Share on Facebook

Main News Page

ਜੇ ਭਗਤ ਧੰਨਾ ਜੀ ਨੇ ਗਊ ਦੇ ਵੱਟੇ ਠਾਕੁਰ ਲਿਆ ਹੁੰਦਾ ਤਾਂ ਕਦੀ ਵੀ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਨਾ ਹੁੰਦੀ: ਭਾਈ ਸ਼ਿਵਤੇਗ ਸਿੰਘ

ਬਠਿੰਡਾ, 23 ਅਪ੍ਰੈਲ (ਕਿਰਪਾਲ ਸਿੰਘ): ਜੇ ਭਗਤ ਧੰਨਾ ਜੀ ਨੇ ਗਊ ਦੇ ਵੱਟੇ ਠਾਕੁਰ ਲਿਆ ਹੁੰਦਾ, ਤਾਂ ਕਦੀ ਵੀ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਨਾ ਹੁੰਦੀ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਹੈੱਡ ਪ੍ਰਚਾਰਕ ਭਾਈ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ’ਤੇ ਹੋ ਰਿਹਾ ਸੀ।

ਉਨ੍ਹਾਂ ਕਿਹਾ ਸਿੱਖ ਸਿਧਾਂਤ ਵਿੱਚ ਰਲਾਵਟ ਪਾਉਣ ਵਾਲੀਆਂ ਅਜੇਹੀਆਂ ਸਾਖੀਆਂ ਪ੍ਰਚਲਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਲਿਖਿਆ ਗਿਆ ਹੈ ਕਿ ਪੱਥਰ ਪੂਜਕ ਬ੍ਰਹਮਣ ਤੋਂ ਭਗਤ ਧੰਨਾ ਜੀ ਨੇ ਗਊ ਦੇ ਕੇ ਉਸ ਦੇ ਬਦਲੇ ਵਿੱਚ ਠਾਕੁਰ ਲੈ ਲਿਆ। ਪੱਥਰ ਦੇ ਇਸ ਠਾਕਰ ਦੀ ਭੋਲੇ ਭਾ ਪੂਜਾ ਕਰਕੇ ਉਸ ਵਿੱਚੋਂ ਰੱਬ ਨੂੰ ਪਾ ਲਿਆ, ਤੇ ਉਸ ਰੱਬ ਨੂੰ ਭਗਤ ਧੰਨਾ ਨੇ ਹਰਟ ਜੋੜ ਕੇ ਆਪਣੀ ਖੇਤੀ ਦੀ ਸਿੰਚਾਈ ਅਤੇ ਖੇਤੀ ਦੇ ਹੋਰ ਕੰਮ ਕਰਨ ਲਈ ਵਰਤਿਆ। ਇਸ ਸਾਖੀ ਦੀ ਸਚਿਆਈ ਪਰਖਣ ਲਈ ਇਸ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖਣਾ ਜਰੂਰੀ ਹੈ। ਭਾਈ ਸ਼ਿਵਤੇਗ ਸਿੰਘ ਜੀ ਨੇ ਕਿਹਾ ਭਗਤ ਧੰਨੇ ਜੀ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ’ਚ 4 ਸ਼ਬਦ ਦਰਜ਼ ਹਨ ਜਿਨ੍ਹਾਂ ਵਿੱਚੋਂ 3 ਸ਼ਬਦ ਰਾਗ ਆਸਾ ਵਿੱਚ ਪੰਨਾ ਨੰ: 487-88 ਅਤੇ 1 ਸ਼ਬਦ ਰਾਗੁ ਧਨਾਸਰੀ ਵਿੱਚ ਪੰਨਾ ਨੰ: 685 ’ਤੇ ਸੁਭਾਇਮਾਨ ਹੈ। ਪੰਨਾ ਨੰ: 487 ’ਤੇ ਪਹਿਲਾ ਸ਼ਬਦ ਹੈ: ‘ੴ ਸਤਿਗੁਰ ਪ੍ਰਸਾਦਿ ॥ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ, ਮਨਿ ਬਿਸਰੇ ਪ੍ਰਭ ਹੀਰੇ ॥1॥ ਰਹਾਉ ॥’ ਅਤੇ ਇਸ ਦੀ ਅਖੀਰਲੀ ਤੁਕ ਹੈ: ‘ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥4॥1॥

ਇਸ ਵਿਚ ਭਗਤ ਜੀ ਸਾਫ ਤੌਰ ’ਤੇ ਲਿਖ ਰਹੇ ਹਨ ਕਿ ਮੈਂ ਧੰਨੇ ਨੇ ਵੀ ਉਸ ਪ੍ਰਭੂ ਦਾ ਨਾਮ-ਰੂਪ ਧਨ ਲੱਭ ਲਿਆ ਹੈ, ਜੋ ਸਾਰੀ ਧਰਤੀ ਦਾ ਆਸਰਾ ਹੈ ਅਤੇ ਸੰਤ ਜਨਾਂ ਨੂੰ ਮਿਲ ਕੇ ਉਸ ਪ੍ਰਭੂ ਵਿੱਚ ਲੀਨ ਹੋ ਗਿਆ ਹਾਂ॥4॥1॥

ਇਸ ਤੋਂ ਅਗਲਾ ਸ਼ਬਦ ਹੈ:

ਮਹਲਾ 5 ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ, ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ, ਹੋਇਓ ਲਾਖੀਣਾ ॥1॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ, ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ, ਭਇਓ ਗੁਨੀਯ ਗਹੀਰਾ ॥1॥ ਰਵਿਦਾਸੁ ਢੁਵੰਤਾ ਢੋਰ ਨੀਤਿ, ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ, ਹਰਿ ਦਰਸਨੁ ਪਾਇਆ ॥2॥ ਸੈਨੁ ਨਾਈ ਬੁਤਕਾਰੀਆ, ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ, ਭਗਤਾ ਮਹਿ ਗਨਿਆ ॥3॥ ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡਭਾਗਾ ॥4॥2॥

ਭਾਈ ਸ਼ਿਵਤੇਗ ਸਿੰਘ ਜੀ ਨੇ ਕਿਹਾ ਕਿ ਇਸ ਸ਼ਬਦ ਦਾ ਵਿਸ਼ਾ ਵਸਤੂ ਅਤੇ ਸ਼ਬਦ ਜੋੜ ਦਾ ਅੰਕ ਸੰਕੇਤ ਦਿੰਦਾ ਹੈ, ਕਿ ਇਹ ਸ਼ਬਦ ਵੀ ਮੂਲ ਰੂਪ ਵਿੱਚ ਭਗਤ ਧੰਨਾ ਜੀ ਦਾ ਹੀ ਉਚਾਰਣ ਕੀਤਾ ਹੋਇਆ ਹੈ, ਕਿਉਂਕਿ ਜੇ ਇਹ ਗੁਰੂ ਅਰਜੁਨ ਦੇਵ ਜੀ ਦਾ ਉਚਾਰਣ ਕੀਤਾ ਹੁੰਦਾ, ਤਾਂ ਇਸ ਦੇ ਅਖੀਰ ’ਤੇ ‘ਨਾਨਕ’ ਛਾਪ ਲੱਗੀ ਹੋਣੀ ਸੀ ਤੇ ਇਸ ਸ਼ਬਦ ਦਾ ਜੋੜ ਅੰਕ ਵੀ 2 ਦੀ ਬਜ਼ਾਏ 1 ਹੋਣਾ ਸੀ। ਇਸ ਤੋਂ ਅਗਲੇ ਸ਼ਬਦ ਦਾ ਜੋੜ ਅੰਕ 3 ਇਸ ਦਾ ਪ੍ਰਤੱਖ ਪ੍ਰਮਾਣ ਹੈ, ਕਿ ਇਹ ਤਿੰਨੇ ਸ਼ਬਦ ਭਗਤ ਧੰਨਾ ਜੀ ਦੇ ਹੀ ਹਨ, ਪਰ ਦੂਸਰੇ ਸ਼ਬਦਾਂ ਦਾ ਸਿਰਲੇਖ ‘ਮਹਲਾ 5’ ਦਾ ਭਾਵ ਹੈ, ਕਿ ਇਸ ਸ਼ਬਦ ਨੂੰ ਸੌਖੇ ਢੰਗ ਨਾਲ ਸਮਝਾਉਣ ਲਈ ਗੁਰੂ ਅਰਜੁਨ ਦੇਵ ਜੀ ਨੇ ਇਸ ਵਿੱਚ ਕੁਝ ਵਾਧਾ ਜਰੂਰ ਕੀਤਾ ਹੋਵੇਗਾ। ਇਸ ਸ਼ਬਦ ਵਿੱਚ ਭਗਤ ਧੰਨਾ ਜੀ ਤਾਂ ਖ਼ੁਦ ਲਿਖ ਰਹੇ ਹਨ, ਕਿ ਨਾਮਦੇਉ ਜੀ, ਕਬੀਰ ਜੀ, ਰਵਿਦਾਸ ਜੀ ਅਤੇ ਸੈਨ ਜੀ ਵੱਲੋਂ ਪ੍ਰਭੂ ਦਾ ਨਾਮ ਸਿਮਰਨ ਕਰਕੇ, ਉਸ ਵਿੱਚ ਲੀਨ ਹੋਣਾ ਸੁਣ ਕੇ, ਵੱਡੇ ਭਾਗਾਂ ਵਾਲਾ ਧੰਨਾ ਵੀ ਭਗਤੀ ਵਿੱਚ ਲੱਗ ਗਿਆ ਤੇ ਉਸ ਨੇ ਪ੍ਰਤੱਖ ਰੂਪ ਵਿੱਚ ਸਭ ਦੇ ਮਾਲਕ ‘ਗੁਸਾਈਆਂ’ ਪਾ ਲਿਆ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਨਾਂ ਸਾਰੇ ਭਗਤ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ, ਤੇ ਉਨ੍ਹਾਂ ਨੇ ਕਿਧਰੇ ਵੀ ਇਹ ਨਹੀਂ ਲਿਖਿਆ, ਕਿ ਉਨ੍ਹਾਂ ਨੇ ਪੱਥਰ ਦੇ ਠਾਕੁਰ ਨੂੰ ਸਾਹਮਣੇ ਰੱਖ ਕੇ ਉਸ ਦੀ ਪੂਜਾ ਕਰਕੇ ਉਸ ਵਿੱਚੋਂ ਪ੍ਰਭੂ ਨੂੰ ਪਾਇਆ ਹੈ। ਸਗੋਂ ਉਹ ਤਾਂ ਸਾਰੇ ਹੀ ਪੱਥਰ ਦੇ ਬੁੱਤ ਪੂਜਣ ਦਾ ਸਖਤ ਸ਼ਬਦਾਂ ਵਿੱਚ ਖੰਡਨ ਕਰਦੇ ਹਨ।

ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 654 ’ਤੇ ਸੋਰਠਿ ਰਾਗੁ ਵਿੱਚ ਭਗਤ ਕਬੀਰ ਜੀ ਲਿਖ ਰਹੇ ਹਨ:

ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ, ਓਇ ਲੇ ਗਾਡੇ, ਤੇਰੀ ਗਤਿ ਦੁਹੂ ਨ ਪਾਈ ॥1॥

ਆਸਾ ਰਾਗੁ ਵਿੱਚ ਪੰਨਾ 479 ’ਤੇ ਵਿੱਚ ਭਗਤ ਕਬੀਰ ਜੀ ਲਿਖ ਰਹੇ ਹਨ:

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥1॥

ਜਿਸ ਗੁਰੂ ਸਾਹਿਬਾਨ ਜੀ ਨੇ ਇਨ੍ਹਾਂ ਭਗਤ ਸਾਹਿਬਾਨ ਦੀ ਬਾਣੀ ਗੁਰੂ ਗੁਰੂ ਗ੍ਰੰਥ ਸਾਹਿਬ ’ਚ ਦਰਜ਼ ਕੀਤੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 739 ’ਤੇ ਲਿਖ ਰਹੇ ਹਨ:

ਸੂਹੀ ਮਹਲਾ 5 ॥ ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥1॥ ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥1॥ ਰਹਾਉ ॥ ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥2॥ ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥3॥ ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥4॥3॥9॥

ਸੋ, ਭਗਤ ਧੰਨਾ ਸਾਹਿਬ ਜੀ ਦੀ ਆਪਣੀ ਬਾਣੀ ਤੇ ਇਸ ਨੂੰ ਪ੍ਰਮਾਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਚੜ੍ਹਾਉਣ ਵਾਲੇ ਗੁਰੂ ਅਰਜੁਨ ਸਾਹਿਬ ਜੀ ਦੀ ਬਾਣੀ ਇਸ ਦਾ ਪ੍ਰਤੱਖ ਪ੍ਰਮਾਣ ਹੈ, ਕਿ ਭਗਤ ਜੀ ਨੇ ਪੱਥਰ ਦੇ ਠਾਕੁਰ ਨੂੰ ਸਾਹਮਣੇ ਰੱਖ ਕੇ ਉਸ ਦੀ ਭੋਲੇ ਭਾ ਪੂਜਾ ਕਰਕੇ ਉਸ ਵਿੱਚੋਂ ਰੱਬ ਨਹੀਂ ਪਾਇਆ, ਬਲਕਿ ਨਾਮਦੇਉ ਜੀ, ਕਬੀਰ ਜੀ, ਰਵਿਦਾਸ ਜੀ ਅਤੇ ਸੈਨ ਜੀ ਵੱਲੋਂ ਪ੍ਰਭੂ ਦਾ ਨਾਮ ਸਿਮਰਨ ਕਰਕੇ, ਪ੍ਰਭੂ ਵਿੱਚ ਲੀਨ ਹੋਣ ਦੀ ਵਿਧੀ ਸੁਣ ਕੇ ਅਤੇ ਇਸ ਤੋਂ ਸੇਧ ਲੈ ਕੇ ਨਾਮ ਸਿਮਰਨ ਕੀਤਾ, ਜਿਸ ਨਾਲ ਨਿਰੰਕਾਰ ਪ੍ਰਭੂ ਦੀ ਜੋਤ ਉਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਗਈ। ਇਸ ਨਿਰੰਕਾਰੀ ਜੋਤਿ ਸਦਕਾ ਭਗਤ ਧੰਨਾ ਜੀ ਨੂੰ ਹਰਟ ਅੱਗੇ ਜੋੜੇ ਗਏ ਬਲਦ, ਬਲਦਾਂ ਨੂੰ ਹੱਕ ਰਹੇ ਅਤੇ ਕਿਆਰੇ ਮੋੜਨ ਵਾਲੇ ਸਾਰੇ ਹੀ ਕਾਮੇ ਪ੍ਰਭੂ ਦਾ ਹੀ ਰੂਪ ਦਿੱਸਣ ਲੱਗ ਪਏ। ਜਿਸ ਭਗਤ ਧੰਨਾ ਜੀ ਨੂੰ ਸ੍ਰਿਸ਼ਟੀ ਦੇ ਜ਼ਰ੍ਹੇ ਜ਼ਰ੍ਹੇ ਵਿੱਚ ਪ੍ਰਭੂ ਦੀ ਜੋਤਿ ਦਿਸਦੀ ਹੋਵੇ, ਉਸ ਨੂੰ ਉਸ ਗਊ ਵਿੱਚੋਂ ਵੀ ਠਾਕੁਰ ਹੀ ਨਜ਼ਰ ਆਉਂਦਾ ਹੋਵੇਗਾ, ਇਸ ਲਈ ਨਿਰਜਿੰਦ ਪੱਥਰ ਦੇ ਘੜੇ ਗਏ ਠਾਕੁਰ ਬਦਲੇ ਬ੍ਰਹਮਣ ਨੂੰ ਉਹ ਗਊ ਕਿਉਂ ਦੇਣਗੇ, ਜਿਸ ਵਿੱਚੋਂ ਉਨ੍ਹਾਂ ਨੂੰ ਠਾਕੁਰ ਨਜ਼ਰ ਆਉਂਦਾ ਹੋਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top