‘ਮੈਂ ਮਰਾਂ, ਪੰਥ ਜੀਵੇ’ ਦੀ ਪ੍ਰਪੱਕ ਭਾਵਨਾ, ਕੁਰਬਾਨੀ, ਦ੍ਰਿੜਤਾ ਤੇ
ਅਡੋਲਤਾ ਦੇ ਸਿਖ਼ਰ ਤੇ ਪੁੱਜ ਕੇ, ਕੌਮ ਦੇ ਕੌਮੀ ਨਾਇਕ ਬਣੇ ਤੇ ਪੰਥ ਵੱਲੋਂ ‘ਜਿੰਦਾ ਸ਼ਹੀਦ’ ਵਜੋਂ
ਪ੍ਰਵਾਨਿਤ ਕੀਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਦਰਬਾਰ ਸਾਹਿਬ ਵਿਖੇ ਵਾਪਰੇ ਘੱਲੂਘਾਰੇ ਦੀ
28ਵੀਂ ਵਰ੍ਹੇਗੰਢ ਤੋਂ ਪਹਿਲਾ ਕੌਮ ਨੂੰ ਇਨਸਾਫ਼ ਪ੍ਰਾਪਤੀ ਲਈ ਇਕ ਫੈਸਲਾਕੁੰਨ ਜੰਗ ਵਿੱਢਣ ਦਾ
ਸੱਦਾ ਦਿੱਤਾ ਹੈ। ਅਸੀਂ ਸਮਝਦੇ ਹਾਂ ਕਿ ਭਾਈ ਰਾਜੋਆਣਾ ਸਿੱਖਾਂ ਦੀ ਅਜ਼ਾਦੀ, ਸਿੱਖੀ ਦੇ
ਸਵੈਮਾਣ ਤੇ ਆਨ-ਸ਼ਾਨ ਦੀ ਰਾਖੀ ਲਈ ਅਤਿ ਦੇ ਜਜ਼ਬਾਤੀ ਹਨ ਅਤੇ ਲੱਖਾਂ ਵਾਰੀ ਵੀ ਇਸ ਮਹਾਨ ਨਿਸ਼ਾਨੇ
ਦੀ ਪ੍ਰਾਪਤੀ ਲਈ ਹੱਸ-ਹੱਸ ਕੇ ਜਾਨ ਕੁਰਬਾਨ ਕਰਨ ਲਈ ਤਿਆਰ ਹੀ ਨਹੀਂ ਸਗੋਂ ਤੱਤਪਰ ਹਨ। ਭਾਈ
ਰਾਜੋਆਣਾ ਵੱਲੋਂ ਇਨਸਾਫ਼ ਪ੍ਰਾਪਤੀ ਦੀ ਜੰਗ ਲਈ ਜਿਹੜੀ ਰਣਨੀਤੀ ਕੌਮ ਸਾਹਮਣੇ ਰੱਖੀ ਹੈ ਅਤੇ
ਸਿੱਖ ਦੁਸ਼ਮਣ ਤਾਕਤਾਂ ਨਾਲ ਮੁਕੰਮਲ ਬਾਈਕਾਟ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਹੁਕਮਨਾਮਾ’
ਜਾਰੀ ਹੋਣ ਦੀ ਸਲਾਹ ਦਿੱਤੀ ਹੈ, ਉਹ ਹਰ ਸੱਚੇ ਸਿੱਖ ਦੇ ਮਨ ਨੂੰ ਟੁੰਬਦੀ ਹੈ ਅਤੇ ਉਹ ਸੱਚੇ
ਮਨ ਨਾਲ ਭਾਈ ਰਾਜੋਆਣਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਬੇਨਤੀ ਅਤੇ ਕੌਮ ਨੂੰ ਦਿੱਤੀ
ਹਦਾਇਤ ਨੂੰ ਸਿਰ ਝੁਕਾ ਕੇ ਪਵਾਨ ਕਰਨ ਅਤੇ ਪੂਰੀ ਸ਼ਿੱਦਤ ਨਾਲ ਸਿਰੇ ਚਾੜ੍ਹਣ ਲਈ ਤੁਰੰਤ ਹਾਮੀ
ਭਰਦਾ ਹੈ।
ਪ੍ਰੰਤੂ ਜਦੋਂ ਅਸੀਂ ਸਿੱਖ ਕੌਮ ਅਤੇ ਇਸ ਦੇ ਆਗੂਆਂ ’ਚ ਸੁਆਰਥ
ਤੇ ਪਦਾਰਥ ਪ੍ਰਤੀ ਅੰਨ੍ਹੀ ਲਾਲਸਾ ਨੂੰ ਵੇਖਦੇ ਹਾਂ ਅਤੇ ਉਨ੍ਹਾਂ ਵੱਲੋਂ ਸੱਤਾ ਪ੍ਰਾਪਤੀ ਤੇ
ਆਪਣੇ, ਨਿੱਜੀ ਸੁਆਰਥਾਂ ਲਈ ਕੌਮ ਨੂੰ ਇਕ ਨਹੀਂ ਅਨੇਕਾਂ ਵਾਰ ਧੋਖਾ ਦੇਣ ਦੇ ਕਾਲੇ ਕਾਡਾਂ ਨੂੰ
ਯਾਦ ਕਰਦੇ ਹਾਂ, ਧਰਮ ਤੇ ਭਾਰੂ ਰਾਜਨੀਤੀ ਦੇ ਪ੍ਰਭਾਵ ਕਾਰਣ, ਸ੍ਰੀ ਅਕਾਲ ਤਖ਼ਤ ਸਾਹਿਬ ਤੱਕ
ਨੂੰ ਆਪਣੇ ਨਿੱਜੀ ਸੁਆਰਥ ਲਈ ਵਰਤਣ ਦੇ ਪੰਨੇ ਫਰੋਲਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਕੌਮ ਦੇ
ਇਹ ਆਗੂ, ਭਾਈ ਰਾਜੋਆਣਾ ਦੇ ਕੌਮ ਦੀ ਚੜ੍ਹਦੀ ਕਲਾ ਬਾਰੇ ਜਜ਼ਬਾਤਾਂ ਨੂੰ ਘੱਟੇ-ਮਿੱਟੀ ਰੋਲ੍ਹਣ
ਲਈ ਉਨ੍ਹਾਂ ਨੂੰ ਛਲ, ਕਪਟ, ਫਰੇਬ ਤੇ ਲਾਲਸਾ ਭਰੀ ਸੋਚ ਦਾ ਸ਼ਿਕਾਰ ਬਣਾਉਣ ਲਈ ਕਮੀਨੀ ਤੋਂ
ਕਮੀਨੀ ਸਾਜ਼ਿਸ ਰਚ ਸਕਦੇ ਹਨ, ਜਿਸ ਬਾਰੇ ਭਾਈ ਰਾਜੋਆਣਾ ਸਮੇਤ ਸਮੁੱਚੀ ਕੌਮ ਨੂੰ ਸੁਚੇਤ ਹੋਣਾ
ਪਵੇਗਾ। ਸਾਨੂੰ ਇਸ ਗੱਲ ’ਚ ਵੀ ਕੋਈ ਸ਼ੰਕਾ ਨਹੀਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ,
ਭਾਈ ਰਾਜੋਆਣਾ ਦੀ ਇਸ ਬੇਨਤੀ ਤੇ ਕਦੇ ਗੌਰ ਨਹੀਂ ਕਰਨਗੇ, ਕਿਉਂਕਿ ਉਨ੍ਹਾਂ ਦੀਆਂ ਉਹ ਮਜ਼ਬੂਰੀਆਂ,
ਜਿਨ੍ਹਾਂ ਕਾਰਣ ਰਾਜਨੀਤੀ, ਧਰਮ ਤੇ ਭਾਰੂ ਹੀ ਨਹੀਂ ਹੋਈ ਸਗੋਂ ਧਰਮ ਨੂੰ ਆਪਣਾ ਗੁਲਾਮ ਬਣਾ
ਲਿਆ ਹੈ, ਉਨ੍ਹਾਂ ਦੇ ਰਾਹ ’ਚ ਵੱਡੀਆਂ ਰੁਕਾਵਟਾਂ ਹਨ।
ਪ੍ਰੰਤੂ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਭਾਈ ਰਾਜੋਆਣਾ ਦੀ ਇਸ ਬੇਨਤੀ
ਬਾਰੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੀ ਕੌਮ ਨਾਲ ਇਕ ਵਾਰ ਸਲਾਹ-ਮਸ਼ਵਰਾ ਜ਼ਰੂਰ ਕਰਨ ਅਤੇ
ਜੇ ਕੌਮ ਉਨ੍ਹਾਂ ਦੇ ਨਾਲ ਡੱਟ ਕੇ ਖੜ੍ਹਦੀ ਹੈ ਤਾਂ ਉਨ੍ਹਾਂ ਨੂੰ ਆਪਣੀਆਂ ਮਜ਼ਬੂਰੀ ਦੀਆਂ ਜਜ਼ੀਰਾਂ
ਨੂੰ ਜੁਰੱਅਤ ਨਾਲ ਤੋੜ ਕੇ, ਭਾਈ ਰਾਜੋਆਣਾ ਦੀ ਬੇਨਤੀ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ।
ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ, ਨਿਰਦੋਸ਼ ਸਿੱਖ ਸੰਗਤਾਂ ਦਾ ਦਰਬਾਰ ਸਾਹਿਬ ਕੰਪਲੈਕਸ ’ਚ
ਕਤਲੇਆਮ, ਨਵੰਬਰ 1984 ਦਾ ਦਰਦਨਾਕ ਤੇ ਭਿਆਨਕ ਸਿੱਖ ਕਤਲੇਆਮ, ਕੌਮ ਦਾ ਉਹ ਨਾਸੂਰ ਹੈ, ਜਿਹੜਾ
ਹਮੇਸ਼ਾ ਚੀਸ ਦਿੰਦਾ ਰਹੇਗਾ, ਇਸ ਲਈ ਇਸ ਭਿਆਨਕ ਕਾਂਡ ਦਾ ਇਨਸਾਫ਼ ਜ਼ਰੂਰ ਚਾਹੀਦਾ ਹੈ। ਇਸ
ਘੱਲੂਘਾਰੇ ਲਈ ਮੁੱਖ ਦੋਸ਼ੀ ਕਾਂਗਰਸ ਅਤੇ ਕਾਂਗਰਸ ਨੂੰ ਮਜ਼ਬੂਰ ਕਰਨ ਵਾਲੀ ਭਾਜਪਾ ਤੋਂ ਕੌਮ,
ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਆਪਣਾ ਰੁੱਖ ਪੂਰੀ ਤਰ੍ਹਾਂ ਸਾਫ਼ ਕਰਨ, ਆਪੋ-ਆਪਣੇ ਗੁਨਾਹ ਦੀ
ਕੌਮ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਾਫ਼ੀ ਮੰਗਣ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦੇ ਕੇ, ਸਿੱਖਾਂ
ਨੂੰ ਤੁਰੰਤ ਇਨਸਾਫ਼ ਦੇਣ ਦੀ ਖੁੱਲ੍ਹੀ ਮੰਗ ਕਰਕੇ ਇੱਕ ਸਮੇਂ, ਸੀਮਾ ਦੇ ਦੇਵੇ ਅਤੇ ਉਹ ਸਮਾਂ
ਲੰਘਣ ਤੋਂ ਤੁਰੰਤ ਬਾਅਦ ਭਾਈ ਰਾਜੋਆਣਾ ਵੱਲੋਂ ਕੌਮ ਨੂੰ ਦਿੱਤੀ ਗਈ ਰਣਨੀਤੀ ਅਨੁਸਾਰ ਹਰ ਦੋਸ਼ੀ
ਧਿਰ ਦਾ ਮੁਕੰਮਲ ਬਾਈਕਾਟ ਕਰਕੇ, ਕੌਮ ਨੂੰ ਇਨਸਾਫ਼ ਪ੍ਰਾਪਤੀ ਦੇ ਸੰਘਰਸ਼ ਦਾ ਬਿਗਲ ਵਜਾ ਦੇਣਾ
ਚਾਹੀਦਾ ਹੈ।
ਇਸ ਸੰਘਰਸ਼ ਦੀ ਸ਼ੁਰੂਆਤ ਸਿੱਖ ਨੌਜਵਾਨਾਂ ਦੇ ਕਤਲੇਆਮ ਲਈ ਜੁੰਮੇਵਾਰ ਮੰਨੇ
ਜਾਂਦੇ, ਪੁਲਿਸ ਮੁਖੀ ਸੁਮੇਧ ਸੈਣੀ ਦੀ ਛੁੱਟੀ ਤੋਂ ਹੋਣੀ ਚਾਹੀਦੀ ਹੈ। ਕੌਮ ਦਾ ਇਹ ਫੈਸਲਾ,
ਸੱਤਾ ਲਾਲਸੀ ਆਗੂਆਂ ਨੂੰ, ਜਿਹੜੇ ਸਿੱਖ ਕੌਮ ਦੇ ਕਾਤਲਾਂ ਨਾਲ ਜੱਫੀ ਪਾ ਕੇ, ਸੱਤਾ ਸੁੱਖ ਮਾਣ
ਰਹੇ ਹਨ, ਕਦੇ ਹਜ਼ਮ ਨਹੀਂ ਹੋਵੇਗਾ। ਪ੍ਰੰਤੂ ਦਸਮੇਸ਼ ਪਿਤਾ ਦੀ ਜ਼ੋਰ-ਜਬਰ ਤੇ ਜ਼ੁਲਮ ਦੇ ਖ਼ਾਤਮੇ
ਲਈ ਸਾਜੀ ਕੌਮ, ਜੇ ਖ਼ੁਦ ਹੀ ਇਨਸਾਫ਼ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਰਹਿੰਦੀ ਤਾਂ ਆਉਣ ਵਾਲਾ
ਇਤਿਹਾਸ, ਸਾਨੂੰ ਕਾਇਰਾਂ ਤੇ ਗਦਾਰਾਂ ਦੀ ਕਤਾਰ ’ਚ ਖੜ੍ਹਾ ਕਰੇਗਾ, ਇਸ ਲਈ ਬਜਾਏ ਇਸ ਦੇ ਕਿ
ਅਸੀਂ 1984 ਦੇ ਤੀਜੇ ਘੱਲੂਘਾਰੇ ਦੇ ਸਾਲ ਗਿਣਦੇ ਜਾਈਏ, ਕੌਮ ਨੂੰ ਇਨਸਾਫ਼ ਪ੍ਰਾਪਤੀ ਦੀ
ਫੈਸਲਾ-ਕੁੰਨ ਜੰਗ ਇੱਕ ਨਾ ਇੱਕ ਦਿਨ ਲੜ੍ਹਨੀ ਹੀ ਪੈਣੀ ਹੈ, ਚੰਗਾ ਹੋਵੇ ਜੇ ਅਸੀਂ ਆਪਣੇ ਜਿੰਦਾ
ਸ਼ਹੀਦ ਦੀ ਇਸ ਇੱਛਾ ਪੂਰਤੀ ਲਈ ਅੱਜ ਹੀ ਕਮਰਕੱਸੇ ਕਰ ਲਈਏ।