Share on Facebook

Main News Page

ਪੱਥਰਾਂ ਚੋਂ ਕਦੇ ਵੀ ਰੱਬ ਨਹੀਂ ਲੱਭਦਾ: ਭਗਤ ਧੰਨਾ ਜੀ

ਭਗਤ ਧੰਨਾ ਜੀ ਦੇ ੫੯੭ ਜਨਮ ਦਿਹਾੜੇ ਨੂੰ ਸਮਰਪਿਤ

ਭਗਤ ਧੰਨਾ ਜੀ ਦੇ ਮਾਤਾ ਪਿਤਾ ਜਾਂ ਜਨਮ ਤਰੀਕ ਬਾਰੇ ਕੋਈ ਭਰੋਸੇਯੋਗ ਬਿਉਰਾ ਉਪਲਬਧ ਨਹੀਂ ਹੈ।ਪਰ ਪ੍ਰਸਿੱਧ ਇਤਿਹਾਸਕਾਰ ਮੈਕਾਲਿਫ ਦੀ ਖੋਜ ਅਨੁਸਾਰ ਭਗਤ ਜੀ ਦਾ ਜਨਮ ਧਾਲੀਵਾਲ ਗੋਤ ਦੇ ਜੱਟ ਘਰਾਣੇ ਵਿੱਚ ੮ ਵੈਸਾਖ ਸੰਨ ੧੪੧੫ ਪਿੰਡ ਧੁਆਨ, ਜੋ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ੨੧ ਅਪਰੈਲ ੨੦੧੨ ਨੂੰ ਮਨਾਇਆ ਜਾਵੇਗਾ। ਇਹ ਜ਼ਿਲਾ ਟਾਂਕ ਰਾਜਸਥਾਨ ਵਿੱਚ ਹੋਇਆ ਸੀ। ਭਗਤ ਜੀ ਦੇ ਭਗਤੀ ਵਾਲੇ ਜੀਵਨ ਦੀ ਝਲਕ ਅਸੀਂ ਸੀਨੇ ਬਸੀਨੇ ਚਲੀਆਂ ਆ ਰਹੀਆਂ ਚਮਤਕਾਰੀ ਕਿੱਸੇ ਕਹਾਣੀਆ ਤੋਂ ਤਾਂ ਜ਼ਰੂਰ ਜਾਣਦੇ ਹਾਂ। ਪਰ ਓਨ੍ਹਾਂ ਵੱਲੋਂ ਪ੍ਰਾਪਤ ਬ੍ਰਹਮ ਗਿਆਨ ਜੋ ਕਿ ਸ੍ਰੀ ਆਦਿ ਗ੍ਰੰਥ ਜੀ ਅੰਦਰ ਦਰਜ਼ ਚਾਰ ਸ਼ਬਦਾਂ (ਕੁੱਝ ਕੁ ਵਿਦਵਾਨਾਂ ਨੇ ਬਿਨਾਂ ਵਿਚਾਰੇ ਤਿੰਨ ਸ਼ਬਦ ਲਿਖੇ ਹਨ) ਵਿਚ ਠਾਠਾਂ ਮਾਰਦਾ ਹੈ।ਅੱਜ ਤਕਰੀਬਨ ੬੦੦ ਸਾਲਾਂ ਬਾਅਦ ਭਗਤ ਜੀ ਦੀ ਜੀਵਨ ਜਾਚ ਨੂੰ ਗੁਰਮਤ ਅਨੁਸਾਰ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਉਮੀਦ ਹੈ ਕੀ ਪਾਠਕ ਜਨ ਇਸ ਲੇਖ ਦਾ ਭਰਪੂਰ ਫਾਇਦਾ ਉਠਾ ਕੇ ਭਗਤ ਜੀ ਦੇ ਗੁਰਮਤ ਉਦੇਸ਼ਾਂ ਨੂੰ ਸਮਝ ਸਕਣਗੇ।

ਗੁਰਮਤਿ ਅਤੇ ਇਤਿਹਾਸਿਕ ਪੱਖ:

ਪ੍ਰਚਲਿਤ ਕਿੱਸੇ ਕਹਾਣੀਆਂ ਨੂੰ ਕਿਸੇ ਕਿਸਮ ਦਾ ਅਧਾਰ ਨਾਂ ਮੰਨ ਕੇ ਗੁਰਮਤ ਨੂੰ ਆਧਾਰ ਮੰਨ ਕੇ, ਉਨ੍ਹਾਂ ਦੇ ਇਤਿਹਾਸਿਕ ਪੱਖ ਦੇ ਜੀਵਨ ਉਤੇ ਚਾਨਣਾਂ ਪਾਉਣ ਵਾਸਤੇ ਵੀ ਸਾਡੇ ਕੋਲ ਸਭ ਤੋਂ ਭਰੋਸੇਮੰਦ ਵਸੀਲਾ ਸ਼੍ਰੀ ਆਦਿ ਗ੍ਰੰਥ ਅੰਦਰ ਪੰਨਾ ੪੮੭-੪੮੮ ਉਤੇ ਆਸਾ ਰਾਗ ਵਿਚ ਤਿੰਨ (੩) ਅਤੇ ਪੰਨਾ ੬੯੫ ਤੇ ਧਨਾਸਰੀ ਰਾਗ ਵਿਚ ਦਰਜ ਇਕ (੧) ਸ਼ਬਦ ਅਤੇ ਕੁਲ ਜੋੜ ਚਾਰ (੪) ਸ਼ਬਦਾਂ ਨੂੰ ਹੀ ਅਧਾਰ ਮੰਨਣਾ ਚਾਹੀਦਾ ਹੈ।

"ਮਹਲਾ ੫" ਸਿਰਲੇਖ ਦਾ ਭੁਲੇਖਾ:

"ਆਸਾ ਬਾਣੀ ਭਗਤ ਧੰਨੇ ਕੀ"। ਇਸ ਸਿਰ ਲੇਖ ਹੇਠ ੩ ਸ਼ਬਦ ਹਨ ਪਰ ਇਸ ਦੂਜੇ ਸ਼ਬਦ ਦਾ ਇਕ ਹੋਰ ਨਵਾਂ ਸਿਰਲੇਖ ਹੈ "ਮਹਲਾ ੫"। ਇਸ ਦਾ ਇਹ ਭਾਵ ਹਰਗਿਜ਼ ਹੀ ਨਹੀਂ ਕਿ ਇਹ ਦੂਜਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਆਪਣਾ ਉਚਾਰਿਆ ਹੋਇਆ ਹੈ, ਉਨ੍ਹਾਂ ਵਲੋਂ ਕੋਈ ਸੰਸ਼ੋਧਨ ਤਾਂ ਜ਼ਰੂਰ ਕੀਤਾ ਗਿਆ ਹੈ। ਪਰ ਇਹ ਸ਼ਬਦ ਮੂਲ ਰੂਪ ਵਿਚ ਭਗਤ ਧੰਨਾ ਜੀ ਦਾ ਹੀ ਹੈ, ਜੇ ਇਸ ਸ਼ਬਦ ਵਿਚ ਲਫਜ਼ 'ਨਾਨਕ' ਵਰਤਿਆ ਹੁੰਦਾ ਤਾਂ ਇਹ ਸ਼ਬਦ ਗੁਰਮਤੀ ਨਿਯਮਾਂ ਅਨੁਸਾਰ "ਮਹਲਾ ੫"ਦਾ ਹੀ ਮੰਨਿਆ ਜਾਂਦਾ। ਪਾਠਕਾਂ ਦੇ ਬੋਧ ਲਈ ਸੰਪੂਰਨ ਸ਼ਬਦ ਲਿੱਖ ਦਿੱਤਾ ਗਇਆ ਹੈ।

ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥

ਸ਼੍ਰੀ ਆਦਿ ਗ੍ਰੰਥ ਦੀ ਜਾਣਕਾਰੀ ਰੱਖਣ ਵਾਲੇ ਸੱਜਨ ਇਹ ਜਾਣਦੇ ਹਨ ਕਿ ਹਰ ਇਕ ਸ਼ਬਦ ਦੇ ਉਚਾਰਣ ਕਰਤੇ ਦਾ ਨਾਮ ਤੱਤਕਰੇ ਅੰਦਰ ਦਰਜ਼ ਮਿਲਦਾ ਹੈ। ਇਨ੍ਹਾਂ ਚਾਰ ਸ਼ਬਦਾਂ ਦੀ ਜਾਣਕਾਰੀ ਤੱਤਕਰੇ ਅੰਦਰ ਇਸ ਤਰੀਕੇ ਨਾਲ ਦਰਜ ਹੋਈ ਮਿਲਦੀ ਹੈ।

ਭਗਤ ਧੰਨਾ ਜੀਉ
- ਭ੍ਰਮਤ ਫਿਰਤ ਬਹੁ ੪੮੭
- ਗੋਬਿੰਦ ਗੋਬਿੰਦ ੪੮੭
- ਰੇ ਚਿਤ ਚੇਤਸਿ ਕੀ ਨ ੪੮੮
- ਗੋਪਾਲ ਤੇਰਾ ਆਰਤਾ ੬੯੫

ਗੁਰਮਤਿ ਅਤੇ ਜ਼ਾਤ ਪਾਤ:

ਇਹ ਗੱਲ ਤਾਂ ਸਪਸ਼ਟ ਹੈ ਕਿ ਗੁਰਮਤਿ ਵਿਚ ਜ਼ਾਤ ਪਾਤ ਜਾਂ ਵਰਣ ਵੰਡ ਵਾਸਤੇ ਕੋਈ ਸਥਾਨ ਨਹੀਂ ਜਿਵੇਂ ਕਿ ਇਹ ਮੁਖਵਾਕ ਦਰਜ਼ ਹਨ "ਭਗਤਾ ਕੀ ਜਤਿ ਪਤਿ ਏਕੋ ਨਾਮੁ ਹੈ ਆਪੇ ਲਏ ਸਵਾਰਿ ॥"(ਪੰਨਾ ੪੨੯)

ਪਰ ਇਹ ਗੱਲ ਵੀ ਵਰਣਨ ਯੋਗ ਹੈ ਕੀ ਭਗਤ ਧੰਨਾ ਜੀ ਦੇ ਅਪਣੇ ਹੀ ਸ਼ਬਦ ਵਿਚ ਭਗਤ ਨਾਮਦੇਵ ਜੀ ਨੂੰ "ਛੀਪਰੋ" ਅਰਥਾਤ ਛੀਂਬਾ, ਭਗਤ ਕਬੀਰ ਜੀ ਨੂੰ "ਜੋਲਾਹਰਾ" ਅਰਥਾਤ ਜੋਲਾਹਾ, ਭਗਤ ਰਵਿਦਾਸ ਜੀ ਨੂੰ "ਢੋਰ ਢੁਵੰਤਾ" ਭਗਤ ਸੈਣ ਜੀ ਨੂੰ ਨਾਈ ਅਤੇ ਆਪ ਨੂੰ "ਜਾਟਰੋ" ਅਰਥਾਤ ਜੱਟ ਜ਼ਾਤ ਦੀ ਸੰਗਿਆ ਨਾਲ ਸੰਬੋਧਨ ਕੀਤਾ ਹੈ। ਆਓ ਇਸ ਜ਼ਾਤ ਰੂਪੀ ਸੰਗਿਆਵਾਂ ਦੇ ਕਾਰਣਾਂ ਦਾ ਗੁਰਮਤਿ ਅਨੁਸਾਰ ਵਿਸ਼ਲੇਸ਼ਣ ਕਰੀਏ।

ਪਹਿਲਾ ਕਾਰਣ: ਗੁਰਮਤ ਹੱਥੀਂ ਕੰਮ ਕਰਣ ਲਈ ਪ੍ਰੇਰਣਾ ਕਰਦੀ ਹੈ ਇਸ ਪ੍ਰਤੀ ਇਹ ਮੁਖਵਾਕ ਦਰਜ਼ ਹਨ।

ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ (ਪੰਨਾ ੧੩੭੫)

ਇਸ ਦਾ ਭਾਵ ਇਹ ਹੋਇਆ ਕਿ ਜੀਵ ਨੇ ਅਪਣੇ ਅਤੇ ਪਰਿਵਾਰ ਦੀ ਉਪਜੀਵਿਕਾ ਲਈ ਕੋਈ ਕੰਮ ਜ਼ਰੂਰ ਕਰਣਾ ਹੈ। ਕੇਵਲ ਚਿੱਟੇ ਕਪੜੇ ਪਾ ਕੇ ਜਾਂ ਹੋਰ ਕੋਈ ਭੇਖ ਧਾਰ ਕੇ ਅੱਜ ਕੱਲ ਦੇ ਵਿਹਲੜ ਸਾਧਾਂ ਵਾਂਗ ਇਸ ਦੁਨਿਆ ਵਿਚ ਨਹੀਂ ਵਿਚਰਣਾ। ਇਹ ਹੀ ਕਾਰਣ ਹੈ ਕਿ ਗੁਰਮਤ ਕੇਵਲ ਕਿਰਤ ਦੇ ਅਧਾਰ ਤੇ ਜ਼ਾਤ ਨੂੰ ਪ੍ਰਵਾਨਗੀ ਦਿੰਦੀ ਹੈ ਨਾਂ ਕਿ ਹਿੰਦੂ ਧਰਮ ਦੀ ਕਰਮ ਫਿਲਾਸਫੀ ਦੇ ਅਧਾਰ ਤੇ। ਉਪਰ ਦਿੱਤੇ ਸਾਰੇ (ਪੰਜੇ) ਹੀ ਭਗਤ ਸਾਹਿਬਾਨਾਂ ਨੇ ਅਪਣੀ ਅਪਣੀ ਕਿਰਤ ਵੀ ਜਾਰੀ ਰੱਖੀ ਅਤੇ ਭਗਤੀ (ਆਤਮ ਦੀ ਖੋਜ਼) ਵੀ ਕਰਦੇ ਰਹੇ।ਕਿਸੇ ਪ੍ਰਕਾਰ ਦਾ ਕੋਈ ਵੀ ਪਰਪੰਚ (ਡੇਰਾ ਜਾਂ ਸਥਾਨ) ਨਹੀ ਬਣਾਇਆ ਅਤੇ ਜੀਵਨ ਸਫਲ ਕਰ ਕੇ ਸੱਚਖੰਡ ਵਿਚ ਜਾ ਵਸੇ।ਵਰਤਮਾਨ ਸਮੇਂ ਦੇ ਪ੍ਰਚਾਰਕ ਵੀਰ ਇਸ ਸਿਧਾਂਤ ਤੋਂ ਜ਼ਰੂਰ ਸੇਧ ਲੈਣ ਅਤੇ ਕੋਈ ਕਿਰਤ ਵੀ ਜ਼ਰੂਰ ਕਰਨ।

ਦੂਜਾ ਕਾਰਣ: ਭਗਤ ਕਬੀਰ ਜੀ ਜੋ ਕੀ ਵਰਤਮਾਨ ਭਗਤਾਂ ਦੇ ਸਿਰਮੌਰ ਹਨ ਅਤੇ ਗੁਰੁ ਕਾਲ ਤੋਂ ਪਹਿਲਾਂ ਹੋਏ ਹਨ। ਪਰਮੇਸ਼ਰ ਦੇ ਹੁਕਮ ਅੰਦਰ ਇਨਾਂ੍ਹ ਭਗਤਾਂ ਦੇ ਜਨਮ ਮੁਸਲਮਾਨ ਰਾਜ ਦੇ ਸਮੇਂ ਬਨਾਰਸ ਸ਼ਹਿਰ ਦੇ ਆਸ ਪਾਸ ਹਿੰਦੂ ਮਤ ਅਨੁਸਾਰ ਸ਼ੁਦਰਾਂ ਦੇ ਘਰਾਂ ਵਿਚ ਹੀ ਹੋਇਆ। ਹਿੰਦੂ ਮਤ ਮੁਤਾਬਿਕ ਬਨਾਰਸ ਸ਼ਹਰ (ਸ਼ਿਵ ਦੀ ਨਗਰੀ) ਗੰਗਾ ਨਦੀ (ਦੇਵਤਿਆਂ ਦੀ ਨਦੀ) ਦੇ ਤੱਟ ਤੇ ਵਸਿਆ ਪਵਿਤ੍ਰ ਸ਼ਹਰ ਹੈ ਅਤੇ ਇੱਥੇ ਵਸਦੇ ਹਿੰਦੂ ਬ੍ਰਾਮਣਾਂ ਨੂੰ ਹੀ ਬ੍ਰਹਮ ਗਿਆਨ ਦਾ ਸ੍ਰੋਤ ਮੰਨਦੇ ਸਨ। ਉਸ ਸਮੇ ਬਨਾਰਸ ਸ਼ਹਿਰ ਹਿੰਦੂ ਵਿਚਾਰਧਾਰਾ ਦਾ ਥੰਮ ਮੰਨਿਆ ਜਾਂਦਾ ਸੀ।ਇਸ ਮਤ ਮੁਤਾਬਿਕ ਸਿਮ੍ਰੀਤੀਆਂ ਪਰਮੇਸ਼ਰ ਦੁਆਰਾ ਰਚਿਤ ਮੰਨੀਆਂ ਅਤੇ ਪ੍ਰਚਾਰੀਆ ਜਾਦੀਆਂ ਸਨ।ਇਨਾਂ੍ਹ ਗੰ੍ਰਥਾਂ ਮੁਤਾਬਿਕ ਕਿਸੇ ਵੀ ਸ਼ੂਦਰ ਜਾਤੀ ਵਾਲੇ ਨੂੰ ਇਹ ਬ੍ਰਹਮ ਗਿਆਨ ਪ੍ਰਾਪਤ ਨਹੀ ਹੋ ਸਕਦਾ ਕਿਉਂਕਿ ਅਪਣੇ ਮਾੜੇ ਕਰਮਾਂ ਅਨੁਸਾਰ ਹੀ ਇਨਾਂ ਦਾ ਜਨਮ ਸ਼ੂਦਰਾਂ ਦੇ ਘਰ ਵਿਚ ਹੋਇਆ ਅਤੇ ਇਹ ਸ਼ਰਾਪੇ ਹੋਏ ਮੰਨੇ ਜਾਂਦੇ ਸਨ। ਪਰ ਗੁਰਮਤਿ ਜੋ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਅਤੇ ਗੁਰਬਾਣੀ ਅੰਦਰ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ:

"ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥" (ਪੰਨਾ ੪੨੯)

ਇਸ ਮਨਮਤ ਵਾਲੇ ਭੰਬਲਭੂਸੇ ਨੂੰ ਵੀ ਨਵ੍ਰਿਤ ਕਰਦੀ ਹੈ ਅਤੇ ਇਹ ਦ੍ਰਿੜ ਕਰਵਾਉਦੀ ਹੈ ਕਿ ਇਹ ਬ੍ਰਹਮ ਗਿਆਨ ਤਾਂ ਪਰਮੇਸ਼ਰ ਦੀ ਅਪਣੀ ਦਾਤ ਹੈ। ਜੋ ਉਸ ਨੂੰ ਭਾ ਜਾਵੇ ਉਸ ਤੇ ਇਹ ਬਖਸ਼ਸ ਹੋ ਜਾਂਦੀ ਹੈ।ਮਨਮਤ ਦੇ ਅਧਾਰ ਤੇ ਬਣਾਈਆਂ ਅਤੇ ਸਿਮ੍ਰੀਤੀਆਂ ਦੁਆਰਾ ਪ੍ਰਚਾਰੀਆਂ ਜਾਂਦੀਆਂ ਇਹ ਜਾਤਾਂ ਪਾਤਾਂ ਬਿਲਕੂਲ ਝੂਠੀਆਂ ਹਨ ਅਤੇ ਸਿਮ੍ਰੀਤੀ ਦਾ ਗਿਆਨ ਪਰਮੇਸ਼ਰ ਤੋ ਸਿੱਧਾ ਪ੍ਰਾਪਤ ਹੋਇਆ ਵਾਲੀ ਗੱਲ ਵੀ ਸਰਾਸਰ ਝੂਠ ਹੈ। ਪਰ ਆਓ ਹੁਣ ਆਪਾਂ ਸਾਰ੍ਹੇ ਹੀ ਸਿੱਖ ਅਖਵਾਉਣ ਵਾਲੇ ਅਤੇ ਖਾਸ ਕਰ ਕਿ ਜੱਟ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਅਪਣੇ ਮੰਜੇ ਥੱਲੇ ਸੋਟਾ ਫੇਰ ਕੇ ਇਹ ਵੀਚਾਰੀਏ ਕਿ ਆਪਾਂ ਜਾਤ ਪਾਤ ਦੇ ਮਸਲੇ ਵਿਚ ਕਿੱਥੇ ਕੁ ਖਲੋਤੇ ਹਾਂ। ਭਗਤ ਧੰਨਾ ਜੀ ਦੇ ਸ਼ਬਦ ਤੋਂ ਹੀ ਜੇ ਸੇਧ ਲਈਏ ਤਾਂ ਹਿੰਦੂ ਮੱਤ ਜੱਟ ਨੂੰ ਵੀ ਸ਼ੂਦਰ ਮਨਦੀ ਹੈ ਅਤੇ ੧੯੪੭ ਦੀ ਅਜ਼ਾਦੀ ਤੋਂ ਬਾਦ੍ਹ ਸਿਆਸਤ ਦੀ ਚਾਲ ਵਿਚੋਂ ਇਨਾਂ੍ਹ ਨੂੰ ਹਰੀਜਨ ਦਾ ਖਿਤਾਬ ਦੇ ਦਿੱਤਾ ਗਇਆ। ਜਦੋਂ ਜੱਟ ਦਾ ਕਿੱਤਾ ਕਰਨ ਵਾਲਾ ਆਪ ਹੀ ਹਰੀਜਨ ਹੈ ਤੇ ਪੰਜਾਬ ਦੇ ਪਿੰਡਾਂ ਵਿਚ ਇਹ ਹਰੀਜਨਾਂ ਦੇ ਅਲਗ ਗੁਰਦੁਆਰੇ ਉਸਾਰਨ ਵਿਚ ਕਿਸ ਦਾ ਹੱਥ ਹੈ ।ਅਪਣੀ ਇਕ ਜ਼ਾਤ ਵਿਚੋ ਅਪਣੀ ਹੀ ਮੰਦ ਬੁਧੀ ਮੁਤਾਬਿਕ ਇਕ ਹੋਰ ਜ਼ਾਤ ਦਾ ਨਿਰਮਾਣ ਕਿਵੇਂ ਹੋਈਆ। ਇਸ ਤੋਂ ਇਹ ਗੱਲ ਬੜੀ ਸਾਫ ਹੋ ਜਾਂਦੀ ਹੈ ਕਿ ਵਰਤਮਾਨ ਸਿੱਖਾਂ ਦਾ ਗੁਰਬਾਣੀ ਦੀ ਵਿਚਾਰਧਾਰਾ ਨਾਲ ਕੋਈ ਮੇਲ ਨਹੀਂ।ਇਹ ਤਾਂ ਜ਼ਾਤ ਪਾਤ ਦੇ ਮਾਮਲੇ ਵਿਚ ਹਿੰਦੂ ਭਾਈਚਾਰੇ ਨੂੰ ਵੀ ਪਿੱਛੇ ਛੱਡ ਗਏ ਹਨ।ਸਰਬੱਤ ਗੁਰਦਵਾਰਿਆ ਸ੍ਰੋ: ਕਮੇਟੀ ਅਤੇ ਪੰਜਾਬ ਦੇ ਚੋਣਾ ਦੇ ਆਂਕੜੇ ਵੀ ਇਹੀ ਦਰਸਾਉਦੇ ਹਨ ਕਿ ਇਕ ਖਾਸ ਸ਼੍ਰੇਣੀ ਦੇ ਹਰੀਜਨਾਂ ਦਾ ਹੀ ਜਿਯਾਦਾ ਬੋਲ ਬਾਲਾ ਲਗਦਾ ਹੈ। ਓਹ ਗੁਰਬਾਣੀ ਤੋਂ ਇਹ ਸੇਧ ਜ਼ਰੂਰ ਲੈਣ ਨਹੀਂ ਤਾਂ ਦਰਗਾਹ ਵਿਚ ਜਾ ਕੇ ਸ਼ਰਮਸਾਰ ਹੀ ਹੋਣਾ ਪਵੇਗਾ।

ਪੱਥਰ ਪੂਜਾ ਅਤੇ ਗੁਰਮੱਤ:

ਇਹ ਗੱਲ ਬੜੀ ਹੀ ਹੈਰਾਨੀ ਵਾਲੀ ਹੈ ਕਿ ਆਦਿ ਗ੍ਰੰਥ ਅੰਦਰ ਮੂਲ ਮੰਤ੍ਰ ਤੋ ਬਾਦ "ਸਚੁ" ਦਾ ਵਿਸ਼ਾ ਆਰੰਭ ਹੋਇਆ ਹੈ। ਇਸ ਚਾਰ ਕਾਲ ਸਦੀਵੀਂ ਸੱਚ ਨੂੰ "ਪੂਜਾ ਸ਼ਬਦ ਕੀ" ਅਨੁਸਾਰ ਗੁਰਬਾਣੀ ਦੇ ਸ਼ਬਦਾਂ ਵਿਚੋਂ ਖੋਜ਼, ਸਮਝ ਕੇ ਇਸ ਚੇਤਨ ਸੱਤਾ ਨੂੰ ਬੁਝਣਾ ਹੈ। ਇਸ ਹੀ ਖੋਜ਼ ਅਤੇ ਬੁਝਣ ਨੂੰ ਗੁਰਮਤ ਭਗਤੀ ਕਹਿਆ ਗਇਆ ਹੈ ਅਤੇ ਇਸ ਚੇਤਨ ਦੀ ਭਗਤੀ ਦੇ ਨਿਯਮ ਨੂੰ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਉਤੇ ਇਸ ਇਸ਼ਾਰੇ ਨਾਲ ਦ੍ਰਿੜ ਕਰਵਾਇਆ ਗਇਆ ਹੈ।

ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥ ਪੰਨਾ ੨੮੮

ਕਿਸੇ ਬ੍ਰਾਮਣ ਦੁਆਰਾ ਭਗਤ ਧੰਨਾ ਜੀ ਨੂੰ ਇਕ ਜੜ ਵਸਤੂ (ਪੱਥਰ) ਠਾਕੁਰ ਦੇ ਰੂਪ ਵਿਚ ਦੇਣਾ ਅਤੇ ਭਗਤ ਜੀ ਦਾ ਇਹ ਮੰਨ ਲੈਣਾ ਕਿ ਇਸ ਵਿਚ ਪਰਮੇਸ਼ਰ ਹੈ ਮੂਰਤੀ ਪੂਜਾ ਤੋਂ ਅਗੇ ਕੁਝ ਨਹੀਂ। ਇਹ ਝੂਠੀ ਕਹਾਣੀ ਗੁਰਮਤਿ ਦੇ ਸਿਧਾਂਤ ਨੂੰ ਗਾਲ੍ਹ ਕਢਣ ਦੇ ਬਰਾਬਰ ਹੈ। ਗਿਆਨ ਅਤੇ ਦਲੀਲ ਤੋਂ ਸੱਖਣੀ ਸੰਗਤ ਇਸ ਝੂਠੀ ਕਹਾਣੀ ਦੇ ਪ੍ਰਚਾਰ ਦੀ ਦੁਖਦਾਈ ਭੁਲ ਦਾ ਸ਼ਿਕਾਰ ਹੋ ਚੁੱਕੀ ਹੈ।ਅਤੇ ਸਤਿਗੁਰ ਦੀ ਮੇਹਰ ਸੱਦਕਾ ਕੁਝ ਜਾਗਰੁਕ ਸਜੱਣ ਹੁਣ ਇਸ ਝੂਠੇ ਪ੍ਰਚਾਰ ਨੂ ਦਰੁਸਤ ਕਰਨ ਵਿਚ ਲਗੇ ਹੋਏ ਹਨ॥

ਭਗਤ ਧੰਨਾ ਜੀ ਦੀ ਅਪਣੀ ਆਤਮ ਕਥਾ:

ਆਓ ਹੁਣ ਭਗਤ ਧੰਨਾ ਜੀ ਦੇ ਆਸਾ ਰਾਗ ਵਿਚ "ਮਹਲਾ ੫" ਦੇ ਸਿਰ ਲੇਖ ਅੰਦਰ ਅਪਣੇ ਰਚਿਤ ਦੂਸਰੇ ਸ਼ਬਦ ਦੀ ਵਿਸਤਾਰ ਪੂਰਵਕ ਜਾਣਕਾਰੀ ਲਈਏ। ਇਹ ਪੂਰਾ ਸ਼ਬਦ ਉਤੇ ਲਿਖਿਆ ਹੋਇਆ ਹੈ।

ਨਿਸ਼ਕਰਸ਼ #੧: ਭਗਤ ਧੰਨਾ ਜੀ ਨੇ ਅਪਣੇ ਚਾਰ ਸਮਕਾਲੀ ਭਗਤ (ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ ਅਤੇ ਸੈਣ ਜੀ) ਦਾ ਜ਼ਿਕਰ ਕੀਤਾ ਹੈ।

ਨਿਸ਼ਕਰਸ਼ #੨: ਭਗਤ ਧੰਨਾ ਜੀ ਨੇ ਹਰ ਇਕ ਭਗਤ ਦੇ ਗੁਰਮਤ ਭਗਤੀ ਵਾਲੇ ਸਰਬੋਤਮ ਗੁਣਾ ਦਾ ਵੀ ਜ਼ਿਕਰ ਕੀਤਾ ਹੈ ਜਿਵੇਂ ਕਿ ਭਗਤ ਨਾਮਦੇਵ ਜੀ ਨੇ ਅਪਣਾ ਮਨ ਅਪਣੇ ਚਿਤ (ਗੋਬਿੰਦ) ਵਿਚ ਲੀਣ ਕਰ ਲਇਆ ਹੈ। ਓਹ ਮਨ ਚਿਤ ਕਰਕੇ ਇਕ ਹੋ ਗਏ ਸਨ।ਗੋਬਿੰਦ ਸ਼ਬਦ ਦੇ ਅਰਥ ਪਰਮੇਸ਼ਰ ਨਹੀ ਹੁੰਦੇ। ਗੁਰਮਤਿ ਵਿਚ ਅਪਣੇ ਮੂਲ ਨੂੰ ਹੀ ਗੋਬਿੰਦ ਕਿਹਾ ਜਾਂਦਾ ਹੈ। ਇਹ ਪੂਰਨ ਬ੍ਰਹਮ ਰੂਪੀ ਇਕ ਹੋਇਆ ਜੀਅ ਹੀ ਫਿਰ ਪਰਮੇਸ਼ਰ ਵਿਚ ਸਮਾਉਂਦਾ ਹੈ।ਇਸ ਹੀ ਤਰ੍ਹਾਂ ਭਗਤ ਕਬੀਰ ਜੀ ਵੀ ਮਨ ਦਾ ਮਾਇਆ ਰੂਪੀ ਤਨਨਾਂ ਬੁਣਨਾ ਛੱਡ ਕੇ ਮਨ ਚਿਤ ਇਕ ਕਰਕੇ ਗੁਣੀ ਗਹੀਰ (ਸੱਚਖੰਡ) ਵਾਲੀ ਅਵਸਥਾ ਨੂੰ ਜਾ ਉਪੜੇ। ਭਗਤ ਰਵਿਦਾਸ ਜੀ ਵੀ ਭਗਤ ਕਬੀਰ ਜੀ ਵਾਂਗੂ ਮਾਇਆ ਨੂੰ ਤਿਆਗ ਕੇ ਮਨ ਚਿਤ ਇਕ ਕਰਿ ਕੇ ਹਰਿ (ਪਾਰਬ੍ਰਹਮ) ਵਿਚ ਜਾ ਸਮਾਏ (ਦਰਸਨ ਪਾਇਆ)। ਭਗਤ ਸੈਣ ਜੀ ਨੇ ਵੀ ਮਨ ਚਿਤ ਨੂੰ ਇਕ ਕਰ ਕੇ ਅਪਣੇ ਹਿਰਦੇ ਵਿਚ ਹੀ ਪਾਰਬ੍ਰਹਮ ਨੂੰ ਪਾ ਲਇਆ।

ਨਿਸ਼ਕਰਸ਼ #੩: ਇਸ ਗੁਰਮਤ ਭਗਤੀ ਦੇ ਮਨ ਚਿਤ ਦੇ ਇਕ ਹੋਣ ਦੇ ਗਿਆਨ ਨੂੰ ਭਗਤ ਧੰਨਾ ਜੀ ਨੇ ਭਗਤਾਂ ਦੀ ਬਾਣੀ ਵਿਚੋਂ ਆਪ ਜ਼ਰੂਰ ਪੜਿਆ ਹੋਵੇਗਾ। ਕਿਉਂਕਿ ਇਸ ਦਾ ਗਿਆਨ ਜਾਂ ਪ੍ਰਚਾਰ ਨਾਮਾਤ੍ਰ ਹੀ ਸੀ ਤੇ ਇਸ ਹੀ ਗੁਰਮਤ ਬਿਧੀ ਨੂੰ ਅਪਣਾ ਕਿ "ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ" ਆਪ ਜੀ ਗੁਰਮਤਿ ਗਿਆਨ ਮਾਰਗ ਵਿਚ ਜੁਟ ਗਏ ਅਤੇ ਪਹਿਲਾਂ ਸਤਿਗੁਰ ਦੀ ਕਿਰਪਾ ਸਦ ਕੇ ਜਾਗ੍ਰਤ ਅਵਸਥਾ ਵਿਚ "ਉਠਿ ਕੇ" ਮਨ ਨੂੰ ਚਿਤ ਵਿਚ ਸਮਾਂ ਲਇਆ ਅਤੇ ਪੂਰਨ ਬ੍ਰਹਮ ਵਾਲੀ ਅਵਸਥਾ ਪਾਈ। ਫਿਰ ਪਰਮੇਸ਼ਰ ਨੂੰ ਪਰਤੱਖ ਰੂਪ ਵਿਚ ਪਾ ਲਿਆ। ਇਹ ਸੱਭ ਬਿਬੇਕ ਬੁਧੀ ਦੀ ਖੇਡ ਹੈ ਕਿਉਂਕਿ "ਹਰਿ" ਤਾਂ ਕਿਸੇ ਰੂਪ ਰੇਖ ਅਤੇ ਰੰਙ ਤੋ ਪਰੇ ਹੈ। ਇਸ ਮਨੁਖੀ ਅੱਖ ਨੂੰ ਓਸ ਦਾ ਦਰਸ਼ਨ ਸੰਭਵ ਹੀ ਨਹੀਂ ਪੱਥਰ ਵਾਲੀ ਕਹਾਣੀ ਨਿਰੀ ਹੀ ਨਿਰਮੂਲ ਹੈ।ਚੇਤਨ ਜੋਤ ਦਾ ਦਰਸ਼ਨ ਕੇਵਲ ਹਿਰਦੇ ਵਿਚ ਹੀ ਹੋਣਾ ਸੰਭਵ ਹੈ। ਓਹ ਜੋਤ ਜੀਵ ਦੀ ਅਪਣੀ ਹੀ ਹੈ। ਕੇਵਲ ਅਪਣੇ ਮੂਲ ਦਾ ਹੀ ਦਰਸ਼ਨ (ਆਤਮ ਦਰਸ਼ਨ) ਹੁੰਦਾ ਹੈ। ਗੁਰ ਨਾਨਕ ਜਾਂ ਗੁਰ ਗਿਬੰਦ ਸਿੰਘ ਜੀ ਦੇ ਦਰਸ਼ਨ ਵਾਲੀਆਂ ਅਫਵਾਹਾਂ ਵੀ ਨਿਰਮੂਲ ਹੀ ਹਨ, ਨਹੀਂ ਤਾਂ ਭਗਤ ਕਬੀਰ ਜੀ ਦਾ ਇਹ ਸ਼ਲੋਕ ਗੁਰਬਾਣੀ ਵਿਚ ਦਰਜ਼ ਨਾਂ ਹੁੰਦਾ।

ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ
ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ
॥੮੭॥

ਕਬੀਰ ਜੀ ਸਮਝਾ ਰਹੇ ਹਨ ਕਿ ਜਿਸ ਨੂੰ ਮੈ ਕੁਝ ਹੋਰ ਸਮਝ ਕੇ ਖੋਜ਼ ਰਹਿਆ ਸੀ ਓਹ ਅਸਲ ਵਿਚ ਮੇਰਾ ਅਪਣਾ ਹੀ ਮੂਲ ਸੀ ਗੁਰਮਤ ਭਗਤੀ ਅਪਣੇ ਮੂਲ ਦੀ ਹੀ ਖੋਜ਼ ਹੈ।

ਨਿਸ਼ਕਰਸ਼ #੪: ਭਗਤ ਧੰਨਾ ਜੀ ਨੇ ਜ਼ਾਤ ਦਾ ਜ਼ਿਕਰ ਕਿਰਤ ਨੂੰ ਪ੍ਰਮੁਖ ਰੱਖ ਕੇ ਕੀਤਾ ਹੈ ਜਿਸ ਦਾ ਭਾਵ ਇਹ ਕਿ ਗੁਰਮਤ ਵਿਚ ਭਗਤੀ ਵਿਚਾਰ ਦਾ ਵਿਸ਼ਾ ਹੈ।ਪ੍ਰਮੁਖ ਤੌਰ ਤੇ ਵਿਚਾਰ ਮਨ ਅਤੇ ਚਿਤ ਵਿਚਕਾਰ ਹੀ ਹੋਣੀ ਹੁੰਦੀ ਹੈ। ਜਿਸ ਵਿਚ ਦੁਨਿਆਵੀ ਕੰਮ ਕਾਜ਼ ਨੂੰ ਤਿਆਗਣ ਦੀ ਲੋੜ ਨਹੀਂ। ਪਰ ਅਪਣੇ ਕੰਮ ਨੂੰ ਧੰਦੇ ਵਿਚ ਨਹੀਂ ਬਦਲਣ ਦੇਣਾ।ਧੰਦੇ ਵਾਲੀ ਅਵਸਥਾ ਵਿਚ ਮਨ ਚਿਤ ਨਾਲੋਂ ਟੁੱਟ ਕੇ ਮਾਇਆ ਵਿਚ ਖੱਚਤ ਹੋ ਜਾਂਦਾ ਹੈ।

ਦਾਸ ਇਹ ਉਮੀਦ ਰੱਖਦਾ ਹੈ ਕਿ ਇਹ ਲੇਖ ਪੜ੍ਹ ਕੇ ਪਾਠਕ ਜਨ ਭਗਤ ਧੰਨਾ ਜੀ ਦੀ ਪੱਥਰ ਚੋ ਰੱਬ ਲੱਭਣ ਵਾਲੀ ਕਥਾ ਨੂੰ ਕਿਸੇ ਸ਼ਰਾਰਤ ਦੇ ਅਧੀਨ ਗੁਰਮਤ ਦੇ ਫਲਸਫੇ ਨੂੰ ਧੁੰਧਲਾਉਣ ਅਤੇ ਸ਼ੰਕੇ ਖੜੇ ਕਰਣ ਦੀ ਸਾਜਿਸ਼ ਤੋਂ ਇਲਾਵਾ ਹੋਰ ਕੁਝ ਨਹੀ ਸਮਝਣਗੇ। ਅਤੇ ਭਗਤ ਧੰਨਾ ਜੀ ਦੇ ਗੁਰਮਤ ਗਿਆਨ ਮਾਰਗ ਵਾਲੇ ਰਸਤੇ ਤੇ ਚਲ ਕੇ ਜ਼ਾਤ ਪਾਤ ਨੂੰ ਪਿੱਛੇ ਛੱਡ ਕੇ ਗੁਸਾਈਂ ਦੇ ਪਰਤਖ ਦਰਸ਼ਨ ਪ੍ਰਾਪਤ ਕਰਨ ਲਈ ਉਤਸਾਹਿਤ ਹੋਣਗੇ।

ਗੁਰਜੀਤ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top