ ਮਸਲਿਆਂ ਬਾਰੇ ਸੰਖੇਪ ਵਿਚਾਰਾਂ - ਤੱਤ ਗੁਰਮਤਿ ਪਰਿਵਾਰ

ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਇਨਕਲਾਬੀ ਵਿਚਾਰ

ਇਸ ਤੱਥ ਨਾਲ ਲਗਭਗ ਹਰ ਸੁਹਿਰਦ ਸਿੱਖ ਸਹਿਮਤ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਦਾ ਕੀਰਤਨ ਰਾਹੀਂ ਗੱਲ ਸਮਝਾਉਣ ਦਾ ਢੰਗ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਰਲ ਹੈ। ਇਸ ਨਾਲ ਪੰਥਦਰਦ ਅਤੇ ਈਮਾਨਦਾਰੀ ਦਾ ਸੁਮੇਲ ਵੀ ਹੋਣ ਨਾਲ ਉਨ੍ਹਾਂ ਦੀ ਪੰਥ ਵਿਚ ਬਹੁਤ ਦਮਦਾਰ ਇਮੇਜ਼ ਹੈ। ਨਹੀਂ ਤਾਂ ਇਹ ਅੱਜ ਆਮ ਸੱਚ ਬਣ ਚੁੱਕਿਆ ਹੈ, ਕਿ ਬਹੁਤੇ ਰਾਗੀ/ਕੀਰਤਨੀਏ ਪੈਸੇ ਦੇ ਪੁਜਾਰੀ ਹਨ ਅਤੇ ਪੰਥ ਦਰਦ ਜਾਂ ਗੁਰਮਤਿ ਦੇ ਸਹੀ ਪ੍ਰਚਾਰ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।

ਇਸੇ ਸਿਲਸਿਲੇ ਵਿਚ ਚੰਦ ਕੁ ਦਿਨ ਪਹਿਲਾਂ ਪ੍ਰੋ. ਦਰਸ਼ਨ ਸਿੰਘ ਜੀ ਦੀ ਇਕ ਵੀਡੀਉ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਨੇ 2012 ਦੀ ਵੈਸਾਖੀ ਦੇ ਕਿਸੇ ਦੀਵਾਨ ਵਿਚ ਕੀਰਤਨ ਰਾਹੀਂ ਕਥਾ ਕਰਦੇ ਹੋਏ ਸਿੱਖ ਰਹਿਤ ਮਰਿਯਾਦਾ ਦੀਆਂ ਕੁਝ ਕਮੀਆਂ ਅਤੇ ਮਹਾਂਕਾਲ ਆਦਿ ਬਾਰੇ ਕੁਝ ਇਨਕਲਾਬੀ ਵਿਚਾਰ ਰੱਖੇ ਹਨ। ਇਸ ਤੋਂ ਪਹਿਲਾਂ ਸੁਚੇਤ ਹੋਣ ਦੇ ਬਾਵਜੂਦ ਪ੍ਰੋ. ਜੀ ਬਾਰੇ ਇਹ ਆਮ ਪ੍ਰਭਾਵ ਸੀ ਕਿ ਉਹ ਸਿੱਖ ਰਹਿਤ ਮਰਿਯਾਦਾ ਦੀ ਕਮੀਆਂ ਬਾਰੇ ਜਨਤਕ ਵਿਚਾਰ ਰੱਖਣ ਤੋਂ ਸੰਕੋਚ ਕਰਦੇ ਸਨ। ਇਸ ਵੀਡੀਉ ਵਿਚ ਉਨ੍ਹਾਂ ਨੇ ਸਿੱਖ ਮਰਿਯਾਦਾ ਵਿਚਲੀਆਂ ਕੁਰਹਿਤਾਂ ਦੀਆਂ ਕਮੀਆਂ ਬਾਰੇ ਕੁਝ ਠੋਸ ਵੀਚਾਰ ਸਾਂਝੇ ਕੀਤੇ ਹਨ। ਮਹਾਂਕਾਲ ਦੇ ਸੰਕਲਪ ਬਾਰੇ ਵੀ ਅੱਛੀ ਵਿਚਾਰ ਸਾਹਮਣੇ ਰੱਖਦੇ ਇਹ ਵੀ ਖੁਲਾਸਾ ਕੀਤਾ ਹੈ, ਕਿ ਨਾਂਦੇੜ ਵਿਚ ਇਕ ‘ਮਹਾਂਕਾਲ ਸਾਹਿਬ’ ਨਾਂ ਦਾ ਗੁਰਦੁਆਰਾ ਵੀ ਉਸਾਰ ਦਿਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਅੰਦੇਸ਼ਾ ਜ਼ਾਹਿਰ ਕੀਤਾ ਹੈ ਕਿ ਭਵਿੱਖ ਵਿਚ ਉਥੇ ਮਹਾਂਕਾਲ ਦੀ ਪੂਜਾ ਅਤੇ ਸ਼ਰਾਬ ਦੇ ‘ਪ੍ਰਸ਼ਾਦ’ ਦਾ ਵਿਤਰਨ ਵੀ ਸ਼ੁਰੂ ਹੋ ਸਕਦਾ ਹੈ।

ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਇਕ ਆਮ ਦੀਵਾਨ ਦੌਰਾਣ ਸੰਗਤਾਂ ਨੂੰ ਐਸੇ ਮਸਲਿਆਂ ਬਾਰੇ ਸੁਚੇਤ ਕਰਨਾ ਕਾਬਿਲੇ ਤਾਰੀਫ ਅਤੇ ਸੁਆਗਤ ਯੋਗ ਹੈ। ਪਰ ਇਹ ਤੱਥ ਅਫਸੋਸਜਨਕ ਹੈ ਕਿ ਸੁਚੇਤ ਪੰਥ ਇਸ ਮੁੱਦੇ ਤੇ ਇਕਮੱਤ ਹੋਣ ਦੇ ਬਾਵਜੂਦ ਕੁਝ ਸੱਜਣ ਧੱਕੇ ਅਤੇ ਦਿਮਾਗੀ ਤੁਕਿਆਂ ਨਾਲ ਹੀ ਮਹਾਂਕਾਲ, ਭਗੌਤੀ ਆਦਿ ਨੂੰ ‘ਰੱਬ’ ਸਿੱਧ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕਰਦੇ ਹੋਏ ਨਾਨਕ ਸਰੂਪਾਂ ਨੂੰ ਕਟਘਰੇ ਵਿਚ ਖੜੇ ਕਰਨ ਤੋਂ ਸੰਕੋਚ ਨਹੀਂ ਕਰ ਰਹੇ। ਇਹ ਤੱਥ ਹੋਰ ਵੀ ਅਫਸੋਸਜਨਕ ਹੈ ਕਿ ਪ੍ਰੋ. ਜੀ ਦੇ ਕੁੱਝ ਨਜ਼ਦੀਕੀ ਮਹਾਂਕਾਲ, ਭਗੌਤੀ ਦੇ ਪੁਜਾਰੀ ਐਸੇ ਵਿਦਵਾਨਾਂ ਦੇ ‘ਮਾਨਸਿਕ ਚੇਲੇ’ ਬਣਦੇ ਜਾ ਰਹੇ ਹਨ।

ਜਿਥੋਂ ਤੱਕ ਮੌਜੂਦਾ ਰਹਿਤ ਮਰਿਯਾਦਾ ਵਿਚਲੀਆਂ ਕੁਰਹਿਤਾਂ ਵਿਚਲੀਆਂ ਕਮੀਆਂ ਬਾਰੇ ਵੀਡੀਉ ਵਿਚ ਪ੍ਰੋ. ਜੀ ਨੇ ਜ਼ਿਕਰ ਕੀਤਾ ਹੈ ਤਾਂ ਉਹ ਇਸ ਗੱਲ ਤੋਂ ਚੰਗੀ ਤਰਾਂ ਵਾਕਿਫ ਹਨ ਕਿ ਮਰਿਯਾਦਾ ਸੁਧਾਰ ਉਪਰਾਲੇ ਦੌਰਾਣ ਪਰਿਵਾਰ ਵਲੋਂ ਪੇਸ਼ ਕੀਤੇ ਸੰਭਾਵੀ ਖਰੜੇ ਵਿਚ ‘ਬੇਈਮਾਨੀ’ ਨੂੰ ਪਹਿਲੀ ਬਜ਼ਰ ਕੁਰਿਹਤ ਬਣਾਉਣ ਦਾ ਸੁਝਾਅ ਦਿਤਾ ਗਿਆ ਸੀ ਜੋ ਸਰਵਸੰਮਤੀ ਨਾਲ ਇਕੱਤਰਤਾ ਵਿਚ ਪ੍ਰਵਾਨ ਵੀ ਕਰ ਲਿਆ ਗਿਆ। ਐਸੀ ਹੀ ਸੁਧਾਰ ਦੀ ਲੋੜ ਦੀ ਗੱਲ ਪ੍ਰੋ. ਦਰਸ਼ਨ ਸਿੰਘ ਜੀ ਨੇ ਇਸ ਵੀਡੀਉ ਵਿਚ ਕੀਤੀ ਹੈ।

ਅਸੀਂ ਨਿਸ਼ਕਾਮਤਾ ਨਾਲ ਦਰਸ਼ਨ ਸਿੰਘ ਜੀ ਦੇ ਇਸ ਵੀਡੀਉ ਦੀ ਤਾਰੀਫ ਅਤੇ ਸੁਆਗਤ ਕਰਦੇ ਹੋਏ ਸੱਚ ਨਾਲ ਜੁੜਣ ਦੇ ਚਾਹਵਾਣ ਹਰ ਸੱਜਣ ਨੂੰ ਇਹ ਵੀਡੀਉ ਨੂੰ ਵੇਖਣ ਦਾ ਸੁਝਾਅ ਦੇਂਦੇ ਹਾਂ।

---- () ---- ---- () ---- ---- () ---- ---- () ---- ---- () ----

ਨਾਨਕਸਰ ਗਪੌੜਾਂ ਦਾ ਘਰ

ਨਾਨਕਸਰ ਸੰਪ੍ਰਦਾ ਦੀ ਸਿੱਖ ਕੌਮ ਵਿਚ ਵੱਖਰੀ ਪਛਾਣ ਹੈ। ਇਸ ਸੰਪ੍ਰਦਾ ਦੇ ਮੋਹਰੀ ਨੰਦ ਸਿੰਘ ਸਨ। ਉਨ੍ਹਾਂ ਬਾਰੇ ਇਸ ਸੰਪ੍ਰਦਾ ਦੀਆਂ ਕਿਤਾਬਾਂ ਵਿਚ ਮਿਲਦੀ ਜਾਨਕਾਰੀ ਪੜ ਕੇ ਹੀ ਉਨ੍ਹਾਂ ਦੀ ਬ੍ਰਾਹਮਣਵਾਦੀ ਸੋਚ ਦਾ ਅੰਦਾਜ਼ਾ ਲੱਗ ਜਾਂਦਾ ਹੈ। ਇਸ ਸੰਪਰਦਾ ਨੇ ਆਮ ਲੋਕਾਂ ਨੂੰ ‘ਗੁਰਮਤਿ ਗਿਆਨ’ ਦੀ ਥਾਂ ਕਰਮਕਾਂਡਾਂ ਨਾਲ ਜੋੜਨ ਵਿਚ ਇਕ ਵੱਡਾ ਰੋਲ ਅਦਾ ਕੀਤਾ ਹੈ। ਬੇਸ਼ਕ ਆਮ ਸ਼ਰਧਾਲੂਆਂ ਨੂੰ ਇਹ ਗੁਰਮਤਿ ਪ੍ਰਚਾਰ ਦੇ ਵੱਡੇ ਵੱਡੇ ਦਾਅਵੇ ਕਰ ਕੇ ਵਰਗਲਾਉਂਦੇ ਰਹਿੰਦੇ ਹਨ।

ਇਨ੍ਹਾਂ ਦੇ ਪ੍ਰਚਾਰ ਦਾ ਇਕ ਵੱਡਾ ਅੰਸ਼ ਕਰਾਮਾਤੀ ਸ਼ਰਧਾਮਈ ਕਹਾਣੀਆਂ ਹਨ, ਜੋ ਲੋਕਾਂ ਦੀ ਸਰਬਪੱਖੀ ਲੁੱਟ ਲਈ ਹਰ ਡੇਰੇਦਾਰ ਦਾ ਬ੍ਰਹਮ-ਅਸਤਰ ਰਿਹਾ ਹੈ। ਇਨ੍ਹਾਂ ਨੇ ਨੰਦ ਸਿੰਘ ਅਤੇ ਹੋਰ ਡੇਰੇਦਾਰਾਂ ਦੇ ਨਾਮ ਨਾਲ ਵੈਸੀਆਂ ਹੀ ਕਰਾਮਾਤੀ ਕਹਾਣੀਆਂ ਜੋੜ ਕੇ ਪ੍ਰਚਾਰਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਵੇਂ ਜਨਮਸਾਖੀ, ਗੁਰਬਿਲਾਸ ਆਦਿ ਦੇ ਲੇਖਕਾਂ ਨੇ ਨਾਨਕ-ਸਰੂਪਾਂ ਦੇ ਨਾਮ ਨਾਲ ਜੋੜੀਆਂ ਸਨ।

ਅੱਜ ਕਲ ਵੀ ਐਸੀ ਹੀ ਇਕ ਕਿਤਾਬ ‘ਜਾ ਤੂੰ ਸਾਹਿਬ’ ਚਰਚਾ ਵਿਚ ਹੈ। ਇਸ ਪੁਸਤਕ ਵਿਚ ਨੰਦ ਸਿੰਘ ਵਲੋਂ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚੋਂ ਹੱਠ ਨਾਲ ਬਾਬਾ ਨਾਨਕ ਜੀ ਨੂੰ ਪ੍ਰਕਟ ਕਰਵਾਉਣ ਦੀ ਝੂਠੀ ਕਹਾਣੀ ਦਰਜ ਹੈ। ਐਸੀਆਂ ਹੋਰ ਵੀ ਅਨੇਕਾਂ ਕਹਾਣੀਆਂ ਹੋਣਗੀਆਂ। ਸਾਰੇ ਸੰਪਰਦਾਈ ਡੇਰੇਦਾਰ/ਕੀਰਤਨੀਏ (ਗੁਰਇਕਬਾਲ ਸਿੰਘ, ਢੱਡਰੀਆਂ ਵਾਲਾ ਆਦਿ) ਇਸ ਨੰਦ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ। ਇਹ ਪੁਸਤਕ ਚਰਚਾ ਵਿਚ ਇਸ ਕਰਕੇ ਵੀ ਹੈ ਕਿ ਇਸ ਪੁਸਤਕ ਦੇ ਸ਼ੁਰੂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦਾ ਪ੍ਰਸ਼ੰਸਾ-ਪੱਤਰ ਹੈ।

ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਅਵਤਾਰ ਸਿੰਘ ਮੱਕੜ ਵਰਗੇ ਬਿਨਾਂ ਪੜੇ ਹੀ ਐਸੇ ਪੱਤਰ ਲਿਖ/ਛਪਵਾ ਲੈਂਦੇ ਹਨ। ਪਾਠਕਾਂ ਨੂੰ ਯਾਦ ਹੋਵੇਗਾ ਕਿ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਸੰਪਾਦਿਤ ਕੀਤੀ ਪੁਸਤਕ ‘ਗੁਰ ਬਿਲਾਸ ਪਾ: 6’ ਦੇ ਸ਼ੁਰੂ ਵਿਚ ਵੀ ਕੁਝ ਪੰਥਕ ਹਸਤੀਆਂ ਦੇ ਐਸੇ ਪੱਤਰ ਸਨ। ਜਦੋਂ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਨੇ ਇਸ ਪੁਸਕਤ ਦੇ ਕੂੜ ਦਾ ਪਾਜ ਉਘਾੜਣਾ ਸ਼ੁਰੂ ਕੀਤਾ ਤਾਂ ਇਨ੍ਹਾਂ ਵਿਚੋਂ ਕੁਝ ਸੱਜਣਾਂ ਨੇ ਤਾਂ ਇਥੋਂ ਤੱਕ ਕਹਿ ਦਿਤਾ ਕਿ ਅਸੀਂ ਤਾਂ ਪ੍ਰਸ਼ੰਸਾ ਪੱਤਰ ਲਿਖਿਆ ਨਹੀਂ, ਐਵੇਂ ਹੀ ਸਾਡਾ ਨਾਮ ਵਰਤ ਲਿਆ ਗਿਆ ਜਾਂ ਅਸੀਂ ਬਿਨਾਂ ਪੜੇ ਹੀ ‘ਗੁੱਡਵਿਲ’ ਵਜੋਂ ਇਹ ਪੱਤਰ ਛਪਵਾ ਦਿਤਾ।

ਨਾਨਕਸਰ ਸੰਪਰਦਾ ਵਾਲੇ ‘ਅੰਮ੍ਰਿਤ ਸਰੁ ਸਿਫਤੀ ਦਾ ਘਰ’ ਦੀ ਤਰਜ਼ ਤੇ ਆਪਣੇ ਡੇਰੇ ਲਈ ‘ਨਾਨਕਸਰ ਭਗਤੀ ਦਾ ਘਰ’ ਵਿਸ਼ੇਸ਼ਨ ਵਰਤਦੇ ਹਨ। ਪਰ ਉਨ੍ਹਾਂ ਦੀਆਂ ਹਰਕਤਾਂ ਦੇਖ ਕੇ ਤਾਂ ਉਨ੍ਹਾਂ ਲਈ ਇਹ ਵਿਸ਼ੇਸ਼ਨ ਢੁਕਵੇਂ ਲਗਦੇ ਹਨ

"ਨਾਨਕਸਰ ਗਪੌੜਾਂ ਦਾ ਘਰ" ਜਾਂ "ਨਾਨਕਸਰ ਮਨਮਤਾਂ ਦਾ ਘਰ"


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top