Share on Facebook

Main News Page

ਸਿੱਖਾਂ ’ਚ ਦਹਿਸ਼ਤ ਪੈਦਾ ਕਰਨ ਦੀ ਨਵੀਂ ਸਾਜ਼ਿਸ਼…

ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਰੁਕਵਾਉਣ ਲਈ ਜਿਸ ਤਰ੍ਹਾਂ ਕੌਮ ਦੇ ਕੌਮੀ ਜਜ਼ਬਾਤ ਜਾਗੇ ਸਨ ਅਤੇ ਸਮੁਚੇ ਪੰਥ ’ਚ ਲਹਿਰ ਖੜ੍ਹੀ ਹੋਈ ਸੀ, ਉਸਨੇ ਸਿੱਖ-ਮਾਰੂ ਸ਼ਕਤੀਆਂ ਨੂੰ ਕਿਸ ਕਦਰ ਡਰਾ ਦਿੱਤਾ ਹੈ ਅਤੇ ਸਿੱਖ ਕੌਮ ’ਚ ਅਜਿਹੀ ਚਿਣਗ ਨੂੰ ਮੁੜ ਤੋਂ ਭੱਖ਼ਣ ਤੋਂ ਰੋਕਣ ਲਈ ਕਿਹੜੀਆਂ ਤਿਆਰੀਆਂ ’ਚ ਰੁੱਝ ਗਈ ਹੈ, ਕੌਮ ਦੇ ਬੁੱਧੀਜੀਵੀ ਵਰਗ ਨੂੰ ਉਸ ਪਾਸੇ ਬਾਜ ਅੱਖ ਰੱਖਣੀ ਅਤੇ ਕੌਮ ਨੂੰ ਜਗਾਈ ਰੱਖਣਾ ਬੇਹੱਦ ਜ਼ਰੂਰੀ ਹੈ। ਸਿੱਖ ਕੌਮ ਦੀ ਹੋਂਦ ਨੂੰ ਖ਼ਤਮ ਕਰਨ ਲਈ ਸਦੀਆਂ ਤੋਂ ਸਾਜ਼ਿਸ਼ਾਂ ’ਚ ਲੱਗੀਆਂ ਸਿੱਖ ਦੁਸ਼ਮਣ ਤਾਕਤਾਂ, ਇਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀਆਂ ਕਿ ਸਿੱਖਾਂ ’ਚ ਸਿੱਖੀ ਦੀ ਚਿਣਗ ਜਗਦੀ ਰਹੇ। ਭਾਈ ਰਾਜੋਆਣਾ ਦੀ ਫਾਂਸੀ ਵਿਰੁੱਧ ਉ¤ਠੀ ਲਹਿਰ, ਜਿਸ ’ਚ ਹਰ ਪੰਥ ਦਰਦੀ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਪੰਜਾਬ ’ਚ ਹੀ ਨਹੀਂ ਸਜੋਂ ਸਮੁੱਚੇ ਵਿਸ਼ਵ ’ਚ ਜਿਥੇ-ਜਿਥੇ ਵੀ ਕੋਈ ਸਿੱਖ ਬੈਠਾ ਸੀ, ਉਹ ਇਸ ਲਹਿਰ ਨਾਲ ਜਜ਼ਬਾਤੀ ਤੌਰ ’ਤੇ ਪੂਰੀ ਤਰ੍ਹਾਂ ਜੁੜਿਆ। ਇਸ ਉ¤ਠੀ ਕੇਸਰੀ ਲਹਿਰ ਨੇ ਸਿੱਖ ਮਾਰੂ ਤਾਕਤਾਂ ਨੂੰ ਜਿਹੜੀ ਕੰਬਣੀ ਛੇੜੀ ਸੀ, ਉਸਨੂੰ ਲੈ ਕੇ ਇਹ ਤਾਕਤਾਂ ਬੇਹੱਦ ਗੰਭੀਰ, ਚਿੰਤਤ ਅਤੇ ਸਿੱਖੀ ਜਜ਼ਬਾਤਾਂ ਦੇ ਵੇਗ ਦੇ ਖ਼ਾਤਮੇ ਲਈ ਘਾੜ੍ਹਤਾਂ ਘੜ੍ਹਨ ’ਚ ਰੁੱਝੀਆਂ ਹੋਈਆਂ ਹਨ।

ਪੰਜਾਬ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸਿੱਖ ਨੌਜਵਾਨਾਂ ਦੀਆਂ ਬਣਾਈਆਂ ਕਲੱਬਾਂ, ਅੱਜ ਸਰਕਾਰ ਦੇ ਨਿਸ਼ਾਨੇ ਤੇ ਹਨ। ਪੰਜਾਬ ਪੁਲਿਸ ਵੱਲੋਂ ਸਰਕਾਰ ਦੀਆਂ ਹਦਾਇਤਾਂ ਤੇ ਉਨ੍ਹਾਂ ਸਾਰੀਆਂ ਸੰਸਥਾਵਾਂ ਦੇ ਜਿਨ੍ਹਾਂ ਨੇ ਇਸ ਜਜ਼ਬਾਤੀ ਲਹਿਰ ’ਚ ਸਰਗਰਮ ਰੋਲ ਨਿਭਾਇਆ, ਉਨ੍ਹਾਂ ਸੰਗਠਨਾਂ, ਸੰਸਥਾਵਾਂ ਤੇ ਵਿਅਕਤੀਆਂ ਦਾ ‘ਲਾਈਫ ਸਟਾਈਲ ਆਡਿਟ’ ਕਰਨ ਦੇ ਹੁਕਮ ਪੰਜਾਬ ਪੁਲਿਸ ਦੇ ਡੀ. ਜੀ. ਪੀ. ਵੱਲੋਂ ਹਰ ਜ਼ਿਲੇ ਦੇ ਐਸ. ਐਸ. ਪੀ. ਨੂੰ ਕਰਨਲਈ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ। ਹੁਣ ਹਰ ਜ਼ਿਲੇ ਦੀ ਪੁਲਿਸ ਆਪੋ-ਆਪਣੇ ਜ਼ਿਲੇ ’ਚ ਅਜਿਹੇ ਸੰਗਠਨਾਂ ਤੇ ਵਿਅਕਤੀਆਂ ਦਾ ਪੂਰਾ-ਪੂਰਾ ਵੇਰਵਾ ਇਕੱਠਾ ਕਰਨ ’ਚ ਰੁਝ ਜਾਵੇਗੀ ਅਤੇ ਇਸ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਨ ਦੇ ਬਹਾਨੇ, ਸਿੱਖਾਂ ’ਚ ਇਕ ਦਹਿਸ਼ਤ ਪੈਦਾ ਕਰਨ ਦਾ ਯਤਨ ਕੀਤਾ ਜਾਵੇਗਾ ਤਾਂ ਕਿ ਸਰਕਾਰੀ ਤਸ਼ੱਦਦ ਦਾ ਡਰ, ਸਿੱਖਾਂ ਦੇ ਮਨਾਂ ’ਚ ਮੁੜ ਤੋਂ ਉਕਰਿਆ ਜਾਵੇ ਅਤੇ ਉਹ ਕੌਮੀ ਸੰਘਰਸ਼ ਦੇ ਨੇੜੇ ਜਾਣ ਤੋਂ ਤ੍ਰਬਕਣ ਲੱਗ ਪੈਣ। ਅਸੀਂ ਸਮਝਦੇ ਹਾਂ ਕਿ 28 ਮਾਰਚ ਦੇ ਪੰਜਾਬ ਬੰਦ ਤੋਂ ਬਾਅਦ, ਜਿਹੜੀਆਂ ਗ੍ਰਿਫਤਾਰੀਆਂ ਪੰਜਾਬ ਪੁਲਿਸ ਵੱਲੋਂ ਸਰਕਾਰ ਦੇ ਹੁਕਮਾਂ ਅਨੁਸਾਰ ਕੀਤੀਆਂ ਗਈਆਂ ਸਨ, ਉਨ੍ਹਾਂ ਦਾ ਅਰਥ ਵੀ ਜਿੱਥੇ ਕੱਟੜ ਹਿੰਦੂ ਸੰਗਠਨਾਂ ਨੂੰ ਖੁਸ਼ ਕਰਨਾ ਸੀ, ਉਥੇ ਸਿੱਖਾਂ ਦੇ ਮਨਾਂ ’ਚ ਡਰ ਤੇ ਦਹਿਸ਼ਤ ਪੈਦਾ ਕਰਨਾ ਵੀ ਸੀ।

ਹੁਣ ਜਦੋਂ ਬਿੱਲੀ ਥੈਲੇ ’ਚੋਂ ਪੂਰੀ ਤਰ੍ਹਾਂ ਬਾਹਰ ਨਿਕਲ ਹੀ ਆਈ ਹੈ ਅਤੇ ਪੰਜਾਬ ਪੁਲਿਸ ਨੇ ਸਿੱਖੀ ਸੋਚ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਦੇ ਪੂਰੇ-ਪੂਰੇ ਵੇਰਵੇ ਇਕੱਠੇ ਕਰਨੇ ਆਰੰਭ ਕਰ ਦਿੱਤੇ ਹਨ ਤਾਂ ਸਰਕਾਰ ਦੀ ਇਸ ਪਿੱਛੇ ਮਨਸ਼ਾ, ਨੂੰ ਨੰਗਾ ਕਰਨਾ, ਸਿੱਖ ਬੁੱਧੀਜੀਵੀਆਂ ਦਾ ਮੁੱਢਲਾ ਫਰਜ਼ ਬਣ ਜਾਂਦਾ ਹੈ। ਭਾਈ ਰਾਜੋਆਣਾ ਦੀ ਫਾਂਸੀ ਵਿਰੁੱਧ ਪੰਜਾਬ ’ਚ ਲਗਭਗ 15 ਕੁ ਦਿਨ ਕੇਸਰੀ ਲਹਿਰ ਚੱਲੀ, ਪ੍ਰੰਤੂ ਸਿੱਖਾਂ ਵੱਲੋਂ ਇਸਨੂੰ ਪੂਰੀ ਤਰ੍ਹਾਂ ਪੁਰਅਮਨ ਰੱਖਿਆ ਗਿਆ, ਹਾਲਾਂਕਿ ਕੁਝ ਸਿੱਖ ਵਿਰੋਧੀ ਫਿਰਕੂ ਹਿੰਦੂ ਸੰਗਠਨਾਂ ਵੱਲੋਂ ਭੜਕਾਹਟ ਪੈਦਾ ਕਰਨ ਦੀ ਵਾਰ-ਵਾਰ ਕੋਸ਼ਿਸ ਵੀ ਕੀਤੀ ਗਈ। ਇਸਦੇ ਬਾਵਜੂਦ ਜੇ ਸ਼ਾਂਤੀ ਦੇ ਨਾਮ ਥੱਲੇ ਸਿਰਫ਼ ਸਿੱਖਾਂ ਦਾ ਲਾਈਫ ਸਟਾਈਲ ਆਡਿਟ ਕਰਵਾਇਆ ਜਾ ਰਿਹਾ ਹੈ ਤਾਂ ਇਸ ਤੋਂ ਸਾਫ਼ ਹੈ ਕਿ ਸਰਕਾਰ ਦੀ ਸਿੱਖਾਂ ਪ੍ਰਤੀ ਨੀਅਤ ਪੂਰੀ ਤਰ੍ਹਾਂ ਸ਼ੱਕੀ ਹੈ ਅਤੇ ਉਹ ਆਨੇ-ਬਹਾਨੇ ਸਿੱਖਾਂ ਵਿਰੁੱਧ ਸਰਕਾਰੀ ਤਸ਼ੱਦਦ ਦੀ ਹਨੇਰੀ ਚਲਾਉਣ ਲਈ ਕਾਹਲੀ ਹੈ। ਚੌਕਸੀ ਵਿਭਾਗ, ਇਨਫੋਰਸਮੈਂਟ ਵਿਭਾਗ ਅਤੇ ਇਨਕਮ ਟੈਕਸ ਵਿਭਾਗ ਨੂੰ ਵੀ ਇਨ੍ਹਾਂ ਸਾਰੀਆਂ ਸਿੱਖ ਜਥੇਬੰਦੀਆਂ ਵਿਰੁੱਧ ਸ਼ਿਕੰਜਾ ਕੱਸਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਅਸੀਂ ਇਹ ਤਾਂ ਬਾਖ਼ੂਬੀ ਸਮਝਦੇ ਹਾਂ ਕਿ ਸਿੱਖ ਰਾਜ ਦਾ ਸੁਪਨਾ ਨਾ ਤਾਂ ਸਿੱਖ ਮਨੋਂ ’ਚ ਅਤੇ ਨਾ ਹੀ ਸਮੇਂ ਦੀਆਂ ਸਰਕਾਰ ਦੇ ਮਨ ’ਚ ਪੈਦਾ ਹੋਏ ਸਿੱਖ ਰਾਜ ਦੇ ‘ਹਊਏ’ ਨੂੰ ਕਿਵੇਂ ਵੀ ਕੱਢਿਆ ਨਹੀਂ ਜਾ ਸਕਦਾ।

ਜਸਪਾਲ ਸਿੰਘ ਹੇਰਾਂ
ਸੰਪਾਦਕ- ਪਹਿਰੇਦਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top