Share on Facebook

Main News Page

ਬੇਪੁਵਾਂਇੰਟ (ਕੈਲੇਫੋਰਨੀਆਂ) ਗੁਰਦੁਆਰੇ ਵਿਖੇ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਬਾਰੇ ਹੋਇਆ ਸੈਮੀਨਾਰ

(ਤਰਲੋਚਨ ਸਿੰਘ ਦੁਪਾਲਪੁਰ) ਪਿਛਲੇ ਹਫਤੇ 21 ਅਪ੍ਰੈਲ ਸੰਨ 2012 ਦਿਨ ਐਤਵਾਰ ਨੂੰ ਸ਼ਾਮੀੰ 6 ਤੋਂ 8 ਵਜੇ ਤੱਕ ਗੁਰਦੁਆਰਾ ਸਾਹਿਬ ਬੇਪੁਵਾਇੰਟ ਵਿਖੇ ਪ੍ਰਬੰਧਕਾਂ ਵੱਲੋਂ ਕ੍ਰਾਂਤੀਕਾਰੀ ਭਗਤ ਰਵਿਦਾਸ ਜੀ ਦੇ ਜੀਵਨ ਉਪਦੇਸਾਂ ਬਾਰੇ ਕਰਵਾਏ ਗਏ ਸੈਮੀਨਾਰ ਵਿੱਚ ਸਿੱਖ ਵਿਦਵਾਨਾਂ ਵੱਲੋਂ “ਭਗਤ ਜੀ” ਦੀ ਵਿਚਾਰਧਾਰਾ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਇਹ ਸੈਮੀਨਾਰ ਗੁਰੂ ਘਰ ਦੇ ਮੁੱਖ ਗ੍ਰੰਥੀ ਗਿ.ਬੱਲ ਸਿੰਘ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਕੇ, ਹੁਕਮਨਾਮਾਂ ਲੈ ਕੇ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਇਸ ਸਰਬਸਾਂਝੇ ਗੁਰੂ ਘਰ ਦੇ ਜਨਰਲ ਸੈਕਟਰੀ ਭਾਈ ਜੋਗਾ ਸਿੰਘ ਜੀ ਨੇ ਵਿਚਾਰ ਪੇਸ਼ ਕਰਦੇ ਹੋਏ ਭਗਤ ਰਵਿਦਾਸ ਜੀ ਬਾਰੇ ਦੱਸਿਆ ਕਿ ਭਗਤ ਜੀ ਜਨਮ ਮਿਤੀ ਵੀ ਇੱਕ ਨਹੀਂ ਮਿਲਦੀ, ਜਾਤਪਾਤੀ ਬ੍ਰਾਹਮਣ ਲਿਖਾਰੀਆਂ ਨੇ ਦਲਤਾਂ ਦਾ ਇਤਿਹਾਸ ਹੀ ਰੱਦੂ ਬੱਦੂ ਕਰ ਦਿੱਤਾ ਹੈ। ਹੁਣ ਅਸੀਂ ਭਗਤ ਜੀ ਦੀ ਪ੍ਰਲੋਕ ਗਮਨ ਦੀ ਮਿਤੀ ਲੱਭ ਰਹੇ ਹਾਂ ਜੋ ਮਿਲ ਨਹੀਂ ਰਹੀ। ਭਾਈ ਮਿਸ਼ਨਰੀ ਨੇ ਸਟੇਜ ਸੰਚਾਲਕ ਦੀ ਸੇਵਾ ਕਰਦਿਆਂ ਕਿਹਾ ਕਿ ਭਗਤ ਰਵਿਦਾਸ, ਭਗਤ ਕਬੀਰ ਅਤੇ ਭਗਤ ਰਾਮਾਨੰਦ ਜੀ ਆਖਰੀ ਉਮਰੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ, ਉਨ੍ਹਾਂ ਨਾਲ ਵਿਚਾਰ ਵਿਟਾਂਦਰਾ ਕੀਤਾ ਅਤੇ ਭਗਤਾਂ ਦੀ ਮਹਾਂਨ ਰਚਨਾਂ ਪ੍ਰਾਪਤ ਕਰਕੇ ਆਪਣੀ ਪੋਥੀ ਵਿੱਚ ਲਿਖ ਲਈ। ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਅਤਿ ਧੰਨਵਾਦੀ ਹੋਣਾ ਚਾਹੀਦਾ ਹੈ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਭਗਤਾਂ ਦੀ ਵਿਚਾਰਧਾਰਾ ਬਾਣੀ ਦੇ ਦਰਸ਼ਨ ਕਰ ਰਹੇ ਹਾਂ ਨਹੀਂ ਤਾਂ ਉੱਚਜਾਤੀ ਬ੍ਰਾਹਮਣਾਂ ਨੇ ਇਹ ਵੀ ਰੱਦੂ ਬੱਦੂ ਕਰ ਦੇਣੀ ਸੀ ਜਾਂ ਇਸ ਵਿੱਚ ਬ੍ਰਾਹਮਣਵਾਦ ਦਾ ਰਲਾ ਕਰ ਦੇਣਾ ਸੀ।

ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਜਨ ਸ੍ਰ. ਮੁਹਿੰਦਰ ਸਿੰਘ ਨੇ ਵਿਚਾਰ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰੇ ਭਗਤਾਂ ਦੇ ਪੁਰਬ ਮਨਾਉਣੇ ਚਾਹੀਦੇ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹੈ। ਪ੍ਰਬੰਧਕਾਂ ਦੇ ਕਹਿਣ ਤੇ ਪ੍ਰਸਿੱਧ ਵਿਦਵਾਨ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਨੇ ਬੜੇ ਵਿਸਥਾਰ ਨਾਲ ਭਗਤ ਜੀ ਦੇ ਜਨਮ ਦੀਆਂ ਵੱਖ-ਵੱਖ ਲਿਖਾਰੀਆਂ ਵੱਲੋਂ ਲਿਖੀਆਂ ਤਰੀਕਾਂ ਦੱਸੀਆਂ ਅਤੇ ਕਿਹਾ ਕਿ ਭਗਤ ਜੀ ਦੀ ਪ੍ਰਲੋਕ ਗਮਨ ਦੀ ਤਾਰੀਖ ਨਹੀਂ ਲੱਭ ਰਹੀ ਪਰ ਖੋਜ ਕਰਕੇ ਅਗਲੇ ਸੈਮੀਨਾਰ ਵਿੱਚ ਦੱਸਣ ਦੀ ਕੋਸਿ਼ਸ਼ ਕਰਾਂਗਾ। ਸੈਨਹੋਜੇ ਤੋਂ ਆਏ ਵਿਦਵਾਨ ਕਵੀ ਅਤੇ ਲਿਖਾਰੀ ਡਾ. ਗੁਰਮੀਤ ਸਿੰਘ ਬਰਸਾਲ ਨੇ “ਭਗਤ” ਸ਼ਬਦ ਦੀ ਵਿਆਖਿਆ ਕਰਦੇ ਕਿਹਾ ਕਿ ਭਗਤ ਬਹੁਤ ਮਹਾਂਨ ਸ਼ਬਦ ਹੈ ਜੋ ਰੂਹਾਨੀਅਤ ਦੀ ਸਿਖਰ ਦਾ ਸੂਚਕ ਹੈ ਜਿਸ ਬਾਰੇ ਭਗਤ ਰਵਿਦਾਸ ਜੀ ਖੁਦ ਵੀ ਫੁਰਮਾ ਰਹੇ ਹਨ-ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤੁ ਬਰਾਬਰ ਅਉਰ ਨਾ ਕੋਇ॥ ਭਗਤ ਦੀ ਪਦਵੀ ਮਹਾਂਨ ਹੈ, ਅੱਜ ਕੁਝ ਵੀਰ ਭਗਤ ਅਤੇ ਗੁਰੂ ਵਾਲਾ ਝਗੜਾ ਕਰਕੇ ਵੰਡੀਆਂ ਪਾ ਰਹੇ ਹਨ।

ਉਨ੍ਹਾਂ ਬੜੇ ਵਿਅੰਗ ਨਾਲ ਕਿਹਾ ਕਿ ਕੀ ਅਸੀਂ ਗੁਰੂ ਸਾਹਿਬਾਨਾਂ ਨਾਲੋਂ ਜਿਆਦਾ ਸਿਆਣੇ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੰਪਾਦਤ ਕਰਦੇ ਵੇਲੇ ਗੁਰਬਾਣੀ ਨੂੰ ਤਰਤੀਬ ਦਿੰਦੇ ਹੋਏ ਭਗਤਾਂ ਦੀ ਬਾਣੀ ਨੂੰ ਭਗਤਾਂ ਦੇ ਨਾਮ ਨਾਲ ਭਗਤ ਸਿਰਲੇਖ ਹੇਠ ਲਿਖਿਆ। ਡਾ. ਬਰਸਾਲ ਨੇ ਕਿਹਾ ਕਿ ਭਾਂਵੇਂ ਗੁਰੂਆਂ ਭਗਤਾਂ ਦੀਆਂ ਸਭ ਤਸਵੀਰਾਂ ਕਾਲਪਨਿਕ ਹਨ ਪਰ ਹਰ ਭਗਤ ਦੀ ਤਸਵੀਰ ਦਸਤਾਰ ਨਾਲ ਹੀ ਉਹਨਾਂ ਦੇ ਕਰਾਂਤੀਕਾਰੀ ਸੂਭਾਅ ਅਨੁਕੂਲ ਜਾਪਦੀ ਹੈ ਕਿਓਂਕਿ ਉਸ ਸਮੇ ਰਜਵਾੜਿਆਂ ਤੋਂ ਬਿਨਾਂ ਸਭ ਲਈ ਦਸਤਾਰ ਤੇ ਪਾਬੰਦੀ ਸੀ । ਭਗਤਾਂ ਨੇ ਸਮਾਜਕ ਧੱਕੇਸ਼ਾਹੀ ਦੇ ਵਿਰੋਧ ਵਜੋਂ ਦਸਤਾਰ ਜਰੂਰ ਬੰਨੀ ਹੋਵੇਗੀ। ਇਸ ਤੋਂ ਬਾਅਦ ਗੁਰੂ ਘਰ ਦੇ ਹੀ ਵਿਦਵਾਨ ਸੇਵਾਦਾਰ ਪ੍ਰੋ. ਜੋਰਾ ਸਿੰਘ ਰਾਜੋਆਣਾ ਜੀ ਨੇ ਬੜੇ ਵਿਦਵਤਾ ਭਰੇ ਵਿਅੰਗਮਈ ਲਹਿਜੇ ਵਿੱਚ ਬ੍ਰਾਹਮਣਵਾਦ ਬਾਰੇ ਵਿਸਥਾਰ ਨਾਲ ਦਸਦੇ ਹੋਏ ਕਿਹਾ ਕਿ ਭਗਤ ਜੀ ਦਾ ਜਨਮ ਜਾਂ ਬ੍ਰਹਮਲੀਨ ਹੋਣ ਦਾ ਦਿਨ ਮਨਾਉਣਾ ਇਤਨੀ ਮਹਾਂਨਤਾ ਨਹੀਂ ਰੱਖਦਾ ਜਿਤਨਾ ਉਨ੍ਹਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਪਣਾਉਣਾ ਰੱਖਦਾ ਹੈ, ਜਿਨ੍ਹਾਂ ਚਿਰ ਅਸੀਂ ਉਸ ਨੂੰ ਅਪਣਾਉਂਦੇ ਨਹੀਂ ਸਾਡਾ ਜੀਵਨ ਨਹੀਂ ਬਦਲ ਸਕਦਾ। ਸੈਕਰਾਮੈਂਟੋ ਤੋਂ ਆਏ ਸਿੰਘ ਸਭਾ ਇੰਟਰਨੈਸ਼ਨਲ ਦੇ ਪ੍ਰੋ. ਮੱਖਨ ਸਿੰਘ ਜੀ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਸੱਚ ਬੜਾ ਕੌੜਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਹੀ ਸੱਚ ਦੀ ਬਾਣੀ ਹੈ ਕੀ ਫਿਰ ਬਾਣੀ ਵੀ ਕੌੜੀ ਹੈ? ਜਦ ਕਿ ਗੁਰੂ ਗ੍ਰੰਥ ਸਾਹਿਬ ਵਿਖੇ ਗੁਰਬਾਣੀ ਨੂੰ ਮੀਠੀ ਅੰਮ੍ਰਿਤਧਾਰ ਕਿਹਾ ਹੈ, ਅੱਜ ਸਾਨੂੰ ਮਨਘੜਤ ਸਾਖੀਆਂ ਮਿੱਠੀਆਂ ਅਤੇ ਸੱਚੀ ਬਾਣੀ ਕੌੜੀ ਲੱਗ ਰਹੀ ਹੈ।


ਬੀਬੀ ਹਰਸਿਮਰਤ ਕੌਰ ਖਾਲਸਾ ਨੇ ਸਟੇਜ ਤੇ ਬੋਲਦੇ ਕਿਹਾ ਕਿ ਗੁਰਬਾਣੀ ਅੰਮ੍ਰਿਤ ਹੈ ਜੇ ਮੈਂ ਇੱਕ ਅਮਰੀਕਨ ਗੁਰਬਾਣੀ ਦਾ ਸਵਾਦ ਚੱਖ ਕੇ ਅਨੰਦ ਮਾਣਦੀ ਹੋਈ ਅੱਜ ਸੱਚ ਦਾ ਪ੍ਰਚਾਰ ਕਰ ਰਹੀ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ ਜਿਨ੍ਹਾਂ ਦੀ ਮਾਂ ਬੋਲੀ ਵਿੱਚ ਇਹ ਮਹਾਂਨ ਬਾਣੀ ਲਿਖੀ ਹੋਈ ਹੈ। ਸਾਰੇ ਮਨੁੱਖ ਬਰਾਬਰ ਹਨ ਕੋਈ ਵੀ ਉੱਚਾ ਨੀਵਾਂ ਨਹੀਂ ਇਵੇਂ ਹੀ ਗੁਰੂ ਗ੍ਰੰਥ ਵਿਚਲੇ ਭਗਤ ਅਤੇ ਗੁਰੂ ਬਰਾਬਰ ਹਨ, ਸਾਨੂੰ ਉਨ੍ਹਾਂ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਨਾਂ ਕਿ ਉਚ-ਨੀਚ ਜਾਂ ਮੂਰਤੀ ਪੂਜਾ ਕਰਮਕਾਂਡਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਬੇਏਰੀਆ ਸਹਿਤ ਸਭਾ ਦੇ ਰਿੰਗ ਲੀਡਰ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾਂ ਜੀ ਨੇ ਕਿਹਾ ਕਿ ਸਾਨੂੰ ਭਗਤ ਜੀ ਦੀ ਜਨਮ ਅਤੇ ਪ੍ਰਲੋਕ ਗਮਨ ਦੀ ਤਾਰੀਖ ਯੂਨੀਵਰਸਿਟੀਆਂ ਦੇ ਬੁੱਧੀਜੀਵੀ ਇਤਿਹਾਸ ਅਤੇ ਫਿਲੌਸਫੀ ਦੇ ਖੋਜੀ ਵਿਦਵਾਨਾਂ ਨਾਲ ਵਿਚਾਰ ਕਰਕੇ ਹੀ ਤਹਿ ਕਰਨੀ ਚਾਹੀਦੀ ਹੈ। ਵਿਦਵਾਨ ਸਜਨ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਬੱਲ ਸਿੰਘ ਜੀ ਨੇ ਦੱਸਿਆ ਕਿ ਦਾਸ ਕਾਫੀ ਦੇਰ ਤੋਂ ਭਗਤ ਰਵਿਦਾਸ ਜੀ ਨਾਲ ਸਬੰਧਤ ਗੁਰੂ ਘਰਾਂ ਵਿਖੇ ਸੇਵਾ ਕਰ ਰਿਹਾ ਹੈ ਪਰ ਜੋ ਮਾਣ ਸਤਿਕਾਰ ਮੈਨੂੰ ਇਸ ਗੁਰੂ ਘਰ ਨੇ ਦਿੱਤਾ ਹੈ ਬੜਾ ਵਿਲੱਖਣ ਹੈ।

ਇੱਥੋਂ ਦੀ ਕਮੇਟੀ ਅਤੇ ਸੰਗਤ ਮੈਨੂੰ ਇੱਕ ਪ੍ਰਵਾਰ ਦੇ ਮੈਂਬਰ ਵਾਂਗ ਮਾਣ ਦੇ ਰਹੀ ਹੈ। ਕਰਮਕਾਂਡਾਂ ਅਤੇ ਮੂਰਤੀ ਪੂਜਾ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੇ ਵੀ ਕਿਹਾ ਕਿ ਭਗਤ ਜੀ ਦੀ ਜਨਮ ਜਾਂ ਪ੍ਰੋਲਕ ਗਮਨ ਦੀਆਂ ਤਾਰੀਕਾਂ ਨਾਲੋਂ ਉਨ੍ਹਾਂ ਦੀ ਪਵਿਤਰ ਬਾਣੀ ਜੋ 40 ਸ਼ਬਦਾਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹੈ ਤੋਂ ਸੇਧ ਲੈਣੀ ਚਾਹੀਦੀ ਹੈ ਪਰ ਕੁਝ ਭੁਲੜ ਵੀਰ ਗੁਰੂਆਂ ਦੇ ਉਪਕਾਰ ਨੂੰ ਭੁੱਲ ਕੇ ਕੁਝ ਅਖੌਤੀ ਸਾਧਾਂ ਅਤੇ ਪੁਲੀਟੀਕਲ ਲੋਕਾਂ ਮਗਰ ਲੱਗ ਕੇ ਅਲੱਗ ਗ੍ਰੰਥ ਪ੍ਰਕਾਸ਼ ਕਰ ਰਹੇ ਹਨ। ਸੰਗਤਾਂ ਦੀ ਆਸਤਾ ਗੁਰੂ ਗ੍ਰੰਥ ਨਾਲ ਜੁੜੀ ਹੋਈ ਹੈ ਨਾਂ ਕਿ ਹੋਰ ਕਿਸੇ ਗ੍ਰੰਥ ਨਾਲ। ਗੁਰੂ ਘਰ ਦੇ ਸਾਬਕਾ ਸਕੱਤਰ ਸਰਦਾਰ ਜੋਗਿੰਦਰ ਸਿੰਘ ਮਾਹਲ ਨੇ ਕਿਹਾ ਕਿ ਜਦ ਅਸੀਂ ਪੰਜਾਬ ਵਿਖੇ ਸਕੂਲ ਪੜ੍ਹਦੇ ਸਾਂ ਤਾਂ ਸਾਨੂੰ ਵੱਖ-ਵੱਖ ਜਾਤਾਂ ਦੇ ਗੁਰਦੁਆਰਿਆਂ ਬਾਰੇ ਕੋਈ ਪਤਾ ਨਹੀਂ ਸੀ ਅਤੇ ਓਦੋਂ ਅਜਿਹੇ ਗੁਰਦੁਆਰੇ ਵੀ ਨਹੀਂ ਸਨ। ਇਹ ਤਾਂ ਇੱਥੇ ਵਿਦੇਸ਼ ਵਿੱਚ ਆ ਕੇ ਦੇਖੇ ਹਨ ਜਿਨ੍ਹਾਂ ਦਾ ਬੱਚਿਆਂ ਤੇ ਅਸਰ ਪੈ ਰਿਹਾ ਹੈ ਜੋ ਮਾਂ ਬਾਪ ਨੂੰ ਇਸ ਬਾਰੇ ਸਵਾਲ ਕਰਦੇ ਰਹਿੰਦੇ ਹਨ। ਅਸੀਂ ਸੰਗਤ ਦੇ ਸਹਿਯੋਗ ਨਾਲ ਇਹ ਸਰਬਸਾਂਝਾ ਗੁਰੂ ਘਰ ਚਲਾ ਰਹੇ ਹਾਂ ਜਿੱਥੇ ਸਭ ਨੂੰ ਬਰਾਬਰ ਸਮਝਿਆ ਜਾਂਦਾ ਹੈ।

ਇਸ ਤੋਂ ਬਾਅਦ ਫਰੀਮਾਂਟ ਗੁਰਦੁਆਰੇ ਦੇ ਉੱਘੇ ਸਿੱਖ ਲੀਡਰ ਭਾਈ ਗੁਰਮੀਤ ਸਿੰਘ ਖਾਲਸਾ ਨੇ ਪ੍ਰਬੰਧਕਾਂ ਅਤੇ ਵਿਦਵਾਨਾਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਗੁਰੂਆਂ ਅਤੇ ਭਗਤਾਂ ਦੀ ਬਾਣੀ ਰੂਹਾਨੀਅਤ ਦਾ ਭੰਡਾਰ ਹੈ। ਸ਼ਬਦ ਗੁਰੂ ਹੈ ਜੋ ਆਹਤ ਅਤੇ ਅਨਾਹਤ ਰਾਹੀਂ ਪ੍ਰਗਟ ਹੁੰਦਾ ਹੈ। ਸਾਨੂੰ ਸਭ ਵੀਰਾਂ ਨੂੰ ਰਲ ਮਿਲ ਕੇ ਗੁਰੂ ਘਰਾਂ ਦੀ ਸੇਵਾ ਕਰਦੇ ਹੋਏ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਉੱਚ ਵਿਦਿਆ ਦੇ ਕੇ ਆਪਣੀ ਸਿੱਖ ਕਮਿਊਨਟੀ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ। ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਭਾਈ ਖਾਲਸਾ ਦਾ ਧੰਨਵਾਦ ਕਰਦੇ ਹੋਏ ਬੜੇ ਭਾਵਕ ਹੋ ਕੇ ਕਿਹਾ ਕਿ ਭਗਤ ਅਤੇ ਗੁਰੂ ਸਾਰੇ ਹੀ ਮੂਰਤੀ ਪੂਜਾ ਦੇ ਵਿਰੁੱਧ ਸਨ ਪਰ ਜੇ ਅੱਜ ਭਗਤ ਰਵਿਦਾਸ ਜੀ ਦੇ ਪੈਰੋਕਾਰ ਗੁਰਦੁਆਰੇ ਵਿਖੇ ਵੱਡੀ ਮੂਰਤੀ ਰੱਖਦੇ ਹਨ ਤਾਂ ਘੱਟ ਅਸੀਂ ਵੀ ਨਹੀਂ ਹਾਂ ਅਸੀਂ ਗੁਰੂਆਂ ਅਤੇ ਸਾਧਾਂ ਸੰਤਾਂ ਦੀਆਂ ਮੂਰਤੀਆਂ ਗੁਰਦੁਆਰਿਆਂ ਵਿੱਚ ਸਜਾਈ ਫਿਰਦੇ ਹਾਂ। ਅੱਜ ਬ੍ਰਾਹਮਣਵਾਦ ਅਤੇ ਸੰਤ ਬਾਬਾ ਡੇਰਾਵਾਦ ਸਾਡੇ ਤੇ ਭਾਰੂ ਹੋਇਆ ਪਿਆ ਹੈ।

ਅਖੀਰ ਤੇ ਗੁਰੂ ਘਰ ਦੇ ਸਕੱਤਰ ਭਾਈ ਜੋਗਾ ਸਿੰਘ ਜੀ ਜਿਨ੍ਹਾਂ ਦੇ ੳਪੁਰਾਲੇ ਨਾਲ ਇਹ ਸੈਮੀਨਾਰ ਨੇਪਰੇ ਚੜ੍ਹਿਆ, ਨੇ ਦੂਰੋਂ ਨੇੜਿਓਂ ਆਏ ਵਿਦਵਾਨ ਸੱਜਨਾਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਫਿਰ ਇੱਥੇ ਹੀ ਸੈਮੀਨਾਰ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਿਸ ਦੀ ਤਾਰੀਖ ਤਹਿ ਕਰਕੇ ਫਿਰ ਦੱਸ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅਰਦਾਸ ਕਰ ਅਤੇ ਹੁਕਮਨਾਮਾਂ ਲੈ ਕੇ ਸੈਮੀਨਾਰ ਦੀ ਸਮਾਪਤੀ ਵੇਲੇ ਕੜਾਹ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ। ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਬੱਲ ਸਿੰਘ ਜੀ ਨੇ ਵੀ ਆਈਆਂ ਸਭ ਸੰਗਤਾਂ ਅਤੇ ਵਿਦਵਾਨਾਂ ਦਾ ਧੰਨਵਾਦ ਧੰਨਵਾਦ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top