Share on Facebook

Main News Page

ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ, ਭਾਈ ਬਲਵੰਤ ਸਿੰਘ ਰਾਜੋਆਣਾ ਜੀ ਪੰਥਕ ਜਥੇਬੰਦੀਆਂ ਦੇ ਸਮੂੰਹ ਅਹੁੱਦੇਦਾਰ ਸਾਹਿਬਾਨ ਨੂੰ ਅਪੀਲ

ਸਤਿਕਾਰਯੋਗ

(1) ਗਿਆਨੀ ਗੁਰਬਚਨ ਸਿੰਘ ਜੀ, ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ
(2) ਭਾਈ ਬਲਵੰਤ ਸਿੰਘ ਰਾਜੋਆਣਾ ਜੀ
(3) ਪੰਥਕ ਜਥੇਬੰਦੀਆਂ ਦੇ ਸਮੂੰਹ ਅਹੁੱਦੇਦਾਰ ਸਾਹਿਬਾਨ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

28 ਅਪ੍ਰੈਲ ਦਾ ਦਿਨ ਮੇਰੇ ਲਈ ਇੱਕ ਸੁਭਾਗਾ ਦਿਨ ਸੀ ਜਿਸ ਦਿਨ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪ੍ਰਵਾਰਕ ਮੈਂਬਰਾਂ ਦੇ ਨਾਲ ਮੈਨੂੰ ਪਟਿਆਲਾ ਜੇਲ੍ਹ ਵਿੱਚ ਮੁਲਾਕਾਤ ਕਰਕੇ ਉਨ੍ਹਾਂ ਦੇ ਪਹਿਲੀ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇਹ ਮੇਰੇ ਲਈ ਹੋਰ ਵੀ ਖੁਸ਼ੀ ਦੀ ਗੱਲ ਸੀ ਕਿ ਮੇਰੀ ਪਹਿਲੀ ਹੀ ਮੁਲਾਕਾਤ ਦੌਰਾਨ ਭਾਈ ਰਾਜੋਆਣਾ ਨੇ ਐਸੀ ਅਪਣਤ ਅਤੇ ਹਲੀਮੀ ਵਿੱਚ ਆ ਕੇ ਆਪਣੇ ਮਨ ਦੀ ਡੂੰਘਾਈ ਤੋਂ ਉਹ ਸੱਚ ਪ੍ਰਗਟ ਕੀਤਾ ਜਿਸ ਨੂੰ ਸੁਣ ਕੇ ਮੌਕੇ ’ਤੇ ਹਾਜਰੀਨ ਕੋਈ ਵੀ ਵਿਅਕਤੀ ਇਹ ਅੰਦਾਜ਼ਾ ਹੀ ਨਹੀਂ ਸੀ ਲਾ ਸਕਦਾ ਕਿ ਕਿਸੇ ਦੋ ਅਜਨਬੀਆਂ ਦੀ ਪਹਿਲੀ ਵਾਰ ਮੁਲਾਕਾਤ ਹੋ ਰਹੀ ਹੈ। ਸਗੋਂ ਇਹ ਮਹਿਸੂਸ ਹੋ ਰਿਹਾ ਸੀ ਕਿ ਸਾਡੀ ਬਹੁਤ ਪੁਰਾਣੀ ਦਿਲਾਂ ਦੀ ਸਾਂਝ ਹੈ। ਪੰਥਕ ਵੀਚਾਰਾਂ ਕਰਦੇ ਸਮੇਂ ਅਸੀਂ ਇੰਨਾਂ ਗੁਆਚ ਗਏ ਕਿ ਭਾਈ ਰਾਜੋਆਣਾ ਦੇ ਮਨੀਲਾ ਰਹਿ ਰਹੇ ਚਚੇਰਾ ਭਰਾ- ਭਰਜਾਈ, ਆਪਣੀ ਮਾਸੀ ਜੀ, ਚਾਚਾ ਜੀ, ਭਤੀਜਾ, ਭਤੀਜੀ, ਸਭ ਤੋਂ ਪਿਆਰੀ ਭੈਣ ਕਮਲਦੀਪ ਕੌਰ, ਜੀਜਾ ਜੀ ਅਤੇ ਭਾਣਜੀ ਨਾਲ ਉਨ੍ਹਾਂ ਨੂੰ ਕੋਈ ਗੱਲ ਕਰਨ ਦਾ ਮੌਕਾ ਹੀ ਨਾ ਮਿਲਿਆ। ਅਖੀਰ ਜਦੋਂ ਜੇਲ੍ਹ ਕਰਮਚਾਰੀਆਂ ਨੇ ਚੇਤਾ ਕਰਾਇਆ ਕਿ ਕਾਫੀ ਸਮਾ ਹੋ ਗਿਆ ਹੈ ਇਸ ਲਈ ਗੱਲਬਾਤ ਸਮੇਟੀ ਜਾਵੇ ਤਾਂ ਭਾਈ ਰਾਜੋਆਣਾ ਨੇ ਆਪਣੇ ਚਚੇਰਾ ਭਾਈ ਅਤੇ ਮਾਸੀ ਜੀ ਵੱਲ ਇਸ਼ਾਰਾ ਕਰਕੇ ਕਿਹਾ ਤੁਹਾਡੇ ਨਾਲ ਤਾਂ ਮੈਂ ਖਾਸ ਗੱਲ ਕਰਨੀ ਸੀ ਪਰ ਸਮਾ ਹੀ ਨਹੀ ਮਿਲਿਆ। ਬਾਹਰ ਆ ਕੇ ਜਦ ਮੈਂ ਪ੍ਰਵਾਰਕ ਮੈਂਬਰਾਂ ਤੋਂ ਮੁਆਫੀ ਮੰਗੀ ਕਿ ਮੇਰੀ ਵਜ੍ਹਾ ਕਰਕੇ ਤੁਹਾਡਾ ਸਮਾ ਬਰਬਾਦ ਹੋਇਆ ਹੈ ਤੇ ਸਾਹਮਣੇ ਬੈਠੇ ਹੋਣ ਦੇ ਬਾਵਯੂਦ ਤੁਹਾਨੂੰ ਆਪਣੀ ਕੋਈ ਪ੍ਰਵਾਰਕ ਗੱਲ ਕਰਨ ਦਾ ਵੀ ਮੌਕਾ ਨਹੀਂ ਮਿਲ ਸਕਿਆ। ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੇ ਕੋਈ ਗਿਲਾ ਕਰਨ ਦੀ ਬਜਾਏ ਖੁਸ਼ੀ ਹੀ ਜ਼ਾਹਰ ਕੀਤੀ ਕਿ ਸਾਨੂੰ ਪੰਥਕ ਵੀਚਾਰਾਂ ਸੁਣ ਕੇ ਜੋ ਖੁਸ਼ੀ ਹਾਸਲ ਹੋਈ ਹੈ ਉਹ ਸ਼ਾਇਦ ਪ੍ਰਵਾਰਕ ਗੱਲਾਂ ਕਰਕੇ ਵੀ ਨਾ ਹੁੰਦੀ। ਇਹ ਸੁਣ ਕੇ ਮੇਰਾ ਸਿਰ ਉਨ੍ਹਾਂ ਅੱਗੇ ਸਤਿਕਾਰ ਨਾਲ ਝੁਕ ਗਿਆ ਕਿ ਸਾਰੇ ਹੀ ਪ੍ਰਵਾਰਕ ਮੈਂਬਰ ਨਿਜੀ ਪ੍ਰਵਾਰਕ ਗੱਲਾਂ ਨਾਲੋਂ ਪੰਥਕ ਮਸਲਿਆਂ ਨੂੰ ਕਿੰਨੀ ਤਰਜੀਹ ਦੇ ਰਹੇ ਹਨ।

ਮੁਲਾਕਾਤ ਦੌਰਾਣ ਭਾਈ ਰਾਜੋਆਣਾ ਨੂੰ ਬੇਨਤੀ ਕੀਤੀ ਗਈ ਕਿ ਗੁਰਬਾਣੀ ਦੇ ਸਿਧਾਂਤ ਅਤੇ ਪੁਰਾਤਨ ਸਿੱਖ ਇਤਿਹਾਸ ਦੇ ਪਾਏ ਪੂਰਨਿਆਂ ’ਤੇ ਚੱਲ ਕਿ ਜਿਸ ਦ੍ਰਿੜਤਾ ਨਾਲ ਤੁਸੀਂ ਸੱਚ ’ਤੇ ਪਹਿਰਾ ਦਿੱਤਾ ਹੈ ਇਸ ਨੇ ਤੁਹਾਡੀ ਸ਼ਖਸ਼ੀਅਤ ਨੂੰ ਬਹੁਤ ਉਚਾ ਕਰ ਦਿੱਤਾ ਹੈ। ਇਸ ਸਮੇਂ ਤੁਹਾਡੇ ਵਲੋਂ ਕਿਹਾ ਗਿਆ ਅਤੇ ਲਿਖਿਆ ਗਿਆ ਇੱਕ ਇੱਕ ਸ਼ਬਦ ਕੌਮ ਦੀ ਜ਼ਮੀਰ ਨੂੰ ਜਗਾਉਣ ਦਾ ਕੰਮ ਕਰ ਰਿਹਾ ਹੈ। ਇਸ ਲਈ ਇਨ੍ਹਾਂ ਸ਼ਬਦਾਂ ਦੀ ਸਿਰਫ ਸਾਂਝੇ ਕੌਮੀ ਹਿੱਤਾਂ ਲਈ ਹੀ ਯੋਗ ਵਰਤੋਂ ਕੀਤੀ ਜਾਵੇ। ਵੀਚਾਰਧਾਰਕ ਵਖਰੇਵੇਂ ਕਾਰਣ ਪੰਥ ਦੀਆਂ ਦੂਸਰੀਆਂ ਧਿਰਾਂ ਨਾਲ ਵਿਵਾਦ ਨੂੰ ਚਲਦਾ ਰੱਖਣ ਨਾਲ ਹਮੇਸ਼ਾਂ ਉਚੀ ਸਖਸ਼ੀਅਤ ਨੂੰ ਹੀ ਢਾਹ ਲੱਗਦੀ ਹੈ। ਇਸ ਲਈ ਬੇਨਤੀ ਹੈ ਕਿ ਚੱਲ ਰਹੇ ਵਿਵਾਦ ਨੂੰ ਫੌਰਨ ਬੰਦ ਕਰ ਦਿੱਤਾ ਜਾਵੇ। ਭਾਈ ਰਾਜੋਆਣਾ ਜੀ ਦਾ ਜਵਾਬ ਵੀ ਬੜਾ ਹੀ ਤਰਕਪੂਰਣ ਸੀ। ਉਨ੍ਹਾਂ ਕਿਹਾ ਕਿ ਮੇਰਾ ਇਨ੍ਹਾਂ ਵੀਰਾਂ ਨਾਲ ਕੋਈ ਵਿਵਾਦ ਨਹੀਂ ਹੈ, ਸਿਰਫ ਇਹੋ ਹੀ ਕਹਿਣਾ ਹੈ ਕਿ ਜੇਲ੍ਹ ਵਿੱਚ ਸੈਂਕੜੇ ਹੋਰ ਵਿਅਕਤੀ ਹਨ ਜਿਹੜੇ ਬਾਹਰ ਕੋਈ ਨਾ ਕੋਈ ਅਪਰਾਧ ਕਰਕੇ ਆਏ ਹਨ ਪਰ ਅਦਾਲਤਾਂ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਉਹ ਉਸ ਕੀਤੇ ਅਪਰਾਧ ਤੋਂ ਮੁੱਕਰ ਜਾਂਦੇ ਹਨ ਤੇ ਵਕੀਲਾਂ ਰਾਹੀਂ ਆਪਣੇ ਇਸ ਝੂਠ ਨੂੰ ਸੱਚਾ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੇ ਅਪਰਾਧੀ ਸਜਾ ਤੋਂ ਬਚ ਵੀ ਜਾਂਦੇ ਹਨ ਤੇ ਜਿਹੜੇ ਝੂਠ ਨੂੰ ਸੱਚ ਸਿੱਧ ਕਰਨ ਵਿੱਚ ਸਫਲ ਨਹੀਂ ਹੁੰਦੇ ਉਹ ਆਪਣੀ ਕੋਸ਼ਿਸ਼ ਦੇ ਬਾਵਯੂਦ ਸਜਾ ਭੁਗਤਦੇ ਹਨ। ਭਾਈ ਰਾਜੋਆਣਾ ਦੀ ਦਲੀਲ ਸੀ ਕਿ ਆਮ ਅਪਰਾਧੀਆਂ ਦੀ ਤਰ੍ਹਾਂ ਸੰਘਰਸ਼ੀਲ ਯੋਧੇ ਆਪਣੇ ਕਿਸੇ ਨਿੱਜੀ ਹਿੱਤਾਂ ਦੀ ਪੂਰਤੀ ਜਾਂ ਵਿਕਾਰਾਂ ਦੇ ਅਧੀਨ ਹੋ ਕੇ ਕੋਈ ਅਪਰਾਧ ਨਹੀਂ ਕਰਦੇ, ਬਲਕਿ ਉਨ੍ਹਾਂ ਦੇ ਅਪਰਾਧ ਕਰਨ ਦਾ ਮਕਸਿਦ ਆਪਣੀ ਜਮਾਤ ਜਾਂ ਕੌਮ ਨਾਲ ਕੀਤੀ ਜਾ ਰਹੀ ਬੇਇਨਸਾਫੀ ਨੂੰ ਖਤਮ ਕਰਨਾ ਹੁੰਦਾ ਹੈ। ਇਨਸਾਫ ਦੀ ਮੰਗ ਲਈ ਕੀਤੇ ਗਏ ਅਪਰਾਧ ਪਿੱਛੋਂ ਫੜੇ ਜਾਣ ’ਤੇ, ਜੇ ਸੰਘਰਸ਼ੀਲ ਯੋਧੇ ਅਤੇ ਖਾਸ ਕਰਕੇ ਜਰਨੈਲ ਵੀ ਆਮ ਅਪਰਾਧੀਆਂ ਵਾਂਗ ਸਜਾ ਤੋਂ ਬਚਣ ਲਈ ਝੂਠ ਦਾ ਸਹਾਰਾ ਲੈਣ ਤਾਂ ਆਮ ਅਪਰਾਧੀਆਂ ਤੇ ਸੰਘਰਸ਼ੀਲ ਯੋਧਿਆਂ ਵਿੱਚ ਕੋਈ ਅੰਤਰ ਹੀ ਨਹੀਂ ਰਹਿ ਜਾਂਦਾ। ਉਨ੍ਹਾਂ ਹੋਰ ਕਿਹਾ ਕਿ ਫਾਂਸੀ ਦੀ ਸਜਾ ਪਾਉਣ ਪਿੱਛੋਂ ਤਾਂ ਸੰਘਰਸ਼ੀਲ ਯੋਧੇ ਲਈ ਜਾਬਰ ਸਰਕਾਰ ਦੀਆਂ ਬੇਇਨਸਾਫੀਆਂ ਵਿਰੁਧ ਸੱਚ ਬੋਲਣ ਦਾ ਉਹ ਸੁਨਿਹਰੀ ਮੌਕਾ ਮਿਲਦਾ ਹੈ ਜਿਹੜਾ ਹੋਰ ਕਿਸੇ ਵੀ ਸਟੇਜ ਤੋਂ ਪ੍ਰਾਪਤ ਨਹੀਂ ਹੋ ਸਕਦਾ।

ਭਾਈ ਰਾਜੋਆਣਾ ਨੇ ਕਿਹਾ ਕਿ ਜੇ ਕੋਈ ਇਸ ਮੌਕੇ ਨੂੰ ਪ੍ਰਾਪਤ ਕਰਨ ਦੀ ਥਾਂ ਕਾਨੂੰਨੀ ਦਾਅ ਪੇਚ ਖੇਡਦਿਆਂ ਕੋਈ ਝੂਠ ਦਾ ਸਹਾਰਾ ਲੈ ਕੇ ਆਪਣੀ ਜਾਨ ਬਚਾਉਣ ਲਈ ਆਪਣਾ ਕੇਸ ਲੜਨਾ ਵੀ ਚਾਹੁੰਦਾ ਹੈ ਤਾਂ ਵੀ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਬਸ਼ਰਤੇ ਕਿ ਉਹ ਇਸ ਸੰਘਰਸ਼ ਦੌਰਾਣ ਹੋਏ ਸ਼ਹੀਦਾਂ ਦੀ ਸ਼ਹੀਦੀ ਰੋਲਣ ਦਾ ਗੁਨਾਹ ਨਾ ਕਰਨ। ਉਨ੍ਹਾਂ ਕਿਹਾ ਮੇਰਾ ਭਾਈ ਜਗਤਾਰ ਸਿੰਘ ਹਵਾਰਾ ਨੂੰ ਇੱਕੋ ਸਵਾਲ ਹੈ ਕਿ ਉਹ ਭਾਈ ਦਿਲਾਵਰ ਸਿੰਘ ਨੂੰ ਸ਼ਹੀਦ ਮੰਨਦੇ ਹਨ ਜਾਂ ਨਹੀਂ? ਦੂਸਰਾ ਸਵਾਲ ਹੈ ਕਿ ਭਾਈ ਰੇਸ਼ਮ ਸਿੰਘ ਸਪਸ਼ਟ ਕਰੇ ਕਿ ਉਸ ਦਾ ਰਵੀ ਕੈਟ ਨਾਲ ਕੋਈ ਸਬੰਧ ਹੈ ਜਾਂ ਨਹੀਂ? ਪਰ ਇਹ ਵੀਰ ਮੇਰੇ ਇਨ੍ਹਾਂ ਸਵਾਲਾਂ ਦਾ ਸਿੱਧਾ ਜਵਾਬ ਦੇਣ ਦੀ ਥਾਂ ਹੋਰ ਹੋਰ ਕਿਸਮ ਦੇ ਦੋਸ਼ ਲਾਉਣ ਲੱਗ ਪੈਂਦੇ ਹਨ। ਹੁਣ ਜਦੋਂ ਤੱਕ ਉਹ ਮੇਰੇ ਇਨ੍ਹਾਂ ਦੋ ਸਵਾਲਾਂ ਦਾ ਉਤਰ ਦਿੱਤੇ ਬਿਨਾਂ ਹੋਰ ਦੋਸ਼ ਲਾਉਣਗੇ ਤਾਂ ਮੈਂ ਉਨ੍ਹਾਂ ਦਾ ਸਪਸ਼ਟੀਕਰਨ ਦਿੰਦਾ ਰਹਾਂਗਾ ਤੇ ਉਨ੍ਹਾਂ ਨੂੰ ਸਵਾਲ ਪੁਛਦਾ ਰਹਾਂਗਾ। ਪਰ ਜੇ ਉਹ ਦੋਸ਼ ਲਾਉਣੇ ਬੰਦ ਕਰ ਦੇਣਗੇ ਤਾਂ ਮੇਰੇ ਵੱਲੋਂ ਜਵਾਬ ਆਪਣੇ ਆਪ ਹੀ ਬੰਦ ਹੋ ਜਾਣਗੇ। ਭਾਈ ਸਾਹਿਬ ਦੀ ਇਸ ਦਲੀਲ ਨੂੰ ਕੱਟਣਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਆਪਣੇ ’ਤੇ ਲੱਗੇ ਦੋਸ਼ਾਂ ਦਾ ਸਪੱਸ਼ਟੀਕਰਨ ਦੇਣ ਦਾ ਹਰ ਇੱਕ ਦਾ ਮੁਢਲਾ ਅਧਿਕਾਰ ਹੈ। ਖਾਸ ਕਰਕੇ ਜਿਹੜਾ ਵਿਅਕਤੀ ਫਾਂਸੀ ਦੇ ਤਖ਼ਤੇ ’ਤੇ ਖੜ੍ਹਾ ਹੋਵੇ ਉਸ ਨੂੰ ਇਸ ਮੌਲਿਕ ਅਧਿਕਾਰ ਤੋਂ ਕਦਾਚਿਤ ਵਾਂਝਾ ਤਾਂ ਕੀ, ਉਸ ਨੂੰ ਕੁਝ ਦੇਰ ਤੱਕ ਸਬਰ ਕਰਨ ਲਈ ਵੀ ਨਹੀਂ ਕਿਹਾ ਜਾ ਸਕਦਾ। ਕਿਉਂਕਿ ਸਰਕਾਰ ਦਾ ਕੋਈ ਭਰੋਸਾ ਹੀ ਨਹੀਂ ਕਿ ਕਦੋਂ ਉਸ ਨੂੰ ਫਾਂਸੀ ’ਤੇ ਲਟਕਾ ਦੇਵੇ ਤੇ ਉਸ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਹੀ ਨਾ ਮਿਲੇ। ਇਸ ਤਰ੍ਹਾਂ ਕੋਈ ਵਿਅਕਤੀ ਆਪਣੀ ਕੌਮ ਲਈ ਫਾਂਸੀ ਵੀ ਚੜ੍ਹੇ ਤੇ ਆਪਣੇ ਹੀ ਸਾਥੀਆਂ ਵੱਲੋਂ ਲਾਏ ਗਏ ਦੋਸ਼ਾਂ ਦਾ ਸਪਸ਼ਟੀਕਰਨ ਦੇਣ ਦਾ ਮੌਕਾ ਵੀ ਉਸ ਨੂੰ ਨਾ ਦਿੱਤਾ ਜਾਵੇ ਤਾਂ ਇਹ ਉਸ ਲਈ ਵੱਡੀ ਬੇਇਨਸਾਫੀ ਹੋਵੇਗੀ। ਸੋ ਇਸ ਗੱਲਬਾਤ ਉਪ੍ਰੰਤ ਭਾਈ ਰਾਜੋਆਣਾ ਨੇ ਭਾਈ ਜਗਤਾਰ ਸਿੰਘ ਤਾਰਾ ਵੱਲੋਂ ਇੰਟਰਨੈੱਟ ’ਤੇ ਪਾਈ ਗਈ ਚਿੱਠੀ ਦਾ ਜਵਾਬ ਜੋ ਉਹ ਪਹਿਲਾਂ ਹੀ ਲਿਖੀ ਬੈਠੇ ਸਨ, ਉਹ ਭੈਣ ਕਮਲਦੀਪ ਕੌਰ ਨੂੰ ਫੜਾ ਦਿੱਤਾ।

ਦੂਸਰੀ ਬੇਨਤੀ ਕੀਤੀ ਗਈ ਕਿ ਤੁਸੀਂ ਕਾਂਗਰਸ ਨੂੰ ਵੋਟ ਪਾਉਣ ਵਾਲੇ ਜਾਂ ਕਿਸੇ ਸਿੱਧੇ ਅਸਿੱਧੇ ਢੰਗ ਨਾਲ ਸਮਰਥਨ ਕਰਨ ਵਾਲਿਆਂ ਦੀ ਸਖਤ ਅਲੋਚਨਾ ਕਰ ਰਹੇ ਹੋ। ਉਨ੍ਹਾਂ ਨੂੰ ਬਹੁਤ ਸਾਰੀਆਂ ਉਦਾਹਰਣਾ ਦੇ ਕੇ ਦੱਸਿਆ ਗਿਆ:- ਠੀਕ ਹੈ ਕਿ ਕਾਂਗਰਸ ਪਾਰਟੀ ਦੀ ਕੇਂਦਰ ਸਰਕਾਰ ਨੇ ਸਾਡੇ ਅਕਾਲ ਤਖ਼ਤ ’ਤੇ ਵਿਦੇਸ਼ੀ ਫੌਜਾਂ ਦੀ ਤਰ੍ਹਾਂ ਹਮਲਾ ਕਰਕੇ ਸਿੱਖਾਂ ਦੇ ਹਿਰਦੇ ਛਨਣੀ ਕੀਤੇ; ਇੰਦਰਾ ਦੀ ਮੌਤ ਉਪ੍ਰੰਤ ਸਿੱਖਾਂ ਦੀ ਨਸਲਕੁਸ਼ੀ ਕੀਤੀ; 28 ਸਾਲ ਦਾ ਸਮਾਂ ਲੰਘ ਜਾਣ ਪਿੱਛੋਂ ਵੀ ਕਤਲੇਆਮ ਦੇ ਕਿਸੇ ਦੋਸ਼ੀ ਨੂੰ ਸਜਾ ਨਾ ਦੇ ਕੇ ਸਾਨੂੰ ਇਸ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ। ਪਰ ਇਸ ਸਭ ਕਾਸੇ ਲਈ ਭਾਜਪਾ ਵੀ ਉਨ੍ਹੀ ਹੀ ਦੋਸ਼ੀ ਹੈ ਜਿੰਨੀ ਕਿ ਕਾਂਗਰਸ। ਆਪਣੇ ਇਸ ਦੋਸ਼ ਨੂੰ ਇਸ ਦੇ ਮੁਖ ਆਗੂ ਐੱਲ.ਕੇ. ਅਡਵਾਨੀ ਆਪਣੀ ਪੁਸਤਕ ਵਿੱਚ ਲਿਖਤੀ ਰੂਪ ’ਚ ਮੰਨ ਵੀ ਚੁੱਕੇ ਹਨ। ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਕਾਂਗਰਸ ਤੋਂ ਕੋਈ ਘੱਟ ਦੋਸ਼ੀ ਨਹੀਂ ਹੈ। ਜੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਨਹੀਂ ਦਿੱਤੀਆਂ ਤਾਂ ਅਕਾਲੀ ਦਲ ਦੀ ਭਾਈਵਾਲੀ ਵਾਲੀ ਐੱਨਡੀਏ ਸਰਕਾਰ ਨੇ ਵੀ ਆਪਣੇ 6 ਸਾਲ ਦੇ ਕਾਰਜਕਾਲ ਦੌਰਾਣ ਕਿਸੇ ਦੋਸ਼ੀ ਨੂੰ ਕੋਈ ਸਜਾ ਨਹੀਂ ਦਿੱਤੀ ਤੇ ਨਾਂ ਹੀ ਦੋਸ਼ੀਆਂ ਨੂੰ ਬਚਾਉਣ ਲਈ ਸਬੂਤ ਖਤਮ ਕਰਨ ਵਾਲੇ ਕਿਸੇ ਪੁਲਿਸ ਮੁਲਾਜਮ ਜਾਂ ਅਧਿਕਾਰੀ ਵਿਰੁਧ ਕੋਈ ਕਾਰਵਾਈ ਕੀਤੀ ਹੈ। ਹੋਰ ਤਾਂ ਹੋਰ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬਾਦਲ ਦਲ ਵੱਲੋਂ ਚੋਣ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਉਪ੍ਰੰਤ, ਪਿਛਲੇ ਡੇਢ ਦਹਾਕੇ ਦੌਰਾਨ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਕੇ ਪੀੜਤ ਪ੍ਰੀਵਾਰਾਂ ਨੂੰ ਇਨਸਾਫ ਦਿੱਤਾ ਜਾਵੇਗਾ।

ਪਰ ਹੋਇਆ ਇਸ ਦੇ ਉਲਟ ਕੇ ਝੂਠੇ ਮੁਕਾਬਲਿਆਂ ਦਾ ਸੱਚ ਜੱਗ ਜ਼ਾਹਰ ਕਰਨ ਲਈ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਹੇਠ ਬਣੇ ਗੈਰ ਸਰਕਾਰੀ ਕਮਿਸ਼ਨ ਨੂੰ ਬਾਦਲ ਸਰਕਾਰ ਨੇ ਆਉਂਦੇ ਸਾਰ ਹੀ ਭੰਗ ਕਰਵਾ ਦਿੱਤਾ ਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਸਰਕਾਰੀ ਖਰਚੇ ’ਤੇ ਕੇਸ ਲੜੇ ਗਏ। ਸ: ਬਾਦਲ ਦੀ 1997 ਤੋਂ ਬਾਅਦ ਤੀਸਰੀ ਵਾਰ ਸਰਕਾਰ ਬਣੀ ਹੈ ਤੇ ਹਰ ਵਾਰ ਝੂਠੇ ਪੁਲਿਸ ਮੁਕਾਬਿਲਆਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮਲਾਈਦਾਰ ਅਹੁੱਦੇ ਬਖਸ਼ ਕੇ ਇਨਾਮ ਹੀ ਦਿੱਤੇ ਜਾ ਰਹੇ ਹਨ। ਹੁਣ ਤਾਂ ਹੱਦ ਦੀ ਸਿਖਰ ਹੋ ਗਈ ਹੈ ਕਿ ਸਭ ਤੋਂ ਵੱਧ ਵਿਵਾਦਤ ਰਹੇ ਸੁਮੇਧ ਸੈਣੀ ਨੂੰ ਡੀਜੀਪੀ ਦਾ ਅਹੁੱਦਾ ਅਤੇ ਇਜ਼ਹਾਰ ਆਲਮ ਦੀ ਪਤਨੀ ਨੂੰ ਵਿਧਾਇਕ ਬਣਾਉਣ ਤੋਂ ਬਾਅਦ ਚੀਫ ਪਾਰਲੀਮੈਂਟਰੀ ਸਕੱਤਰ ਦਾ ਅਹੁੱਦਾ ਬਖਸ਼ ਦਿੱਤਾ ਗਿਆ ਹੈ, ਜਦੋਂ ਕਿ ਬਹੁਤ ਸਾਰੇ ਟਕਸਾਲੀ ਆਗੂ ਚਾਰ ਚਾਰ ਵਾਰ ਵਿਧਾਇਕ ਬਣਨ ਉਪ੍ਰੰਤ ਵੀ ਕਿਸੇ ਲਾਲ ਬੱਤੀ ਵਾਲੀ ਕਾਰ ਨੂੰ ਤਰਸਦੇ ਰਹੇ ਹਨ। ਅਜਿਹੇ ਕੇਸ ਵਿੱਚ ਕਾਂਗਰਸ ਭਾਜਪਾ ਅਤੇ ਬਾਦਲ ਦਲ ਵਿੱਚ ਅੰਤਰ ਹੀ ਕੀ ਰਹਿ ਜਾਂਦਾ ਹੈ? ਸੋ ਨਿਰੋਲ ਕਾਂਗਰਸ ਦੇ ਵਿਰੋਧ ਨਾਲ ਪੰਥ ਨੂੰ ਕੋਈ ਲਾਭ ਮਿਲਣ ਦੀ ਥਾਂ ਕਾਂਗਰਸ ਵਿਰੋਧੀ ਭਾਜਪਾ-ਅਕਾਲੀ ਗਠਜੋੜ ਨੂੰ ਹੀ ਲਾਭ ਮਿਲ ਰਿਹਾ ਹੈ। ਅਤੇ ਤੁਹਾਡੇ ਵੱਲੋਂ ਭਾਜਪਾ-ਅਕਾਲੀ ਦਲ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਜ਼ਿਕਰ ਕੀਤੇ ਬਿਨਾਂ ਸਿਰਫ ਕਾਂਗਰਸ ਵਿਰੋਧੀ ਸਟੈਂਡ ਲਏ ਜਾਣ ਕਰਕੇ ਬਹੁਤ ਸਾਰੇ ਸਿਆਸੀ ਵਿਸ਼ਲੇਸ਼ਕ ਤੁਹਾਡੇ ’ਤੇ ਭਾਜਪਾ-ਅਕਾਲੀ ਗਠਜੋੜ ਦੇ ਇਸ਼ਾਰੇ ’ਤੇ ਚੱਲਣ ਦਾ ਦੋਸ਼ ਲਾ ਰਹੇ ਹਨ। ਬੇਸ਼ੱਕ ਮੈਂ ਇਸ ਦੋਸ਼ ਨੂੰ ਨਿਰਮੂਲ ਮੰਨ ਰਿਹਾ ਹਾਂ ਪਰ ਫਿਰ ਵੀ ਇਨ੍ਹਾਂ ਸ਼ੰਕਿਆਂ ਨਾਲ ਤੁਹਾਡੀ ਸ਼ਖਸ਼ੀਅਤ ਨੂੰ ਖੋਰਾ ਲੱਗੇਗਾ। ਭਾਈ ਰਾਜੋਆਣਾ ਨੇ ਇਸ ਵੀਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਿਆਂ ਕਿਹਾ ਕਿ ਉਹ ਕਾਂਗਰਸ ਤੇ ਭਾਜਪਾ ਨੂੰ ਸਿੱਖਾਂ ਦੇ ਬਰਾਬਰ ਦੇ ਦੁਸ਼ਮਣ ਮੰਨ ਰਹੇ ਹਨ। ਇਸੇ ਲਈ 21 ਅਪ੍ਰੈਲ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖੀ ਆਪਣੀ ਚਿੱਠੀ ਵਿੱਚ ਉਨ੍ਹਾਂ ਮੰਗ ਕੀਤੀ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਕੀਤਾ ਜਾਵੇ ਕਿ ਕੋਈ ਵੀ ਸਿੱਖ, ਸਿੱਖ ਵਿਰੋਧੀ ਕਾਂਗਰਸ ਅਤੇ ਭਾਜਪਾ ਨਾਲ ਕੋਈ ਰਾਜਸੀ ਤਾਲਮੇਲ ਨਾ ਰੱਖੇ। ਉਸੇ ਹੀ ਚਿੱਠੀ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਉਨ੍ਹਾਂ ਇਹ ਵੀ ਬੇਨਤੀ ਕੀਤੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਦਾਇਤ ਕੀਤੀ ਜਾਵੇ ਕਿ ਸੁਮੇਧ ਸੈਣੀ ਨੂੰ ਡੀਜੀਪੀ ਦੇ ਅਹੁੱਦੇ ਤੋਂ ਤੁਰੰਤ ਫਾਰਗ ਕੀਤਾ ਜਾਵੇ।

ਇੱਥੋਂ ਤੱਕ ਗੱਲਬਾਤ ਬਹੁਤ ਹੀ ਵਧੀਆ ਮਾਹੌਲ ਵਿੱਚ ਰਹੀ। ਪਰ ਮੈਨੂੰ ਕੁਝ ਬੇਚੈਨੀ ਉਸ ਸਮੇਂ ਹੋਈ ਜਿਸ ਵਕਤ ਰਾਤ ਨੂੰ ਭੈਣ ਕਮਲਦੀਪ ਕੌਰ ਦਾ ਫ਼ੋਨ ਆ ਗਿਆ ਤੇ ਉਨ੍ਹਾਂ ਕਿਹਾ ਵੀਰ ਜੀ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਜਿਸ ਮਨੁਖ ਨੇ ਕਾਂਗਰਸ ਨੂੰ ਵੋਟ ਪਾਈ ਹੈ ਉਸ ਨਾਲ ਅਸੀਂ ਕੋਈ ਗੱਲ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਸ ਨੇ ਅਕਾਲ ਤਖ਼ਤ ਨੂੰ ਪਿੱਠ ਦੇ ਕੇ ਦਿੱਲੀ ਤਖ਼ਤ ਵੱਲ ਮੂੰਹ ਕੀਤਾ ਹੋਇਆ ਹੈ। ਇਹ ਅਖੌਤੀ ਪੰਥਕ ਜਥੇਬੰਦੀਆਂ ਅਕਾਲ ਤਖ਼ਤ ਨਾਲ ਟੱਕਰ ਲੈਣ ਤੋਂ ਬਿਨਾਂ ਹੋਰ ਕੋਈ ਪੰਥਕ ਸੇਵਾ ਨਹੀਂ ਕਰ ਰਹੀਆਂ। ਭੈਣ ਜੀ ਨੂੰ ਬੇਨਤੀ ਕੀਤੀ ਕਿ ਅਕਾਲ ਤਖ਼ਤ ਨੂੰ ਪਿੱਠ ਦੇਣ ਅਤੇ ਅਕਾਲ ਤਖ਼ਤ ਨਾਲ ਟੱਕਰ ਲੈਣ ਦੇ ਆਮ ਵਰਤੇ ਜਾ ਰਹੇ ਸ਼ਬਦਾਂ ਦੀ ਸਿਧਾਂਤਕ ਪੱਖ ਤੋਂ ਪੜਚੋਲ ਕਰਨ ਦੀ ਲੋੜ ਹੈ। ਕਿਸੇ ਸਿਆਸੀ ਪਾਰਟੀ ਨੂੰ ਵੋਟ ਪਾਉਣ ਜਾਂ ਸਿਆਸੀ ਪਾਰਟੀ ਵੱਲੋਂ ਨਿਯੁਕਤ ਕੀਤੇ ਜਥੇਦਾਰ ਦੀਆਂ ਮਨੁੱਖੀ ਕਮਜੋਰੀਆਂ ਨੂੰ ਉਜਾਗਰ ਕਰਨਾ ਕਦਾਚਿਤ ਅਕਾਲ ਤਖ਼ਤ ਨੂੰ ਸਮ੍ਰਪਤ ਹੋਣਾ; ਜਾਂ ਪਿੱਠ ਦੇਣਾ ਨਹੀਂ ਕਿਹਾ ਜਾ ਸਕਦਾ। ਨਾ ਹੀ ਸਿਆਸੀ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਦੇ ਇੱਕ ਪਾਸੜ ਹੁਕਮਨਾਮਿਆਂ ਦੀ ਨੁਕਤਾਚੀਨੀ ਕਰਨ ਨੂੰ ਅਕਾਲ ਤਖ਼ਤ ਨਾਲ ਟੱਕਰ ਲੈਣਾ ਕਿਹਾ ਜਾ ਸਕਦਾ ਹੈ। ਇਨ੍ਹਾਂ ਦੀ ਅਖੌਤੀ ਸਰਬਉਚਤਾ ਦਾ ਹਾਲ ਇਹ ਹੈ ਕਿ ਸਤਾਧਾਰੀ ਅਕਾਲੀਆਂ ਵੱਲੋਂ ਗਿਆਨੀ ਸਾਧੂ ਸਿੰਘ ਭੌਰਾ ਨੂੰ ਗੁਸਲਖਾਨੇ ’ਚ ਇਸ਼ਨਾਨ ਕਰਨ ਜਾਂਦੇ ਨੂੰ ਰੋਕ ਕੇ ਨਹਾਉਣ ਤੋਂ ਪਹਿਲਾਂ ਅਸਤੀਫੇ ’ਤੇ ਦਸਤਖ਼ਤ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਭਾਈ ਮਨਜੀਤ ਸਿੰਘ ਨੂੰ ਬਾਦਲ ਨਾਲ ਆਈ ਭੀੜ ਗੰਦੀਆਂ ਗਾਲਾਂ ਕਢਦੀ ਹੈ ਤੇ ਉਸ ਨੂੰ ਆਪਣੀ ਜਾਨ ਬਚਾਉਣ ਲਈ ਦਰਸ਼ਨੀ ਡਿਊਡੀ ਦੇ ਇੱਕ ਕਮਰੇ ਵਿੱਚ ਵੜ ਕੇ ਅੰਦਰੋਂ ਕੁੰਡੀ ਲਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਭਾਈ ਰਾਣਜੀਤ ਸਿੰਘ ਜੇ ਸਿਰਫ ਇਹ ਆਦੇਸ਼ ਦਿੰਦੇ ਹਨ ਕਿ ਖ਼ਾਲਸਾ ਸਾਜਨਾ ਤ੍ਰੈਸ਼ਤਾਬਦੀ ਸਮੁੱਚੇ ਪੰਥ ਵੱਲੋਂ ਮਿਲ ਕੇ ਮਨਾਉਣ ਨੂੰ ਯਕੀਨੀ ਬਣਾਉਣ ਲਈ 15 ਅਪ੍ਰੈਲ 1999 ਤੱਕ ਇੱਕ ਦੂਜੇ ਵਿਰੁਧ ਬਿਆਨਬਾਜ਼ੀ ਕਰਨੀ ਬੰਦ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਮੌਜੂਦਾ ਅਹੁੱਦੇਦਾਰਾਂ ਦੀ ਸਥਿਤੀ ਬਹਾਲ ਰੱਖੀ ਜਾਵੇ ਭਾਵ 15 ਅਪ੍ਰੈਲ ਤੱਕ ਕੋਈ ਬਦਲਾਅ ਕਰਨ ਦਾ ਯਤਨ ਨਾ ਕੀਤਾ ਜਾਵੇ। ਤਾਂ ਭਾਈ ਰਣਜੀਤ ਸਿੰਘ ਦੇ ਸਿਰਫ ਇਸ ਦੋਸ਼ ਕਾਰਣ 15 ਵਿੱਚੋਂ ਬਾਦਲ ਪੱਖੀ 8 ਕਾਰਜਕਾਰੀ ਕਮੇਟੀ ਮੈਂਬਰਾਂ ਨੇ ਮਤਾ ਪਾਸ ਕਰਕੇ ੳੇਸ ਨੂੰ ਤੁਰੰਤ ਅਹੁੱਦੇ ਤੋਂ ਫਾਰਗ ਕਰ ਦਿੱਤਾ।

ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਤੋਂ ਰੋਕਣ ਲਈ ਗਿਆਨੀ ਪੂਰਨ ਸਿੰਘ ਨੇ ਬੀਬੀ ਜੰਗੀਰ ਕੌਰ ਤੇ ਉਸ ਦੇ ਹਮਾਇਤੀ ਕੁਝ ਮੈਂਬਰਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਤਾਂ ਭਾਈ ਰਣਜੀਤ ਸਿੰਘ ਵਾਂਗ ਉਸ ਨੂੰ ਵੀ 10 ਮੈਂਬਰਾਂ ਨੇ ਅਹੁਦੇ ਤੋਂ ਮੁਕਤ ਕਰਕੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਨਿਯੁਕਤ ਕਰ ਦਿੱਤਾ। ਉਸ ਨੇ ਆਉਂਦਿਆਂ ਸਾਰ ਗਿਆਨੀ ਪੂਰਨ ਸਿੰਘ ਵੱਲੋਂ ਜਾਰੀ ਕੀਤੇ ਸਾਰੇ ਹੁਕਮਨਾਮੇ ਰੱਦ ਕਰ ਦਿੱਤੇ। ਅਚਾਨਕ ਸੰਤ ਸਮਾਜ ਨਾਲ ਹੋਏ ਸਮਝੌਤੇ ਅਧੀਨ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਅਤੇ ਸਿਰਸਾ ਡੇਰਾ ਵਿਰੁੱਧ ਜਾਰੀ ਹੁਕਮਨਾਮੇ ਵਿੱਚ ਢਿੱਲ ਦਿਵਾਉਣ ਦੇ ਮਨਸੇ ਨਾਲ ਗਿਆਨੀ ਵੇਦਾਂਤੀ ਨੂੰ ਹਟਾਉਣ ਦਾ ਮਨਸੂਬਾ ਘੜਿਆ ਗਿਆ ਤਾਂ ਦੋ ਮੈਂਬਰ ਰਾਤ ਦੇ 10 ਵਜੇ ਉਸ ਦੇ ਘਰ ਆਏ ਤੇ ਸੌਣ ਦੀ ਤਿਆਰੀ ਕਰ ਰਹੇ ਵੇਦਾਂਤੀ ਜੀ ਨੂੰ ਅਸਤੀਫੇ ’ਤੇ ਦਸਤਖਤ ਕਰਨ ਲਈ ਮਜ਼ਬੂਰ ਕੀਤਾ। ਵੇਦਾਂਤੀ ਜੀ ਨੇ ਬਹੁਤੇਰੀਆਂ ਲੇਲੜੀਆਂ ਕੱਢੀਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਤਿੰਨ ਸੌ ਸਾਲਾ ਗੁਰਤਾਗੱਦੀ ਦਿਹਾੜੇ ਵਿੱਚ ਸਿਰਫ ਦੋ ਮਹੀਨੇ ਰਹਿੰਦੇ ਹਨ ਉਸ ਤੋਂ ਬਾਅਦ ਉਹ ਖ਼ੁਦ ਹੀ ਅਸਤੀਫਾ ਦੇ ਦੇਣਗੇ ਪਰ ਇਸ ਮੌਕੇ ਜ਼ਬਰਦਸਤੀ ਅਸਤੀਫਾ ਲੈ ਕੇ ਉਸ ਦੀ ਬੇਇਜਤੀ ਨਾ ਕੀਤੀ ਜਾਵੇ। ਪਰ ਉਨ੍ਹਾਂ ਮੈਂਬਰਾਂ ਨੇ ਸਰਬਉਚ ਜਥੇਦਾਰ ਜੀ ਦੀ ਇੱਕ ਨਾ ਸੁਣੀ ਤੇ ਧਮਕੀ ਦਿੱਤੀ ਕਿ ਸਿੱਧਾ ਹੋ ਕੇ ਦਸਖ਼ਤ ਕਰ ਦੇਹ ਨਹੀਂ ਤਾਂ ਸਵੇਰੇ ਤੁਹਾਡਾ ਹਸ਼ਰ ਭਾਈ ਰਣਜੀਤ ਸਿੰਘ ਤੇ ਗਿਆਨੀ ਪੂਰਨ ਸਿੰਘ ਵਰਗਾ ਹੋ ਸਕਦਾ ਹੈ। ਹੋਰ ਵੇਖੋ ਕਿ ਇੰਨੀ ਬੇਇਜਤੀ ਕਰਵਾਉਣ ਪਿੱਛੋਂ ਵੀ ਗਿਆਨੀ ਵੇਦਾਂਤੀ ਜੀ ਆਪਣੇ ਅਸਤੀਫੇ ਵਿੱਚ ਰਾਤ ਨੂੰ ਹੋਏ ਬੀਤੇ ਦਾ ਸੱਚ ਬਿਆਨ ਨਾ ਕਰ ਸਕੇ ਤੇ ਉਨ੍ਹਾਂ ਤੋਂ ਇਹ ਝੂਠ ਲਿਖਵਾਇਆ ਗਿਆ ਕਿ ਸਿਹਤ ਕਾਰਣਾਂ ਕਰਕੇ ਉਹ ਅਸਤੀਫਾ ਦੇ ਰਹੇ ਹਨ। ਗਿਆਨੀ ਗੁਰਬਚਨ ਸਿੰਘ ਦੀ ਵੀ ਜਦੋਂ ਕੱਲ੍ਹ ਨੂੰ ਬਾਰੀ ਆਈ ਤਾਂ ਇਸ ਦਾ ਹਸ਼ਰ ਵੀ ਆਪਣੇ ਤੋਂ ਪਹਿਲੇ ਜਥੇਦਾਰਾਂ ਨਾਲੋਂ ਕੋਈ ਵੱਖਰਾ ਨਹੀਂ ਹੋਵੇਗਾ।

ਭੈਣ ਜੀ ਨੂੰ ਬੇਨਤੀ ਕੀਤੀ ਗਈ ਕਿ ਜੇ ਤੁਹਾਨੂੰ ਸ਼ੱਕ ਹੈ ਤਾਂ ਭਾਈ ਰਾਜੋਆਣਾ ਵੱਲੋਂ 21 ਅਪ੍ਰੈਲ ਵਾਲੀ ਚਿੱਠੀ ਦੀ ਭਾਵਨਾ ਅਨੁਸਾਰ ਜਥੇਦਾਰ ਤੋਂ ਆਦੇਸ਼ ਜਾਰੀ ਕਰਵਾ ਕੇ ਵੇਖ ਲਵੋ। ਭੈਣ ਜੀ ਦਾ ਉੱਤਰ ਸੀ ਕਿ ਉਹ ਇਹ ਆਦੇਸ਼ ਤਾਂ ਹੀ ਜਾਰੀ ਕਰ ਸਕਦੇ ਹਨ ਜੇ 23 ਮਾਰਚ ਦੀ ਤਰ੍ਹਾਂ ਸਾਰੀਆਂ ਜਥੇਬੰਦੀਆਂ ਅਕਾਲ ਤਖ਼ਤ ਨੂੰ ਲਿਖ ਕੇ ਆਪਣੇ ਸੁਝਾਉ ਦੇਣ। ਉਨ੍ਹਾਂ ਨੂੰ ਨਿਮ੍ਰਤਾ ਸਹਿਤ ਬੇਨਤੀ ਕੀਤੀ ਗਈ ਕਿ ਪਹਿਲੀ ਗੱਲ ਤਾਂ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਲਿਖਤੀ ਰੂਪ ਵਿੱਚ ਜਥੇਦਾਰ ਜੀ ਨੂੰ ਬੇਨਤੀ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪੰਚ ਪ੍ਰਧਾਨੀ ਦੀ ਸਮੁੱਚੀ ਲੀਡਰਸ਼ਿਪ ਨੇ ਸਰਬਸੰਮਤੀ ਨਾਲ ਅਤੇ ਪੰਥਕ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲੇ ਨੇ ਭਾਈ ਰਾਜੋਆਣਾ ਦੇ ਵੀਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਜਥੇਦਾਰ ਜੀ ਨੂੰ ਇਸ ’ਤੇ ਅਮਲ ਕਰਨ ਦੀ ਬੇਨਤੀ ਕਰਦੇ ਬਿਆਨ ਅਖ਼ਬਾਰਾਂ ਵਿੱਚ ਛੱਪ ਚੁਕੇ ਹਨ। ਬੱਬਰ ਖਾਲਸਾ ਦੀ ਭਾਰਤ ਵਿਚਲੀ ਲੀਡਰਸ਼ਿਪ ਜੇਲ੍ਹਾਂ ਵਿੱਚ ਬੰਦ ਹੈ ਜਾਂ ਉਹ ਉਹ ਵਿਦੇਸ਼ਾਂ ਵਿੱਚ ਬੈਠੇ ਹਨ। ਕੁਝ ਜਥੇਬੰਦੀਆਂ, ਸਿਆਸੀ ਧਿਰ ਵੱਲੋਂ ਰਾਤੋ ਰਾਤ ਬਦਲੇ ਜਾਣ ਵਾਲੇ ਜਥੇਦਾਰਾਂ ਨੂੰ ਕੋਈ ਅਹਿਮੀਅਤ ਦੇਣ ਲਈ ਤਿਆਰ ਨਹੀਂ ਹਨ। ਬਾਕੀ ਦੀਆਂ ਜਥੇਬੰਦੀਆਂ ਬਾਦਲ ਦਲ ਦੇ ਕਿਸੇ ਨਾ ਕਿਸੇ ਰੂਪ ਵਿੱਚ ਵਿੰਗ ਜਾਂ ਸਹਿਯੋਗੀ ਹਨ। ਬਾਦਲ ਦੇ ਇਸ਼ਾਰੇ ਤੋਂ ਬਿਨਾਂ ਉਨ੍ਹਾਂ ਨੇ ਜਬਾਨ ਨਹੀਂ ਖੋਲ੍ਹਣੀ। ਇਸ ਦਾ ਭਾਵ ਇਹ ਹੋਇਆ ਕਿ ਬਾਦਲ ਦਲ ਦੀ ਸਹਿਮਤੀ ਤੋਂ ਬਿਨਾਂ ਕੋਈ ਹੁਕਮਨਾਮਾ ਜਾਂ ਆਦੇਸ਼ ਜਾਰੀ ਨਹੀਂ ਹੋਵੇਗਾ।

ਦੂਸਰੀ ਗੱਲ ਹੈ ਕਿ ਜਦੋਂ ਇਨ੍ਹਾਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਣਾ ਹੋਵੇ, ਪ੍ਰੋ: ਸਰਬਜੀਤ ਸਿੰਘ ਧੂੰਦਾ ਦੇ ਪ੍ਰਚਾਰ ’ਤੇ ਪਾਬੰਦੀ ਲਾਉਣੀ ਹੋਵੇ, ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣਾ ਹੋਵੇ ਉਸ ਸਮੇਂ ਇਨ੍ਹਾਂ ਨੂੰ ਕਿਸੇ ਜਥੇਬੰਦੀਆਂ ਤੋਂ 23 ਮਾਰਚ ਵਾਂਗ ਲਿਖਤੀ ਸੁਝਾਉ ਲੈਣ ਦੀ ਕੋਈ ਲੋੜ ਮਹਿਸੂਸ ਕਿਉਂ ਨਹੀਂ ਹੁੰਦੀ। ਪਰ ਜਿਸ ਸਮੇਂ ਪੰਥਕ ਹਿਤਾਂ ਵਿੱਚ ਕੋਈ ਆਦੇਸ਼ ਜਾਰੀ ਕਰਨਾ ਪਵੇ ਜਿਹੜਾ ਕਿ ਬਾਦਲ ਦਲ ਦੇ ਹਿਤਾਂ ਦੇ ਅਨੂਕੂਲ ਨਾ ਹੋਵੇ ਤਾਂ ਉਸ ਤੋਂ ਟਾਲਾ ਵੱਟਣ ਲਈ ਸਮੁੱਚੀਆਂ ਜਥੇਬੰਦੀਆਂ ਤੋਂ ਲਿਖਤੀ ਸੁਝਾਉ ਆਉਣ ਦੀ ਮੰਗ ਰੱਖ ਦਿੱਤੀ ਜਾਂਦੀ ਹੈ। ਪੰਜ ਫਰਵਰੀ ਅਤੇ ਦੋ ਮਾਰਚ 1012 ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਬਿਆਨ ਦੇ ਚੁੱਕੇ ਹਨ ਕਿ ਅਕਾਲ ਤਖ਼ਤ ’ਤੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਅਕਾਲ ਤਖ਼ਤ ਤੋਂ ਇੱਕ ਪਾਸੜ ਫੈਸਲੇ ਹੁੰਦੇ ਹਨ। ਉਨ੍ਹਾਂ ਦੇ ਇਹ ਬਿਆਨ ਕਰਮਵਾਰ 6 ਫਰਵਰੀ ਅਤੇ 3 ਮਾਰਚ ਦੇ ਅਖ਼ਬਾਰਾਂ ਤੇ ਹੋਰ ਪੰਥਕ ਵੈੱਬਸਾਈਟਾਂ ’ਤੇ ਛਪ ਚੁੱਕੇ ਹਨ। ਵਿੱਚ ਪਰ ਇਸ ਦੇ ਬਾਵਯੂਦ ਜੇ ਜਥੇਦਾਰ ਸਾਹਿਬ ਸਮੁੱਚੀਆਂ ਜਥੇਬੰਦੀਆਂ ਤੋਂ ਲਿਖਤੀ ਸੁਝਾਉ ਲੈਣ ਲਈ ਉਸੇ ਤਰ੍ਹਾਂ ਪੰਥ ਨੂੰ ਸੱਦਾ ਦੇਣ ਜਿਸ ਤਰ੍ਹਾਂ 23 ਮਾਰਚ ਨੂੰ ਦਿੱਤਾ ਗਿਆ ਸੀ ਤਾਂ ਉਨ੍ਹਾਂ ਦੀ ਇਹ ਸ਼ਰਤ ਵੀ ਪੂਰੀ ਹੋ ਜਾਵੇਗੀ। ਜਿਸ ਸਮੇਂ ਅਕਾਲ ਤਖ਼ਤ ਤੋਂ ਕਾਂਗਰਸ ਤੇ ਭਾਜਪਾ ਨਾਲ ਕੋਈ ਰਾਜਨੀਤਕ ਸਬੰਧ ਰੱਖਣ ਦਾ ਪੰਥ ਲਈ ਆਦੇਸ਼ ਜਾਰੀ ਹੋ ਗਿਆ ਉਸ ਤੋਂ ਬਾਅਦ ਜੇ ਕੋਈ ਸਿੱਖ, ਕਾਂਗਰਸ ਜਾਂ ਭਾਜਪਾ ਨਾਲ ਸਬੰਧ ਰੱਖਦਾ ਹੈ ਤਾਂ ਉਹ ਦੋਸ਼ੀ ਹੋਵੇਗਾ ਪਰ ਬਿਨਾਂ ਆਦੇਸ਼ ਜਾਰੀ ਹੋਏ, ਸਿਰਫ ਇੱਕ ਧਿਰ ਨੂੰ ਦੋਸ਼ੀ ਗਰਦਾਨਣਾ ਵਾਜਬ ਨਹੀਂ ਹੈ।

ਮੈਂ ਸਮਝਦਾ ਹਾਂ ਕਿ ਐਸਾ ਆਦੇਸ਼ ਜਾਰੀ ਹੋਣਾ ਪੰਥ ਦੇ ਹਿੱਤਾਂ ਵਿੱਚ ਹੈ। ਜੇ ਐਸਾ ਹੋ ਜਾਵੇ ਤਾਂ ਆਪਸੀ ਵਿਰੋਧੀਆਂ ਦੇ ਟਾਕਰੇ ਲਈ ਸਿੱਖ ਵਿਰੋਧੀ ਕਾਂਗਰਸ ਅਤੇ ਭਾਜਪਾ ਦੀ ਵੈਸਾਖੀਆਂ ਤੇ ਚੱਲਣ ਵਾਲੇ ਅਕਾਲੀ ਦਲ ਉਨ੍ਹਾਂ ਤੋਂ ਦੂਰੀ ਬਣਾ ਕੇ ਇੱਕ ਸਾਂਝਾ ਅਕਾਲੀ ਦਲ ਹੋਂਦ ਵਿੱਚ ਲਿਆ ਸਕਦੇ ਹਨ ਜਿਸ ਦਾ ਖਾਸਾ 1920 ਵਿੱਚ ਬਣਾਏ ਸ਼੍ਰੋਮਣੀ ਅਕਾਲੀ ਦਲ ਵਾਲਾ ਹੋਵੇ। ਜੇ ਇਸ ਤਰ੍ਹਾਂ ਸੰਭਵ ਹੋ ਗਿਆ ਤਾਂ ਇਸ ਸਮੇਂ ਲਟਕਦੀਆਂ ਲੋਕ ਸਭਾਵਾਂ ਵਿੱਚ ਜਦੋਂ ਕਿ ਇੱਕ ਇੱਕ ਮੈਂਬਰ ਦੀ ਭਾਰੀ ਕੀਮਤ ਪੈਂਦੀ ਹੈ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈ ਲਲਿਤਾ ਵਾਂਗ ਆਪਣੇ ਬਲ ਨਾਲ ਪੰਜਾਬ ਵਿੱਚ ਸਤਾਧਾਰੀ ਵੀ ਬਣ ਸਕਦਾ ਹੈ ਤੇ ਭਾਜਪਾ ਅਤੇ ਕਾਂਗਰਸ ਦੋਵਾਂ ਤੋਂ ਹੀ ਡੰਡੇ ਦੇ ਜੋਰ ਪੰਜਾਬ ਅਤੇ ਪੰਥ ਦੀਆਂ ਮੰਗਾਂ ਵੀ ਮਨਾ ਸਕਦਾ ਹੈ। ਪਰ ਮੈਨੂੰ ਪੂਰਾ ਯਕੀਨ ਹੈ ਕਿ ਜਥੇਦਾਰ ਜੀ ਇਸ ਤਰ੍ਹਾਂ ਦਾ ਕੋਈ ਆਦੇਸ਼ ਜਾਂ ਹੁਕਨਾਮਾ ਜਾਰੀ ਨਹੀਂ ਕਰ ਸਕਣਗੇ ਕਿਉਂਕਿ ਇਸ ਤਰ੍ਹਾਂ ਇੱਕ ਪ੍ਰਵਾਰ ਦੀ ਇਜਾਰੇਦਾਰੀ ਟੁੱਟ ਸਕਦੀ ਹੈ। ਇਸ ਹਾਲਤ ਵਿੱਚ ਮੈਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕਰਦਾ ਹਾਂ ਕਿ ਜਾਂ ਤਾਂ ਉਹ ਜਿੰਦਾ ਸ਼ਹੀਦ ਭਾਈ ਰਾਜੋਆਣਾ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਕਾਂਗਰਸ ਅਤੇ ਭਾਜਪਾ ਨਾਲ ਨਾਮਿਲਵਰਤਣ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਅਸਲੀ ਖਾਸਾ ਬਹਾਲ ਕਰਨ ਦਾ ਆਦੇਸ਼ ਜਾਰੀ ਕਰਨ। ਜੇ ਨਹੀਂ ਕਰ ਸਕਦੇ ਤਾਂ ਇਹ ਹੁਕਮਨਾਮਾ ਜਾਰੀ ਕਰਨ ਕਿ ਲੋਕਤੰਤਰ ਵਿਚ ਕਿਸੇ ਵੀ ਵਿਅਕਤੀ ਜਾਂ ਪਾਰਟੀ ਦੇ ਰਾਜਨੀਤਕ ਅਧਿਕਾਰਾਂ ਸਬੰਧੀ ਕੋਈ ਪਬੰਦੀ ਨਹੀਂ ਲਾਈ ਜਾ ਸਕਦੀ ਇਸ ਲਈ ਆਪਣੀ ਵਿਰੋਧੀ ਧਿਰ ਨੂੰ ਬਦਨਾਮ ਕਰਨ ਹਿੱਤ ਕਿਸੇ ਵੀ ਪਾਰਟੀ ਜਾਂ ਵਿਅਕਤੀ ਨੂੰ ਇਹ ਹੱਕ ਨਹੀਂ ਹੈ ਕਿ ਉਹ ਕਿਸੇ ਨੂੰ ਹੋਰ ਪਾਰਟੀ ਦਾ ਪਿੱਠੂ ਜਾਂ ਬੀ ਟੀਮ ਹੋਣ ਦੇ ਇਲਜਾਮ ਲਾ ਕੇ ਉਸ ਨੂੰ ਬਦਨਾਮ ਕਰੇ।

ਤੀਸਰੀ ਗੱਲ ਹੈ ਕਿ ਪੰਜਵੇਂ ਪਾਤਿਸਾਹ ਗੁਰੂ ਅਰਜੁਨ ਸਾਹਿਬ ਜੀ ਨੂੰ ਜਹਾਂਗੀਰ ਦੇ ਹੁਕਮਾਂ ਨਾਲ ਸ਼ਹੀਦ ਕੀਤਾ ਗਿਆ ਸੀ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਸੇ ਜਹਾਂਗੀਰ ਨਾਲ ਸਮਝੌਤਾ ਕੀਤਾ ਤੇ ਉਨ੍ਹਾਂ ਨਾਲ ਦੱਖਣ ਦਾ ਦੌਰਾ ਕੀਤਾ। ਔਰੰਗਜੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੇ ਪੁੱਤਰ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾਉਣ ਵਿੱਚ ਉਸ ਦੀ ਸਹਾਇਤਾ ਕੀਤੀ। ਮੁਗਲਾਂ ਨੇ ਸਿੱਖਾਂ ਤੇ ਅਨੇਕਾਂ ਜੁਲਮ ਢਾਹੇ ਤੇ ਬੇਅੰਤ ਸਿੱਖ ਸ਼ਹੀਦ ਕੀਤੇ ਪਰ ਸਾਡੇ ਕਿਸੇ ਰਹਿਤਨਾਮੇ ਵਿੱਚ ਮੁਗਲਾਂ ਨਾਲ ਨਾਮਿਲਵਰਤਣ ਦੀ ਹਦਾਇਤ ਨਹੀਂ ਕੀਤੀ। ਪਰ ਗੁਰੂਅੰਸ਼ ਵਿੱਚੋਂ ਧੀਰਮੱਲ ਅਤੇ ਰਾਮਰਾਏ ਨੇ ਕਿਸੇ ਸਿੱਖ ਨੂੰ ਸ਼ਹੀਦ ਨਹੀਂ ਕੀਤਾ, ਕਿਸੇ ਗੁਰਦੁਆਰੇ ਨੂੰ ਨਹੀਂ ਢਾਹਿਆ ਇਸ ਦੇ ਬਾਵਯੂਦ ਗੁਰੂ ਸਾਹਿਬ ਜੀ ਨੇ ਧੀਰਮੱਲੀਆਂ ਤੇ ਰਾਮਰਾਈਆਂ ਨਾਲ ਵਰਤਣ ਦੀ ਮਨਾਹੀ ਕੀਤੀ ਤੇ ਅੱਜ ਤੱਕ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਇਹ ਹਦਾਇਤ ਕਰਦੇ ਹਨ ਕਿ ਗੁਰੂ ਘਰ ਵਿੱਚੋਂ ਛੇਕੇ ਧੀਰਮੱਲੀਆਂ ਤੇ ਰਾਮਰਾਈਆਂ ਨਾਲ ਰੋਟੀ ਬੇਟੀ ਦੀ ਸਾਂਝ ਰੱਖਣ ਵਾਲਾ ਕੁਹਰਿਤੀਆ ਹੋ ਜਾਂਦਾ ਹੈ।

ਇਸ ਦਾ ਭਾਵ ਹੈ ਕਿ ਗੁਰਦੁਆਰੇ ਢਾਹੁਣ ਅਤੇ ਸਰੀਰਕ ਰੂਪ ਵਿੱਚ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਮੁਗਲਾਂ ਨਾਲੋਂ ਗੁਰੂ ਅੰਸ਼ ਵਿੱਚ ਹੀ ਪੈਦਾ ਹੋਏ ਧੀਰਮਲ ਤੇ ਰਾਮਰਾਇ ਜਿਹੜੇ ਆਪਣੇ ਨਿਜੀ ਹਿੱਤਾਂ ਕਾਰਣਾਂ ਗੁਰੂ ਦਾ ਵਿਰੋਧ ਕਰਦੇ ਹਨ ਤੇ ਸਿਧਾਂਤ ਨੂ ਤਰੋੜ ਮਰੋੜ ਕੇ ਪੇਸ਼ ਕਰਦੇ ਹਨ, ਪੰਥ ਲਈ ਵੱਧ ਘਾਤਕ ਮੰਨੇ ਗਏ ਹਨ। ਇਸ ਸਦੰਰਭ ਵਿੱਚ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਨੇ ਮੁਗਲਾਂ ਵਾਲਾ ਰੋਲ ਨਿਭਾਉਂਦੇ ਹੋਏ ਅਕਾਲ ਤਖ਼ਤ ਸਾਹਿਬ ਢਹਿਢੇਰੀ ਕੀਤਾ ਬੇਅੰਤ ਬੇਕਸੂਰ ਸਿੱਖ ਸ਼ਹੀਦ ਕੀਤੇ ਸਿੱਖਾਂ ਨੂੰ ਆਰਥਕ ਕਮਜੋਰ ਕਰਨ ਲਈ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਪਰ ਬਾਦਲ ਪ੍ਰਵਾਰ ਆਰਐੱਸਐੱਸ ਦੀਆਂ ਨੀਤੀਆਂ ਨੂੰ ਸਫਲ ਕਰਨ ਲਈ ਸਿੱਖੀ ਸਿਧਾਂਤ ਨਾਲ ਖਿਲਵਾੜ ਕਰਦਾ ਹੋਇਆ ਹਵਨ, ਜਗਰਾਤੇ ਅਤੇ ਸ਼ਿਵਲਿੰਗ ਪੂਜਾ ਕਰਕੇ ਰਾਮਰਾਏ ਵਾਲਾ ਰੋਲ ਅਦਾ ਕਰ ਰਿਹਾ ਹੈ। ਇਸੇ ਨੀਤੀ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਪਰਵਾਦੀ ਵਿਆਖਿਆ ਕਰਨ ਵਾਲੇ ਡੇਰੇਦਾਰਾਂ ਨੂੰ ਪ੍ਰੋਮੋਟ ਅਤੇ ਗੁਰੂ ਅਨੁਸਾਰੀ ਵਿਆਖਿਆ ਕਰਨ ਵਾਲੇ ਪ੍ਰਚਾਰਕਾਂ ਤੇ ਪਾਬੰਦੀ ਲਾਉਣ ਲਈ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰ ਰਿਹਾ ਹੈ। ਗੁਰਬਾਣੀ ਦਾ ਭਾਵੇਂ ਕੋਈ ਅੱਖਰ ਬਦਲ ਕੇ ਸਿਧਾਂਤ ਕਮਜੋਰ ਕੀਤਾ ਜਾਵੇ ਜਾਂ ਉਸ ਦੀ ਵਿਆਖਿਆ ਬਦਲ ਕੇ ਸਿਧਾਂਤ ਬਦਲ ਜਾਵੇ ਭਾਵਨਾ ਰਾਮਰਾਇ ਵਾਲੀ ਹੀ ਬਣਦੀ ਹੈ। ਇਸ ਹਿਸਾਬ ਕਾਂਗਰਸ ਨਾਲੋਂ ਸਿਧਾਂਤਕ ਪੱਖੋਂ ਬਾਦਲ ਦਲ ਦੀਆਂ ਨੀਤੀਆਂ ਪੰਥ ਲਈ ਜਿਆਦਾ ਘਾਤਕ ਹਨ ਅਕਾਲ ਤਖ਼ਤ ਵਲੋਂ ਇਸ ਦਲ ਨੂੰ ਤਾੜਨਾ ਕੀਤੇ ਜਾਣ ਦੀ ਵੱਧ ਲੋੜ ਹੈ।

ਚੌਥੀ ਗੱਲ ਹੈ ਕਿ ਗੁਰੂ ਦੇ ਸਿੱਖ ਦਾ ਕਿਸੇ ਧਰਮ ਮਜ਼ਬ ਜਾਂ ਰਾਜਨੀਤਕ ਪਾਰਟੀ ਨਾਲ ਕਿਸੇ ਕਿਸਮ ਦਾ ਵਿਰੋਧ ਨਹੀਂ ਹੈ। ਇਸ ਦਾ ਵਿਰੋਧ ਸਿਰਫ ਉਸ ਜਾਬਰ ਸਰਕਾਰ ਨਾਲ ਹੈ ਜਿਹੜੀ ਮਜ਼ਲੂਮਾਂ ਤੇ ਜੁਲਮ ਕਰਦੀ ਹੈ, ਤੇ ਕਿਸੇ ਵਿਅਕਤੀ ਜਾਂ ਫਿਰਕੇ ਦੇ ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ’ਤੇ ਛਾਪਾ ਮਾਰਦੀ ਹੋਈ ਬੇਇਨਸਾਫੀ ਕਰਦੀ ਹੈ। ਮੌਕੇ ਦੀ ਸਰਕਾਰ ਭਾਵੇਂ ਮੁਗਲਾਂ ਦੀ ਹੋਵੇ, ਅੰਗਰੇਜਾਂ ਦੀ ਹੋਵੇ, ਕਾਂਗਰਸ ਪਾਰਟੀ ਦੀ ਹੋਵੇ ਜਾਂ ਭਾਜਪਾ-ਅਕਾਲੀ ਦਲ ਦੀ ਹੋਵੇ ਸਭ ਨੂੰ ਗੁਰੂ ਸਿਧਾਂਤ ’ਤੇ ਚੱਲਣ ਵਾਲੇ ਸਿੱਖ ਅਤਿਵਾਦੀ ਹੀ ਨਜ਼ਰ ਆਉਂਦੇ ਹਨ। ਇਸ ਲਈ ਕਿਸੇ ਖਾਸ ਪਾਰਟੀ ਦਾ ਵਿਰੋਧ ਕਰਨ ਦੀ ਥਾਂ ਸਿੱਖਾਂ ਨੂੰ ਘੱਟ ਗਿਣਤੀ ਵਿਰੋਧੀ ਸਭ ਪਾਰਟੀਆਂ ਦਾ ਸਮਰਥਨ ਛੱਡ ਕੇ ਆਪਣੀ ਤਾਕਤ ਬਣਾਉਣੀ ਚਾਹੀਦੀ ਹੈ।

ਅਖੀਰ ਤੇ ਮੈ ਇਹੀ ਕਹਿਣਾ ਚਾਹਾਂਗਾ ਕਿ ਜਿੰਨਾ ਸੱਚ ਕੋਈ ਵਿਅਕਤੀ ਫਾਂਸੀ ਦੇ ਤਖ਼ਤੇ ’ਤੇ ਖੜ੍ਹ ਕੇ ਬੋਲ ਸਕਦਾ ਹੈ ਉਤਨਾ ਸੱਚ ਹੋਰ ਕਿਸੇ ਵਿਅਕਤੀ ਖਾਸ ਕਰਕੇ ਜਿਹੜਾ ਆਪਣਾ ਕੇਸ ਅਦਾਲਤ ਵਿੱਚ ਲੜ ਰਿਹਾ ਹੋਵੇ, ਉਹ ਉਨ੍ਹਾਂ ਸੱਚ ਕਦੀ ਨਹੀਂ ਬੋਲ ਸਕਦਾ। ਅਧੂਰਾ ਸੱਚ ਪੂਰੇ ਸੱਚ ਦਾ ਕਦੀ ਵੀ ਮੁਕਾਬਲਾ ਨਹੀਂ ਕਰ ਸਕਦਾ। ਮੈਂ ਆਪਣੇ ਪਹਿਲੇ ਇੱਕ ਖਤ ਵਿੱਚ ਵੀ ਭਾਈ ਰੇਸ਼ਮ ਸਿੰਘ ਬੱਬਰ ਨੂੰ ਬੇਨਤੀ ਕੀਤੀ ਸੀ ਤੇ ਹੁਣ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਭਾਈ ਰਾਜੋਆਣਾ ਵੱਲੋਂ ਬੋਲੇ ਜਾ ਰਹੇ ਪੂਰੇ ਸੱਚ ਨੂੰ ਸਵੀਕਾਰ ਕਰਕੇ ਉਸ ਨੂੰ ਹਮਾਇਤ ਦਿੱਤੀ ਜਾਵੇ ਤੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਰਵੀ ਕੈਟ ਸਬੰਧੀ ਆਪਣੀ ਨੀਤੀ ਸਪਸ਼ਟ ਕੀਤੀ ਜਾਵੇ।

ਇਸ ਦੇ ਨਾਲ ਹੀ ਜਿੰਦਾ ਸ਼ਹੀਦ ਭਾਈ ਰਾਜੋਆਣਾ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਭ ਜਥੇਬੰਦੀਆਂ ਨੂੰ ਅਕਾਲ ਤਖ਼ਤ ਨੂੰ ਸਮਰਪਣ ਹੋਣ ਦੇ ਨਾਮ ’ਤੇ ਬਾਦਲ ਦਲ ਵੱਲੋਂ ਆਪ ਹੁਦਰੇ ਢੰਗ ਨਾਲ ਨਿਯੁਕਤ ਕੀਤੇ ਗਏ ਅਤੇ ਉਨ੍ਹਾਂ ਦੀ ਮਰਜੀ ਨਾਲ ਹੀ ਰਾਤੋ ਰਾਤ ਹਟਾਏ ਜਾ ਸਕਣ ਵਾਲੇ ਜਥੇਦਾਰਾਂ ਨੂੰ ਇੰਨੀ ਅਹਿਮੀਅਤ ਦੇ ਕੇ ਪੁਜਾਰੀਵਾਦ ਨੂੰ ਬੜਾਵਾ ਦੇ ਕੇ ਅਸਿਧੇ ਰੂਪ ਵਿੱਚ ਸਭ ਕੁਝ ਬਾਦਲ ਪ੍ਰਵਾਰ ਦੇ ਅਧੀਨ ਕਰਨ ਵਾਲੀ ਨੀਤੀ ’ਤੇ ਮੁੜ ਵੀਚਾਰ ਕੀਤੀ ਜਾਵੇ। ਅਠਾਰਵੀ ਸਦੀ ਵਾਲੇ ਅਕਾਲ ਤਖ਼ਤ ਅਤੇ ਇਸ ਦੇ ਜਥੇਦਾਰਾਂ ਦੀ ਪ੍ਰੰਪਰਾ ਨੂੰ ਬਹਾਲ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉਚਤਾ ਬਹਾਲ ਕਰਨ ਲਈ ਕੋਈ ਬਾਨਣੂੰ ਬੰਨ੍ਹਿਆਂ ਜਾਵੇ। ਜੇ ਕਿਸੇ ਸਿਆਸੀ ਪਾਰਟੀ ਵਲੋਂ ਨਿਯੁਕਤ ਕੀਤੇ ਜਥੇਦਾਰ ਹੀ ਸਿੱਖਾਂ ਲਈ ਸਰਬਉਚ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਦਾ ਕੀ ਸਥਾਨ ਹੋਵੇਗਾ ਇਸ ਸਬੰਧੀ ਸਾਰਿਆਂ ਨੂੰ ਸੋਚਣ ਦੀ ਲੋੜ ਹੈ। ਸਾਰੇ ਸ਼੍ਰੋਮਣੀ ਅਕਾਲੀ ਦਲਾਂ ਦੀ ਮੌਜੂਦਾ ਕਾਰਗੁਜਾਰੀ 1920 ਵਿੱਚ ਸਥਾਪਤ ਹੋਏ ਸ਼੍ਰੋਮਣੀ ਅਕਾਲੀ ਦਲ ਤੋਂ ਕੋਹਾਂ ਦੂਰ ਹੈ। ਸੋ ਸਾਰਿਆਂ ਹੀ ਦਲਾਂ ਨੂੰ ਭੰਗ ਕਰਕੇ 1920 ਵਾਲਾ ਸਿਧਾਂਤਕ ਸ਼੍ਰੋਮਣੀ ਅਕਾਲੀ ਦਲ ਬਹਾਲ ਕਰਨ ਦੀ ਵੀ ਸਖ਼ਤ ਜਰੂਰਤ ਹੈ।

ਅਣਜਾਣੇ ਵਿੱਚ ਹੋਈ ਭੁੱਲ ਚੁੱਕ ਦੀ ਮੁਆਫੀ ਮੰਗਦਾ ਹੋਇਆ ਆਪ ਜੀ ਦਾ ਵੀਰ ਅਤੇ ਪੰਥ ਦਾ ਦਾਸ

ਕਿਰਪਾਲ ਸਿੰਘ ਬਠਿੰਡਾ
ਮੋਬ: 9855480797, E-mail: kirpalsinghbathinda@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top