Share on Facebook

Main News Page

ਗਿਆਨੀ ਗੁਰਬਚਨ ਸਿੰਘ ਸ਼੍ਰੋਮਣੀ ਕਮੇਟੀ ਅਤੇ ਉਸਦੀ ਸੱਤਾ ਪੁਰ ਕਾਬਜ਼ ਆਗੂਆਂ ਨੂੰ ਤਾੜਨਾ ਕਰਨ ਤੋਂ ਸੰਕੋਚ ਕਿਉਂ ਕਰ ਜਾਂਦੇ ਹਨ?: ਭਜਨ ਸਿੰਘ ਵਾਲੀਆ

ਨਵੀਂ ਦਿੱਲੀ (ਅਪ੍ਰੈਲ, 2012): ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਇਸ ਗਲੋਂ ਤਾੜਨਾ ਕੀਤੇ ਜਾਣ ਤੇ ਕਿ ਉਨ੍ਹਾਂ ਵਿਸਾਖੀ ਦੇ ਪੁਰਬ ਦੇ ਦੀਵਾਨ ਵਿੱਚ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗ੍ਰਸ ਨੂੰ ਵੋਟਾਂ ਪਾਉਣ ਦੀ ਅਪੀਲ ਕਿਉਂ ਕੀਤੀ ਹੈ, ਪੁਰ ਪ੍ਰਤੀਕਿਰਿਆ ਦਿੰਦਿਆਂ ਸ. ਭਜਨ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕਤ੍ਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹੈਰਾਨੀ ਇਸ ਗਲ ਦੀ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਧਾਰਮਕ ਸਟੇਜਾਂ ਪੁਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰਮਣੀ ਕਮੇਟੀ ਦੇ ਮੁੱਖੀਆਂ ਦੀ ਹਾਜ਼ਰੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਆ, ਸਿੱਖ ਧਰਮ ਅਤੇ ਸਿੱਖ ਇਤਿਹਾਸ ਦੀਆਂ ਸਥਾਪਤ ਮਾਨਤਾਵਾਂ ਪੁਰ ਸੁਆਲੀਆ ਨਿਸ਼ਾਨ ਲਾਉਂਦੇ ਅਤੇ ਉਨ੍ਹਾਂ ਨੂੰ ਵਿਗਾੜਦੇ ਹਨ ਤਾਂ ਉਸ ਸਮੇਂ ਸਿੰਘ ਸਾਹਿਬ ਸ਼੍ਰੋਮਣੀ ਕਮੇਟੀ ਅਤੇ ਉਸਦੀ ਸੱਤਾ ਪੁਰ ਕਾਬਜ਼ ਆਗੂਆਂ ਨੂੰ ਤਾੜਨਾ ਕਰਨ ਤੋਂ ਸੰਕੋਚ ਕਿਉਂ ਕਰ ਜਾਂਦੇ ਹਨ? ਇਸਦੇ ਵਿਰੁਧ ਜਦੋਂ ਬਾਦਲਕੇ ਆਪਣੇ ਵਿਰੋਧੀਆਂ ਪੁਰ ਝੂਠੇ ਅਤੇ ਆਧਾਰਹੀਨ ਦੋਸ਼ ਲਾਉਂਦੇ ਹਨ ਤਾਂ ਉਨ੍ਹਾਂ ਵਿਰੁਧ ਕਾਰਵਾਈ ਅਤੇ ਜਵਾਬ ਤਲਬੀ ਕਰਨ ਲਈ ਉਹ ਝਟ ਹੀ ਸਰਗਰਮ ਹੋ ਜਾਂਦੇ ਹਨ।

ਸ. ਵਾਲੀਆ ਆਪਣੇ ਬਿਆਨ ਵਿੱਚ ਕਿਹਾ ਕਿ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿੱਚ ਹਫਤਾਵਾਰੀ ਵਸੂਲ ਕਰ ਗੰਦ ਦੇ ਟਰੱਕ ਖੜੇ ਕਰਵਾ, ਸ਼ਰਾਬੀ ਭਈਆਂ ਨੂੰ ਪੈਸੇ ਲੈ ਲੰਗਰ ਵਿੱਚ ਬਿਠਾ ਅਤੇ ਗੁਰਦੁਆਰਾ ਸਾਹਿਬ ਪੁਰ ਪੱਥਰ, ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਮਾਰ ਉਥੋਂ ਦੀ ਪਵਿਤ੍ਰਤਾ ਅਤੇ ਲੰਗਰ ਦੀ ਮਰਿਅਦਾ ਭੰਗ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਦੀ ਬਜਾਏ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਉਨ੍ਹਾਂ ਦੀਆਂ ਝੂਠੀਆਂ ਸ਼ਿਕਾਇਤਾਂ ਦੇ ਆਧਾਰ ਤੇ ਉਨ੍ਹਾਂ ਲੋਕਾਂ ਵਿਰੁਧ ਕਾਰਵਾਈ ਕਰਨਾ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਪਵਿਤ੍ਰਤਾ ਅਤੇ ਮਰਿਆਦਾ ਨੂੰ ਬਣਾਈ ਰਖਣ ਲਈ ਸਖ਼ਤ ਕਦਮ ਚੁਕੇ ਹਨ, ਕਿਥੋਂ ਦੀ ਪ੍ਰੰਪਰਾ ਹੈ? ਸ. ਵਾਲੀਆ ਨੇ ਹੋਰ ਕਿਹਾ ਕਿ ਸ. ਪਰਮਜੀਤ ਸਿੰਘ ਸਰਨਾ ਨੇ ਆਪਣੇ ਕਿਸੇ ਨਿਜੀ ਸੁਆਰਥ ਦੀ ਪੂਰਤੀ ਲਈ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗ੍ਰਸ ਨੂੰ ਸਮਰਥਨ ਦੇਣ ਦੀ ਅਪੀਲ ਨਹੀਂ ਕੀਤੀ, ਸਗੋਂ ਕਾਂਗ੍ਰਸੀ ਮੁੱਖੀਆਂ ਪਾਸੋਂ ਪੰਥਕ ਅਤੇ ਇਤਿਹਾਸਕ ਗੁਰਧਾਮਾਂ ਦੀਆਂ ਸਮਸਿਆਵਾਂ ਹਲ ਕਰਵਾਉਣ ਅਤੇ ਇਸੇ ਉਦੇਸ਼ ਲਈ ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੇ ਕਾਰਣ ਕੀਤੀ ਹੈ।

ਸ. ਵਾਲੀਆ ਨੇ ਪੁਛਿਆ ਕਿ ਬਾਦਲ ਅਕਾਲੀ ਦਲ ਦੇ ਮੁੱਖੀ, ਜਿਨ੍ਹਾਂ ਭਾਜਪਾਈਆਂ ਪਾਸੋਂ ਸ਼੍ਰੋਮਣੀ ਕਮੇਟੀ ਦੀਆਂ ਧਾਰਮਕ ਸਟੇਜਾਂ ਪੁਰ ਸਿੱਖ ਇਤਿਹਾਸ ਅਤੇ ਧਾਰਮਕ ਮਾਨਤਾਵਾਂ ਵਿਗੜਵਾ ਰਹੇ ਹਨ, ਉਨ੍ਹਾਂ ਪਾਸੋਂ ਉਨ੍ਹਾਂ ਪੰਥ ਦਾ ਕਿਹੜਾ ਹਿਤ ਸਾਧਿਆ ਗਿਆ ਹੈ। ਕੇਂਦਰੀ ਸਰਕਾਰ ਵਿੱਚ ਕਈ ਵਾਰ ਭਾਈਵਾਲ ਰਹੇ ਬਾਦਲਕਿਆਂ ਨੇ ਵਜ਼ੀਰੀਆਂ ਦੀ ਕੁਰਸੀਆਂ ਲੈਣ ਦੀ ਲਾਲਸਾ ਨੂੰ ਪੂਰਿਆਂ ਕਰਨ ਤੋਂ ਬਿਨਾਂ ਕੋਈ ਇੱਕ ਵੀ ਅਜਿਹਾ ਮਸਲਾ ਹਲ ਕਰਵਾਇਆ ਹੈ ਜਾਂ ਕਰਵਾਉਣ ਦੀ ਕੌਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਲੈ ਕੇ ਮੋਰਚੇ ਲਾਏ ਜਾਂਦੇ ਰਹੇ ਅਤੇ ਕੌਮ ਦੀ ਜਵਾਨੀ ਦਾਅ ਤੇ ਲਾਈ ਜਾਂਦੀ ਰਹੀ। ਸ. ਵਾਲੀਆ ਨੇ ਪੁਛਿਆ ਕਿ ਜਿਸ ਕਾਂਗ੍ਰਸ ਨੂੰ ਸਿੱਖਾਂ ਦਾ ਦੁਸ਼ਮਣ ਪ੍ਰਚਾਰ ਉਹ ਸਿੱਖਾਂ ਦੀਆਂ ਭਾਚਨਾਵਾਂ ਦਾ ਸ਼ੋਸ਼ਣ ਕਰ ਆਪਣੀ ਸੱਤਾ ਲਾਲਸਾ ਨੂੰ ਪੂਰਿਆਂ ਕਰਦੇ ਚਲੇ ਆ ਰਹੇ ਹਨ, ਉਸੇ ਕਾਂਗ੍ਰਸ ਦੇ ਸੀਨੀਅਰ ਆਗੂਆਂ ਨਾਲ ਸ. ਬਾਦਲ ਨੇ ਰਿਸ਼ਤੇਦਾਰੀਆਂ ਕਿਉਂ ਬਣਾਈਆਂ ਹਨ? ਕੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਸਣਗੇ ਕਿ ਇਨ੍ਹਾਂ ਮੁੱਦਿਆਂ ਤੇ ਉਨ੍ਹਾਂ ਬਾਦਲਕਿਆਂ ਪਾਸੋਂ ਕਦੀ ਕੋਈ ਜਵਾਬ ਤਲਬੀ ਕੀਤੀ ਹੈ , ਜੇ ਨਹੀਂ ਤਾਂ ਕਿਉਂ ਨਹੀਂ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top