Share on Facebook

Main News Page

ਸਭ ਕੁਛ ਉਲਟ ਗਿਆ

ਧਰਮ ਦੇ ਸੰਬੰਧ ਵਿੱਚ ਵਿਦਵਾਨਾਂ ਦਾ ਕਥਨ ਹੈ ਕਿ ਧਰਮ ਗਿਆਨ ਹੈ ਜੋ ਸੁੱਖ ਪ੍ਰਦਾਨ ਕਰਦਾ ਹੈ ਤੇ ਅਗਿਆਨਤਾ ਅਧਰਮ ਹੈ ਜਿਸ ਕਾਰਨ ਦੁੱਖ ਉਪਜਦੇ ਹਨ। ਧਰਮ, ਰੱਬੀ ਗੁਣਾਂ ਨਾਲ ਸਾਂਝ ਪਾ ਕੇ, ਜੀਵਨ ਸਵਰਗ ਬਣਾਂਦਾ ਹੈ ਤੇ ਅਧਰਮ ਵਿਕਾਰਾਂ ਦੁਆਰਾ ਜੀਵਨ ਨੂੰ ਨਰਕ ਬਣਾਂਦਾ ਹੈ। ਧਰਮ ਪਿਆਰ ਦੁਆਰਾ ਮਨੁੱਖਤਾ ਨੂੰ ਇਕੋ ਭਾਈ-ਚਾਰੇ ਵਿੱਚ ਜੋੜਦਾ ਹੈ ਤੇ ਅਧਰਮ ਵੈਰ ਵਿਰੋਧਤਾ ਤੇ ਈਰਖਾ ਦੁਆਰਾ ਮਨੁੱਖਤਾ ਨੂੰ ਖੰਡ ਖੰਡ ਕਰਦਾ ਹੈ। ਧਰਮ ਆਪਣੇ ਪ੍ਰਤੀ ਮਾਨਸਿਕ ਤੌਰ ਤੇ ਜਾਗ੍ਰਿਤਾ ਹੈ ਤੇ ਅਧਰਮ ਮਾਨਸਿਕ ਨੀਂਦ ਹੈ, ਧਰਮ ਅਰੋਗਤਾ ਹੈ ਤੇ ਅਧਰਮ ਰੋਗ ਹੈ। ਧਰਮ ਪ੍ਰਕਾਸ਼ ਹੈ ਤੇ ਅਧਰਮ ਅੰਧੇਰਾ ਹੈ, ਪਰ ਮੌਜੂਦਾ ਸਮੇ ਵਿੱਚ ਇਹ ਸਤਿੱਥੀ ਉਲਟ ਗਈ ਜਾਪਦੀ ਹੈ। ਆਮ ਤੌਰ ਤੇ, ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲਿਆਂ ਦਾ ਇਖਲਾਕ ਦੇਖ ਕੇ ਤਾਂ, ਧਰਮ ਉਲਟਾ ਅਧਰਮ ਹੀ ਜਾਪਦਾ ਹੈ। ਅਗਿਆਨਤਾ ਕਾਰਨ ਮੌਜੂਦਾ ਧਰਮ ਹੀ ਮਨੁਖਤਾ ਵਿੱਚ ਵੈਰ ਵਿਰੋਧਤਾ ਤੇ ਈਰਖਾ ਦੀ ਅੱਗ ਪੈਦਾ ਕਰ ਰਿਹਾ ਹੈ। ਗੁਣਾ ਦੀ ਖੁਸ਼ਬੂ ਵਾਲਾ ਅਸਲੀ ਫੁਲ (ਧਰਮ) ਤਕਰੀਬਨ ਅਲੋਪ ਹੀ ਹੋ ਗਿਆ ਤੇ ਅਉਗੁਣਾ ਦੀ ਬਦਬੂ ਵਾਲਾ ਨਕਲੀ (ਕਾਗਜ਼ੀ) ਫੁਲ (ਅਧਰਮ) ਪੱਲੇ ਰਹਿ ਗਿਆ। ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥ (੫੧) ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥ (੩੧)। ਖਿਮਾ ਗਹੀ ਬ੍ਰਤੁ ਸੀਲ ਸੰਤੋਖੰ (੨੨੩)। ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ (੫੯) ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ (੪੭੦)

ਧਰਮ ਵਿਚੋਂ (ਸਤ, ਸੰਤੋਖ, ਦਇਆ, ਨਿਮਰਤਾ, ਪਿਆਰ, ਖਿਮਾ ਆਦਿਕ) ਜਿਹੇ ਗੁਣਾਂ ਦੀ ਖੁਸ਼ਬੂ ਅਲੋਪ ਹੋ ਗਈ ਜਾਪਦੀ ਹੈ ਤੇ ਅਉਗੁਣ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਦੀ ਬਦਬੋ ਫੇਲ ਰਹੀ ਹੈ। ਇਹ ਸ਼ੁੱਭ ਗੁਣ ਤਾਂ ਹੁਣ ਕੇਵਲ ਪੜ੍ਹਨ ਸੁਣਨ ਨੂੰ ਹੀ ਰਹਿ ਗਏ ਹਨ, ਇਹਨਾ ਨੂੰ ਧਾਰਨ ਕਰਨ ਦੀ ਗਲ ਤਾਂ ਬੜੀ ਦੂਰ ਦੀ ਹੈ। ਧਰਮ, ਬਹਿਸ ਅਤੇ ਮਨ ਵਿਚੋਂ ਵਿਕਾਰਾਂ ਦੀ, ਭੜਾਸ ਕੱਢਣ ਦਾ ਮੈਦਾਨ ਬਣਦਾ ਜਾ ਰਿਹਾ ਹੈ। ਨਿਜੀ ਤਜਰਬੇ ਤੋਂ ਜਾਣਿਆ ਹੈ ਕਿ ਧਰਮ ਬਾਰੇ ਕਿਸੇ ਧਰਮ ਆਗੂ ਨੂੰ ਸਵਾਲ ਕਰਨਾ ਇੱਕ ਗੁਨਾਹ ਹੀ ਹੈ। ਇਉਂ ਜਾਪਦਾ ਹੈ ਜਿਵੇਂ ਅੱਜ ਧਰਮ ਦੀ ਗਲ ਕਰਨੀ ਝਗੜਾ ਮੁੱਲ ਲੈਣ ਦੇ ਬਰਾਬਰ ਹੋਵੇ। ਮੁਆਫ ਕਰਨਾ ਪਰ ਬਹੁਤੇ ਗੁਰਦੁਆਰਿਆਂ ਵਿਚੋਂ ਵੀ ਅੱਜ ਧਰਮ ਪੰਖ ਲਾ ਕੇ ਉੱਡ ਗਿਆ ਹੈ ਤੇ ਪਿੱਛੇ ਰੀਤਾਂ ਰਸਮਾਂ ਤੇ ਕਰਮ ਕਾਂਡ ਹੀ ਰਹਿ ਗਏ ਹਨ। ਜਿਸ ਧਰਮ ਨੇ ਮਨੁੱਖੀ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਤ ਬਣਾ ਕੇ ਇਕੋ ਮਨੁੱਖੀ ਭਾਈਚਾਰੇ ਵਿੱਚ ਪ੍ਰੋਣਾ ਸੀ ਉਹ ਉਲਟਾ ਵੈਰ, ਵਿਰੋਧ, ਈਰਖਾ, ਘਿਰਨਾ ਤੇ ਅਸ਼ਾਂਤੀ ਪੈਦਾ ਕਰਕੇ ਮਨੁੱਖਤਾ ਨੂੰ ਖੇਰੂੰ ਖੇਰੂੰ ਹੀ ਕਰ ਰਿਹਾ ਹੈ। … … … …. . ਸਭ ਕੁੱਛ ਉਲਟ ਗਿਆ। ਇੱਕ ਅੰਗ੍ਰੇਜ਼ ਦੋਸਤ ਨਾਲ ਧਰਮਾਂ ਬਾਰੇ ਗਲ ਕਰਦਿਆਂ ਉਸ ਨੇ ਕਿਹਾ ਕਿ “ਇਸ ਦੁਨੀਆਂ ਵਿੱਚ ਮਨੁੱਖਤਾ ਨੂੰ ਸਭ ਤੋਂ ਵਡ੍ਹਾ ਸਰਾਪ ਧਰਮ ਹੈ” ਤੇ ਇਸ ਨੂੰ ਸਾਬਤ ਕਰਨ ਲਈ ਉਸ ਨੇ ਪੱਛਮ ਵਿੱਚ ਹੀ ਨਹੀ ਬਲਿਕੇ ਦੁਨੀਆਂ ਵਿੱਚ ਹਰ ਪਾਸੇ ਹੋ ਰਹੇ ਜ਼ੁਲਮਾਂ, ਵਧੀਕੀਆਂ, ਜੰਗਾਂ ਯੁੱਧਾਂ ਦਾ ਵਰਨਨ ਕਰਦਿਆਂ ਇਹ ਸਭਨਾ ਦਾ ਜ਼ਿਮੇਵਾਰ ਧਰਮਾਂ ਨੂੰ ਠਹਿਰਾਇਆ। ਧਰਮ ਨੇ ਤਾਂ ਸੁੱਖ, ਸ਼ਾਤੀ ਤੇ ਮਨੁੱਖੀ ਏਕਤਾ ਪੈਦਾ ਕਰਨੀ ਸੀ ਪਰ … … … … ਸਭ ਕੁੱਛ ਉਲਟ ਗਿਆ।

ਸੰਸਾਰ ਵਿੱਚ ਅਨੇਕਾਂ ਧਰਮ ਹਨ, ਇਹਨਾਂ ਦੇ ਅਨੇਕਾਂ ਮੰਦਰ, ਚਰਚ, ਮਸੀਤਾਂ, ਡੇਰੇ ਤੇ ਗੁਰਦੁਆਰੇ ਹਨ ਜਿਨ੍ਹਾਂ ਵਿੱਚ ਲੋਕ ਨਿੱਤ ਸੁੱਖ ਸ਼ਾਤੀ ਤੇ ਅਮਨ ਲਈ ਅਨੇਕਾਂ ਪਾਠ, ਪੂਜਾ, ਦਾਨ ਪੁੰਨ, ਸੇਵਾ, ਭਜਨ, ਜਪ, ਤਪ, ਸੰਜਮ, ਕਥਾ, ਕੀਰਤਨ, ਅਰਦਾਸਾਂ ਤੇ ਹੋਰ ਅਨੇਕਾਂ ਕਰਮ ਧਰਮ ਕਰਦੇ ਹਨ ਪਰ ਫਿਰ ਵੀ ਸੰਸਾਰ ਦਾ ਹਰ ਮਨੁੱਖ ਦੁਖੀ ਤੇ ਅਸ਼ਾਂਤ ਹੀ ਨਜ਼ਰ ਆ ਰਿਹਾ ਹੈ। ਧਰਮ ਦੇ ਇਤਨੇ ਕਰਮਾਂ ਧਰਮਾਂ ਦੇ ਹੁੰਦਿਆਂ ਵੀ ਆਪਸ ਵਿੱਚ ਵੈਰ ਵਿਰੋਧਤਾ ਤੇ ਘਿਰਨਾ ਕਿਉਂ ਵੱਧ ਰਹੀ ਹੈ? …. . ਕਿਉਂਕਿ … … …. . ਸਭ ਕੁਛ ਉਲਟ ਗਿਆ। ਧਰਮ ਦੀ ਮੌਜੁਦਾ ਸਤਿੱਥੀ, ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ (੭੨੨), ਸੋਚਣ ਤੇ ਮਜਬੂਰ ਕਰਦੀ ਹੈ ਕਿ ਜਾਂ ਤਾਂ ਧਰਮ ਵਿੱਚ ਮਨੁੱਖ ਦੀ ਮਾਨਸਿਕ ਅਵਸਥਾ ਨੂੰ ਬਦਲਨ ਦੀ ਸਮਰੱਥਾ ਨਹੀ ਤੇ ਜਾਂ ਫਿਰ ਧਰਮ ਦੀ ਜਗਾ ਅਧਰਮ ਹੀ ਕਮਾਇਆ ਜਾ ਰਿਹਾ ਹੈ।

ਗੁਰਬਾਣੀ ਨੂੰ ਥੋੜਾ ਵੀਚਾਰਨ ਨਾਲ ਸੱਚ ਸਾਹਮਣੇ ਆ ਜਾਵੇਗਾ ਕਿ ਮਨੁੱਖ ਧਰਮ ਦੀ ਜਗਾ ਅਧਰਮ ਨੂੰ ਹੀ ਪਾਲ ਰਿਹਾ ਹੈ। ਧਰਮ ਮਨ ਦੀ ਸਾਧਨਾ ਹੈ ਜੋ ਕੇ ਕਠਨ ਮਾਰਗ ਹੈ ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ ॥ (534) ਮਨ ਵਿਚੋਂ ਮਾਨ, ਮੋਹ ਅਤੇ ਮੇਰ ਤੇਰ ਤੋਂ ਪੱਲਾ ਛਡਾਉਣਾ, ਮੁਕਤ ਹੋਣਾ ਕੋਈ ਆਸਾਨ ਖੇਲ ਨਹੀ, ਬੜਾ ਕਠਨ ਕੰਮ ਹੈ ਪਰ ਅਗਿਆਨਤਾ ਵਸ ਹੋ ਕੇ ਆਪਣੀ ਸੁਖਿਆਈ, ਪ੍ਰਭਤਾ ਤੇ ਦਿਖਾਵੇ ਲਈ ਮਨੁੱਖ ਨੇ ਧਰਮ ਨੂੰ ਤਨ ਤੇ ਨਿਰਭਰ ਕਰਕੇ ਭੇਖਾਂ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਵਿੱਚ ਹੀ ਬਦਲ ਦਿੱਤਾ। ਧਰਮ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਤੇ ਮਨੁੱਖ ਦੀ ਇਸੇ ਵਡ੍ਹੀ ਭੁੱਲ ਨਾਲ ਹੀ ……… ਸਭ ਕੁਛ ਉਲਟ ਗਿਆ।

ਜਿਸ ਧਰਮ ਨੂੰ ਮਨ ਨਾਲ ਕਮਾਉਣਾ ਸੀ ਉਸ ਨੂੰ ਤਨ ਦੁਆਰਾ ਕਮਾਉਣਾ ਦਾ ਨਿਸਫਲ ਯਤਨ ਸ਼ੁਰੂ ਹੋ ਗਿਆ। ਜਿਸ ਧਰਮ ਦੀ ਪਹਿਚਾਨ ਅੰਦਰੂਨੀ ਗੁਣ ਸੀ ਉਹ ਕੇਵਲ ਤਨ ਦੇ ਅਤੇ ਕਰਮ ਕਾਂਡਾਂ ਦੇ ਦਿਖਾਵੇ ਤੇ ਹੀ ਰਹਿ ਗਈ। ਤਨ ਸਾਧਣ ਨਾਲ ਮਨ ਨਹੀ ਸਾਧਿਆ ਜਾਂਦਾ। ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥ (੧੦੦੩)। ਕਰੜੀ ਮਿਹਨਤ ਕਰਕੇ ਤਨ ਨੂੰ ਸਾਧਣ ਦਾ ਕੀ ਲਾਭ ਜੇ ਮਨ ਦਸੀਂ ਪਾਸੀਂ ਦੌੜਿਆ ਫਿਰਦਾ ਹੈ। ਗੁਰਬਾਣੀ ਦਾ ਸਾਰਾ ਉਪਦੇਸ਼, ਗਿਆਨ ਦੁਆਰਾ, ਮਨ ਨੂੰ ਸਾਧਣ ਲਈ ਹੀ ਹੈ ਪਰ ਇਸ ਤੋਂ ਮੁਨਕਰ ਹੋਣ ਕਰਕੇ ਤੇ ਆਪਣੀ ਮਨ ਮੱਤ ਤੇ ਚੱਲਣ ਨਾਲ ਹੀ……. ਸਭ ਕੁਛ ਉਲਟ ਗਿਆ।

ਮਨੁੱਖ ਨੇ ਆਪਣੀ ਪਹਿਚਾਨ ਦੇਹੀ (ਤਨ) ਨੂੰ ਬਣਾ ਲਿਆ ਪਰ ਤਨ ਨੂੰ ਚਲਾਉਣ ਵਾਲੇ ਅੰਦਰ ਬੈਠੇ ਰਾਜੇ ਸੁਲਤਾਨ (ਮਨ) ਤੋਂ ਇਹ ਬਿਲਕੁਲ ਅਨਜਾਣ ਹੀ ਰਿਹਾ। ਵਿਕਾਰਾਂ ਵਸ ਹੋ ਕੇ ਮੰਦੇ ਕਰਮ ਕਰਨ ਵਾਲਾ, ਧਰਮ ਦੇ ਨਿਯਮਾਂ ਤੋਂ ਇਨਕਾਰੀ ਹੋਣ ਵਾਲਾ, ਤਨ ਰੂਪੀ ਕਾਰ ਨੂੰ ਚਲਾਉਣ ਵਾਲਾ ਡਰਾਈਵਰ, ਤਾਂ ਮਨ ਹੈ ਤੇ ਇਸੇ ਨੂੰ ਸੋਧਣ ਨਾਲ ਹੀ ਤਨ ਰੂਪੀ ਕਾਰ ਨੇ ਧਰਮ ਦੇ ਨਿਯਮਾਂ ਵਿੱਚ ਚੱਲਣਾ ਸੀ ਪਰ ਮਨੁੱਖ ਨੇ ਇਸ ਵਿਕਾਰੀ ਡਰਾਈਵਰ (ਮਨ) ਨੂੰ ਸੋਧਣ ਦੀ ਬਜਾਏ ਉਲਟਾ ਤਨ ਰੂਪੀ ਕਾਰ ਨੂੰ ਹੀ ਸੋਧਣਾ ਸ਼ੁਰੂ ਕਰ ਦਿੱਤਾ। ਤਨ ਰੂਪੀ ਕਾਰ ਨੂੰ ਸੋਧਣ ਨਾਲ ਡਰਾਈਵਰ ਰੂਪੀ ਮਨ ਨਹੀ ਸੋਧਿਆ ਜਾਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਨ ਕਰਕੇ ਬੈਠਣ ਨੂੰ ਆਮ ਤੌਰ ਤੇ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ ਮਿਥ ਲਿਆ ਜਾਂਦਾ ਹੈ ਪਰ ਗੁਰੂ, ਤਨ ਦੀ ਹਜ਼ੂਰੀ ਨੂੰ ਨਹੀ ਬਲਿਕੇ ਮਨ ਦੀ ਹਜ਼ੂਰੀ ਨੂੰ ਹੀ ਕਬੂਲਦਾ ਹੈ:- ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥ {ਪੰਨਾ 84} ਕਿਉਂਕਿ ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥੩੨॥ {ਪੰਨਾ 342} ਧਰਮ ਦਾ ਅਸਲ ਕੰਮ ਮਨ ਨੂੰ ਸਾਧਣ ਦਾ ਹੀ ਹੈ। ਭਾਵ: (ਹਰੇਕ ਜੀਵ ਦਾ ਜਗਤ ਵਿੱਚ ਆਉਣ ਦਾ ਅਸਲ) ਕੰਮ ਮਨ ਨਾਲ ਹੈ (ਉਹ ਕੰਮ ਇਹ ਹੈ ਕਿ ਆਪਣੇ ਮਨ ਨੂੰ ਕਾਬੂ ਵਿੱਚ ਰੱਖੇ)। ਮਨ ਨੂੰ ਵਸ ਕੀਤਿਆਂ ਹੀ (ਜੀਵ ਨੂੰ ਅਸਲ ਮਨੋਰਥ ਦੀ) ਕਾਮਯਾਬੀ ਹੁੰਦੀ ਹੈ। ਕਬੀਰ ਆਖਦਾ ਹੈ ਕਿ (ਜੀਵ ਦਾ) ਅਸਲ ਕੰਮ ਨਿਰੋਲ ਮਨ ਨਾਲ ਹੀ ਹੈ । ਮਨ ਵਰਗਾ (ਜੀਵ ਨੂੰ) ਹੋਰ ਕੋਈ ਨਹੀ ਮਿਲਿਆ (ਜਿਸ ਨਾਲ ਇਸਦਾ ਅਸਲ ਵਾਹ ਪੈਂਦਾ ਹੋਵੇ)। ਗੁਰਮਤਿ ਅਨੁਸਾਰ ਧਰਮ ਦੀ ਸਾਰੀ ਖੇਡ ਹੀ ਮਨ ਨਾਲ ਹੈ ਪਰ ਇਸ ਨੂੰ ਤਨ ਤੇ ਨਿਰਭਰ ਕਰਨ ਨਾਲ……… ਸਭ ਕੁੱਛ ਉਲਟ ਗਿਆ।

ਮਨੁੱਖ ਲਈ ਆਪਣੇ ਮਨ ਨੂੰ ਕਾਬੂ ਕਰਨਾ (ਧਰਮੀ ਹੋਣਾ) ਕਠਨ ਹੋਣ ਕਰਕੇ ਧਰਮੀ ਹੋਣ ਦਾ ਦਿਖਾਵਾ ਕਰਨਾ ਸੌਖਾ ਲਗਦਾ ਹੈ। ਇਸ ਦਿਖਾਵੇ ਦੀ ਓਸੇ ਨੂੰ ਜ਼ਰੂਰਤ ਪੈਂਦੀ ਹੈ ਜੋ ਅੰਦਰੋਂ ਮਨ ਕਰਕੇ ਧਰਮੀ ਨਹੀ ਹੈ, ਕਿਉਂਕਿ ਜੋ (ਮਨ ਦੀ ਸਾਧਨਾ ਨਾਲ) ਧਰਮੀ ਹੋ ਗਿਆ ਉਸ ਨੂੰ ਫਿਰ ਬਾਹਰ ਕਿਸੇ ਦਿਖਾਵੇ ਦੀ ਲੋੜ ਹੀ ਨਹੀ ਰਹਿ ਜਾਂਦੀ, ਇਸ ਲਈ ਇਹ ਜ਼ਰੂਰੀ ਨਹੀ ਕਿ ਬਾਹਰੋਂ ਰੂਪ, ਵੇਸ ਤੇ ਕਰਮ ਕਾਂਡ ਦੁਆਰਾ ਧਰਮੀ ਦਿਸਣ ਵਾਲਾ ਅੰਦਰੋਂ ਵੀ ਧਰਮੀ ਹੋਵੇ ਪਰ ਇਹ ਜ਼ਰੂਰੀ ਹੈ ਕਿ ਅੰਦਰੋਂ ਧਰਮੀ ਹੋਣ ਵਾਲਾ ਉਸਦਾ ਬਾਹਰ ਕਿਸੇ ਤਰਾਂ ਦਾ ਦਿਖਾਵਾ ਨਹੀ ਕਰੇਗਾ ਕਿਉਂਕਿ ਦਿਖਾਵਾ ਹੀ ਅਹੰਕਾਰ ਦਾ ਪ੍ਰਗਟਾਵਾ ਹੈ। ਗੁਰ ਫੁਰਮਾਨ ਹੈ: ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ (੭੮੮)। ਹੇ ਜੀਵ ਇਸਤ੍ਰੀ, ਤਦੋਂ ਸ਼ਿੰਗਾਰ (ਧਰਮੀ ਦਿਖਾਵਾ) ਬਣਾਈਂ ਜਦੋਂ ਪਹਿਲਾਂ ਖਸਮ (ਪਰਮਾਤਮਾ) ਨੂੰ ਪ੍ਰਸੰਨ ਕਰ ਲਏਂ ਮਤਾ ਮੇਲ ਹੋਵੇ ਹੀ ਨਾ ਤੇ (ਧਰਮ ਦਿਖਾਵਾ) ਸ਼ਿੰਗਾਰ ਕੀਤਾ ਐਵੇਂ ਵਿਅਰਥ ਹੀ ਚਲਾ ਜਾਵੇ। ਜੇ ਪਹਿਲਾਂ ਖਸਮ (ਪਰਮਾਤਮਾ) ਦਾ ਮਨ ਮੰਨ ਜਾਵੇ, ਉਹ ਪ੍ਰਸੰਨ ਹੋ ਜਾਵੇ, ਤਾਂ ਹੀ ਕੀਤਾ ਸ਼ਿੰਗਾਰ ਸਫਲ ਹੈ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਉਸ ਦੀ ਪ੍ਰਸੰਨਤਾ ਹੀ ਸ਼ਿੰਗਾਰ ਹੈ। (ਜੀਵ) ਇਸਤ੍ਰੀ ਦਾ ਕੀਤਾ ਸ਼ਿੰਗਾਰ ਤਦ ਹੀ ਸਫਲ ਹੈ ਜੇ ਪਹਿਲਾਂ ਪਤੀ ਪਰਮਾਤਮਾ ਨਾਲ ਪਿਆਰ ਪੈ ਜਾਵੇ। ਇਸ ਵਿੱਚ ਮਹੱਤਾ ਪਤੀ ਪਰਮਾਤਮਾ ਨਾਲ ਗੁਣਾਂ ਰਾਹੀਂ ਪਿਆਰ ਪਾ ਕੇ ਉਸਨੂੰ ਪ੍ਰਸੰਨ ਕਰਨ ਦੀ ਹੈ, ਨਾ ਕੇ ਬਾਹਰਲਾ ਸ਼ਿੰਗਾਰ ਕਰਨ ਦੀ, ਕਿਉਂਕਿ ਧਰਮ ਵਿੱਚ ਨਾ ਤਾਂ ਬਾਹਰਲਾ ਸ਼ਿੰਗਾਰ ਮਿਲਾਪ ਤੋਂ ਪਹਿਲਾਂ ਕੀਤਾ ਪ੍ਰਵਾਨ ਹੈ ਤੇ ਨਾ ਹੀ ਮਗਰੋਂ ਇਸ ਦੀ ਲੋੜ ਰਹਿ ਜਾਂਦੀ ਹੈ। ਸ਼ਿੰਗਾਰ ਜਾਂ ਬਾਹਰਲੀ ਦਿੱਖ ਦੀ ਮਹੱਤਾ ਨਹੀ, ਉਸ ਦੀ ਪ੍ਰਸੰਨਤਾ ਦੀ ਮਹੱਤਾ ਹੈ ਤੇ ਗੁਰਬਾਣੀ ਦੁਆਰਾ ਰੱਬੀ ਗੁਣਾਂ ਨੂੰ ਧਾਰਨ ਕਰਨਾ ਹੀ ਮਨ ਦੀ ਸਾਧਨਾ ਤੇ ਉਸ ਪਤੀ ਪਰਮਾਤਮਾ ਦੀ ਪ੍ਰਸੰਨਤਾ (ਉਸ ਨਾਲ ਪਿਆਰ) ਹੈ। ਪਰਮਾਤਮਾ ਨਾਲ ਮੇਲ ਹੋਣ ਪਿਛੋਂ ਧਰਮ ਸ਼ਿੰਗਾਰ (ਧਰਮੀ ਦਿਖਾਵੇ) ਦੀ ਉਂਝ ਹੀ ਕੋਈ ਲੋੜ ਨਹੀ ਰਹਿ ਜਾਂਦੀ। ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਧਰਮ (ਬਾਹਰ) ਦਿਖਾਵੇ ਲਈ ਨਹੀ, (ਮਨ ਅੰਦਰ) ਕਮਾਉਣ ਲਈ ਹੈ। ਪਰ ਮਨੁੱਖ ਨੇ ਲੋਕਾਚਾਰੀ ਤੇ ਹਉਮੈ ਦਾ ਸ਼ਿਕਾਰ ਹੋ ਕੇ ਧਰਮ ਦੀ ਤਨ ਦੁਆਰਾ ਪ੍ਰਦਰਸ਼ਨਾ ਸ਼ੁਰੂ ਕਰ ਦਿੱਤੀ। ਧਰਮ ਨੂੰ ਤਨ ਦੇ ਦਿਖਾਵੇ ਤੇ ਕਰਮ ਕਾਂਡਾਂ ਤੇ ਨਿਰਭਰ ਕਰ ਦਿੱਤਾ……. ਸਭ ਕੁਛ ਉਲਟ ਗਿਆ।

ਨਿਰੰਕਾਰ ਨਾਲ ਮੇਲ (ਜੋ ਸਰੀਰਕ ਨਹੀ ਬਲਿਕੇ ਮਾਨਸਿਕ ਹੈ) ਧਰਮ ਦੀ ਮੰਜ਼ਲ ਹੈ ਤੇ ਉਸ ਤਕ ਪਹੁੰਚਣਾ ਤਦ ਤਕ ਸੰਭਵ ਨਹੀ ਜਦ ਤਕ ਮਨੁੱਖ ਦੀ ਪਕੜ (ਮੋਹ) ਦ੍ਰਿਸ਼ਟਮਾਨ ਤੇ ਬਿਨਸਣਹਾਰ ਆਕਾਰਾਂ ਨਾਲ ਹੈ। ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥ ਮਰਿ ਮਰਿ ਜੰਮੈ ਵਾਰੋ ਵਾਰ ॥ (229) ਇਸ ਸੰਸਾਰ ਵਿੱਚ ਕਿਸੇ ਵੀ ਦਿਸਦੇ ਆਕਾਰ ਨਾਲ ਮੋਹ ਅਪਵਿੱਤ੍ਰਤਾ ਦਾ ਮੂਲ ਹੈ ਅਤੇ ਆਤਮਕ ਮੌਤ ਦਾ ਕਾਰਨ ਬਣਕੇ ਆਵਾਗਉਣ ਦੇ ਚੱਕਰ ਵਿੱਚ ਪਾ ਦਿੰਦਾ ਹੈ। ਕਿਉਂਕਿ ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥ ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥ (੧੦੯੧)। ਅਸਲ ਵਿੱਚ ਨਾਮ ਸਿਮਰਨ (ਗੁਰੂ ਦੇ ਹੁਕਮ ਵਿੱਚ ਚੱਲਣਾ) ਹੀ ਜਗਤ ਵਿੱਚ ਪਵਿੱਤ੍ਰ ਕੰਮ ਹੈ ਹੋਰ ਸਭ ਦਿਸ ਰਿਹਾ ਆਕਾਰ (ਮਨ ਦੀ) ਮੈਲ ਪੈਦਾ ਕਰਦਾ ਹੈ। ਹੇ ਨਾਨਕ ਜੋ ਨਾਮ ਨਹੀ ਸਿਮਰਦੇ (ਗੁਰਮਤਿ ਤੇ ਨਹੀ ਚਲਦੇ) ਉਹ ਮੂਰਖ ਨੀਵੇਂ ਜੀਵਨ ਵਾਲੇ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਇਹਨਾਂ ਗੁਰਬਚਨਾਂ ਦੀ ਸਚਾਈ ਤੋਂ ਕਿਵੇਂ ਮੁਨਕਰ ਹੋਇਆ ਜਾ ਸਕਦਾ ਹੈ ਕਿ ਜਦ ਤੱਕ ਮਨੁੱਖ ਦੀ ਪਕੜ (ਮੋਹ) ਦਿਸਦੇ ਤੇ ਬਿਨਸਣਹਾਰ ਆਕਾਰਾਂ ਨਾਲ ਹੈ ਤਦ ਤੱਕ ਮਨ ਦੀ ਮੈਲ ਦੂਰ ਨਹੀ ਹੋਣੀ ਤੇ ਧਰਮ ਨਹੀ ਕਮਾਇਆ ਜਾ ਸਕਦਾ। ਨਿਰੰਕਾਰ ਨਾਲ ਸਾਂਝ ਪਾਉਣ ਲਈ ਸਭ ਦ੍ਰਿਸ਼ਟਮਾਨ ਤੇ ਬਿਨਸਣਹਾਰ ਆਕਾਰਾਂ ਦਾ ਮੋਹ (ਪਕੜ) ਤਿਆਗਣਾ ਹੀ ਪਵੇਗਾ। ਨਦਰੀ ਆਵੈ ਤਿਸੁ ਸਿਉ ਮੋਹੁ ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥ (੮੦੧) ਗੁਰੂ ਦ੍ਰਿਸ਼ਟਮਾਨ ਤੇ ਬਿਨਸਨਹਾਰ ਵਸਤੂਆਂ ਦੇ ਮੋਹ ਤੋਂ ਮੁਕਤ ਕਰਾਉਣਾ ਚਹੁੰਦਾ ਹੈ। ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥ ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥ (੮੦੮)। ਹੇ ਮੇਰੇ ਭਟਕਦੇ ਮਨ, ਇਹ ਸੰਸਾਰ ਇੱਕ ਰਾਤ ਦੇ ਸੁਪਨੇ ਵਾਂਙ ਹੀ ਹੈ, ਹੇ ਮੂਰਖ, ਜੋ ਕੁੱਝ ਦਿਸ ਰਿਹਾ ਹੈ ਇਹ ਸਭ ਨਾਸਵੰਤ ਹੈ, ਤੂੰ ਇਸ ਵਿੱਚ ਕਿਉਂ ਮੋਹ ਬਣਾ ਰਿਹਾ ਹੈਂ? ਸਭ ਆਕਾਰ, ਜਿਸ ਵਿੱਚ ਦੇਹੀ ਵੀ ਸ਼ਾਮਲ ਹੈ, ਬਿਨਸਨਹਾਰ ਹਨ (ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥ ) ਪਰ ਮਨ ਬਿਨਸਨਹਾਰ ਨਹੀ ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਇਸੇ ਲਈ ਧਰਮ ਬਿਨਸਨਹਾਰ ਤਨ ਤੇ ਨਹੀ ਬਲਿਕੇ ਜੋਤਿ ਸਰੂਪ ਅਬਿਨਾਸੀ ਮਨ ਤੇ ਨਿਰਭਰ ਹੈ। ਧਰਮ ਨੂੰ ਦਿਸਦੇ ਤੇ ਬਿਨਸਨਹਾਰ ਆਕਾਰਾਂ ਤੇ ਨਿਰਭਰ ਨਹੀ ਕੀਤਾ ਜਾ ਸਕਦਾ ਕਿਉਂਕਿ ਇਹ ਮੋਹ ਦੀ ਮੈਲ ਪੈਦਾ ਕਰਦੇ ਹਨ…… ਪਰ ਅੱਜ ਇਹ …. . ਸਭ ਕੁੱਛ ਉਲਟ ਗਿਆ।

ਦਿਸਦੇ ਆਕਾਰ ਵਾਲੇ ਤਨ ਨੂੰ ਲੱਗੀ ਮੈਲ ਤਾਂ ਪਾਣੀ ਅਤੇ ਸਾਬਣ ਨਾਲ ਧੋਤੀ ਜਾ ਸਕਦੀ ਹੈ ਪਰ ਨਿਰਆਕਾਰ ਮਨ ਨੂੰ ਲੱਗੀ ਵਿਕਾਰਾਂ ਦੀ ਮੈਲ ਬਾਹਰਲੇ ਪਾਣੀ ਨਾਲ ਕਿਵੇਂ ਧੋਤੀ ਜਾਵੇ? ਪਰ ਅਗਿਆਨਤਾ ਵਸ ਹੋ ਕੇ ਮਨ ਨੂੰ ਪਵਿੱਤ੍ਰ ਕਰਨ ਲਈ ਮਨੁੱਖ ਨੇ ਤੀਰਥ ਇਸ਼ਨਾਨ ਦਾ ਢੌਂਗ ਰਚ ਲਿਆ। ਇੱਕ ਅਖੌਤੀ ਸੰਤ ਬਾਬੇ ਨੂੰ ਗੁਰਬਾਣੀ ਦੀ ਇਸ ਪੰਗਤੀ ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਪੜ੍ਹ ਕੇ ਇਹ ਉਪਦੇਸ਼ ਦਿੰਦੇ ਸੁਣਿਆ ਕਿ ਹਰਮੰਦਰ ਸਾਹਿਬ ਦੇ ਸਰੋਵਰ ਵਿੱਚ ਨ੍ਹਾਤਿਆਂ ਸਾਰੇ ਕੀਤੇ ਪਾਪ ਧੋਤੇ ਜਾਂਦੇ ਹਨ। ਇਹੀ ਉਥੇ ਦੇ ਪੁਜਾਰੀ ਕਹਿ ਰਹੇ ਹਨ। ਹੁਣ ਜਦ ਵਾੜ ਹੀ ਖੇਤ ਨੂੰ ਖਾਈ ਜਾਵੇ ਤਾਂ ਰਾਖਾ ਕੌਣ? ਗੁਰਬਾਣੀ ਨੇ ਤਾਂ ਸਪਸ਼ਟ ਕੀਤਾ ਹੈ: ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥ (ਜਪ)। ਜੇ (ਆਕਾਰ ਵਾਲੇ) ਹੱਥ ਪੈਰ ਜਾਂ ਤਨ ਮੈਲਾ ਹੋ ਜਾਵੇ ਤਾਂ ਸਾਬਣ ਲਾ ਕੇ ਪਾਣੀ ਨਾਲ ਧੋਤਾ ਜਾ ਸਕਦਾ ਹੈ, ਮੂਤਰ ਨਾਲ ਕੱਪੜਾ ਮੈਲਾ ਹੋ ਜਾਵੇ ਤਾਂ ਉਹ ਵੀ ਸਾਬਣ, ਪਾਣੀ ਨਾਲ ਧੋਤਾ ਜਾ ਸਕਦਾ ਹੈ ਪਰ ਜੇ (ਨਿਰਆਕਾਰ ਮਨ) ਬੁੱਧੀ ਪਾਪਾਂ (ਵਿਕਾਰਾਂ) ਨਾਲ ਮਲੀਨ ਹੋ ਜਾਵੇ ਤਾਂ ਉਹ ਕੇਵਲ ਨਾਮ (ਹੁਕਮ) ਦੁਆਰਾ ਹੀ ਧੋਤੀ ਜਾ ਸਕਦੀ ਹੈ। ਜਿਥੇ ਬਾਹਰਲੇ ਇਸ਼ਨਾਨ ਨਾਲ ਤਨ ਦੀ ਸਫਾਈ ਸਰੀਰ ਲਈ ਜ਼ਰੂਰੀ ਤੇ ਲਾਭਦਾਇਕ ਹੈ ਉਥੇ ਅੰਦਰੂਨੀ ਮਨ ਦੀ ਸਫਾਈ (ਪਵਿੱਤ੍ਰਤਾ) ਵੀ ਧਰਮ ਲਈ ਜ਼ਰੂਰੀ ਹੈ। ਪਰ ਅੱਜ ਮਨ ਦੀ ਸਫਾਈ ਨੂੰ ਅਣਗੌਲਿਆ ਕਰਕੇ ਤੀਰਥ ਇਸ਼ਨਾਨਾਂ ਨਾਲ ਪਾਪਾਂ (ਵਿਕਾਰਾਂ) ਨੂੰ ਧੋਣਾ ਹੀ ਧਰਮ ਕਰਮ ਬਣਾ ਲਿਆ ਗਿਆ ਹੈ। ਧਰਮ ਨੂੰ ਤਨ ਤੇ ਨਿਰਭਰ ਕਰਨ ਨਾਲ ਹੀ … … ਸਭ ਕੁਛ ਉਲਟ ਗਿਆ।

ਗੁਰੂ ਸਾਹਿਬਾਨਾਂ ਨੇ ਜਦੋਂ ਵੀ ਕਿਸੇ ਵਿਅਕਤੀ ਦੇ ਵਿਕਾਰੀ ਮਨ ਦਾ ਸੁਧਾਰ ਕੀਤਾ, ਤਾਂ ਉਹਨਾਂ ਨੇ ਉਸ ਦੇ ਤਨ ਨੂੰ ਨਹੀ ਸਵਾਰਿਆ ਬਲਿਕੇ ਅਗਿਆਨਤਾ ਵਿੱਚ ਸੁੱਤੇ ਮਨ ਨੂੰ ਗਿਆਨ ਦੁਆਰਾ ਜਗਾ ਕੇ ਹੀ ਸੁਧਾਰ ਕੀਤਾ। ਅਗਿਆਨਤਾ ਵਿਚੋਂ ਗੁਰਗਿਆਨ ਦੁਆਰਾ ਜਾਗ ਕੇ ਗੁਣਾਂ ਦਾ ਧਾਰਨੀ ਹੋਣਾ ਹੀ ਤਾਂ ਮਨ ਦੀ ਸਾਧਨਾ ਤੇ ਧਰਮ ਹੈ। ਮਨ ਅੰਦਰ ਪਏ ਵਿਕਾਰਾਂ ਤੋਂ ਮੁਕਤੀ ਬਾਹਰ (ਤਨ ਨਾਲ) ਕੀਤੇ ਕਰਮ ਕਾਂਡਾਂ ਨਾਲ ਨਹੀ ਹੋਣੀ। ਜਿਵੇਂ ਦੇਖਾ ਦੇਖੀ ਵਿੱਚ ਮਨੁੱਖ ਤਨ ਨਾਲ ਸੇਵਾ ਇਸ ਲਈ ਕਰਦਾ ਹੈ ਤਾਂ ਕੇ ਮਨ ਨਿਰਮਲ (ਪਵਿੱਤ੍ਰ) ਹੋ ਜਾਵੇ ਪਰ ਇਹ ਤਾਂ ਗਲ ਉਲਟੀ ਹੈ। ਅਸਲ ਵਿੱਚ ਪਵਿੱਤ੍ਰ ਮਨ ਨਾਲ ਕੀਤੀ ਸੇਵਾ ਹੀ ਸਫਲ ਹੋ ਸਕਦੀ ਹੈ। ਪਹਿਲਾਂ ਮਨ ਦੀ ਸੁਧਾਈ ਤੇ ਪਿੱਛੋਂ ਘਾਲ-ਕਮਾਈ। ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥ ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ (27) । ਆਪਣੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਛ ਵਖਾਵੇ ਦੀ ਖਾਤਰ ਹੀ ਕਰਦਾ ਹੈ, ਉਸਨੂੰ ਸਹੀ ਜੀਵਨ ਜਿਉਣ ਦੀ ਸੂਝ ਨਹੀ ਆਉਂਦੀ। ਜਿਨ੍ਹਾ ਦਾ ਹਿਰਦਾ (ਪਹਿਲਾਂ) ਗੁਰਮਤਿ ਰਾਹੀਂ ਸ਼ੁੱਧ (ਪਵਿੱਤ੍ਰ) ਹੋ ਜਾਂਦਾ ਹੈ, ਉਹਨਾਂ (ਗੁਰਮੁਖਾਂ) ਦੀ ਘਾਲ-ਕਮਾਈ (ਪ੍ਰਭੂ ਦੇ ਦਰ) ਕਬੂਲ ਹੋ ਜਾਂਦੀ ਹੈ। ਪਹਿਲਾਂ ਮਨ ਨੂੰ ਪਵਿੱਤ੍ਰ ਕਰਨਾ ਹੈ ਕਿਉਂਕਿ ਮੈਲੇ ਮਨ ਨਾਲ ਕੀਤਾ ਕੰਮ ਮੈਲਾ, ਤੇ ਪਵਿੱਤ੍ਰ ਮਨ ਨਾਲ ਕੀਤਾ ਕੰਮ ਪਵਿੱਤ੍ਰ ਹੁੰਦਾ ਹੈ ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥ (558) ਗੁਰੂ ਤਾਂ ਪਹਿਲ ਤੇ ਮਹੱਤਾ ਮਨ ਦੀ ਪਵਿੱਤ੍ਰਤਾ ਨੂੰ ਦਿੰਦਾ ਹੈ ਪਰ ਮਨੁੱਖ ਪਹਿਲ ਤੇ ਮਹੱਤਾ ਤਨ ਦੇ ਇਸ਼ਨਾਨਾਂ, ਸ਼ਿੰਗਾਰਾਂ ਤੇ ਕਰਮ ਕਾਂਡਾਂ ਨੂੰ ਦੇ ਰਿਹਾ ਹੈ……………ਸਭ ਕੁੱਛ ਉਲਟ ਗਿਆ।

ਸਤਿਗੁਰਾਂ ਦਾ ਉਪਦੇਸ਼ ਬਿਨਾ ਕਿਸੇ ਪੱਖਪਾਤ ਦੇ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਇਹ ਤਦ ਹੀ ਸੰਭਵ ਹੈ ਜੇ ਉਸ ਨੂੰ ਬਿਨਾ ਕਿਸੇ ਸ਼ਰਤ ਦੇ ਸਭ ਰੂਪ, ਰੰਗ, ਰੇਖ, ਭੇਖ ਤੇ ਵਰਨ ਇਕੋ ਸਮਾਨ ਕਬੂਲ ਹਨ। ਇਸ ਰੰਗ ਬਰੰਗੀ ਦੁਨੀਆਂ ਵਿੱਚ ਉਸ ਨੂੰ ਸਭਨਾਂ ਨਾਲ ਇਕੋ ਜਿਹਾ ਪਿਆਰ ਹੈ। ਉਸ ਦੇ ਆਪਣੇ ਹੀ ਬੋਲ ਹਨ: ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ (1350) ਉਸ ਦੇ ਨੂਰ ਵਿਚੋਂ ਪੈਦਾ ਹੋਇਆ ਕੋਈ ਮੰਦਾ ਕਿਵੇਂ ਹੋ ਸਕਦਾ ਹੈ? ਕੋਈ ਵੀ ਮਨੁੱਖ ਮੰਦਾ ਨਹੀ ਕੇਵਲ ਅਗਿਆਨਤਾ ਦੁਆਰਾ ਉਸ ਦੇ ਕਰਮ ਮੰਦੇ ਹੋਇਆ ਕਰਦੇ ਹਨ ਤੇ ਆਤਮਕ ਗਿਆਨ ਦੁਆਰਾ ਕਰਮਾਂ ਦਾ ਸੁਧਾਰ ਠੱਗ ਤੋਂ ਸੰਤ ਬਣਾ ਸਕਦਾ ਹੈ। ਗੁਰ ਉਪਦੇਸ਼ ਹੈ: ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥ ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥ (425) ਜੇ ਸਭਨਾਂ ਨੂੰ ਬਨਾਉਣ ਵਾਲਾ ਆਪ ਹੀ ਸਭਨਾਂ ਵਿੱਚ ਬੈਠਾ ਹੈ ਤਾਂ ਫਿਰ ਕਿਸ ਆਧਾਰ ਤੇ ਕਿਸੇ ਨੂੰ ਮੰਦਾ ਕਿਹਾ ਜਾ ਸਕਦਾ ਹੈ? ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥ (੧੩੮੧)। ਗੁਰੂ ਕਦੇ ਵੀ ਪੱਖਪਾਤੀ ਨਹੀ ਹੋ ਸਕਦਾ: ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥ ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥ {ਪੰਨਾ 589} ਸਤਿਗੁਰ ਤਾਂ ਸਭ ਜੀਵਾਂ ਦਾ ਮਿੱਤ੍ਰ ਹੈ ਤੇ ਸਾਰੀ ਸ੍ਰਿਸ਼ਟੀ ਉਸ ਨੂੰ ਪਿਆਰੀ ਲਗਦੀ ਹੈ ਕਿਉਂਕਿ ਸਤਿਗੁਰ ਅਨੁਸਾਰ ਪਰਮਾਤਮਾ ਨੇ ਸਭ ਥਾਈ ਆਪਣਾ ਆਪ ਪਸਾਰਿਆ ਹੋਇਆ ਹੈ ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥ ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥ (੩੦੦), ਉਹ ਤਾਂ ਬਿਨਾ ਕਿਸੇ ਪੱਖਪਾਤ ਦੇ ਸਭਨਾ ਤੇ ਮਿਹਰ ਕਰਨ ਵਾਲਾ ਹੈ, ਉਸਨੂੰ ਸਭ ਇਕੋ ਜਿਹੇ ਹਨ, ਉਹ ਸਭਨਾਂ ਨੂੰ ਇਕੋ ਨਿਗ੍ਹਾ ਨਾਲ ਵੇਖਦਾ ਹੈ ਪਰ ਕਿਉਂਕਿ ਮਨੁੱਖ ਨੇ ਧਰਮ ਨੂੰ ਤਨ ਦੇ ਦਿਖਾਵੇ ਤੇ ਨਿਰਭਰ ਕਰ ਦਿੱਤਾ ਹੈ ਇਸ ਲਈ ਜੋ ਉਸ ਦੇ ਮਿਥੇ ਪਹਿਰਾਵੇ, ਰੀਤਾਂ ਰਸਮਾਂ ਤੇ ਕਰਮ ਕਾਡਾਂ ਨੂੰ ਨਹੀ ਕਬੂਲਦਾ ਉਹ ਉਸ ਨੂੰ ਅਧਾਰਮਕ (ਤੇ ਮੰਦਾ) ਹੀ ਲਗਦਾ ਹੈ। ਧਰਮ ਦੇ ਨਾਮ ਤੇ ਪੱਖਪਾਤ ਜਾਂ ਹੋਰ ਵਿਤਕਰਾ ਅਗਿਆਨੀ ਮਨੁੱਖ ਦੀ ਮਨਮੱਤ ਦੀ ਹੀ ਕਾਢ ਹੈ ਜਿਸ ਤੋਂ ਅਨੇਕਾਂ ਮੌਜੂਦਾ ਸੰਸਾਰੀ ਧਰਮਾਂ ਦੀ ਉਪਜਨਾ ਹੋਈ ਤੇ………ਸਭ ਕੁਛ ਉਲਟ ਗਿਆ।

ਜਦ ਤਕ ਧਰਮ ਨੂੰ, ਗੁਰਗਿਆਨ ਰਾਹੀਂ, ਮਨ ਦੀ ਸਾਧਨਾ ਤੇ ਨਿਰਭਰ ਨਹੀ ਕੀਤਾ ਜਾਂਦਾ ਤਦ ਤਕ ਜੀਵਨ ਵਿੱਚ ਸੁੱਖ, ਸ਼ਾਂਤ, ਅਨੰਦ ਤੇ ਮਨੁੱਖੀ ਏਕਤਾ ਇੱਕ ਸੁਪਨਾ ਹੀ ਬਣੀ ਰਹੇਗੀ ਤੇ ਧਰਮ ਦੀ ਮੰਜ਼ਿਲ ਪ੍ਰਾਪਤ ਨਹੀ ਹੋਵੇਗੀ। ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥ ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥ {ਪੰਨਾ 1060}

ਦਰਸ਼ਨ ਸਿੰਘ, ਵੁਲਵਰਹੈਂਪਟਨ, ਯੂ. ਕੇ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top