Share on Facebook

Main News Page

ਪੰਥਕ ਸਰਕਾਰ ਜੇਕਰ ਸਿੱਖਾਂ ਦੇ ਕਤਲ ਕਰ ਸਕਦੀ ਹੈ, ਤਾਂ ਸਿੱਖਾਂ ਨੂੰ ਹੋਰ ਦੁਸ਼ਮਣਾਂ ਦੀ ਲੋੜ ਨਹੀਂ: ਰਣਜੀਤ ਸਿੰਘ

ਪਟਿਆਲਾ ਦੀ ਜੇਲ ਵਿੱਚ ਬੰਦ ਫਾਂਸੀ ਦੀ ਸਜਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਲਈ ਸ੍ਰੀ ਅਕਾਲ ਤਖਤ ਤੋ ਬੀਤੀ 28 ਮਾਰਚ ਨੂੰ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਨੌਜਵਾਨਾਂ ਦੀਆ ਦਸ਼ਤਾਰਾਂ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਾਉਣ ਲਈ, ਦੂਸਰੇ ਦਿਨ 29 ਮਾਰਚ ਨੂੰ ਸ਼ਾਂਤਮਈ ਧਰਨਾ ਦੇ ਰਹੇ ਨਿਹੱਥੇ ਸਿੱਖਾਂ ਤੇ ਗੋਲੀ ਚਲਾ ਕੇ, ਇੱਕ ਨੂੰ ਸ਼ਹੀਦ ਕਰਨ ਤੋ ਦੂਸਰੇ ਨੂੰ ਫੱਟੜ ਕਰਨ ਵਾਲੇ ਅਧਿਕਾਰੀਆਂ ਨੂੰ ਕਾਰਵਾਈ ਤੋਂ ਬਚਾਉਣ ਲਈ, ਜਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਅਤੇ ਹਾਕਮ ਧਿਰ ਨਾਲ ਸਬੰਧਿਤ ਆਗੂਆਂ ਵੱਲੋਂ ਦਬਾ ਪਾਉਣ ਦੀਆਂ ਕੀਤੀਆਂ ਜਾ ਰਹੀਆਂ ਘਿਨਾਉਣੀਆ ਕਾਰਵਾਈਆਂ ਚੋਂ ਪੜਦਾ ਚੁੱਕਦਿਆਂ ਗੋਲੀ ਕਾਂਡ ਵਿੱਚ ਫੱਟੜ ਹੋਏ, ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਂਵੇ ਉਸ ਉਪਰ ਭਾਰੀ ਦਬਾ ਪਾਇਆ ਜਾ ਰਿਹਾ ਹੈ, ਪਰ ਉਹ ਸਮਝੌਤਾ ਕਰਕੇ, ਸ਼ਹੀਦ ਜਸਪਾਲ ਸਿੰਘ ਦੀ ਸ਼ਹਾਦਤ ਨਾਲ ਖਿਲਵਾੜ ਨਹੀਂ ਕਰੇਗਾ, ਸਗੋਂ ਉਸ ਵੇਲੇ ਤੱਕ ਜੰਗ ਜਾਰੀ ਰੱਖੇਗਾ, ਜਦੋਂ ਤੱਕ ਦੋਸ਼ੀਆਂ ਨੂੰ ਜੇਲ ਦੀਆ ਸੀਖਾਂ ਵਿੱਚ ਬੰਦ ਨਹੀਂ ਕਰਵਾ ਲੈਦਾ।

ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਅਤੇ ਅਕਾਲ ਪੁਰਖ ਵੱਲੋਂ ਦੁਬਾਰਾ ਜਿੰਦਗੀ ਮਿਲਣ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਦਾ ਸ਼ੁਕਰਾਨਾ ਕਰਨ ਲਈ, ਵੀਲ ਚੇਅਰ ‘ਤੇ ਬੈਠ ਕੇ ਪੁੱਜੇ ਭਾਈ ਰਣਜੀਤ ਸਿੰਘ ਨੇ ਘੰਟਾ ਘਰ ਦੇ ਬਾਹਰ ਗੱਲਬਾਤ ਕਰਦਿਆਂ ਘਟਨਾ ਸਬੰਧੀ ਵੇਰਵੇ ਦਿੰਦਿਆਂ ਦੱਸਿਆ, ਕਿ ਜਿਸ ਵਹਿਸ਼ੀਆਣਾ ਤਰੀਕੇ ਨਾਲ ਪੁਲੀਸ ਨੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਤੇ ਗੋਲੀ ਚਲਾਈ, ਉਸ ਨੇ ਸਾਰਿਆਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਜਦੋਂ ਸਾਰੇ ਆਪਣੇ ਆਪਣੇ ਬਚਾ ਲਈ ਇਧਰ ਉਧਰ ਭੱਜੇ, ਤਾਂ ਪੁਲੀਸ ਨੇ ਹਵਾਈ ਫਾਇਰ ਕਰਨ ਦੀ ਬਜਾਏ ਸਿੱਧੀਆਂ ਗੋਲੀਆਂ ਮਾਰ ਕੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ, ਤੇ ਉਸ ਨੂੰ ਫੱਟੜ ਕਰ ਦਿੱਤਾ।

ਉਸ ਨੇ ਦੱਸਿਆ ਕਿ ਜੇਕਰ ਪੁਲੀਸ ਇਹ ਬਹਾਨੇਬਾਜੀ ਕਰ ਰਹੀ ਹੈ, ਕਿ ਗੋਲੀ ਉਸ ਨੇ ਨਹੀਂ ਚਲਾਈ ਤਾਂ ਫਿਰ ਇਹ ਵੀ ਸਪੱਸ਼ਟ ਕਰੇ ਕਿ ਗੋਲੀ ਆਈ ਕਿੱਥੋਂ ਹੈ? ਉਸ ਨੇ ਕਿਹਾ ਕਿ ਉਸ ਨੂੰ ਮੁਕੱਦਮਾ ਵਾਪਸ ਲੈਣ ਲਈ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾ ਰਹੇ ਹਨ। ਕਈ ਅਧਿਕਾਰੀ ਤੇ ਰਾਜਸੀ ਲੀਡਰ ਨੌਕਰੀ ਦੇਣ ਦਾ ਝਾਂਸਾ ਦਿੰਦੇ ਹਨ ਅਤੇ ਕਈ ਲੱਖਾਂ ਰੁਪਈਆਂ ਦੀ ਦੱਥੀਆਂ ਵਿਖਾ ਰਹੇ ਹਨ, ਪਰ ਉਹ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕਰੇਗਾ ਭਾਂਵੇ ਉਸ ਨੂੰ ਵੀ ਜਾਨ ਤੋਂ ਵੀ ਕਿਉ ਨਾ ਹੱਥ ਧੋਹਣੇ ਪੈਣ।

ਉਹਨਾਂ ਕਿਹਾ ਕਿ ਸ਼ਹੀਦ ਜਸ਼ਪਾਲ ਸਿੰਘ ਨੂੰ ਜਿੰਨਾ ਚਿਰ ਤੱਕ ਇਨਸਾਫ ਨਹੀਂ ਮਿਲਦਾ, ਉਨਾ ਚਿਰ ਤੱਕ ਉਹ ਚੁੱਪ ਕਰਕੇ ਨਹੀਂ ਬੈਠੇਗਾ। ਉਸ ਨੇ ਕਿਹਾ ਕਿ ਅਕਾਲੀ ਆਗੂਆ ਵੱਲੋਂ ਤੇ ਹੋਰ ਅਧਿਕਾਰੀਆਂ ਵੱਲੋਂ ਉਹਨਾਂ ਦੇ ਪਰਿਵਾਰ ਤੇ ਦਬਾ ਪਾਉਣ ਦੇ ਨਾਲ ਨਾਲ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਮੁਕੱਦਮਾ ਵਾਪਸ ਲੈਣ, ਜਾਂ ਫਿਰ ਦੋਸ਼ੀਆਂ ਦੇ ਹੱਕ ਵਿੱਚ ਬਿਆਨ ਨਹੀਂ ਦਿੱਤੇ ਜਾਂਦੇ, ਤਾਂ ਉਹਨਾਂ ਵਿਰੁੱਧ ਵੀ ਝੂਠੇ ਮੁਕੱਦਮੇ ਦਰਜ ਕਰਕੇ, ਉਹਨਾਂ ਨੂੰ ਵੀ ਜੇਲ ਭੇਜਿਆ ਜਾਵੇਗਾ, ਪਰ ਉਸ ਨੂੰ ਉਸ ਦੇ ਪਰਿਵਾਰ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਉਸ ਨੇ ਕਿਹਾ ਕਿ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਕਾਲੀ ਸਰਕਾਰ ਦੇ ਉਸ ਮੁੱਖ ਮੰਤਰੀ ਦੇ ਰਾਜ ਵਿੱਚ ਸਿੱਖਾਂ ਤੇ ਜ਼ੁਲਮ ਹੋ ਰਹੇ ਹਨ, ਜਿਹੜਾ ਮੁੱਖ ਮੰਤਰੀ ਆਪਣੇ ਆਪ ਨੂੰ ਸਿੱਖੀ ਦਾ ਅਲੰਬਦਾਰ ਅਖਵਾਉਦਾ ਹੈ, ਅਤੇ ਜ਼ੁਲਮ ਵਿਰੁੱਧ ਲੜਦਿਆਂ 18 ਸਾਲ ਜੇਲ ਕੱਟਣ ਦੀਆ ਬਾਤਾਂ ਪਾਉਦਾ ਨਹੀਂ ਥੱਕਦਾ।

ਉਸ ਨੇ ਸ਼ਾਇਦ ਬਾਦਲ ਨੇ ਸ਼ਹੀਦ ਜਸਪਾਲ ਸਿੰਘ ਦੇ ਭੈਣ ਜੋ ਕਿ ਅੱਜ ਮੇਰੀ ਵੀ ਭੈਣ ਹੈ, ਅਤੇ ਉਸ ਦੀ ਮਾਤਾ ਜੋ ਮੇਰੀ ਵੀ ਮਾਤਾ ਹੈ ਦੇ ਕੀਰਨੇ ਨਹੀਂ ਸੁਣੇ ਕਿ ਅੱਜ ਉਹਨਾਂ ਦਾ ਹਾਲਤ ਕਿਸ ਦੀ ਹੈ। ਉਸ ਨੇ ਮੁੱਖ ਮੰਤਰੀ ਸ੍ਰੀ ਬਾਦਲ ਨਾਲ ਜੇਕਰ ਅਜਿਹਾ ਵਾਪਰਿਆ ਹੁੰਦਾ, ਤਾਂ ਸ਼ਾਇਦ ਉਸ ਨੂੰ ਆਦਰਾਂ ਦੇ ਦੁੱਖ ਦਾ ਜਰੂਰ ਅਹਿਸਾਸ ਹੁੰਦਾ, ਪਰ ਸ਼ਾਇਦ ਸ੍ਰੀ ਬਾਦਲ ਨੇ ਅਜਿਹੇ ਦਿਨ ਅੱਜ ਤੱਕ ਨਹੀਂ ਵੇਖੇ। ਥੋੜਾ ਜਿਹਾ ਭਾਵੁਕ ਹੁੰਦਿਆ ਉਸ ਨੇ ਕਿਹਾ, ਕਿ ਜਿਸ ਤਨ ਲਾਗੇ ਸੋਈ ਜਾਣੇ ਦੇ ਕਥਨ ਅਨੁਸਾਰ ‘‘ਤੇਰਾ ਭਾਣਾ ਮੀਠਾ ਲਾਗੇ’’ ਪਰ ਜਿਸ ਤਨ ਤੇ ਬੀਤਦੀ ਹੈ, ਉਸ ਨੂੰ ਹੀ ਉਸ ਦੇ ਦਰਦ ਦਾ ਪਤਾ ਹੁੰਦਾ ਹੈ। ਉਸ ਨੇ ਕਿਹਾ ਕਿ ਜਸਪਾਲ ਤਾਂ ਵਾਪਸ ਨਹੀਂ ਆ ਸਕਦਾ, ਪਰ ਗੁਰਬਾਣੀ ਦਾ ਓਟ ਆਸਰਾ ਲੈਦਿਆਂ ਸਤਿਗੁਰੂ ਦਾ ਭਾਣਾ ਕੌੜਾ ਵੀ ਸਾਨੂੰ ਮਿੱਠਾ ਕਰਕੇ ਹੀ ਮੰਨਣਾ ਪੈਣਾ ਹੈ।

ਆਪਣੇ ਆਪ ਨੂੰ ਇੱਕ ਵਾਰੀ ਫਿਰ ਸੰਭਾਲਦਿਆ ਹੋਇਆਂ ਬਾਦਲ ਸਰਕਾਰ ਤੇ ਤਨਜ਼ ਭਰਿਆ ਵਿਅੰਗ ਕੱਸਦਿਆਂ, ਉਸ ਨੇ ਕਿਹਾ ਕਿ ਜੇਕਰ ਪੰਥ ਦਾ ਅਜਿਹਾ ਰਾਜ ਹੈ, ਤਾਂ ਫਿਰ ਸਿੱਖਾਂ ਨੂੰ ਹੋਰ ਦੁਸ਼ਮਣਾਂ ਦੀ ਲੋੜ ਨਹੀਂ ਹੈ। ਉਸ ਨੇ ਕਿਹਾ ਕਿ ਲੁਧਿਆਣੇ ਵਿੱਚ ਵੀ ਪੁਲੀਸ ਨੇ ਗੋਲੀ ਚਲਾ ਕੇ ਇੱਕ ਸਿੱਖ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਹੀਦ ਕਰ ਦਿੱਤਾ ਅਤੇ ਗੁਰਦਾਸਪੁਰ ਵਿੱਚ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਕੀ ਬਾਦਲ ਸਰਕਾਰ ਸਪੱਸ਼ਟ ਕਰੇਗੀ ਕਿ ਗੋਲੀਆਂ ਸਿਰਫ ਸਿੱਖਾਂ ਲਈ ਹੀ ਬਣੀਆਂ ਹਨ? ਉਸ ਨੇ ਕਿਹਾ ਕਿ ਸਿੱਖੀ ਖੰਨਿਉ ਤਿੱਖੀ ਹੈ, ਅਤੇ ਜ਼ੁਲਮ ਤੇ ਜ਼ਾਲਮ ਦਾ ਟਾਕਰਾ ਕਰਦੇ ਆ ਰਹੇ ਸਿੱਖ ਨੌਜਵਾਨ ਆਪਣੇ ਨਿਸ਼ਾਨੇ ਤੋਂ ਪਿੱਛੇ ਨਹੀਂ ਹੱਟਣਗੇ। ਉਸ ਨੇ ਕਿਹਾ ਕਿ ਜੇਕਰ ਇਹ ਕਹਿ ਲਈਏ ਕਿ ਸ਼ਹਾਦਤ ਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ।

ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ‘ਰਾਜ ਨਹੀਂ ਸੇਵਾ’ ਦੇ ਕਾਲ ਦੌਰਾਨ ਜੇਕਰ ਇਸੇ ਤਰਾ ਹੀ ਨਿਹੱਥੇ ਲੋਕਾਂ ਤੇ ਗੋਲੀਆ ਚੱਲਦੀਆਂ ਰਹੀਆਂ ਤਾਂ ਪੰਜਾਬ ਦੇ ਲੋਕ ਅਤੇ ਸਰਕਾਰ ਇੱਕ ਵਾਰੀ ਫਿਰ ਆਹਮੋ ਸਾਹਮਣੇ ਖਲੋ ਸਕਦੇ ਹਨ, ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਜਿੰਮੇਵਾਰ ਹੋਣਗੇ। ਰੱਬ ਖੈਰ ਕਰੇ!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top