Share on Facebook

Main News Page

ਪਾਖੰਡਵਾਦ ਵਿਰੁੱਧ ਲਹਿਰ ਖੜ੍ਹੀ ਕਰਨ ਦਾ ਸਮਾਂ…

ਇਸ ਦੇਸ਼ ’ਚ ਪਾਖੰਡ, ਆਡੰਬਰ, ਵੱਡਿਆਂ ਦੀ ਧੱਕੇਸ਼ਾਹੀ ਤੇ ਹਾਕਮਾਂ ਦੀ ਲੁੱਟ ਤੇ ਕੁੱਟ ਵਿਰੁੱਧ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਇਨਕਲਾਬੀ ਲਹਿਰ’ ਆਰੰਭੀ ਅਤੇ ਕੂੜ ਦੇ ਹਨੇਰੇ ਨੂੰ ਗੁਰਬਾਣੀ ਦੇ ਚਾਨਣ ਨਾਲ ਦੂਰ ਕਰਨ ਦਾ ਯਤਨ ਕੀਤਾ। ਮਨੁੱਖ ਨੂੰ ਹਰ ਖੇਤਰ ’ਚ ਯੋਗ ਅਗਵਾਈ ਦੇਣ ਲਈ ਗੁਰੂ ਸਾਹਿਬਾਨ ਨੇ ‘ਧੁਰ ਕੀ ਬਾਣੀ’ ਦੇ ‘ਸ੍ਰੀ ਗੁਰੂ ਗ੍ਰੰਥ’ ਦੀ ਸਥਾਪਨਾ ਕੀਤੀ। ਪ੍ਰੰਤੂ ਸ਼ੈਤਾਨ ਲੋਕਾਂ ਨੇ ਜਿਨ੍ਹਾਂ ਦੀਆਂ ਲੁੱਟ ਦੀਆਂ ਦੁਕਾਨਾਂ ਬੰਦ ਹੁੰਦੀਆਂ ਸਨ, ਗੁਰਬਾਣੀ ਦੀ ਸੱਚੀ-ਸੁੱਚੀ ਲਿਸ਼ਕੋਰ ਨੂੰ ਆਪਣੇ ਪਾਖੰਡ ਤੇ ਝੂਠੇ ਪ੍ਰਚਾਰ ਦੇ ਸਹਾਰੇ ਧੁੰਦਲਾ ਕਰਨ ਦਾ ਯਤਨ ਕੀਤਾ ਅਤੇ ਇੱਥੋਂ ਤੱਕ ਕਿ ਸਿੱਖ ਧਰਮ ’ਚ ਮੁੜ ਤੋਂ ਬ੍ਰਾਹਮਣਵਾਦੀ ਪਾਖੰਡ ਦੀ ਜਕੜ੍ਹ ਵਧਾਉਣੀ ਸ਼ੁਰੂ ਕਰ ਦਿੱਤੀ। ਪਾਖੰਡੀ ਸਾਧਾਂ ਰਾਹੀਂ ਕੰਮਜ਼ੋਰ ਮਾਨਸਿਕਤਾ ਵਾਲੇ ਲੋਕਾਂ ਨੂੰ ਪਾਖੰਡਵਾਦ ਦੀ ਅਜਗਰੀ ਲਪੇਟ ’ਚ ਜਕੜ ਲਿਆ ਗਿਆ ਅਤੇ ਆਧੁਨਿਕ ਸੰਸਾਰ ਸਾਧਨਾਂ ਸਮੇਤ ਟੀ. ਵੀ. ਚੈਨਲਾਂ ਦਾ ਸਹਾਰਾ ਲੈ ਕੇ, ਆਪਣੇ ਪਾਖੰਡ ਨੂੰ ਫੈਲਾਇਆ ਤੇ ਲੁੱਟ ਦਾ ਸਾਧਨ ਬਣਾ ਲਿਆ।

ਆਏ ਦਿਨ ਇਨ੍ਹਾਂ ਪਾਖੰਡੀ ਸਾਧਾਂ ਜਿਨ੍ਹਾਂ ’ਚ ਸੇਤਿਆ ਸਾਈ ਬਾਬਾ ਤੋਂ ਲੈ ਕੇ ਨਿਰਮਲ ਬਾਬੇ ਤੱਕ ਬਹੁਗਿਣਤੀ ਬਾਬਿਆਂ ਦਾ ਪਾਖੰਡ ਤੇ ਭਰਮ ਜਾਲ ਲੋਕਾਂ ਸਾਹਮਣੇ ਤਿੜਕਿਆ ਹੀ ਨਹੀਂ, ਸਗੋਂ ਫੀਤਾ-ਫੀਤਾ ਹੋਇਆ ਹੈ, ਪ੍ਰੰਤੂ ਇਸਦੇ ਬਾਵਜੂਦ ਆਏ ਦਿਨ ਨਵਾਂ ਪਾਖੰਡੀ ਬਾਬਾ ਆਪਣੇ ਪਾਖੰਡ ਦੀ ਦੁਕਾਨ ਨੂੰ ਚਮਕਾ ਕੇ ਪੂਰੀ ਤਰ੍ਹਾਂ ਚਲਾਉਣ ’ਚ ਸਫ਼ਲ ਹੋ ਜਾਂਦਾ ਹੈ। ਹਰ ਚੈਨਲ ਤੇ ਨਿੱਤ ਦਿਨ ਨਵੇਂ ਬਾਬਿਆਂ ਦੀ ਗਿਣਤੀ ਵੱਧਦੀ ਜਾਂਦੀ ਹੈ, ਕਿਉਂਕਿ ਭਾਰਤੀ ਲੋਕਾਂ ਬਾਰੇ ਇਹ ਗੱਲ ਪੱਕੀ ਹੋ ਗਈ ਹੈ, ਕਿ ਅਕਲ ਦੇ ਅੰਨ੍ਹੇ ਇਨ੍ਹਾਂ ਲੋਕਾਂ ਨੂੰ ਕੋਈ ਲੁੱਟਣ ਵਾਲਾ ਚਾਹੀਦਾ ਹੈ ਅਤੇ ਇਸੇ ਕਾਰਣ ਲੁੱਟ ਦੀ ਕੋਈ ਨਵੀਂ ਤਰਕੀਬ ਲੈ ਕੇ, ਨਵਾਂ ਬਾਬਾ ਆਏ ਦਿਨ ਮਸ਼ਹੂਰੀ ਦੇ ਅਸਮਾਨ ’ਚ ਚਮਕਣ ਲੱਗਦਾ ਅਤੇ ਉਸਦੀ ਤਿਜੌਰੀ ਅਰਬਾਂ ਰੁਪਿਆਂ ਨਾਲ ਚੰਦ ਸਾਲਾਂ ’ਚ ਨੱਕੋ-ਨੱਕ ਭਰ ਜਾਂਦੀ ਹੈ। ਅਸਲ ’ਚ ਮਨੁੱਖ ਸਮਾਜ, ਰੂਹਾਨੀ ਸਮਾਜਕ ਸਭਿਆਚਾਰਕ ਪੱਖੋਂ ਟੁੱਟ ਰਿਹਾ ਹੈ, ਇਖ਼ਲਾਕੀ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਕਿਸੇ ਨੂੰ ਕਿਸੇ ਦੀ ਪ੍ਰਵਾਹ ਨਹੀਂ। ਸਮਾਜ ਦੀ ਤੇਜ਼ ਰਫਤਾਰ ਕਾਰਣ ਹਰ ਕੋਈ ਸਵੈ ਕੇਂਦਰਿਤ ਹੋ ਰਿਹਾ ਹੈ।

ਅਸੀਂ ਸਾਰੇ ਸਵਾਰਥੀ ਹੋ ਗਏ ਹਾਂ, ਜਿਸ ਕਾਰਣ, ਸਾਡੀ ਮਾਨਸਿਕਤਾ ਨੂੰ ਜਿਥੇ ਲਾਲਸਾ ਦਾ ਰੋਗ ਲੱਗ ਗਿਆ ਹੈ, ਉਥੇ ਸਾਡੀ ਮਾਨਸਿਕਤਾ ਨੂੰ ਚਿੰਤਾ ਦੀ ਸਿਉਂਕ ਵੀ ਖਾ ਰਹੀ ਹੈ। ਜਿਸ ਕਾਰਣ ਦਿਸ਼ਾ-ਹੀਣ ਮਾਨਸਿਕਤਾ ਦਿਨੋ ਦਿਨ ਨਿਰਾਸ਼ਾ ਦੇ ਚਿੱਕੜ ’ਚ ਗਰਕ ਹੁੰਦੀ ਜਾ ਰਹੀ ਹੈ। ਹਰ ਚਿਹਰਾ ਮੁਰਝਾਇਆ ਹੋਇਆ ਹੈ, ਕਿਉਂਕਿ ਅਸੀਂ ਰੂਹਾਨੀਅਤ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਾਂ, ਜਿਸ ਸਦਕਾ ਖੁਸ਼ੀਆਂ ਖੇੜਿਆਂ ਦੇ ਆਨੰਦ ਨਾਲ ਭਰਪੂਰ ਸੁਰਖ ਚਿਹਰੇ ਗਾਇਬ ਹੋਣ ਦੇ ਕਿਨਾਰੇ ਹਨ। ਆਰਥਕ ਮੰਦਹਾਲੀ, ਆਰਥਿਕ ਲੁੱਟ, ਆਰਥਿਕ ਅਸਥਿਰਤਾ ਨੇ ਚਾਰੇ ਪਾਸੇ ਬੇਵਿਸ਼ਵਾਸੀ ਦਾ ਮਾਹੌਲ ਸਿਰਜ ਦਿੱਤਾ ਹੈ, ਜਿਸ ਕਾਰਣ ਅੰਦਰੋ ਡਰਿਆ ਹਰ ਮਨੁੱਖ ਆਪਣੀ ਹੋਂਦ ਨੂੰ ਬਚਾਉਣ ਲਈ ਫਿਕਰਮੰਦ ਹੈ।

ਇਥੇ ਹੀ ਬੱਸ ਨਹੀਂ ਰੂਹਾਨੀਅਤ ਤੋਂ ਕੋਰੇ ਮਨੁੱਖਾਂ ’ਚ ਨਿੱਜੀ ਲਾਲਸਾ, ਹਊਮੈ, ਈਰਖਾ, ਲੋਭ-ਲਾਲਚ ਲੋੜ ਤੋਂ ਵੱਧ ਗਿਆ ਹੈ, ਉਹ ਦੂਸਰੇ ਨੂੰ ਲਤਾੜ ਕੇ ਅੱਗੇ ਵੱਧਣ ਲਈ ਕਾਹਲਾ ਹੈ, ਹਰ ਮਨੁੱਖ ਤੇਜ਼ ਰਫਤਾਰ ਦੀ ਇਸ ਦੁਨੀਆ ’ਚ ਝਟਪੱਟ ਨਤੀਜਾ ਭਾਲਦਾ ਹੈ। ਉਹ ਸੇਵਾ-ਸਿਮਰਨ ਦੇ ਮਾਨਵਤਾਵਾਦੀ ਗੁਣਾਂ ਦੀ ਥਾਂ ਆਡੰਬਰ ਤੇ ਵਿਖਾਵੇ ਦਾ ਸ਼ਿਕਾਰ ਹੋ ਗਿਆ ਹੈ, ਲੱਖਾਂ-ਕਰੋੜਾਂ ਦਾ ਦਾਨ ਕਰਕੇ, ਉਸਦੀ ਆਤਮਾ ’ਚ ਨਿਮਰਤਾ ਤੇ ਸ਼ਾਂਤੀ ਦੀ ਥਾਂ, ਹਊਮੈ, ਹੰਕਾਰ ’ਚ ਵੱਡਾ ਵਾਧਾ ਹੁੰਦਾ ਹੈ। ਅੱਜ ਦਾ ਸਭ ਤੋਂ ਵੱਡਾ ਦੁਖਾਂਤ ਇਹੋ ਹੈ ਕਿ ਰੂਹਾਨੀਅਤ ਨੂੰ ਮਾਇਆਧਾਰੀਆਂ, ਸਵਾਰਥੀਆਂ ਅਤੇ ਰੂਹਾਨੀਅਤ ਤੋਂ ਕੋਹਾਂ ਦੂਰ ਰਹਿਣ ਵਾਲੇ ‘ਨਿਰਮਲ ਬਾਬੇ’ ਵਰਗੇ ਲੋਭੀ-ਲਾਲਸੀ ਤੇ ਸ਼ੈਤਾਨ ਲੋਕਾਂ ਨੇ ਬੰਦੀ ਬਣਾਇਆ ਹੋਇਆ ਹੈ। ਅੱਜ ਇਹ ਮਾਇਆਧਾਰੀ ਪ੍ਰੰਤੂ ਧਾਰਮਿਕ ਮਖੌਟੇ ਵਾਲੇ ਲੋਕ ਧਰਮ ਨੂੰ ਪਾਖੰਡਾਂ ਤੇ ਆਡੰਬਰਾਂ ਦੇ ਬੁਰਕੇ ’ਚ ਛੁਪਾਉਣ ਦੇ ਯਤਨਾਂ ’ਚ ਲੱਗੇ ਹੋਏ ਹਨ। ਇਸ ਦੇਸ਼ ’ਚ ਹਮੇਸ਼ਾ ਹੀ ਧਰਮ ਦ ਨਾਮ 'ਤੇ ਭੋਲੇ-ਭਾਲੇ ਲੋਕਾਂ ਨੂੰ ਲੁੱਟਿਆ ਜਾਂਦਾ ਰਿਹਾ ਹੈ ਅਤੇ ਇਸ ਧਾਰਮਿਕ ਲੁੱਟ ਵਿਰੁੱਧ ਹੀ ‘ਨਿਆਰਾ ਪੰਥ’ ਸਿਰਜਿਆ ਗਿਆ ਸੀ। ਜਿਹੜਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਨੂੰ ਹਰ ਮਨੁੱਖ ਦੇ ਜੀਵਨ ਦਾ ਜੀਵਨ ਉਦੇਸ਼ ਪ੍ਰਪੱਕ ਕਰਵਾਉਂਦਾ ਹੈ। ਪ੍ਰੰਤੂ ਜਦੋਂ ਇਸ ਸਿਧਾਂਤ ਨੂੰ ਛੱਡ ਕੇ ਸੁਆਰਥ ਤੇ ਪਦਾਰਥ ਦੀ ਦੌੜ ’ਚ ਮਨੁੱਖ ਸ਼ਾਮਲ ਹੁੰਦਾ ਹੈ ਤਾਂ ਉਹ ਆਪਣੀ ਮਾਨਸਿਕਾ ਸਾਂਤੀ ਸਭ ਤੋਂ ਪਹਿਲਾ ਗੁਆ ਲੈਂਦਾ ਹੈ, ਅਤੇ ਜਿਸ ਵਿਅਕਤੀ ਦੀ ਮਾਨਸਿਕ ਸਾਂਤੀ ਗੁੰਮ ਹੋ ਜਾਂਦੀ ਹੈ, ਫਿਰ ਉਹ ਦੁਨਿਆਵੀ ਤੇ ਸਰੀਰਕ ਕਸ਼ਟਾਂ ਤੇ ਬੀਮਾਰੀਆਂ ਦਾ ਸ਼ਿਕਾਰ ਵੀ ਝੱਟ ਹੋ ਜਾਂਦਾ ਹੈ।

ਇਹ ਸਮਝ ਲੈਣਾ ਚਾਹੀਦਾ ਹੈ ਕਿ ਧਰਮੀ ਅਖਵਾਉਣ ਵਾਲੇ ਜਿਨ੍ਹਾਂ ਸਾਧਾਂ-ਸੰਤਾਂ, ਬਾਬਿਆਂ ਨੂੰ ਮਨੁੱਖਤਾ ਦੀ ਚਿੰਤਾ ਨਹੀਂ, ਸਮਾਜ ’ਚ ਹੁੰਦੇ ਜਬਰ, ਜ਼ੁਲਮ ਤੇ ਬੇਇਨਸਾਫ਼ੀ ਨੂੰ ਵੇਖ ਕੇ, ਜਿਹੜੇ ਅੱਖਾਂ ਮੀਚ ਲੈਂਦੇ ਹਨ, ਉਹ ਰੂਹਾਨੀ ਅਥਵਾ ਧਾਰਮਿਕ ਹੋ ਹੀ ਨਹੀਂ ਸਕਦੇ। ਗੁਰਬਾਣੀ ’ਚ ਜਿੱਥੇ ਮਨੁੱਖੀ ਜੀਵਨ ਲਈ ਹਰ ਸੇਧ ਦਿੱਤੀ ਗਈ ਹੈ, ਉਥੇ ਮਾਇਆ ਪਿੱਛੇ ਭੱਜਣ ਵਾਲੇ ਨੂੰ ਅੰਨਾ ਤੇ ਬੋਲ਼ਾ ਦੱਸਿਆ ਗਿਆ, ਪ੍ਰੰਤੂ ਅਸੀਂ ਸ਼ਕਤੀਆਂ ਦੀ ਕ੍ਰਿਪਾ ਬਦਲੇ ਸ਼ਰੇਆਮ ਖੁੱਲੇ ਸ਼ਬਦਾਂ ’ਚ ਮਾਇਆ ਮੰਗਣ ਵਾਲੇ ਨੂੰ ‘‘ਚਮਤਕਾਰੀ ਬਾਬਾ’’ ਸਮਝੀ ਜਾਂਦੇ ਹਾਂ। ਉਸਦਾ ‘ਚਮਤਕਾਰ’ ਤਾਂ ਸਾਨੂੰ ‘ਮੂਰਖ’ ਬਣਾਉਣਾ ਹੈ, ਪ੍ਰੰਤੂ ਇਸ ਚਮਤਕਾਰ ਦੀ ਸਮਝ ਸਾਨੂੰ ਉਦੋਂ ਆਉਂਦੀ ਹੈ, ਜਦੋਂ ਇਹ ਪਾਖੰਡੀ ਬਾਬੇ ਲੋਕਾਂ ਨੂੰ ਆਰਥਿਕ, ਸਰੀਰਕ ਤੇ ਮਾਨਸਿਕ ਰੂਪ ’ਚ ਚੰਗੀ ਤਰ੍ਹਾਂ ਨੋਚ ਚੁੱਕੇ ਹੁੰਦੇ ਹਨ।

ਅੱਜ ਜਦੋਂ ਇੱਕ ਹੋਰ ਪਾਖੰਡੀ ਬਾਬੇ ਦੇ ਪਾਖੰਡ ਦਾ ਭਾਂਡਾ ਚੌਰਾਹੇ ’ਚ ਭੱਜ ਚੁੱਕਾ ਹੈ, ਉਸ ਸਮੇਂ ਸੰਜੀਦਾ ਲੋਕਾਂ ਨੂੰ ਇਸ ਪਾਖੰਡਵਾਦ ਤੇ ਆਡੰਬਰਵਾਦ ਵਿਰੁੱਧ ਇਕ ਪਲੇਟ ਫਾਰਮ ਤੇ ਇਕੱਠਾ ਹੋਣਾ ਚਾਹੀਦਾ ਹੈ ਤਾਂ ਕਿ ਅਜਿਹੇ ਪਾਖੰਡ ਦਾ ਭਾਂਡਾ, ਉਦੋਂ ਹੀ ਭੰਨ ਦਿੱਤਾ ਜਾਵੇ, ਜਦੋਂ ਇਹ ਪਾਖੰਡ ਜੜਾਂ ਫੜਨੀਆਂ ਸ਼ੁਰੂ ਕਰਦਾ ਹੈ।

ਪੂਰੇ 15 ਸਾਲ ਅਤੇ ਖ਼ਾਸ ਕਰਕੇ ਪਿਛਲੇ 6 ਸਾਲ ਨਿਰਮਲ ਬਾਬੇ ਦੇ ਪਾਖੰਡ ਦੀ ਦੁਕਾਨ ਪੂਰੀ ਚੱਲੀ, ਇਸੇ ਤਰ੍ਹਾਂ ਸੋਦਾ ਸਾਧ, ਨੂਰਮਹਿਲੀਏ ਤੇ ਭਨਿਆਰੇ ਵਰਗੇ, ਪਤਾ ਨਹੀਂ, ਕਿੰਨੇ ਪਾਖੰਡੀਆਂ ਦੀਆਂ ਦੁਕਾਨਾਂ ਧੜੱਲੇ ਨਾਲ ਚੱਲ ਰਹੀਆਂ ਹਨ, ਜੇ ਸੁਹਿਰਦ ਲੋਕ, ਇਨ੍ਹਾਂ ਝੂਠ ਤੇ ਕੂੜ ਦੀਆਂ ਦੁਕਾਨਾਂ ਦੇ ਖੁੱਲਣ ਸਾਰ, ਉਨ੍ਹਾਂ ਦਾ ਸੱਚ ਲੋਕਾਂ ਸਾਹਮਣੇ ਨੰਗਾ ਕਰ ਦੇਣਗੇ ਤਾਂ ਇਨ੍ਹਾਂ ਦੀਆਂ ਦੁਕਾਨਦਾਰੀਆਂ ਚੱਲਣ ਤੋਂ ਪਹਿਲਾ ਆਪਣੇ ਆਪ ਹੀ ਬੰਦ ਹੋ ਜਾਣਗੀਆਂ। ਟੀ. ਵੀ. ਚੈਨਲਾਂ ਤੇ ਵੀ ਇਸ ਪਾਖੰਡ ਨੂੰ ਨਾ ਫੈਲਾਉਣ ਲਈ ਪਾਬੰਦੀ ਹੋਣੀ ਚਾਹੀਦੀ ਹੈ, ਲੋਕਾਂ ਦੀ ਹੁੰਦੀ ਲੁੱਟ ’ਚ ਟੀ. ਵੀ. ਚੈਨਲਾਂ ਦਾ ਵੀ ਵੱਡਾ ਹਿੱਸਾ ਹੈ। ਜਦੋਂ ਇਹ ਪੈਸੇ ਦੇ ਬਦਲੇ ਇਕ ਝੂਠ ਨੂੰ ਵਾਰ-ਵਾਰ ਲੋਕਾਂ ਅੱਗੇ ਪਰੋਸਦੇ ਹਨ ਤਾਂ ਉਹ ਝੂਠ ਵੀ ਸੱਚ ’ਚ ਬਦਲ ਜਾਂਦਾ ਹੈ ਅਤੇ ਆਮ ਲੋਕ ਗੁੰਮਰਾਹ ਹੋ ਹੀ ਜਾਂਦੇ ਹਨ। ਅੱਜ ਭਾਵੇਂ ਬੀਮਾਰ ਤੇ ਚਿੰਤਾ ਗ੍ਰਸਤ ਮਾਨਸਿਕਤਾ ਕਾਰਣ ਹਰ ਕੋਈ, ਇਨ੍ਹਾਂ ਪਾਖੰਡੀ ਤੇ ਢੋਂਗੀ ਬਾਬਿਆਂ ਦੇ ਜਾਲ ’ਚ ਜਾ ਫੱਸਦਾ ਹੈ, ਉਸ ਸਮੇਂ ਜਿੱਥੇ ਗੁਰਬਾਣੀ ਦਾ ਉਪਦੇਸ਼ ਬੇਹੱਦ ਜ਼ਰੂਰੀ ਹੈ, ਉਥੇ ਮਨੁੱਖ ਦੇ ਜੀਵਨ ’ਚ ਸੇਵਾ ਤੇ ਸਿਮਰਨ ਦੀ ਮਹੱਤਤਾ ਬਾਰੇ ਗਿਆਨ ਕਰਵਾਉਣਾ ਵੀ ਜ਼ਰੂਰੀ ਹੈ। ਉੱਚੀ ਮਾਨਸਿਕਤਾ ਵਾਲਾ ਕੋਈ ਮਨੁੱਖ ਕਦੇ ਢਹਿੰਦੀ ਕਲਾ ’ਚ ਨਹੀਂ ਜਾਂਦਾ ਅਤੇ ਚੜਦੀ ਕਲਾ ਵਾਲਾ ਕੋਈ ਇਨਸਾਨ, ਪਾਖੰਡੀ ਬਾਬਿਆਂ ਦੇ ਚਰਨੀ ਨਹੀਂ ਲੱਗਦਾ।

ਲੇਖਕ - ਜਸਪਾਲ ਸਿੰਘ ਹੇਰਾਂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top