Share on Facebook

Main News Page

ਗਪੌੜਾਂ ਦੀ ਕਿਤਾਬ 'ਤੇ ਮੱਕੜ ਨੇ ਲਾਈ ਮੋਹਰ

* ਅਖੇ, ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ 'ਚੋਂ ਪ੍ਰਗਟ ਹੋ ਕੇ ਬਾਬਿਆਂ ਨੂੰ ਲੰਗਰ ਛਕਾਇਆ

ਅਨੰਦਪੁਰ ਸਾਹਿਬ, (22 ਅਪ੍ਰੈਲ,ਸੁਰਿੰਦਰ ਸਿੰਘ ਸੋਨੀ): ਸਿੱਖ ਕੌਮ ਦੀ ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਅਜ ਸਿੱਖ ਧਰਮ ਦੇ ਨਿਆਰੇ ਸਿਧਾਂਤਾਂ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਲੇਪ ਚੜਾ ਕੇ ਇਸ ਕਦਰ ਮਿਲਗੋਭਾ ਕੀਤਾ ਜਾ ਰਿਹਾ ਹੈ ਕਿ ਆਮ ਸਿੱਖਾਂ ਨੂੰ ਗੁਰਮਤਿ ਤੇ ਮਨਮਤ ਦਾ ਪਤਾ ਹੀ ਨਹੀ ਲਗ ਰਿਹਾ। ਰੋਜਾਨਾਂ ਹੀ ਬਜਾਰ ਵਿਚ ਅਜਿਹੀਆਂ ਪੁਸਤਕਾਂ ਧੜਾਧੜ ਆ ਰਹੀਆਂ ਹਨ ਜਿਨਾਂ ਵਿਚ ਗੁਰਬਾਣੀ ਦੇ ਪਾਵਨ ਸਿਧਾਂਤਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਤੋ ਵੀ ਵੱਧ ਅਫਸੋਸ ਇਸ ਗੱਲ ਦਾ ਕਿ ਸਾਡੇ ਧਾਰਮਿਕ ਕਹਾਉਂਦੇ ਆਗੂ ਇਨਾਂ ਪੁਸਤਕਾਂ ਨੂੰ ਪੜੇ ਬਗੈਰ ਹੀ ਇਸ ਉਤੇ ਰੂਹਾਨੀਅਤ ਨੁੰ ਪ੍ਰਚਾਰਨ ਵਾਲੀ ਪੁਸਤਕ ਦੀ ਮੋਹਰ ਲਗਾ ਕੇ ਸਿਖਾਂ ਨੂੰ ਹੋਰ ਵੀ ਭੰਬਲਭੁਸੇ ਵਿਚ ਪਾ ਦਿੰਦੇ ਹਨ। ਅਜਿਹੀ ਹੀ ਇਕ ਪੁਸਤਕ ‘ਜਾ ਤੁੰ ਸਾਹਿਬ’  ਨਾਮ ਹੇਠ ਅਜ ਕਲ ਚਰਚਾ ਵਿਚ ਆਈ ਹੈ ਜਿਸ ਨੁੰ ਅਨੰਦਪੁਰ ਸਾਹਿਬ ਵਿਖੇ ਵਡੀ ਗਿਣਤੀ ਵਿਚ ਫ੍ਰੀ ਵੀ ਵੰਡਿਆਂ ਗਿਆ।

ਸਾਹਿਬ ਸ਼ਬਦ ਯੂ ਕੇ ਵਲੋ ਪ੍ਰਕਾਸ਼ਿਤ ਇਸ ਪੁਸਤਕ ਵਿਚ ਗੁਰਮਤਿ ਸਿਧਾਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ। 128 ਸਫਿਆਂ ਦੀ ਇਸ ਪੁਸਤਕ ਦੇ ਸਫਾ 29 ਤੇ ‘ਕਲਗੀਧਰ ਪਾਤਸ਼ਾਹ ਦਾ ਫੁਰਮਾਨ ਅਤੇ ਸੰਤ ਬਾਬਾ ਨੰਦ ਸਿੰਘ ਜੀ’ ਦੇ ਸਿਰਲੇਖ ਹੇਠ ਲਿਖਿਆ ਗਿਆ ਹੈ ਕਿ ਨਾਨਕਸਰ ਦੇ ਬਾਨੀ ਸੰਤ ਮਹਾਂਪੁਰਸ਼ ਧੰਨ ਧੰਨ ਬਾਬਾ ਨੰਦ ਸਿੰਘ ਨੇ ਕਲਗੀਧਰ ਦੇ ਹੁਕਮ ਨੂੰ ਜਾਹਰਾ ਰੂਪ ਵਿਚ ਸਚ ਕਰ ਵਿਖਾਇਆ ਤੇ ਸਾਡੇ ਭਲੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੌ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਪ੍ਰਗ੍ਟ ਕਰਕੇ ਆਪਣੇ ਹੱਥੀ ਲੰਗਰ ਛਕਾਇਆ।

ਅੱਗੇ ਲਿਖਿਆ ਹੈ ਕਿ ਬਾਬਾ ਨੰਦ ਸਿੰਘ ਅਤੇ ਬਾਬਾ ਜਵੰਦ ਸਿੰਘ ਨੇ ਮਤਾ ਕਰਕੇ ਅਰਦਾਸ ਕੀਤੀ ਕਿ ਜਿੰਨਾ ਚਿਰ ਆਪ ਜੀ ਜਾਹਰਾ ਰੂਪ ਵਿਚ ਪ੍ਰਸ਼ਾਦਾ ਨਹੀ ਛਕਦੇ ੳਨਾ ਚਿਰ ਅਸੀ ਵੀ ਨਹੀ ਛਕਾਂਗੇ। ਇਸ ਤਰਾਂ ਪੰਜ ਦਿਨ ਲੰਘ ਗਏ ਸਰੀਰ ਕਮਜੋਰ ਤੇ ਬੇਸੁਧ ਹੋ ਗਿਆ ਤੇ ਅਖੀਰ ਸ਼੍ਰੀ ਗੁਰੂ ਗ੍ਰੰਥ ਵਿਚੋ ਸ਼੍ਰੀ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤੇ ਦੋਹਾਂ ਮਹਾਂਪੁਰਖਾਂ ਨੂੰ ਬਾਹੋ ਫੜ ਕੇ ਉਠਾਇਆ। ਗੁਰੁੂ ਸਾਹਿਬ ਨੇ ਆਪ ਪ੍ਰਸ਼ਾਦਾ ਛਕਿਆ ਤੇ ਦੋਹਾਂ ਮਹਾਂਪੁਰਸ਼ਾਂ ਨੂੰ ਸੀਤ ਪ੍ਰਸ਼ਾਦ ਬਖਸ਼ਿਸ਼ ਕੀਤਾ। ਅੱਗੇ ਲਿਖਿਆ ਹੈ ਕਿ ਬਾਬਾ ਨੰਦ ਸਿੰਘ ਨੇ ਜਿੱਥੇ ਆਪ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਉਥੇ ਆਪਣੇ ਸੰਗੀ ਸਾਥੀਆਂ ਨੁੰ ਵੀ ਦਰਸ਼ਨ ਕਰਵਾਏ। ਸਿਤਮ ਦੀ ਗੱਲ ਇਹ ਹੈ ਕਿ ਅਜਿਹੀਆਂ ਗੱਪਾਂ ਗਪੌੜਾਂ ਨਾਲ ਭਰੀ ਇਸ ਕਿਤਾਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋ ਲਿਖੇ ਸੰਦੇਸ਼ ਵਿਚ ਲਿਖਿਆ ਹੈ ਕਿ ਰੂਹਾਨੀਅਤ ਨੂੰ ਪ੍ਰਚਾਰਨ ਵਾਲੀ ਅਜਿਹੀ ਪੁਸਤਕ ਦਾ ਮਹੱਤਵ ਬਹੁਤ ਜਿਆਦਾ ਹੈ ਅਤੇ ਇਹ ਪੁਸਤਕ ਗੁਰਮਤ ਵਿਰਾਸਤ ਵਿਚ ਸਲਾਹੁਣ ਯੋਗ ਕਿਰਤ ਹੋਵੇਗੀ।

ਇਸ ਬਾਰੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਮੁਖ ਸੇਵਾਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਜਿਹੀਆਂ ਬੇਸਿਰ ਪੈਰ ਦੀਆਂ ਕਹਾਣੀਆਂ ਦਾ ਸਿੱਖ ਧਰਮ ਦੇ ਪਾਵਨ ਸਿਧਾਤਾਂ ਨਾਲ ਦੂਰ ਦਾ ਵੀ ਕੋਈ ਸਬੰਧ ਨਹੀ। ਉਨਾਂ ਕਿਹਾ ਅਜਿਹੀਆਂ ਪੁਸਤਕਾਂ ਰੂਹਾਨੀਅਤ ਨਹੀ ਸਗੋ ਸਿੱਖੀ ਸਿਧਾਤਾਂ ਨੁੰ ਮਿਲਗੋਭਾ ਕਰਨ ਦਾ ਸੰਦੇਸ਼ ਦਿੰਦੀਆਂ ਹਨ। ਉਨਾਂ ਕਿਹਾ ਕਿ ਐਸੀਆਂ ਕਹਾਣੀਆਂ ਬ੍ਰਾਹਮਣਵਾਦੀ ਸੋਚ ਦੀ ਉਪਜ ਹਨ ਜਿਨਾਂ ਨੂੰ ਸਿਖੀ ਵਿਚ ਘੁਸੇੜਿਆ ਜਾ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top