Share on Facebook

Main News Page

ਗੁਰਸਿੱਖਾਂ ਲਈ ਧਿਆਨਯੋਗ

ਸ਼ਬਦ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗਿਆਨਦਾਤਾ ਗੁਰੂ ਹਨ। ਬਾਕੀ ਗ੍ਰੰਥ ਜਾਂ ਕਿਤਾਬਾਂ ਪੜ੍ਹਨ ਤੇ ਕਿਤੇ ਵੀ ਰੋਕ ਨਹੀਂ ਹੋਣੀ ਚਾਹੀਦੀ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾਂ ਹੋਰ ਗ੍ਰੰਥਾਂ ਦੀ ਰਚਨਾਂ ਨੂੰ ਗੁਰਬਾਣੀ ਨਹੀਂ ਕਿਹਾ ਜਾ ਸਕਦਾ। ਇਵੇਂ ਹੀ ਅੰਮ੍ਰਿਤ ਸੰਚਾਰ ਵੇਲੇ ਪੂਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾ ਕਿਸੇ ਹੋਰ ਗ੍ਰੰਥ ਦੀ ਰਚਨਾਂ ਨੂੰ ਨਹੀਂ ਪੜ੍ਹਿਆ ਜਾ ਸਕਦਾ। ਦੇਖੋ ਕਿੰਨੇ ਸਿਤਮ ਦੀ ਗੱਲ ਹੈ ਕਿ ਗੁਰ ਦੀਖਿਆ ਦੀ ਮਹਾਨ ਕਿਰਿਆ ਵੇਲੇ 35 ਮਹਾਂਪੁਰਖਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੈ, ਨੂੰ ਅੱਖੋਂ ਪਰੋਖੇ ਕਰਕੇ ਅਸ਼ਸਲੀਲ ਰਚਨਾਵਾਂ ਨਾਲ ਭਰੇ ਪਏ ਅਖੌਤੀ ਦਸਮ ਗ੍ਰੰਥ ਦੀ ਰਚਨਾ ਵੱਧ ਅਤੇ ਗੁਰਤਾ ਪ੍ਰਾਪਤ ਸੰਪੂਰਨ ਗੁਰੂ ਗਰੰਥ ਸਾਹਿਬ ਦੀ ਮਹਾਨ ਬਾਣੀ ਘੱਟ ਪੜ੍ਹਨੀ ਕਿਧਰ ਦੀ ਸ਼ਰਧਾ ਹੈ? ਸਿੱਖ ਕਦੋਂ ਇਸ ਚਾਲ ਨੂੰ ਸਮਝਣਗੇ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਘੋਰ ਅਪਮਾਨ ਹੈ? ਕੀ ਦਸਵੇਂ ਗੁਰੂ ਨੇ ਬਾਕੀ ਗੁਰੂਆਂ ਵਾਲਾ "ਨਾਨਕ" ਨਾਮ ਵਰਤਨ ਵਾਲਾ ਸਿਧਾਂਤ ਛੱਡ ਦਿੱਤਾ ਸੀ? ਕੀ ਬਾਣੀ ਰਚਨਾ ਵਾਲਾ ਹੀ ਗੁਰੂ ਹੋ ਸਕਦਾ ਹੈ? ਜੇ ਹਾਂ ਤਾਂ 6ਵਾਂ, 7ਵਾਂ,8ਵਾਂ ਅਤੇ 10ਵਾਂ ਕਿਵੇਂ ਗੁਰੂ ਹੋਏ? ਉਹ ਗੁਰੂ ਹੀ ਹਨ, ਕਿਉਂਕਿ ਉਨ੍ਹਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੇ ਯੁਨੀਵਰਸਲ ਸਿਧਾਂਤ ਨੂੰ ਹੀ ਅਪਨਾਇਆ ਅਤੇ ਪ੍ਰਚਾਰਿਆ ਹੈ।

ਗੱਲ ਸਿਧਾਂਤ ਦੀ ਹੈ, ਇੱਕ ਵਿਚਾਰਧਾਰਾ ਦੀ ਹੈ ਜੋ ਸਾਰੇ ਸਿੱਖ ਗੁਰੂਆਂ ਅਤੇ ਗੁਰੂ ਗ੍ਰੰਥ ਵਿੱਚ ਆਏ ਭਗਤਾਂ ਅਤੇ ਗੁਰਸਿੱਖਾਂ ਨੇ ਅਪਣਾਈ ਹੈ - ਇਕਾ ਬਾਣੀ ਇਕਿ ਗੁਰ ਇਕੋ ਸਬਦਿ ਵੀਚਾਰ॥ ਸਿੱਖਾਂ ਨੂੰ ਗੁਰੂ ਗ੍ਰੰਥ ਨੂੰ ਪ੍ਰਮੁਖਤਾ ਦੇਣੀ ਚਾਹੀਦੀ ਹੈ, ਜਾਂ ਰਹਿਤਨਾਮਿਆਂ ਨੂੰ ਜੋ ਬਾਅਦ ਵਿੱਚ ਲਿਖੇ ਹੋਏ ਇੱਕ ਦੂਜੇ ਨਾਲ ਮੇਲ ਵੀ ਨਹੀਂ ਖਾਦੇ ਹਨ। ਜਿਹੜੇ ਅੰਮ੍ਰਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਹਨ ਕੀ ਉਹ ਅੰਮ੍ਰਿਤ ਨਹੀਂ ਹੈ? ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹਿ॥ ਸਤਿਗੁਰ ਵਿਚਿ ਅੰਮ੍ਰਿਤ ਹੈ - ਜਿਸ ਜਲਨਿਧਿ ਕਾਰਨ ਤੁਮ ਜਗ ਆਏ ਹੋ ਸੁ ਅੰਮ੍ਰਿਤ ਗੁਰ ਪਾਹੀਂ ਜੀਉ॥ਛੋਡਹੁ ਵੇਸਿ ਭੇਖਿ ਚਤੁਰਾਈ ਦੁਬਿਧਾ ਇਹੁ ਫਲੁ ਨਾਹੀਂ ਜੀਉ॥

ਸਿੱਖਾਂ ਵਿੱਚ ਇਹ ਦੁਬਿਧਾ ਕਿਉਂ ਹੈ ਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਪਵਿਤਰ ਗੁਰਬਾਣੀ ਨੂੰ ਪੜ੍ਹ ਕੇ ਅੰਮ੍ਰਿਤ ਤਿਆਰ ਨਹੀਂ ਕੀਤਾ ਜਾ ਸਕਦਾ, ਨਾਲ ਦਸਮ ਗ੍ਰੰਥ ਦੀ ਰਚਨਾਂ ਪੜ੍ਹਨੀ ਜਰੂਰੀ ਹੈ? ਸਿੱਖਾਂ ਦਾ ਨਿਸਚਾ ਗੁਰੂ ਗ੍ਰੰਥ ਤੋਂ ਕਿਵੇਂ ਅਤੇ ਕਿਸ ਨੇ ਤੋੜਿਆ ਹੈ? ਕੀ ਰਾਤ ਦਿਨ ਸਿੱਖ ਗਾਫਲਤਾ ਵਿੱਚ ਹੀ ਪੜ੍ਹੀ ਜਾਂਦੇ ਹਨ ਕਿ-ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ? ਹੁਣ ਵੇਲਾ ਆ ਗਿਆ ਹੈ ਕਿ ਗੁਰਸਿੱਖਾਂ ਨੂੰ ਏਹੜ-ਤੇਹੜ ਛੱਡ ਕੇ "ਗੁਰੂ ਗ੍ਰੰਥ ਸਾਹਿਬ" ਜੀ ਨੂੰ ਹੀ ਸੰਪੂਰਨ ਗੁਰੂ ਮੰਨਦੇ ਹੋਏ ਅੰਮ੍ਰਿਤ ਸੰਚਾਰ ਵੇਲੇ ਵੀ "ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਾਣੀ ਦਾ ਹੀ ਪਾਠ ਅਤੇ ਵਿਚਾਰ ਕਰਨਾ ਚਾਹੀਦਾ ਹੈ। ਬਾਕੀ ਗ੍ਰੰਥ ਅਤੇ ਰਚਨਾਵਾਂ ਕੰਪੈਰੇਟਿਵ ਸਟੱਡੀ ਲਈ ਹੀ ਪੜ੍ਹਨੀਆਂ ਚਾਹੀਦੀਆਂ ਹਨ ਜੇ ਕੋਈ ਗੱਲ ਮੇਲ ਖਾਦੀ ਹੈ ਤਾਂ ਕਥਾ ਪ੍ਰਚਾਰ ਵੇਲੇ ਪ੍ਰਮਾਣ ਵਜੋਂ ਦਿੱਤੀ ਜਾ ਸਕਦੀ ਹੈ ਨਾਂ ਕਿ ਦੀਖਿਆ ਵੇਲੇ (ਖੰਡੇ ਦੀ ਪਾਹੁਲ) ਦੇਣ ਵੇਲੇ ਗੁਰਉਪਦੇਸ਼ ਵੱਜੋਂ ਮਾਨਤਾ ਦੇਣ ਲਈ।

ਗੁਰਸਿੱਖ ਲਈ ਤਾਂ "ਗੁਰੂ ਗ੍ਰੰਥ ਦੀ ਮਹਾਨ ਗੁਰਬਾਣੀ ਦਾ ਉਪਦੇਸ਼ ਹੀ ਅੰਮ੍ਰਿਤ ਹੈ ਜਿਸ ਤੇ ਅਮਲ ਕਰਕੇ ਸਿੱਖ ਅਮਰ ਹੋ ਜਾਂਦਾ ਹੈ। ਜਿਵੇਂ ਇੱਕ ਪਤੀਬਰਤਾ ਔਰਤ ਸੁਹਾਗਣ ਹੈ ਇਵੇਂ ਹੀ ਇੱਕ ਗੁਰੂ ਗ੍ਰੰਥ ਤੇ ਪੂਰਨ ਵਿਸ਼ਵਾਸ਼ ਰੱਖਣ ਵਾਲਾ ਸਿੱਖ "ਗੁਰਸਿੱਖ" ਹੈ। ਅਨੇਕਾਂ ਪਤੀਆਂ ਵਾਲੀ ਔਰਤ ਸੁਹਾਗਣ ਨਹੀਂ ਅਨੇਕਾਂ ਗੁਰੂਆਂ ਜਾਂ ਗ੍ਰੰਥਾਂ ਵਾਲਾ ਸਿੱਖ ਕਿਵੇਂ "ਗੁਰਸਿੱਖ" ਹੋ ਸਕਦਾ ਹੈ? ਬਾਣੀ ਅਤੇ ਬਾਣਾ (ਵਰਦੀ) ਜਰੂਰੀ ਹੈ। ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਬਾਣਾਂ ਪੰਜ ਕਕਾਰਾਂ ਵਾਲਾ। ਗੁਰਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਸਾਰ ਕੇ ਕਿਸੇ ਹੋਰ ਗ੍ਰੰਥ ਦੀ ਰਚਨਾਂ ਨੂੰ ਅਪਨਾਅ ਕੇ ਇੱਕ ਦਿਨ ਖਖੜੀਆਂ ਕਰੇਲੇ ਅਤੇ ਨੇਸਤੋ ਨਬੂਦ ਹੋ ਜਾਓਗੇ ਇਹ ਕੌੜੀ ਸਚਾਈ ਹੈ ਜੋ ਵਿਦਵਾਨ ਮੰਨਦੇ ਹਨ ਪਰ ਲੋਕ ਲਾਜ ਪਿੱਛੇ ਲੱਗ ਕੇ ਲਕੀਰ ਦੇ ਫਕੀਰ ਬਣੇ ਹੋਏ ਹਨ, ਧੜੇਬੰਦੀਆਂ ਦਾ ਸ਼ਿਕਾਰ ਹਨ, ਵੱਖ ਵੱਖ ਗ੍ਰੰਥਾਂ ਦੇ ਪੁਜਾਰੀ ਹਨ ਅਤੇ ਵਿਧਾਨ (ਮਰਯਾਦਾ) ਵੀ ਸੰਪ੍ਰਦਾਈ ਜਾਂ ਡੇਰਿਆਂ ਵਾਲੀ ਮੰਨੀ ਜਾਂਦੇ ਹਨ। ਪਤਾ ਨਹੀਂ ਇਨ੍ਹਾਂ ਵਿਦਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਰੂਪ ਵਿੱਚ ਗੁਰੂ ਮੰਨਣ ਅਤੇ ਉਸ ਅਨੁਸਾਰ ਜੀਵਨ ਜੀਅਨ ਵਿੱਚ ਕੀ ਡਰ ਲਗਦਾ ਹੈ?

ਅਵਤਾਰ ਸਿੰਘ ਮਿਸ਼ਨਰੀ (5104325827)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top