Share on Facebook

Main News Page

ਸਰੀ ਕੈਨੇਡਾ 'ਚ ਖ਼ਾਲਸਾ ਡੇਅ ਪਰੇਡ ਦਾ ਮਾਹੌਲ ਖਰਾਬ ਕਰਨ ਵਾਲੇ ਬਾਦਲ ਦਲੀਆਂ ਦੇ ਮਨਸੂਬੇ ਫੇਲ੍ਹ ਹੋਏ

ਸਰੀ / ਗੁਰਪ੍ਰੀਤ ਲੱਕੀ ਸਹੋਤਾ

2 ਲੱਖ ਦੇ ਕਰੀਬ ਲੋਕਾਂ ਨੇ ਜਿੱਥੇ ਜ਼ਾਬਤੇ 'ਚ ਰਹਿ ਕੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਰੀ ਦੀ ਖਾਲਸਾ ਡੇਅ ਪਰੇਡ ਨੂੰ ਅਨੁਸ਼ਾਸਨ ਦੀ ਮਿਸਾਲ ਬਣਾਇਆ, ਉੱਥੇ ਢਾਈ ਟੋਟਰੂਆਂ ਵਲੋਂ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਮਨਸੂਬੇ ਘੜੇ ਗਏ, ਜੋ ਲੋਕਾਂ ਵਲੋਂ ਹੁੰਗਾਰਾ ਨਾ ਮਿਲਣ ਕਾਰਨ ਫੇਲ੍ਹ ਹੋ ਗਏ। ਨਗਰ ਕੀਰਤਨ ਦਾ ਮਾਹੌਲ ਖਰਾਬ ਕਰਨ ਲਈ ਬਾਦਲ ਦੇ ਕੁਝ ਦੁਮਛੱਲਿਆਂ ਵਲੋਂ ਨਗਰ ਕੀਰਤਨ ਦੀ ਵਾਪਸੀ ਵਾਲੇ ਰੂਟ 'ਤੇ ਇੱਕ ਟੈਂਟ ਲਗਾਇਆ ਗਿਆ ਸੀ, ਜਿਸ 'ਤੇ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਸਨ। ਇਨ੍ਹਾਂ ਹੀ ਦੁਮਛੱਲਿਆਂ 'ਚੋਂ ਇੱਕ ਦੇ ਬਿਆਨਾਂ ਦੇ ਆਧਾਰ 'ਤੇ ਇੱਕ ਸਥਾਨਕ ਰੇਡੀਓ ਨੇ ਖਬਰ ਵੀ ਨਸ਼ਰ ਕੀਤੀ ਸੀ ਕਿ ਜੇਕਰ ਇਸ ਵਾਰ ਦੇ ਨਗਰ ਕੀਰਤਨ 'ਚ ਬਾਦਲ ਪਰਿਵਾਰ ਦੇ ਖਿਲਾਫ ਇਤਰਾਜ਼ਯੋਗ ਤਸਵੀਰਾਂ ਲਗਾਈਆਂ ਗਈਆਂ ਤਾਂ ਉਹ ਸਖਤ ਵਿਰੋਧ ਕਰਨਗੇ।

ਇਸ ਗੱਲ ਤੋਂ ਖਫਾ ਸਥਾਨਕ ਸਿੱਖਾਂ ਨੇ ਜਦ ਵਾਪਸੀ 'ਤੇ ਇਹ ਟੈਂਟ ਵੇਖਿਆ ਤਾਂ ਉਨ੍ਹਾਂ ਇਸ ਟੈਂਟ 'ਤੇ ਬੈਠੇ ਆਰ ਐਸ਼ ਐਸ਼ ਦੇ ਏਜੰਟਾਂ ਨੂੰ ਸਿਰਸੇ ਵਾਲੇ ਦੇ ਪੈਰਾਂ 'ਚ ਬੈਠੇ ਬਾਦਲ ਅਤੇ ਸ਼ਿਵਲਿੰਗ ਦੀ ਪੂਜਾ ਕਰ ਰਹੀ ਹਰਸਿਮਰਤ ਬਾਦਲ ਦੇ ਵੱਡੇ ਬੈਨਰ ਉਨ੍ਹਾਂ ਅੱਗੇ ਕਰ ਕਰ ਕੇ ਦਿਖਾਏ। ਨਾਲ ਹੀ ਖਾਲਿਸਤਾਨ ਨੂੰ ਸਮਰਪਿਤ ਫਲੋਟ ਉਨ੍ਹਾਂ ਦੇ ਅੱਗੇ ਖੜ੍ਹਾ ਕਰਕੇ ਮਾਈਕ 'ਤੇ 'ਖਾਲਿਸਤਾਨ ਜ਼ਿੰਦਾਬਾਦ' 'ਬਾਦਲ ਮੁਰਦਾਬਾਦ,' 'ਸੁਖਬੀਰ ਬਾਦਲ ਮੁਰਦਾਬਾਦ,' 'ਭਾਜਪਾ ਦੇ ਯਾਰ ਬਾਦਲਦਲੀਏ ਮੁਰਦਾਬਾਦ,' 'ਆਰ ਐਸ ਐਸ ਦੇ ਏਜੰਟ ਮੁਰਦਾਬਾਦ,' 'ਪ੍ਰਕਾਸ਼ ਸਿੰਘ ਬਾਦਲ ਹਾਏ ਹਾਏ' ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ। ਤਕਰੀਬਨ 15 ਮਿੰਟ ਅਜਿਹਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਪਰ ਸਖਤ ਵਿਰੋਧ ਕਰਨ ਦਾ ਚੈਲੰਜ ਕਰਨ ਵਾਲੇ ਨੀਵੀਆਂ ਪਾ ਕੇ ਕੁਰਸੀਆਂ 'ਤੇ ਬੈਠੇ ਰਹੇ। ਜਦ ਇਨ੍ਹਾਂ ਬਾਦਲਦਲੀਆਂ ਦੀ ਅੰਤਾਂ ਦੀ ਕੁੱਤੇਖਾਣੀ ਹੋ ਰਹੀ ਸੀ ਤਾਂ ਸੰਗਤ ਖੜ੍ਹੀ ਵੇਖ ਰਹੀ ਸੀ ਤੇ ਇਨ੍ਹਾਂ ਨੂੰ ਕੋਸ ਰਹੀ ਸੀ, ਜਿਨ੍ਹਾਂ ਨੇ ਧਾਰਮਿਕ ਸਮਾਗਮ 'ਚ ਉਸ ਪਰਿਵਾਰ ਨੂੰ ਪ੍ਰਮੋਟ ਕਰਨ ਦਾ ਯਤਨ ਕੀਤਾ, ਜੋ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਲਈ ਬਹੁਗਿਣਤੀ ਸਿੱਖਾਂ ਦੀ ਅੱਖ 'ਚ ਰੜਕ ਰਿਹਾ ਹੈ।

ਨਗਰ ਕੀਰਤਨ 'ਚ ਪਰਿਵਾਰ ਸਮੇਤ ਸ਼ਿਰਕਤ ਕਰਨ ਆਏ ਇੱਕ ਸਿੱਖ ਗੁਰਵਿੰਦਰ ਸਿੰਘ ਨੇ ਮੀਡੀਏ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਪੀ ਪੀ ਪੀ ਨੇ ਰੌਲਾ ਪਾਇਆ ਸੀ, ਐਤਕੀਂ ਇਹ ਟੈਂਟ ਲਗਾ ਕੇ ਬੈਠ ਗਏ ਹਨ। ਕੱਲ੍ਹ ਨੂੰ ਕਾਂਗਰਸ ਅਤੇ ਭਾਜਪਾ ਵਾਲੇ ਵੀ ਕਹਿਣਗੇ ਕਿ ਅਸੀਂ ਵੀ ਆਪੋ-ਆਪਣੇ ਟੈਂਟ ਲਾਉਣੇ ਹਨ, ਅਜਿਹੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਬਾਕੀ ਲੋਕ ਤਾਂ ਟੈਂਟ ਲਾ ਕੇ ਲੰਗਰ ਵਰਤਾ ਰਹੇ ਸਨ ਜਦ ਕਿ ਇਹ ਭੁੱਖ ਦੇ ਫੁੱਫੜ ਆਪਣਾ ਸੌਦਾ ਵੇਚਣ ਦੀ ਕੋਸ਼ਿਸ਼ ਵਿੱਚ ਸਨ, ਜਿਸ ਦਾ ਇੱਥੇ ਕੋਈ ਗਾਹਕ ਨਹੀਂ। ਮੌਕੇ 'ਤੇ ਨੌਜਵਾਨ ਇਸ ਟੈਂਟ ਦੀ ਭੰਨਤੋੜ ਕਰਕੇ ਇਨ੍ਹਾਂ ਦੁਮਛੱਲਿਆਂ ਦੀ ਭੁਗਤ ਸੁਆਰਨ ਵੱਲ ਵਧ ਰਹੇ ਸਨ, ਪਰ ਵਿੱਚੋਂ ਕੁਝ ਸਿਆਣਿਆਂ ਨੇ ਰੋਕਿਆ ਕਿ ਇਹ ਇਸ ਨਗਰ ਕੀਰਤਨ ਦੇ ਅਕਸ ਨੂੰ ਖਰਾਬ ਕਰਨ ਲਈ ਤੇ ਸੁਖਾਵੇਂ ਮਾਹੌਲ ਨੂੰ ਵਿਗਾੜਨ ਲਈ ਸਿੱਖ ਵਿਰੋਧੀ ਤਾਕਤਾਂ ਦੇ ਇਸ਼ਾਰੇ 'ਤੇ ਅਜਿਹੇ ਪ੍ਰਪੰਚ ਰਚ ਰਹੇ ਹਨ। ਜਿਹੜੀਆਂ ਤਾਕਤਾਂ ਪੂਰਾ ਤਾਣ ਲਗਾ ਕੇ ਵੀ ਇਸ ਨਗਰ ਕੀਰਤਨ ਨੂੰ ਬੰਦ ਨਹੀਂ ਕਰਵਾ ਸਕੀਆਂ, ਹੁਣ ਆਪਣੇ ਚਮਚਿਆਂ ਰਾਹੀਂ ਲੜਾਈਆਂ- ਝਗੜਿਆਂ ਦਾ ਮਾਹੌਲ ਸਿਰਜ ਰਹੀਆਂ ਹਨ। ਪਰ ਪ੍ਰਬੰਧਕਾਂ ਦੀ ਸਿਆਣਪ ਸਦਕਾ ਲੜਾਈ ਝਗੜੇ ਤੋਂ ਬਚਾਅ ਹੋ ਗਿਆ ਤੇ ਸੰਗਤ ਵਲੋਂ ਬਾਦਲਦਲੀਆਂ ਦੀ ਰੱਜ ਕੇ ਕੁੱਤੇਖਾਣੀ ਵੀ ਹੋ ਗਈ।

ਗੌਰਤਲਬ ਹੈ ਕਿ ਸਰੀ ਦੀਆਂ ਸੜਕਾਂ 'ਤੇ 2 ਲੱਖ ਸੰਗਤਾਂ ਗੁਜਰੀਆਂ, ਨਗਰ ਕੀਰਤਨ 'ਚ ਸ਼ਿਰਕਤ ਕੀਤੀ, ਲੰਗਰ ਛਕਿਆ ਤੇ ਘਰਾਂ ਨੂੰ ਸੁੱਖ ਸ਼ਾਂਤੀ ਨਾਲ ਵਾਪਸ ਚਲੇ ਗਏ। ਅਜਿਹੇ ਅਨੁਸਾਸ਼ਨ ਦੀ ਮਿਸਾਲ ਕਿਧਰੇ ਹੋਰ ਨਹੀਂ ਮਿਲਦੀ ਪਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਕਾਮਯਾਬ ਨਾ ਹੋ ਸਕੀ। ਦੱਸਣਯੋਗ ਹੈ ਕਿ ਵੈਨਕੂਵਰ ਵਿੱਚ ਅਕਾਲੀ ਦਲ ਦੇ ਤਿੰਨ ਚਾਰ ਗਰੁੱਪ ਹਨ, ਜੋ ਸਾਰੇ ਹੀ ਆਪੋ-ਆਪਣੀ ਡੱਫਲੀ ਵਜਾਉਂਦੇ ਹਨ ਅਤੇ ਆਪਣੇ ਆਪ ਨੂੰ ਹੀ Ḕਅਸਲੀ' ਗਰਦਾਨਦੇ ਹਨ ਪਰ ਇਸ ਟੈਂਟ ਨੂੰ ਲਾਉਣ ਵਾਲਿਆਂ ਦਰਮਿਆਨ ਉਨ੍ਹਾਂ 'ਚੋਂ ਕੋਈ ਵੀ ਨਹੀਂ ਸੀ। ਸਥਾਨਕ ਅਕਾਲੀ ਆਗੂਆਂ ਵਿੱਚੋਂ ਕੁਝ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਾਡਾ ਇਸ ਟੈਂਟ ਲਾਉਣ ਵਾਲਿਆਂ ਨਾਲ ਕੋਈ ਸਬੰਧ ਨਹੀਂ ਹੈ। ਇਹ ਇੱਕ ਧਾਰਮਿਕ ਸਮਾਗਮ ਸੀ, ਇਸ ਲਈ ਉਹ ਇਸਨੂੰ ਪੰਜਾਬ ਵਾਂਗ ਸਿਆਸੀ ਕਾਨਫਰੰਸ ਬਣਾਉਣ ਦੇ ਹੱਕ 'ਚ ਨਹੀਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top