Share on Facebook

Main News Page

ਮੇਰ'ਤੇ ਬਿਆਨ ਬਦਲਣ ਲਈ ਦਬਾਅ ਪਾਇਆ ਜਾ ਰਿਹਾ ਹੈ: ਨਿਰਪ੍ਰੀਤ ਕੌਰ

ਨਵੀਂ ਦਿੱਲੀ, (21 ਅਪ੍ਰੈਲ,ਪੀ.ਐਸ.ਐਨ) ਸੀ.ਬੀ.ਆਈ. ਨੇ ਅੱਜ ਦਿੱਲੀ ਦੀ ਇਕ ਅਦਾਲਤ ਨੂੰ ਇਕ ਔਰਤ ਗਵਾਹ ਦਾ ਉਹ ਬਿਆਨ ਚੇਤੇ ਕਰਾਇਆ ਜਿਸ ਵਿਚ ਉਸ ਨੇ ਕਾਂਗਰਸੀ ਲੀਡਰ ਸੱਜਣ ਕੁਮਾਰ ਦੀ ਸ਼ਨਾਖਤ ਕੀਤੀ ਸੀ ਕਿ ਉਸ ਨੇ ਸੱਜਣ ਕੁਮਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਭੀੜ ਨੂੰ ਸਿੱਖਾਂ ਨੂੰ ਮਾਰਨ ਲਈ ਭੜਕਾਉਂਦਿਆਂ ਦੇਖਿਆ ਸੀ। ਕੇਸ ਵਿਚ ਅੰਤਿਮ ਬਹਿਸ ਦੌਰਾਨ ਜ਼ਿਲ੍ਹਾ ਜੱਜ ਜੇ.ਆਰ. ਆਰਿਅਨ ਅੱਗੇ ਸੀ.ਬੀ.ਆਈ. ਦੇ ਵਕੀਲ ਆਰ.ਐਸ. ਚੀਮਾ ਨੇ ਦੱਸਿਆ ਕਿ ਗਵਾਹ ਨਿਰਪ੍ਰੀਤ ਕੌਰ ਨੇ 3 ਨਵੰਬਰ, 1984 ਨੂੰ ਸੱਜਣ ਕੁਮਾਰ ਨੂੰ ਅਜਿਹਾ ਕਰਦਿਆਂ ਦੇਖਿਆ ਸੀ। ਭੀੜ ਨੇ ਨਿਰਪ੍ਰੀਤ ਕੌਰ ਦੇ ਪਿਤਾ ਨੂੰ ਜ਼ਿੰਦਾ ਸਾੜ ਦਿੱਤਾ ਸੀ।

ਸ੍ਰੀ ਚੀਮਾ ਨੇ ਦੱਸਿਆ ਕਿ ਦੰਗਿਆਂ ਪਿਛੋਂ ਗਵਾਹ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਕਈ ਸੁਰੱਖਿਆ ਏਜੰਸੀਆਂ ਵੱਲੋਂ ਤੰਗ ਕੀਤਾ ਗਿਆ ਕਿਉਂਕਿ ਉਹ 16 ਸਾਲ ਦੀ ਉਮਰ ਵਿਚ ਆਪਣੇ ਪਿਤਾ ਦੇ ਕਤਲ ਦੀ ਚਸ਼ਮਦੀਦ ਗਵਾਹ ਸੀ। ਦਿੱਲੀ ਛਾਉਣੀ ਵਿਚ ਛੇ ਸਿੱਖਾਂ ਨੂੰ ਮਾਰ ਦਿੱਤੇ ਜਾਣ ਸਬੰਧੀ ਇਸ ਕੇਸ ਵਿਚ ਸੱਜਣ ਕੁਮਾਰ ਤੇ ਪੰਜ ਹੋਰ ਮੁਲਜ਼ਮ ਕੇਸ ਭੁਗਤ ਰਹੇ ਹਨ। ਸ੍ਰੀ ਚੀਮਾ 23 ਅਪਰੈਲ ਨੂੰ ਵੀ ਆਪਣੀਆਂ ਦਲੀਲਾਂ ਜਾਰੀ ਰੱਖਣਗੇ। ਉਨ੍ਹਾਂ ਦੱਸਿਆ ਕਿ ਨਿਰਪ੍ਰੀਤ ਕੌਰ ਦੇ ਪਿਤਾ ਨਿਰਮਲ ਸਿੰਘ ਨੂੰ ਬਲਵਾਨ ਖੋਖਰ ਤੇ ਮਹਿੰਦਰ ਯਾਦਵ ਨੇ ਇਕ ਪੁਲੀਸ ਵਾਲੇ ਤੋਂ ਮਾਚਿਸ ਲੈ ਕੇ ਅੱਗ ਲਾਈ ਸੀ। ਨਿਰਪ੍ਰੀਤ ਕੌਰ ਨੂੰ ਵੀ ਤਿੰਨ ਝੂਠੇ ਕੇਸਾਂ ਵਿਚ ਫਸਾਇਆ ਗਿਆ ਤੇ ਇਸ ਕਰਕੇ ਉਸ ਨੂੰ ਅੱਠ ਸਾਲ ਜੇਲ੍ਹ ਵਿਚ ਵੀ ਰਹਿਣਾ ਪਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top