Share on Facebook

Main News Page

ਪੰਜਾਬੀ ਬਣ ਰਹੇ ਹਨ 'ਮਹਾਸ਼ਰਾਬੀ'

ਬਠਿੰਡਾ, (ਪਰਮਿੰਦਰ) - ਪੰਜਾਬ ਜਿਥੇ ਕਿਸੇ ਸਮੇਂ ਦੁੱਧ ਦੀਆਂ ਨਦੀਆਂ ਲਈ ਮਸ਼ਹੂਰ ਸੀ, ਹੁਣ ਸ਼ਰਾਬ ਦੇ ਦਰਿਆਵਾਂ ਲਈ ਵੀ ਜਾਣਿਆ ਜਾਣ ਲੱਗਾ ਹੈ।

ਪੰਜਾਬ 'ਚ ਸ਼ਰਾਬ ਦੀ ਖਪਤ ਪਿਛਲੇ 5 ਸਾਲਾਂ 'ਚ ਦੁੱਗਣੀ ਹੋ ਗਈ ਹੈ ਤੇ ਇਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਕ ਪਾਸੇ ਜਿਥੇ ਪੰਜਾਬ ਦੇ ਜ਼ਿਆਦਾਤਰ ਘਰ ਇਸ ਨਸ਼ੇ ਕਾਰਨ ਬੇਹਾਲ ਹਨ, ਉਥੇ ਆਬਕਾਰੀ ਵਿਭਾਗ ਨੂੰ ਇਹ ਨਸ਼ਾ ਮਾਲਾਮਾਲ ਕਰ ਰਿਹਾ ਹੈ। ਜਿਥੇ ਹਰ ਸਾਲ ਸ਼ਰਾਬ ਦੀ ਖਪਤ ਤੇ ਠੇਕਿਆਂ ਦੀ ਗਿਣਤੀ ਵਧ ਰਹੀ ਹੈ, ਉਥੇ ਵਿਭਾਗ ਦੇ ਮਾਲੀਏ ਵਿਚ ਵੀ ਭਾਰੀ ਵਾਧਾ ਦਰਜ ਹੋ ਰਿਹਾ ਹੈ। ਇਹੀ ਨਹੀਂ, ਸੂਬੇ 'ਚ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਵੀ ਪਿਛਲੇ 5 ਸਾਲਾਂ ਦੌਰਾਨ ਦੁੱਗਣੀ ਹੋ ਗਈ ਹੈ ਤੇ ਇਸ 'ਚ ਵੀ ਇਹ ਵਾਧਾ ਲਗਾਤਾਰ ਹੋ ਰਿਹਾ ਹੈ।

ਵਿਭਾਗੀ ਅੰਕੜਿਆਂ ਅਨੁਸਾਰ ਸਾਲ 2005-06 ਦੌਰਾਨ ਪੰਜਾਬ ਵਿਚ ਸ਼ਰਾਬ ਦੀ ਖਪਤ 660 ਲੱਖ ਪਰੂਫ ਲੀਟਰ ਸੀ ਜੋ 2010-11 ਦੌਰਾਨ ਵਧ ਕੇ 1173 ਲੱਖ ਪਰੂਫ ਲੀਟਰ 'ਤੇ ਪਹੁੰਚ ਗਈ। ਇਹੀ ਨਹੀਂ 2005-06 ਦੌਰਾਨ ਪੰਜਾਬ 'ਚ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ 2.518 ਪਰੂਫ ਲੀਟਰ ਸੀ ਜੋ 2010-11 ਦੌਰਾਨ 4.009 ਹੋ ਗਈ। ਸ਼ਰਾਬ ਦੀ ਖਪਤ ਵਧਣ ਨਾਲ ਵਿਭਾਗ ਨੂੰ ਵੀ ਭਾਰੀ ਫਾਇਦਾ ਹੋਇਆ। 2005-06 ਦੌਰਾਨ ਵਿਭਾਗ ਨੇ ਸ਼ਰਾਬ ਨਾਲ 1568 ਕਰੋੜ ਰੁਪਏ ਦਾ ਰੈਵੇਨਿਊ ਇਕੱਤਰ ਕੀਤਾ ਜੋ 2010-11 ਦੌਰਾਨ 2373 ਕਰੋੜ ਰੁਪਏ ਹੋ ਗਿਆ।

ਵਿਭਾਗ ਦੇ ਅੰਕੜਿਆਂ ਅਨੁਸਾਰ 2006-07 ਵਿਚ ਸ਼ਰਾਬ ਦਾ ਕੋਟਾ ਵਧ ਕੇ 862 ਲੱਖ ਪਰੂਫ ਲੀਟਰ ਹੋ ਗਿਆ, ਜਿਸ ਨਾਲ ਵਿਭਾਗ ਨੇ 1367 ਕਰੋੜ ਰੁਪਏ ਦਾ ਰੈਵੇਨਿਊ ਇਕੱਤਰ ਕੀਤਾ। ਇਸੇ ਤਰ੍ਹਾਂ 2007-08 ਦੌਰਾਨ ਭਾਵੇਂ ਕੋਟਾ ਥੋੜ੍ਹਾ ਘੱਟ ਹੋ ਕੇ 843 ਲੱਖ ਪਰੂਫ ਲੀਟਰ ਹੋ ਗਿਆ ਪਰ ਵਿਭਾਗ ਨੇ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਪੈਸੇ ਕਮਾਏ। ਇਸ ਸਾਲ ਵਿਭਾਗ ਨੂੰ 1861 ਕਰੋੜ ਰੁਪਏ ਦੀ ਆਮਦਨ ਹੋਈ। ਅਗਲੇ ਸਾਲ 2008-09 ਦੌਰਾਨ ਸ਼ਰਾਬ ਦਾ ਕੋਟਾ ਵਧ ਕੇ 933 ਲੱਖ ਪਰੂਫ ਲੀਟਰ 'ਤੇ ਪਹੁੰਚ ਗਿਆ ਤੇ ਵਿਭਾਗ ਨੇ ਇਸ ਸਾਲ 1800 ਕਰੋੜ ਰੁਪਏ ਦਾ ਰੈਵੇਨਿਊ ਇਕੱਤਰ ਕੀਤਾ। 2009-10 ਦੌਰਾਨ ਜਿਥੇ ਸ਼ਰਾਬ ਦਾ ਕੋਟਾ ਵਧ ਕੇ 1069 ਲੱਖ ਪਰੂਫ ਲੀਟਰ ਕਰ ਦਿੱਤਾ ਗਿਆ, ਉਥੇ ਵਿਭਾਗ ਨੂੰ ਵੀ ਇਸ ਨਾਲ 2100 ਕਰੋੜ ਰੁਪਏ ਦੀ ਆਮਦਨ ਹੋਈ। 2010-11 ਦੌਰਾਨ ਸ਼ਰਾਬ ਦਾ ਕੋਟਾ ਵਧਾ ਕੇ 1173 ਲੱਖ ਪਰੂਫ ਲੀਟਰ ਕਰ ਦਿੱਤਾ ਗਿਆ ਤੇ ਇਸ ਸਾਲ ਵਿਭਾਗ ਨੇ ਸ਼ਰਾਬ ਨਾਲ 2373 ਕਰੋੜ ਰੁਪਏ ਕਮਾਏ।

ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ 'ਚ ਵੀ ਹੋਇਆ ਵਾਧਾ: ਸ਼ਰਾਬ ਦਾ ਕੋਟਾ ਵਧਣ ਦੇ ਨਾਲ-ਨਾਲ ਪੰਜਾਬ 'ਚ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ 'ਚ ਵੀ ਦੁੱਗਣਾ ਇਜ਼ਾਫਾ ਹੋਇਆ। ਬੇਸ਼ੱਕ ਉਕਤ 5 ਸਾਲਾਂ ਦੌਰਾਨ ਪੰਜਾਬ ਦੀ ਆਬਾਦੀ 30 ਲੱਖ ਦੇ ਕਰੀਬ ਹੀ ਵਧੀ ਪਰ ਸ਼ਰਾਬ ਦੀ ਖਪਤ ਦੁੱਗਣੇ 'ਤੇ ਪਹੁੰਚ ਗਈ। 2006-07 ਦੌਰਾਨ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ 3.229 ਪਰੂਫ ਲੀਟਰ ਸੀ ਜੋ 2008-09 ਤਕ ਵੱਧ ਕੇ 3.369 ਤਕ ਪਹੁੰਚ ਗਈ। ਇਸ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਸਾਲ 2009-10 ਵਿਚ ਇਹ ਵਧ ਕੇ 3.790 'ਤੇ ਪਹੁੰਚ ਗਈ ਜਦਕਿ ਸਾਲ 2010-11 ਵਿਚ ਇਸ ਵਿਚ ਹੋਰ ਵਾਧਾ ਹੋਇਆ ਤੇ ਇਹ 4.009 'ਤੇ ਆ ਪਹੁੰਚੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top