Share on Facebook

Main News Page

ਦਾਤਾ ਉੱਲਝ ਗਈ ਊ ਤਾਣੀ…

ਸਿੱਖ ਕੌਮ, ਜਿਸ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਬਹੁਮੁੱਲਾ ਖਜਾਨਾ ਪਿਆ ਹੈ, ਜਿਸਨੂੰ ਸਿੱਖ ਜਾਂ ਕੋਈ ਵੀ ਮਨੁੱਖ ਆਪਣੇ ਜਾਂ ਮਾਨਵਤਾ ਦੇ ਭਲੇ ਲਈ ਕਦੇ ਵੀ ਜਿੰਨਾ ਮਰਜ਼ੀ ਵਰਤ ਸਕਦਾ ਹੈ ਤੇ ਇਹ ਖਜਾਨਾ ਵੀ ਐਸਾ ਹੈ ਜਿੰਨ੍ਹਾ ਵੀ ਵਰਤੋਗੇ ਕਦੇ ਵੀ ਘਾਟੇ ਵਿੱਚ ਜਾਣਾ ਵਾਲਾ ਨਹੀਂ।

ਜਿੰਨ੍ਹਾਂ ਨੇ ਵਰਤਿਆ ਉਹ ਜਨਮ ਸਫਲਾ ਕਰ ਗਏ । ਉਹਨਾਂ ਮਨੁੱਖਤਾ ਦਾ ਭਲਾ ਮੰਗਿਆ ਅਤੇ ਮਨੁੱਖਤਾ ਦੀ ਕਾਤਿਰ ਹੀ ਗੁਰਬਾਣੀ ਉਪਦੇਸ਼ਾਂ ਨੂੰ ਕਮਾਉਂਦੇ ਹੋਏ ਆਪਣੀਆਂ ਜਾਨਾਂ ਤੱਕ ਨਿਸ਼ਾਵਰ ਕਰ ਗਏ । ਸਿੱਖੀ ਦੀ ਇਹ ਸ਼ਹਾਦਤਾਂ ਦੀ ਲ਼ਹਿਰ ਨੇ ਸਿੱਖੀ ਦੀਆਂ ਜੜ੍ਹਾਂ ਨੂੰ ਡੂੰਘਿਆਂ ਅਤੇ ਮਜ਼ਬੂਤ ਕੀਤਾ । ਇਸ ਗੱਲ ਤੋਂ ਸਿੱਖੀ ਦੇ ਦੁਸ਼ਮਣਾਂ ਨੇ ਭਾਂਪ ਲਿਆ, ਕਈ ਤਰਹਾਂ ਦੇ ਤਸੀਹੇ ਦਿੱਤੇ, ਹਮਲੇ ਕੀਤੇ, ਨਸਲਕੁਸ਼ੀਆਂ ਤੱਕ ਹੋਈਆਂ, ਗੁਰਧਾਮਾਂ ਨੂੰ ਢਹਿ ਢੇਰੀ ਕੀਤਾ, ਸਿੱਖਾਂ ਦੇ ਖਾਮਤੇ ਦੇ ਐਲਾਨ ਤੱਕ ਕੀਤੇ ਗਏ, ਪਰ ਸਿੱਖ ਹਰ ਘੱਲੂਘਾਰੇ ਤੋਂ ਬਾਅਦ ਫਿਰ ਨਵੇਂ ਰੂਪ ਵਿੱਚ ਨਵੇਂ ਜੋਸ਼ ਨਾਲ, ਨਵੀਂ ਸ਼ਕਤੀ ਨਾਲ, ਨਵੀਂ ਸੋਚ ਨਾਲ ਉਭਰੀ ਤੇ ਕੁੱਝ ਸਮੇਂ ਵਿੱਚ ਮੁੜ ਪੂਰੇ ਸੰਸਾਰ ਵਿੱਚ ਕਾਬਜ਼ ਹੋਈ।

ਪਰ ਇਹਨਾਂ ਦਿਨ੍ਹਾਂ ਵਿੱਚ ਪਤਾ ਨਹੀਂ ਕਿਉਂ ਮਹਿਸੂਸ ਹੋਣ ਲੱਗ ਪਿਆ ਕਿ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਕੌਮ ਦੀ ਸੋਚ ਨੂੰ ਸਾਡੇ ਦੁਸ਼ਮਣ ਦੀ ਇੱਕ ਲੰਬੀ ਸਾਜਸ਼ ਤਹਿਤ ਇੰਨਾਂ ਨਕਾਰਾਤਮਕ ਕਰ ਦਿੱਤਾ ਹੈ ਕਿ ਚੜ੍ਹਦੀ ਕਲਾ ਦੀ ਗੱਲ ਘੱਟ ਪਰ ਉਲਟਾ ਢਹਿੰਦੀ ਕਲਾ ਵਿੱਚ ਹੀ ਸਾਰੇ ਸਿੱਖ ਵਿਚਰ ਰਹੇ ਹਨ । ਹਰ ਪਾਸੇ ਵਿਰਲਾਪ ਹੀ ਵਿਰਲਾਪ ਹੋ ਰਿਹਾ ਹੈ । ਉੱਪਰ ਤੋਂ ਲੈ ਕੇ ਥੱਲੇ ਤੱਕ ਹਰ ਪਾਸੇ ਵਿਰਲਾਪ । ਹਾਏ ਬ੍ਰਾਹਮਣਵਾਦ, ਹਾਏ ਆਰ.ਐੱਸ.ਐੱਸ., ਹਾਏ ਪੁਜਾਰੀ, ਹਾਏ ਫਲਾਣਾ, ਹਾਏ ਟਿਮਕਾਣਾ, ਹਾਏ ਉਹ, ਹਾਏ ਆਹ !!! ਬੱਸ ਹਾਏ ਹਾਏ ਹੀ ਹੋ ਰਹੀ ਹੈ । ਕੋਈ ਵੀ ਇੱਕ ਸੰਸਥਾ/ਸੰਪਰਦਾ/ਕਾਲਜ/ਪੁਜਾਰੀ/ਡੇਰੇਦਾਰ/ਜਥੇਬੰਦੀ/ਕਲੱਬ/ਵਿਅਕਤੀ ਐਸਾ ਨਜ਼ਰ ਨਹੀਂ ਆਉਂਦਾ ਜਿਸ ਕੋਲ ਕੌਮ ਦੀ ਚੜ੍ਹਦੀ ਕਲਾ ਅਤੇ ਉਜਵੱਲ ਭਵਿੱਖ ਲਈ ਕੋਈ ਠੋਸ ਪ੍ਰੋਗਰਾਮ ਹੋਵੇ, ਜੇ ਕਿਸੇ ਕੋਲ ਹੈਗਾ ਹੈ ਤਾਂ ਉਹ ਉਸ ਨੂੰ ਹੀ ਪੰਥ ਪ੍ਰਮਾਣਿਤ ਮੰਨਦਾ ਹੈ ਤੇ ਕਹਿੰਦਾ ਬੱਸ ਹੁਣ ਸਾਰੀ ਕੌਮ ਉਸਦੇ ਕਹੇ ਅਨੁਸਾਰ ਉਸਦੇ ਪਿੱਛੇ ਹੀ ਚੱਲੇ । ਇਹੀ ਹਾਲ ਸਾਡੇ ਵਿਦਵਾਨਾਂ/ਬੁੱਧੀਜੀਵੀਆਂ/ਜਾਗਰੂਕਾਂ ਦਾ ਹੈ । ਮੇਰਾ ਪ੍ਰੋਗਰਾਮ ਵਧੀਆ ਹੈ, ਦੂਜਾ ਤਾਂ ਬੱਸ ਐਵੇਂ ਝੱਖ ਹੀ ਮਾਰਦਾ ਹੈ ।

ਨਾ ਹੀ ਕੋਈ ਅੱਗੇ ਹੋ ਕੇ ਲੜ੍ਹਨਾ ਚਾਹੁੰਦਾ ਹੈ । ਹਾਂ ਨਾਮ ਕਾਉਣ ਜਾਂ ਨਾਮ ਬਨਾਉਣ ਲਈ ਸੱਭ ਮੁਹਰਲੀ ਕਤਾਰ ਵਿੱਚ ਹੀ ਹੁੰਦੇ ਹਨ । ਹਰ ਕੋਈ ਸੰਸਥਾ ਜਿਵੇਂ ਧਰਮ ਦੇ ਨਾਮ ਪੁਰ ਇੱਕ ਵਧੀਆ ਕਿੱਤਾ ਕਰ ਰਹੀ ਹੈ । ਕੁੱਝ ਹੈ ਨੇ, ਜੋ ਕਾਫੀ ਪ੍ਰਤੀਸ਼ਤ ਵਧੀਆ ਕੰਮ ਕਰ ਰਹੇ ਹਨ, ਪਰ ਉਹ ਵੀ ਸਾਨੂੰ ਪ੍ਰਵਾਨ ਨਹੀਂ ਕਿਉਂਜੁ ਉਹ ਸਾਡੀਆਂ ਕੁੱਝ ਗੱਲਾਂ ਨਾਲ ਸਹਿਮਤ ਨਹੀਂ ਹਨ । ਬੱਸ ਆਹ! ਕੁੱਝ ਕੁ ਗੱਲਾਂ ਨੇ ਹੀ ਸਾਰਾ ਤਾਣਾ ਬਾਣਾ ਉਲਝਾਇਆ ਹੋਇਆ ਹੈ।

ਸਿੱਖ ਜਾਂ ਸਿੱਖ ਜਥੇਬੰਦੀਆਂ ਉਨ੍ਹਾਂ ਜ਼ੋਰ ਉਸਾਰੂ ਪੱਖ ਵੱਲ ਨਹੀਂ ਲੱਗ ਰਿਹਾ ਜਿੰਨ੍ਹਾਂ ਜ਼ੋਰ ਆਪਣੇ ਨਾਲ ਹੀ ਧਰਮ ਪ੍ਰਚਾਰ ਲਈ ਯਤਨਸ਼ੀਲ਼ ਸੰਸਥਾਵਾਂ ਦੇ ਵੱਕਾਰ ਨੂੰ ਰੋਲਣ ਲਈ ਲੱਗ ਰਿਹਾ ਹੈ । ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਅਸੀਂ ਆਪਸ ਵਿੱਚ ਲੜ-ਲੜ ਮਰ ਰਹੇ ਹਾਂ । ਉਹ ਹਾਲ ਬਣੀ ਪਈ ਹੈ ਕਿ, ‘ਕੌਣ ਆਖੇ ਰਾਣੀਏ, ਅੱਗਾ ਢੱਕ’ । ਹਰ ਗੱਲ ਨੂੰ ਨਕਾਰਾਤਮਕ ਲੈ ਰਹੇ ਹਾਂ।

ਨੌਜਵਾਨ ਨਸ਼ਿਆਂ ਵਿੱਚ ਗਲਤਾਨ ਹੋ ਰਹੇ ਹਨ, ਸਿੱਖਾਂ ਘਰ ਜੰਮੇ ਦਾੜ੍ਹੀਆਂ-ਕੇਸ ਮੁੰਨਵਾ ਕੇ ਸਿੱਖੀ ਤੋਂ ਬਾਗੀ ਹੋ ਰਹੇ ਹਨ, ਦਸਤਾਰਾਂ-ਚੁੰਨੀਆਂ ਸਾਡੀ ਨੌਜਵਾਨੀ ਦੇ ਸਿਰਾਂ ਤੋਂ ਆਏ ਦਿਨ ਗਾਇਬ ਹੁੰਦੀਆਂ ਜਾ ਰਹੀਆਂ ਹੈ, ਗਰੀਬ ਸਿੱਖਾਂ ਦੇ ਬੱਚੇ ਪੜ੍ਹਾਈ ਤੋਂ ਮੁਥਾਜ ਹੋਏ ਪਏ ਹਨ, ਗਰੀਬ ਸਿੱਖ ਕੁੜੀਆਂ (ਢਾਡੀ ਬਲਬੀਰ ਸਿੰਘ ਦੀ ਬੇਟੀ ਵਾਂਗ) ਸਟੇਜਾਂ ਤੇ ਨੱਚਣ ਲਈ ਮਜਬੂਰ ਹੋ ਰਹੀਆਂ ਹਨ, ਨਾ ਸਾਡੇ ਬੱਚਿਆਂ ਲਈ ਕੋਈ ਕਾਰੋਬਾਰ ਦਾ ਪ੍ਰਬੰਧ ਹੈ ਨਾ ਕੋਈ ਭਵਿੱਖ ਦਾ, ਨਾ ਹੀ ਕਦੇ ਸਿੱਖ ਜਵਾਨੀ ਜਿਹੜੀ ਜੇਲ੍ਹਾਂ ਵਿੱਚ ਹੀ ਬੁੱਢੜੀ ਹੋ ਰਹੀ ਹੈ ਉਸਦੀ ਰਿਹਾਈ ਦਾ ਪ੍ਰੋਗਰਾਮ ਹੈ, ਨਾ 84 ਦਾ ਇਨਸਾਫ ਕਰਵਾ ਸਕੇ, ਇਨਸਾਫ ਤਾਂ ਪਾਸੇ ਰਿਹਾ ਉਹ ਦੂਜਿਆਂ ਨੇ ਕਰਨਾ ਸੀ, ਅਸੀਂ ਤਾਂ ਜੋ ਆਪ ਕਰਨ ਵਾਲਾ ਕੰਮ ਸੀ (ਸੰਨ 84 ਦੇ ਸ਼ਹੀਦਾਂ ਦੀ ਇੱਕ ਯਾਦਗਾਰ), ਉਹ ਹੀ ਕਾਇਮ ਨਾ ਕਰ ਸਕੇ, ਹੋਰ ਕੀ ਕੀ ਲਿਖਾਂ ?????

ਹਾਂ ਆਪਸ ਵਿੱਚ ਜੂੰਡੀਓ-ਜੂੰਡੀ ਹੋਣਾ ਹੋਵੇ ਤਾਂ ਸੱਭ ਤੋਂ ਮੋਹਰੀ ਹਾਂ । ਸਪੋਕਸਮੈਨ ਨੇ ਆਹ ਕਰਤਾ, ਭਾਵੇਂ ਸਾਨੂੰ ਪਤਾ ਪੰਜਾਬ ਵਿੱਚ ਹੋਰ ਕੋਈ ਮਾਂ ਦਾ ਪੁੱਤ ਨਹੀਂ ਜਿਹੜਾ ਜੋਗਿੰਦਰ ਸਿੰਘ ਵਾਂਗ, ਸਿੱਖਾਂ ਅਤੇ ਪੰਜਾਬ ਦੇ ਮੁੱਦਿਆਂ ਨੂੰ ਛਾਤੀ ਠੋਕ ਕੇ ਲੋਕਾਂ ਵਿੱਚ ਰੱਖ ਸਕੇ । ਨਾ ਹੀ ਕੋਈ ਹੋਰ ਜ਼ਰੀਆ ਹੈ ਜਿਸ ਨਾਲ ਸਿੱਖ ਕੌਮ ਦਾ ਮੈਸਜ (ਸਪੋਸਕਮੈਨ ਦੀ ਸਪੀਡ) ਦੀ ਤਰ੍ਹਾਂ ਸਿੱਖ ਕੌਮ ਜਾਂ ਪੰਜਾਬੀਆਂ ਅੱਗੇ ਰੱਖਿਆ ਜਾ ਸਕੇ, ਪਰ ਨਾ ਜੀ ਸਪੋਕਸਮੈਨ ਤਾਂ ਪੰਥ ਵਿਰੋਧੀ ਹੈ, ਸਾਡੇ ਕਈ ਲੇਖ ਨਹੀਂ ਛਾਪੇ ਉਸਨੇ, ਸਾਡਾ ਇਸ਼ਤਿਹਾਰ ਨਹੀਂ ਲਾਇਆ ਉਸਨੇ, ਉਸਨੇ ਆਹ ਕਰਤਾ, ਉਸਨੇ ਓਹ ਕਰਤਾ।

ਸਿੱਖ ਮਿਸ਼ਨਰੀ ਕਾਲਜ, ਇਹ ਤਾਂ ਜੀ ਕੱਟੜ ਬੜਾ ਹੈ, ਕਿਉਂਕਿ ਸਿੱਖ ਰਹਿਤ ਮਰਿਯਾਦਾ ਤੇ ਪਹਿਰਾ ਜੁ ਦਿੰਦਾ ਹੈ । ਪਰ ਕਈਆਂ ਨੂੰ ਇਤਰਾਜ਼ ਹੈ ਕਿ ਇਹ ਗਰਮ ਮਸਲਿਆਂ ਵਿੱਚ ਚੁੱਪ ਕਿਉਂ ਰਹਿੰਦਾ ਹੈ, ਵਿਵਾਦਤ ਮੁੱਦੇ ਕਿਉਂ ਨਹੀਂ ਉਛਾਲਦਾ? ਭਾਵ ਕਿ ਇਹ ਵੀ ਇੱਕਦੂਜੇ ਦੀਆਂ ਲੱਤਾਂ ਖਿਚਣੀਆਂ ਸ਼ੁਰੂ ਕਰ ਦੇਵੇ ਤੇ ਜਿਹੜੇ ਸਿੱਖ ਫੁਲਵਾੜੀ ਬੁੱਕ ਹੋ ਰਹੇ ਹਨ, ਲਾਗਤ ਮਾਤਰਾ ਤੇ ਲਿਟਰੇਚਰ ਛੱਪ ਰਿਹਾ ਹੈ, ਦੋ ਸਾਲਾ ਪੱਤਰ ਵਿਹਾਰ ਕੋਰਸ ਵਾਲੇ ਪਾਸਿਉਂ ਵੀ ਕੰਮ ਰੁਕ ਜਾਵੇ ਪਰ ਆਹ ਕੁੱਝ ਸਿਆਣੇ ਸਿੱਖਾਂ ਲਈ ਇੱਕ ਵਾਰ ਉਲਝ ਜ਼ਰੂਰ ਜਾਵੇ।

ਇੱਕ ਧੜਾ ਉਠਿਆ ਜੀ ਸਿੱਖ ਰਹਿਤ ਮਰਿਯਾਦਾ ਬਦਲ ਦੇਵੋ, ਦੂਜਾ ਉਠਿਆ ਜੀ ਸੰਤਾਂ ਵਾਲੀ ਮਰਯਾਦਾ ਬਹਾਲ ਕਰੋ, ਤੀਜਾ ਉਠਿਆ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਂ ਹੋਂਦ ਹੀ ਨਹੀਂ ਸੀ ਤੇ ਨਾ ਹੀ ਹੈ, ਚੌਥਾ ਮੇਰੇ ਵਰਗਾ ਉਠਿਆ ਪੁਜਾਰੀਆਂ ਜਟਾਉ, ਪੰਜਵਾਂ ਮੇਰੇ ਖਿਲਾਫ ਉਠਿਆ, ਪੁਜਾਰੀ ਨਹੀਂ ‘ਜਥੇਦਾਰ’, ‘ਸਿੰਘ ਸਾਹਿਬ’ ਕਹੋ, ਛੇਵਾਂ ਉਠਿਆ ‘ਇਕਵਾਕ ਪੱਟੀ ਨੇ ਫੇਸਬੁੱਕ ਤੇ ਵੱਖਰੇ ਪੋਜ਼ਾਂ ਵਿੱਚ ਫੋਟੋਆਂ ਕਿਉਂ ਖਿਚਵਾ ਕੇ ਲਗਾਈਆਂ ਹਨ?? ਸੱਤਵਾਂ ਉਠਿਆ ਮੈਂ ਭਾਈ ਰਾਜੋਆਣੇ ਦੀ ਪੂਰੀ ਹਿਮਾਇਤ ਕਰਦਾ ਹਾਂ, ਅੱਠਵਾਂ ਉਠਿਆ, ਜੀ! ਰਾਜੋਆਣਾ ਤਾਂ ਸਿਧਾਂਤਕ ਤੌਰ ‘ਤੇ ਗਲਤ ਹੈ, ਨੌਵਾਂ ਉਠਿਆ ਡਾ. ਦਿਲਗੀਰ ਸਾਹਿਬ ਨੇ ਸਿੱਖ ਇਤਿਹਾਸ ਤੇ ਬਹੁਤ ਸੋਹਣਾ ਤੇ ਮਿਹਨਤ ਵਾਲਾ ਕੰਮ ਕੀਤਾ, ਦੱਸਵਾਂ ਉਠਿਆ ਲੈ! ਡਾ. ਦਿਲਗੀਰ ਨੇ ਤਾਂ ਇਤਿਹਾਸ ਦੀਆਂ ਸਾਖੀਆਂ ਹੀ ਗਲਤ ਕਰ ਦਿੱਤੀਆਂ, ਸੋ ਡਾ. ਦਿਲਗੀਰ ਦਾ ਇਤਿਹਾਸ ਤਾਂ ਸਾਰਾ ਗਲਤ ਹੈ (ਤਾਂ ਸਹੀ ਇਤਿਹਾਸ ਕਿੱਥੇ ਹੈ, ਕੌਣ ਲਿਖੇਗਾ ਉਸ ਕੋਲ ਜੁਆਬ ਨਹੀਂ) ਪਰ ਟੰਗ ਜਰੂਰ ਅੜਾਉਣੀ ਹੀ ਅੜਾਉਣੀ ਹੈ।

ਇਸ ਤਰ੍ਹਾਂ ਇਹ ਗਿਣਤੀ ਗਿਆਰਾਂ, ਬਾਰਾਂ, ਤੇਰਾਂ….. ਸੈਂਕੜੇ ਤੇ ਹਜ਼ਾਰਾਂ ਤੋਂ ਵੀ ਟੱਪ ਜਾਵੇਗੀ, ਆਪਣੀ ਡੱਫਲੀ ਆਪਣਾ ਰਾਗ…. ਬੱਸ!!

ਬੱਸ ਭੁੱਲ ਕੇ ਵੀ ਕਿਸੇ ਕੰਮ ਦੀ ਤਾਰੀਫ ਨਾ ਹੋ ਜਾਵੇ, ਨੁਕਤਾਚਿਨੀ ਕਰੀ ਜਾਣੀ, ਕਰੀ ਜਾਣੀ !! ਕਿਉਂ ਨਹੀਂ ਅਸੀਂ ਨਿੱਜੀ ਤੋਹਮਤਬਾਜ਼ੀ ਨੂੰ ਛੱਡ ਕੇ ਪੰਥਕ ਹਿੱਤਾਂ ਲਈ ਸਾਂਝੇ ਹੋ ਕੇ ਸੋਚਦੇ । ਸਾਰੀਆਂ ਜਥੇਬੰਦੀਆਂ ਦੇ ਦੋ-ਦੋ, ਚਾਰ-ਚਾਰ ਚੰਗੇ ਕੰਮਾਂ ਤੇ ਹੱਥ ਕਿਉਂ ਨਹੀਂ ਮਿਲਾਉਂਦੇ, ਜਾਂ ਕਦੋਂ ਇੱਕ ਹੋਵਾਂਗੇ।

ਜੋ ਵੀ ਆਪਣੇ ਆਪ ਨੂੰ ਸਹੀ ਸਿੱਧ ਕਰਨਾ ਚਾਹੁੰਦਾ ਹੈ ਕਰੇ, ਪਰ ਦੂਜੇ ਨੂੰ ਨੀਵਾਂ ਕਿਉਂ ਦਿਖਾਉਣਾ ਚਾਹੁੰਦਾ ਹੈ?? ਨਿੱਕੀਆਂ-ਨਿੱਕੀਆਂ ਗੱਲਾਂ ਤੇ ਇੰਝ ਲੜ੍ਹਦੇ ਹਾਂ, ਜਿਵੇਂ ….ਬੱਸ।

ਕੀ ਸਮਝਾਂ, ਕਿਸਨੂੰ ਸਮਝਾਵਾਂ ਤੇ ਕੀ ਸਮਝਾਵਾਂ ਅੱਜ ਤਾਂ ਇਹੀ ਮੂੰਹੋਂ ਨਿਕਲਿਆ ‘ਦਾਤਾ ਉੱਲਝ ਗਈ ਊ ਤਾਣੀ” ।

ਆਖੀਰ ਵਿੱਚ ਇੱਕ ਛੋਟੀ ਜਿਹੀ ਕਹਾਣੀ ਬਿਆਨ ਕਰਾਂਗਾ, ਜੋ ਸਾਡੇ ਵਰਗੇ ਚੌਧਰੀਆਂ ਲਈ ਇੱਕ ਹਲੂਣੇ ਵਾਂਗ ਲੱਗਦੀ ਹੈ, ਕਿ ਆਉ ਕੁੱਝ ਤਾਂ ਹਾਂ-ੱਪੀ ਕਰ ਲਈਏ ਨਹੀਂ ਤਾਂ ਫਿਰ ਇਹੀ ਹਾਲਤ ਬਣੀ ਰਹੇਗੀ ਸਾਡੀ…

ਇੱਕ ਵਾਰ ਇੱਕ ਵਿਅਕਤੀ ਨੇ ਬਾਜ਼ਾਰ ਵਿੱਚੋਂ ਬੜਾ ਮਹਿੰਗਾ ਜਿਹਾ ਕੁੱਤਾ ਖ੍ਰੀਦਿਆ, ਉਸ ਕੁੱਤੇ ਦੀ ਖਾਸੀਅਤ ਸੀ ਕਿ ਉਹ ਪਾਣੀ ਉੱਪਰ ਤੁਰ ਸਕਦਾ ਸੀ । ਉਸਨੇ ਸੋਚਿਆ ਕਿ ਕਿੰਨੀ ਅਦੱਭੁੱਤ ਚੀਜ਼ ਹੈ, ਕਿਉਂ ਨਾ ਆਪਣੇ ਮਿੱਤਰ ਨਾਲ ਸਾਂਝੀ ਕਰਾਂ ਤੇ ਉਸਨੂੰ ਇਹ ਜਾਦੂ ਦਿਖਾਵਾਂ?

ਸੋ ਉਸਨੇ ਸਕੀਮ ਬਣਾਈ ਕਿ ਆਪਣੇ ਦੋਸਤ ਨੂੰ ਨਹਿਰ ਦੇ ਕੰਢੇ ਤੇ ਲੈ ਕੇ ਜਾਵਾਂਗਾ ਤੇ ਫਿਰ ਇਹ ਸੱਭ ਦੇਖ ਕੇ ਉਹ ਖੁੱਦ ਹੀ ਹੈਰਾਨ ਰਹਿ ਜਾਵੇਗਾ। ਅਗਲੇ ਦਿਨ ਉਹ ਆਪਣੇ ਮਿੱਤਰ ਨੂੰ ਕੁੱਤੇ ਸਮੇਤ ਨਹਿਰ ਦੇ ਕੰਢੇ ਤੇ ਲੈ ਗਿਆ ਤੇ ਹੱਥ ਵਿੱਚ ਫੜ੍ਹੀ ਹੋਈ ਬੋਲ (ਗੇਂਦ) ਨੂੰ ਉਸ ਨੇ ਨਹਿਰ ਵਿੱਚ ਸੁੱਟ ਦਿੱਤਾ ਤੇ ਕੁੱਤੇ ਨੂੰ ਇਸ਼ਾਰਾ ਕੀਤਾ ਕਿ ਭੱਜ ਕੇ ਉਹ ਗੇਂਦ ਨਹਿਰ ਵਿੱਚ ਕੱਢ ਕੇ ਲਿਆਵੇ, ਕੁੱਤਾ ਨਹਿਰੀ ਪਾਣੀ ਦੇ ਉੱਫਰ ਤੁਰਿਆ ਅਤੇ ਗੇਂਦ ਲੈ ਕੇ ਵਾਪਿਸ ਆ ਗਿਆ।

ਪਰ ਉਸ ਵਿਅਕਤੀ ਦੇ ਦੋਸਤ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਤੀਕਰਮ ਇਸ ਬਾਰੇ ਨਾ ਦਿੱਤਾ, ਉਕਤ ਵਿਅਕਤੀ ਬੜਾ ਹੈਰਾਨ ਹੋਇਆ ਅਤੇ ਆਪਣੇ ਮਿੱਤਰ ਨੂੰ ਕਹਿਣ ਲੱਗਾਮ ‘ਯਾਰ ਤੈਨੂੰ ਮੇਰੇ ਕੁੱਤੇ ਬਾਰੇ ਕੁੱਝ ਖਾਸ ਮਹਿਸੂਸ ਨਹੀਂ ਹੋਇਆ?”

ਤਾਂ ਅੱਗੋਂ ਮਿੱਤਰ ਬੋਲਿਆ, 'ਹਾਂ ਯਾਰ ਮੈਂ ਕੁੱਝ ਮਹਿਸੂਸ ਕੀਤਾ।'

ਉਕਤ ਵਿਅਕਤੀ: ਕੀ?

"ਯਾਰ ਤੇਰਾ ਕੁੱਤਾ ਪਾਣੀ ਵਿੱਚ ਤੈਰ ਨਹੀਂ ਸਕਦਾ।" ਦੋਸਤ ਦਾ ਜੁਆਬ ਸੀ।

ਬੱਸ ਕੁੱਝ ਇੱਦਾਂ ਕੁ ਦੀ ਹਾਲਤ ਨਹੀਂ ਬਣੀ ਹੋਈ ਆਪਣੀ???

ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top