Share on Facebook

Main News Page

ਸ਼ਹੀਦੀ ਯਾਦਗਰ ਵਜੋਂ ‘ਸ਼ਹੀਦੀ ਮਿਨਾਰ’ ਸਥਾਪਿਤ ਹੋਣਾ ਚਾਹੀਦਾ ਹੈ, ਗੁਰਦੁਆਰਾ ਸਾਹਿਬ ਨਹੀਂ: ਗਿਆਨੀ ਜਾਚਕ

ਬਠਿੰਡਾ, 27 ਅਪ੍ਰੈਲ (ਕਿਰਪਾਲ ਸਿੰਘ): ਨਿਊਯਾਰਕ ਤੋਂ ਈਮੇਲ ਰਾਹੀਂ ਭੇਜੇ ਗਏ ਇੱਕ ਪ੍ਰੈੱਸ ਨੋਟ ਵਿੱਚ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਹਿੰਦੋਸਤਾਨੀ ਹਕੂਮਤ ਵਲੋਂ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵਰਤਾਏ ਘਲੂਘਾਰੇ ਸਮੇਂ ਸ਼ਹੀਦ ਹੋਏ ਸੰਤ ਬਾਬਾ ਜਰਨੈਲ ਸਿੰਘ ਤੇ ਜਨਰਲ ਸ਼ੁਬੇਗ ਸਿੰਘ ਸਮੇਤ ਸਾਰੇ ਸਿੰਘ, ਸਿੰਘਣੀਆਂ ਤੇ ਬੱਚਿਆਂ ਦੀ ਯਾਦਗਰ ਵਜੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਇੱਕ ‘ਸ਼ਹੀਦੀ ਮਨਾਰ’ ਸਥਾਪਿਤ ਹੋਣਾ ਚਾਹੀਦਾ ਹੈ, ਜਿਸ ਵਿੱਚ ਸ਼ਹੀਦਾਂ ਦੇ ਅਸਲੀ ਚਿਤਰ ਤੇ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਉਕਰੀ ਹੋਣੀ ਚਾਹੀਦੀ ਹੈ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਥਕ ਪਿਆਰ ਤੇ ਕੌਮੀ ਅਜ਼ਾਦੀ ਦੇ ਮਹਤਵ ਦੀ ਪ੍ਰੇਰਨਾ ਮਿਲਦੀ ਰਹੇ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੇ ਲੰਗਰ ਹਾਲ ਦੇ ਵਿਚਕਾਰ ਦੀ ਥਾਂ, ਇਸ ਲਈ ਸਭ ਤੋਂ ਢੁਕਵਾਂ ਸਥਾਨ ਹੈ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਵਿੱਚ ‘ਮਨਾਰ’ ਦਾ ਅਰਥ ਹੈ ਮਾਣਯੋਗ ਥਾਂ ਅਤੇ ਅਰਬੀ ਵਿੱਚ ਰੌਸ਼ਨੀ ਦੀ ਥਾਂ। ਜ਼ਾਲਮ ਤੇ ਮਤਸਬੀ ਹਕੂਮਤਾਂ ਨਹੀਂ ਚਹੁੰਦੀਆਂ ਕਿ ਕੋਈ ਵੀ ਮਜ਼ਲੂਮ ਕੌਮ, ਕੋਈ ਅਜਿਹੀ ਮਾਣਮੱਤੀ ਯਾਦਗਰ ਸਥਾਪਿਤ ਕਰੇ, ਜਿਹੜੀ ਉਸ ਕੌਮ ਲਈ ਰੌਸ਼ਨ ਮੁਨਾਰਾ ਤੇ ਪ੍ਰੇਰਨਾ ਦਾ ਸਰੋਤ ਬਣ ਸਕੇ। ਸ਼ਾਇਦ ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ 28 ਸਾਲ ਬੀਤ ਜਾਣ ਪਿਛੋਂ ਵੀ ਸ਼ਹੀਦੀ ਮਨਾਰ ਦੀ ਥਾਂ, ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਇੱਕ ਪੂਜਾ ਸਥਲ ਬਨਾਉਣ ਲਈ ਯਤਨਸ਼ੀਲ ਹੈ, ਤਾਂ ਕਿ ਸਾਡੀ ਗੋਲਕ ਵੀ ਭਰਦੀ ਰਹੇ ਅਤੇ ਕੌਮ ਨੂੰ ਕੋਈ ਸੰਘਰਸ਼ਮਈ ਪ੍ਰੇਰਨਾ ਵੀ ਨਾ ਮਿਲੇ।

ਪਰ, ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਿੱਖ ਸ਼ਹੀਦਾਂ ਦੀ ਯਾਦਗਰ ਵਜੋਂ ਗੁਰਦੁਆਰੇ ਸਥਾਪਿਤ ਕਰਨੇ ਭਾਰੀ ਭੁੱਲ ਹਨ। ਕਿਉਂਕਿ, ਪੂਜਾਰੀ ਤੇ ਪ੍ਰਬੰਧਕ ਵਰਗ ਪੂਜਾ (ਚੜ੍ਹਤ) ਦੇ ਲਾਲਚ ਵਿੱਚ ਅਤੇ ਸ਼ਹੀਦਾਂ ਨਾਲ ਸਬੰਧਤ ਪ੍ਰਵਾਰਾਂ ਦੇ ਮੈਂਬਰ ਅਤੇ ਸੰਸਥਾਵਾਂ, ਪ੍ਰਵਾਰਕ ਮੋਹ ਤੇ ਸੰਸਥਾਪਿਕ ਨਾਮਣੇ ਦੇ ਖ਼ਿਆਲ ਅਧੀਨ ਅਜਿਹੇ ਸਥਾਨਾਂ ਅੰਦਰ ਸ਼ਹੀਦਾਂ ਦੀਆਂ ਤਸਵੀਰਾਂ ਰੱਖ ਕੇ ਤੇ ਜੋਤਾਂ ਜਗਾ ਕੇ ਉਨ੍ਹਾਂ ਦੀ ਪੂਜਾ ਕਰਨ ਲਗ ਜਾਂਦੇ ਹਨ। ਉਹ ਭੁੱਲ ਜਾਂਦੇ ਹਨ ਕਿ ਅਜਿਹਾ ਵਰਤਾਰਾ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਹੈ। ਸ਼ਹੀਦ ਬਾਬਾ ਦੀਪ ਸਿੰਘ ਤੇ ਸ਼ਹੀਦ ਬਾਬਾ ਨੌਧ ਸਿੰਘ ਜੀ ਆਦਿਕ ਸ਼ਹੀਦਾਂ ਦੀ ਯਾਦਗਰ ਵਜੋਂ ਉਸਾਰੇ ਗੁਰਦੁਆਰਿਆਂ ਅੰਦਰਲੇ ਹੋ ਰਹੇ ਮਨਮਤੀ ਵਰਤਾਰੇ ਨੂੰ ਇਸ ਪੱਖੋਂ ਵਿਚਾਰਿਆ ਜਾ ਸਕਦਾ ਹੈ।

ਜਾਚਕ ਨੇ ਇਹੀ ਵੀ ਲਿਖਿਆ ਹੈ ਕਿ ਸਿੱਖੀ ਦੇ ਸਿਧਾਂਤਕ ਪੱਖੋਂ ਵੀ ਕਿਸੇ ਵਿਅਕਤੀ ਦੀ ਯਾਦਗਰ ਵਜੋਂ ਜਾਂ ਉਸ ਦੇ ਨਾਂ ਹੇਠ ਕੋਈ ਸ਼ਹੀਦੀ ਸਤੰਭ, ਮਨਾਰ, ਪਾਰਕ, ਸਕੂਲ, ਲਾਇਬ੍ਰੇਰੀ, ਹਸਪਤਾਲ ਜਾਂ ਕੋਈ ਹੋਰ ਸਮਾਜਿਕ ਭਲਾਈ ਦਾ ਸਥਾਨ ਤਾਂ ਬਣਾਇਆ ਜਾ ਸਕਦਾ ਹੈ; ਪਰ, ਗੁਰਦੁਆਰਾ ਨਹੀਂ। ਕਿਉਂਕਿ, ਗੁਰਦੁਆਰਾ ਸਾਹਿਬ ਕੇਵਲ ਦਸ ਗੁਰੂ ਸਾਹਿਬਾਨ ਜਾਂ ਉਨ੍ਹਾਂ ਦੇ ਜੋਤਿ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਹੀ ਜੋੜਿਆ ਜਾ ਸਕਦਾ ਹੈ। ਗੁਰਇਤਿਹਾਸ ਇਸ ਹਕੀਕਤ ਦਾ ਵੀ ਗਵਾਹ ਹੈ ਕਿ ਗੁਰੂ ਸਾਹਿਬਾਨ ਨੇ ਗੁਰਦੁਆਰਿਆਂ ਨੂੰ ਆਪਣੇ ਨਾਮ ਨਾਲ ਨਹੀਂ ਜੋੜਿਆ। ਲਗਭਗ ਸਾਰੇ ਗੁਰਅਸਥਾਨ ਸ਼ਹਿਰਾਂ ਦੇ ਨਾਮ ਨਾਲ ਹੀ ਪ੍ਰਸਿੱਧ ਹਨ। ਜਿਵੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਆਦਿ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top