Share on Facebook

Main News Page

ਕਲਗ਼ੀ ਲਾਉਣ ਵਾਲੇ ਸਾਧ ਵਿਰੁਧ ਉਠਣ ਲਗੀਆਂ ਆਵਾਜ਼ਾਂ

ਅਨੰਦਪੁਰ ਸਾਹਿਬ, 23 ਅਪ੍ਰੈਲ (ਸੁਰਿੰਦਰ ਸਿੰਘ ਸੋਨੀ, ਸੁਖਵਿੰਦਰ ਪਾਲ ਸਿੰਘ): ਪਿੰਡ ਪਡਿਆਲਾ ਵਿਖੇ ਅਖੌਤੀ ਸਾਧ ਦੇ ਪੁਨਰ ਜਨਮ ਦੀ ਕਹਾਣੀ ਘੜਨ ਵਾਲੇ ਡੇਰੇਦਾਰ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਮੰਗ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿ: ਰਣਜੋਧ ਸਿੰਘ ਨੇ ਕੀਤੀ।

ਉਨ੍ਹਾਂ ਕਿਹਾ ਕਿ ਜਿਹੜਾ ਸਾਧ ਖੁਦ ਕਲਗ਼ੀ ਲਾ ਕੇ ਦਸ਼ਮ ਪਾਤਸ਼ਾਹ ਦੇ ਅਸਥਾਨ ਵਲ ਅਪਣੇ ਚੇਲੇ ਚਾਟੜਿਆਂ ਨਾਲ ਆਉਣ ਦੀ ਸ਼ਰਮਨਾਕ ਕਾਰਵਾਈ ਕਰਦਾ ਸੀ, ਹੁਣ 8-9 ਸਾਲ ਦੇ ਬੱਚੇ ਨੂੰ ਨਾਲ ਲਾ ਕੇ ਪੁਨਰ ਜਨਮ ਦੀ ਕਹਾਣੀ ਦੱਸ ਕੇ ਲੋਕਾਂ ਨਾਲ ਲੁੱਟ-ਖਸੁੱਟ ਕਰਨ ਦਾ ਦੰਭ ਉਸੇ ਹੀ ਡੇਰੇ ਵਲੋਂ ਰਚਿਆ ਜਾ ਰਿਹਾ ਹੈ।

ਗਿ: ਰਣਜੋਧ ਸਿੰਘ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਤਖ਼ਤਾਂ ਦੇ ਜਥੇਦਾਰ ਇਨ੍ਹਾਂ ਭੇਖੀ ਸਾਧਾਂ-ਸੰਤਾਂ ਵਿਰੁਧ ਕਾਰਵਾਈ ਕਰ ਕੇ ਲੋਕਾਂ ਨੂੰ ਡੇਰਿਆਂ ਦੀ ਜਗ੍ਹਾ ਤਖ਼ਤਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨ ਪਰ ਅਫ਼ਸੋਸ ਸਾਡੇ ਜਥੇਦਾਰ ਹੀ ਅਜਿਹੇ ਪਖੰਡੀਆਂ ਦੇ ਡੇਰਿਆਂ ਵਿਚ ਜਾ ਕੇ ਹਾਜ਼ਰੀਆਂ ਭਰਦੇ ਹਨ ਜਿਸ ਕਰ ਕੇ ਡੇਰੇਦਾਰਾਂ ਤੇ ਜਥੇਦਾਰਾਂ ਦੋਹਾਂ ਦਾ ਹੀ ਤੋਰੀ ਫੂਲਕਾ ਚੱਲੀ ਜਾ ਰਿਹਾ ਹੈ। ਉਨ੍ਹਾਂ ਕਿਹਾ ਹੋਣਾ ਤਾਂ ਇਹ ਚਾਹੀਦਾ ਹੈ ਕਿ ਅਜਿਹੇ ਪਖੰਡੀ ਸਾਧਾਂ ਦਾ ਪਤਾ ਲੱਗਣ ’ਤੇ ਤੁਰਤ ਕਾਰਵਾਈ ਕਰ ਕੇ ਉਥੋਂ ਸ਼ਬਦ ਗੁਰੂ ਦਾ ਸਰੂਪ ਚੁਕ ਲਿਆ ਜਾਵੇ ਪਰ ਅਫ਼ਸੋਸ ਸਾਡੇ ਜਥੇਦਾਰ ਸਾਰੀ ਕਾਰਵਾਈ ਠੰਡੇ ਬਸਤੇ ਵਿਚ ਪਾ ਦਿੰਦੇ ਹਨ ਤੇ ਅਜਿਹੇ ਮਾਮਲੇ ਵਿਚ ਕੁਸਕਦੇ ਤਕ ਨਹੀਂ।

ਗਿ: ਰਣਜੋਧ ਸਿੰਘ ਨੇ ਕਿਹਾ ਕਿ ਇਨ੍ਹਾਂ ਵੱਧ ਰਹੇ ਡੇਰਿਆਂ ਦਾ ਇਕੋ-ਇਕ ਹੱਲ ਹੈ ਕਿ ਸਿੱਖ ਸੰਗਤਾਂ ਜਾਗਰੂਕ ਕਰਨ ਤਾਂ ਕਿ ਸਿੱਖੀ ਸਿਧਾਂਤਾ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top