Share on Facebook

Main News Page

ਸਮੁੱਚੇ ਪੰਥ, ਪੰਥਕ ਜਥੇਬੰਦੀਆਂ ਅਤੇ ਪੰਥਕ ਆਗੂਆਂ ਦੇ ਨਾਮ ਖੁਲ੍ਹਾ ਪੱਤਰ

ਸਮੁੱਚੇ ਪੰਥ ਦੇ ਅਤਿ ਸਤਿਕਾਰਯੋਗ ਮੈਂਬਰ ਸਾਹਿਬਾਨ ਅਤੇ ਆਗੂ ਸਾਹਿਬਾਨ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਪੰਥ ਦਾ ਦਰਦ ਮਹਿਸੂਸ ਕਰਨ ਵਾਲਾ ਕੋਈ ਵੀ ਸਿੱਖ ਐਸਾ ਨਹੀਂ ਹੋਵੇਗਾ ਜਿਹੜਾ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਬੱਬਰ ਖ਼ਾਲਸਾ ਦੇ ਵਿਚਕਾਰ ਚੱਲ ਰਹੇ ਮੌਜੂਦਾ ਵਿਵਾਦ ਤੋਂ ਦੁਖੀ ਨਾ ਹੋਵੇ। ਬਾਬਾ ਬੰਦਾ ਸਿੰਘ ਤੇ ਤਤ ਖ਼ਾਲਸਾ ਵਿੱਚ ਪਈ ਫੁੱਟ ਤੋਂ ਲੈ ਕੇ ਅੱਜ ਦੀ ਫੁੱਟ ਤੱਕ ਅਨੇਕਾਂ ਅਜੇਹੇ ਮੌਕੇ ਆਏ ਹਨ, ਜਿਸ ਸਮੇਂ ਇਸ ਚੰਦਰੀ ਫੁੱਟ ਨੇ ਸਾਡੇ ਲਈ ਹਾਲਾਤ ਉਹ ਬਣਾ ਦਿੱਤੇ ਜਿਸ ’ਤੇ ਸ਼ਾਹ ਮੁਹੰਮਦ ਦੇ ਇਹ ਬੋਲ ਪੂਰੀ ਤਰ੍ਹਾਂ ਸਹੀ ਢੁਕਦੇ ਹਨ: ‘ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ’।

ਸਿਰਫ ਸਾਡੀ ਹੀ ਨਹੀਂ ਦੁਨੀਆਂ ਦੇ ਕਿਸੇ ਵੀ ਪ੍ਰਵਾਰ ਦੇ ਦੋ ਵਿਅਕਤੀਆਂ, ਦੋਸਤਾਂ ਅਤੇ ਧੜਿਆਂ ਵਿੱਚਕਾਰ ਫੁੱਟ ਉਸ ਸਮੇਂ ਪੈਂਦੀ ਹੈ ਜਦੋਂ ਉਨ੍ਹਾਂ ਵਿੱਚੋਂ ਕੋਈ ਇੱਕ ਜਾਂ ਦੋਵੇਂ ਸੱਚ ਦੇ ਸਿਧਾਂਤ ਦਾ ਸਾਥ ਛੱਡ ਦੇਣ ਜਾਂ ਇੱਕ ਵਿਅਕਤੀ ਵੱਲੋਂ ਕੀਤੇ ਕੰਮ ਦਾ ਸਿਹਰਾ ਦੂਸਰਾ ਬੰਦਾ ਆਪਣੇ ਸਿਰ ਬੰਨ੍ਹਣ ਦਾ ਯਤਨ ਕਰੇ। ਫੁੱਟ ਦੇ ਕਾਰਣ ਪਤਾ ਲੱਗ ਜਾਣ ਪਿੱਛੋਂ ਵੀ ਇਸ ਫੁੱਟ ਨੂੰ ਦੂਰ ਕਰਕੇ ਏਕਤਾ ਕਰਨ ਵਿੱਚ ਹਊਮੈ ਅਤੇ ਦੂਸਰੇ ਵਿਅਕਤੀ ਜਾਂ ਧੜੇ ਪ੍ਰਤੀ ਮਨ ਵਿੱਚ ਪਲ ਰਿਹਾ ਗੁੱਸਾ ਮੁੱਖ ਰੋੜੇ ਬਣ ਜਾਂਦੇ ਹਨ। ਪੂਰਨ ਸੱਚ ਦੇ ਪਾਂਧੀ ਬਣਨ ਲਈ ਗੁਰੂ ਸਾਹਿਬ ਜੀ ਨੇ ਲਾਲਚ ਕਰਨ ਤੋਂ ਸਖਤੀ ਨਾਲ ਵਰਜਿਆ ਹੈ: ‘ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥’ (ਆਸਾ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 419)। ਇਸ ਸ੍ਰਿਸ਼ਟੀ ਵਿੱਚ ਸਭ ਤੋਂ ਵੱਡਾ ਡਰ ਮੌਤ ਦਾ ਹੈ। ਇਹ ਡਰ ਕਦੀ ਸੱਚ ਦੇ ਰਾਹ ਵਿੱਚ ਰੋੜਾ ਨਾ ਬਣ ਜਾਏ ਇਸ ਲਈ ਇਸ ਡਰ ਤੋਂ ਮੁਕਤ ਕਰਨ ਲਈ ਹੀ ਗੁਰੂ ਸਾਹਿਬ ਜੀ ਦਾ ਬਚਨ ਹੈ: ‘ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ ॥’ (ਪੰਨਾ 1102)। ਇਸੇ ਤਰ੍ਹਾਂ ਹਊਮੈ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ: ‘ਮਨੁ ਅਰਪਿਹੁ; ਹਉਮੈ ਤਜਹੁ, ਇਤੁ ਪੰਥਿ ਜੁਲਾਈਆ ॥’ (ਪੰਨਾ 1098) ਗੁੱਸੇ ਤੋਂ ਬਚਣ ਦਾ ਉਪਦੇਸ਼ ਹੈ: ‘ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥’ (ਪੰਨਾ 1381)

ਸੱਚ ਦੇ ਰਾਹ ਵਿੱਚ ਆਉਣ ਵਾਲੀਆਂ ਉਕਤ ਸੰਭਾਵਤ ਰੁਕਾਵਟਾਂ ਨੂੰ ਦੂਰ ਕਰਨ ਪਿੱਛੋਂ ਵਿਅਕਤੀ ਦੀ ਜੋ ਅਵਸਥਾ ਬਣਦੀ ਹੈ ਉਸ ਦਾ ਬਿਆਨ ਗੁਰਬਾਣੀ ਵਿੱਚ ਇੰਝ ਕੀਤਾ ਹੈ:

ਜੋ ਨਰੁ, ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ, ਕੰਚਨ ਮਾਟੀ ਮਾਨੈ ॥1॥ ਰਹਾਉ ॥ ਨਹ ਨਿੰਦਿਆ; ਨਹ ਉਸਤਤਿ ਜਾ ਕੈ, ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ, ਨਾਹਿ ਮਾਨ ਅਪਮਾਨਾ ॥1॥ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ, ਤਿਹ ਘਟਿ ਬ੍ਰਹਮੁ ਨਿਵਾਸਾ ॥2॥ ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗਿ ਪਾਨੀ ॥3॥11॥’ (ਸੋਰਠਿ ਮ: 9, ਗੁਰੂ ਗ੍ਰੰਥ ਸਾਹਿਬ - ਪੰਨਾ 633)

ਇਹ ਗੱਲ ਸਮਝਣ ਵਾਲੀ ਹੈ ਕਿ ਆਮ ਹਾਲਤਾਂ ਵਿੱਚ ਹਰ ਕੋਈ ਵਿਅਕਤੀ ਸਿਧਾਂਤ ਅਤੇ ਸੱਚ ’ਤੇ ਪਹਿਰਾ ਦੇਣ ਦੀ ਗੱਲ ਕਰਦਾ ਹੈ ਪਰ ਉਹ ਇਨ੍ਹਾਂ ਸ਼ੁਭ ਗੁਣਾਂ ਦਾ ਸਾਥ ਉਸ ਸਮੇਂ ਛੱਡ ਜਾਂਦਾ ਹੈ ਜਾਂ ਛੱਡਣ ਲਈ ਮਜ਼ਬੂਰ ਹੋ ਜਾਂਦਾ ਹੈ, ਜਿਸ ਸਮੇਂ ਉਸ ਦੇ ਮਨ ਵਿੱਚ ਕੋਈ ਲਾਲਚ ਜਾਂ ਡਰ ਪੈਦਾ ਹੋ ਜਾਵੇ। ਮਸਲਨ ਜਦੋਂ ਵਿਅਕਤੀ ਦੇ ਮਨ ਵਿੱਚ ਇਹ ਖ਼ਿਆਲ ਆ ਜਾਂਦਾ ਹੈ ਕਿ ਝੂਠ ਬੋਲਣ ਤੋਂ ਬਿਨਾਂ ਉਸ ਦਾ ਇਹ ਲਾਲਚ ਜਾਂ ਟੀਚਾ ਪੂਰਾ ਨਹੀਂ ਹੋ ਸਕਦਾ ਜਾਂ ਸੱਚ ਬੋਲਣ ਨਾਲ ਉਸ ਦਾ ਇਹ ਨੁਕਸਾਨ ਹੋਣ ਦਾ ਡਰ ਹੈ ਤਾਂ ਉਸ ਵੇਲੇ ਨਾ ਚਾਹੁੰਦੇ ਹੋਏ ਵੀ ਮਨੁੱਖ ਝੂਠ ਬੋਲ ਜਾਂਦਾ ਹੈ ਜਾਂ ਕਈ ਵਿਅਕਤੀ ਦੂਸਰੇ ਨੂੰ ਝੂਠ ਬੋਲਣ ਲਈ ਮਜ਼ਬੂਰ ਕਰ ਦਿੰਦੇ ਹਨ। ਮਹਾਂ ਭਾਰਤ ਦੇ ਯੁੱਧ ਵਿੱਚ ਕ੍ਰਿਸ਼ਨ ਜੀ ਵੱਲੋਂ ਯੁਧਿਸ਼ਟਰ ਤੋਂ ਝੂਠ ਬੁਲਵਾਉਣ ਦੀ ਮਿਸਾਲ ਸਭ ਦੇ ਸਾਹਮਣੇ ਹੈ। ਮਹਾਂਭਾਰਤ ਵਿੱਚ ਕ੍ਰਿਸ਼ਨ ਜੀ ਵੱਲੋਂ ਯੁਧਿਸ਼ਟਰ ਤੋਂ ਬੁਲਾਏ ਗਏ ਝੂਠ ਦੀ ਉਦਾਹਰਣ ਦੇ ਕੇ ਆਪਣੇ ਸੁਆਰਥ ਦੀ ਪੂਰਤੀ ਲਈ ਝੂਠ ਬੋਲਣ ਨੂੰ ਬੇਸ਼ਕ ਹਿੰਦੂ ਧਰਮ ਵਿੱਚ ਜ਼ਾਇਜ਼ ਠਹਿਰਾਇਆ ਜਾ ਸਕਦਾ ਹੈ ਪਰ ਸਿੱਖ ਧਰਮ ਇਸ ਦੀ ਬਿੱਲਕੁਲ ਇਜਾਜਤ ਨਹੀਂ ਦਿੰਦਾ। ਜੇ ਝੂਠ ਬੋਲ ਕੇ ਜਾਨ ਬਚਾ ਕੇ ਉਸ ਪਿੱਛੋਂ ਟੀਚੇ ਦੀ ਪ੍ਰਾਪਤੀ ਦੀ ਆਸ ਰੱਖਣਾ ਸਿੱਖ ਧਰਮ ਵਿੱਚ ਪ੍ਰਵਾਨ ਹੁੰਦਾ, ਤਾਂ ਛੋਟੇ ਸਾਹਿਬਜ਼ਾਦੇ, ਭਾਈ ਮਨੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੀ ਸ਼ਹੀਦੀ ਤੋਂ ਪਹਿਲਾਂ ਸ਼ਹੀਦ ਹੋਣ ਵਾਲਾ ਸਿੱਖ ਬੱਚਾ ਜਿਸ ਨੇ ਕਿਹਾ ਸੀ ਮੇਰੀ ਮਾਂ ਝੂਠ ਬੋਲਦੀ ਹੈ ਕਿ ਮੈਂ ਸਿੱਖ ਨਹੀਂ ਹਾਂ, ਆਦਿ ਅਨੇਕਾਂ ਹੋਰ ਸ਼ਹੀਦ ਹਨ ਜੋ ਮੌਕੇ ’ਤੇ ਥੋਹੜਾ ਜਿੰਨਾਂ ਝੂਠ ਬੋਲ ਕੇ ਆਪਣੀ ਜਾਨ ਬਚਾ ਸਕਦੇ ਸਨ।

ਮੌਜੂਦਾ ਵਿਵਾਦ ਦੇ ਸੰਦਰਭ ਵਿੱਚ ਭਾਈ ਰਾਜੋਆਣਾ ਵਲੋਂ ਬੋਲਿਆ ਜਾ ਰਿਹਾ ਸੱਚ ਹੀ ਹੀ ਸਭ ਤੋਂ ਵੱਧ ਪ੍ਰਮਾਣਿਕ ਮੰਨਿਆ ਜਾ ਸਕਦਾ ਹੈ, ਕਿਉਂਕਿ ਉਹ ਜਿਥੇ ਮੌਤ ਦੇ ਡਰ ਤੋਂ ਪੂਰੀ ਤਰ੍ਹਾਂ ਬੇਖੌਫ ਹਨ, ਉਥੇ ਮੌਤ ਦੇ ਵਰੰਟ ਜਾਰੀ ਹੋਣ ਦੇ ਅਫਸੋਸ ਅਤੇ ਇਸ ’ਤੇ ਆਰਜੀ ਰੋਕ ਲੱਗਣ ਦੀ ਖੁਸ਼ੀ ਜ਼ਾਹਰ ਕਰਨ ਤੋਂ ਵੀ ਪੂਰੀ ਤਰ੍ਹਾਂ ਨਿਰਲੇਪ ਹਨ: ‘ਹਰਖ ਸੋਗ ਤੇ ਰਹੈ ਨਿਆਰੳ’। ਦੂਸਰੇ ਪਾਸੇ ਬੇਸ਼ੱਕ ਭਾਈ ਜਗਤਾਰ ਸਿੰਘ ਹਵਾਰਾ ਦਾ ਟੀਚਾ ਠੀਕ ਹੋਵੇ ਭਾਈ ਰੇਸ਼ਮ ਸਿੰਘ ਜਰਮਨੀ ਬੇਸ਼ੱਕ ਕੈਟ ਨਾ ਵੀ ਹੋਵੇ, ਪਰ ਭਾਰਤੀ ਕਾਨੂੰਨ ਅਤੇ ਲੋਕਤੰਤਰ ਵਿੱਚ ਝੂਠ ਦਾ ਪਸਾਰਾ ਅਤੇ ਗੀਤਾ ਉਪਦੇਸ਼ ਵਿੱਚ ਝੂਠ ਨੂੰ ਦਿਤੀ ਮਾਨਤਾ ਤੋਂ ਪ੍ਰਭਾਵਤ ਹੋ ਕੇ, ਉਨ੍ਹਾਂ ਵੱਲੋਂ ਵਰਤੀ ਨੀਤੀ ਕਾਰਣ, ਸਿਧਾਂਤਕ ਤੌਰ ’ਤੇ ਉਨ੍ਹਾਂ ਨਾਲੋਂ ਭਾਈ ਰਾਜੋਆਣਾ ਦੇ ਨੰਬਰ ਬਹੁਤ ਵਧ ਚੁੱਕੇ ਹਨ। ਇਹੋ ਕਾਰਣ ਹੈ ਕਿ ਜਿਹੜਾ ਸੰਦੇਸ਼ ਸਿੱਖੀ ਸਿਧਾਂਤ ਅਤੇ ਸੱਚ ’ਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਭਾਈ ਰਾਜੋਆਣਾ ਦੇਣ ਵਿੱਚ ਸਫਲ ਹੋਏ ਹਨ ਉਹ ਸੰਦੇਸ਼ ਭਾਈ ਹਵਾਰਾ ਅਤੇ ਭਾਈ ਰੇਸ਼ਮ ਸਿੰਘ ਜਰਮਨੀ ਵੱਡੇ ਵੱਡੇ ਸਫਲ ਖਾੜਕੂ ਉਪ੍ਰੇਸ਼ਨ ਕਰਕੇ ਵੀ ਨਹੀਂ ਕਰ ਸਕੇ। ਜੇ ਉਹ ਸਫਲ ਨਹੀਂ ਹੋ ਸਕੇ ਤਾਂ ਇਸ ਦਾ ਇੱਕੋ ਇੱਕ ਕਾਰਣ ਇਹ ਨਹੀਂ ਹੋ ਸਕਦਾ ਕਿ ਉਨ੍ਹਾਂ ਦੀ ਭਾਵਨਾ ਪੰਥ ਨਾਲ ਗਦਾਰੀ ਕਰਨਾ ਹੋਵੇ, ਬਲਕਿ ਇਹ ਕਹਿਣਾ ਵੀ ਯੋਗ ਹੋਵੇਗਾ ਕਿ ਉਨ੍ਹਾਂ ਦੀ ਨੀਤੀ ਨਾਲੋਂ ਭਾਈ ਰਾਜੋਆਣਾ ਦੀ ਨੀਤੀ ਜਿਆਦਾ ਸਫਲ ਰਹੀ ਹੈ। ਇਸ ਲਈ ਉਨ੍ਹਾਂ ਵੱਲੋਂ ਆਪਣੀ ਹਊਮੈ ਦਾ ਤਿਆਗ ਅਤੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਕਬੂਲ ਕਰਕੇ ਭਾਈ ਰਾਜੋਆਣਾ ਨਾਲ ਸਹਿਮਤੀ ਪ੍ਰਗਟ ਕਰਨਾ ਹੀ ਪੰਥਕ ਹਿੱਤ ਵਿਚ ਹੈ।

ਇਸ ਸੱਚ ਨੂੰ ਕਬੂਲ ਕਰਨ ਦੀ ਥਾਂ ਆਪਣੀ ਹੀ ਕੁਰਬਾਨੀ ਨੂੰ ਵੱਧ ਦੱਸਣ ਅਤੇ ਆਪਣੇ ਆਪ ਨੂੰ ਸੱਚਾ ਸਿੱਧ ਕਰਨ ਲਈ ਜਿਹੜੇ ਦੋਸ਼ ਅਤੇ ਪ੍ਰਤੀਦੋਸ਼ ਲਾਏ ਜਾ ਰਹੇ ਹਨ ਇਹ ਹੀ ਵਿਵਾਦ ਵਧਣ ਦਾ ਮੂਲ ਕਾਰਣ ਹੈ। ਇਨ੍ਹਾਂ ਦੋਸ਼ਾਂ ਪ੍ਰਤੀਦੋਸ਼ਾਂ ਵਿੱਚ ਭਾਈ ਰਾਜੋਆਣਾ ਵੱਲੋਂ ਪੰਥਕ ਧਿਰਾਂ ’ਤੇ ਇੱਕ ਦੋਸ਼ ਇਹ ਵੀ ਹੈ, ਕਿ ਉਨ੍ਹਾਂ ਨੇ ਚੋਣਾਂ ਵਿੱਚ ਸਿੱਖਾਂ ਦੀ ਦੁਸ਼ਮਨ ਜਮਾਤ ਕਾਂਗਰਸ ਦੀ ਹਮਾਇਤ ਲਈ ਅਤੇ ਆਪਣੀ ਹਮਾਇਤ ਉਸ ਨੂੰ ਦਿੱਤੀ। ਜਦੋਂ ਕਿ ਭਾਈ ਰੇਸ਼ਮ ਸਿੰਘ ਨੇ ਭਾਈ ਰਾਜੋਆਣਾ ਦੀ ਨੀਤੀ ’ਤੇ ਉਂਗਲੀ ਉਠਾਉਂਦਿਆਂ ਕਿਹਾ ਹੈ ਕਿ ਪਹਿਲਾਂ ਤਾਂ ਉਸ ਨੇ ਅਕਾਲੀ ਦਲ ਬਾਦਲ ਨੂੰ ਜਿਤਾਉਣ ਦੀ ਅਪੀਲ ਕੀਤੀ ਤੇ ਹੁਣ ਉਨ੍ਹਾਂ ਨੂੰ ਨੀਲੀਆਂ ਪੱਗਾਂ ਵਾਲੇ ਦੱਸ ਕੇ ਰੋਸ ਪ੍ਰਗਟ ਕਰ ਰਿਹਾ ਹੈ। ਇਸ ਸਦੰਰਭ ਵਿੱਚ ਮੈਂ ਆਪਣੀ ਉਦਾਹਰਣ ਦੇਣੀ ਚਾਹਾਂਗਾ, ਕਿ ਮੈਂ ਵੀ ਇੱਕ ਦੋ ਵਾਰ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਤੇ ਉਸ ਦੇ ਹੱਕ ਵਿੱਚ ਕਈ ਵਾਰ ਲੇਖ ਤੇ ਖ਼ਬਰਾਂ ਵੀ ਲਿਖੀਆਂ। ਜੇ ਭਾਈ ਰਾਜੋਆਣਾ ਜਾਂ ਕੋਈ ਹੋਰ ਇਸ ਨੂੰ ਪੰਥ ਧ੍ਰੋਹ ਸਮਝਦੇ ਹਨ ਤਾਂ ਮੈਂ ਖੁਲ੍ਹੇ ਦਿਲ ਨਾਲ ਇਸ ਦੀ ਮੁਆਫੀ ਮੰਗਣ ਲਈ ਤਿਆਰ ਹਾਂ। ਪਰ ਇਸ ਦੇ ਨਾਲ ਹੀ ਦੱਸਣਾ ਚਾਹਾਂਗਾ ਕਿ ਮੈਂ ਇਹ ਬੱਜ਼ਰ ਗਲਤੀ ਕਿਉਂ ਕੀਤੀ? ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਨੂੰ ਮਾਤ ਪਾਉਣ ਲਈ ਪੰਜਾਬ ਵਿੱਚ ਭਾਜਪਾ ਨਾਲ ਮਿਲ ਕੇ ਪੰਜਵੀਂ ਵਾਰ ਸਰਕਾਰ ਬਣਾਈ ਹੈ ਤੇ 6 ਸਾਲ ਕੇਂਦਰੀ ਸਰਕਾਰ ਵਿੱਚ ਭਾਈਵਾਲ ਰਹੇ। ਇਸ ਦੀ ਸਰਕਾਰ ਵੱਲੋਂ ਕੀਤੇ ਗਏ ਪੰਥ ਵਿਰੋਧੀ ਕੰਮਾਂ ’ਤੇ ਪੰਛੀ ਝਾਤ ਮਾਰੀਏ ਤਾਂ ਅਸੀਂ ਵੇਖਦੇ ਹਾਂ ਕਿ 1978 ਦੀ ਵੈਸਾਖੀ ਨੂੰ ਅੰਮ੍ਰਿਤਸਰ ਵਿੱਚ ਇਸ ਦੇ ਰਾਜ ਦੌਰਾਨ ਨਿਰੰਕਾਰੀਆਂ ਵੱਲੋਂ 13 ਸਿੰਘਾਂ ਨੂੰ ਸ਼ਹੀਦ ਕਰਨ ਉਪ੍ਰੰਤ ਇਸ ਨੇ ਨਿਰੰਕਾਰੀ ਬਾਬੇ ਨੂੰ ਗ੍ਰਿਫ਼ਤਾਰ ਕਰਨ ਦੀ ਬਜ਼ਾਏ ਉਸ ਨੂੰ ਸੁਰੱਖਿਅਤ ਤੌਰ ’ਤੇ ਦਿੱਲੀ ਪਹੁੰਚਾਇਆ। ਪੰਜਾਬ ਸਰਕਾਰ ਵੱਲੋਂ ਕੇਸ ਚੰਗੇ ਢੰਗ ਨਾਲ ਪੇਸ਼ ਨਾ ਕਰਨ ਕਰਕੇ ਉਹ ਬਾਇਜ਼ਤ ਬਰੀ ਹੋਇਆ। ਪਿਆਰੇ ਭਨਿਆਰੇ, ਆਸ਼ੂਤੋਸ਼, ਡੇਰਾ ਬੱਲਾਂ, ਸਿਰਸਾ ਡੇਰਾ ਆਦਿ ਸਿੱਖ ਵਿਰੋਧੀ ਡੇਰਿਆਂ ਦੇ ਸ਼੍ਰਧਾਲੂਆਂ ਨਾਲ ਸਿੱਖ ਕੌਮ ਦੇ ਅਨੇਕਾਂ ਵਾਰ ਟਕਰਾ ਹੋਏ। ਕਈ ਕੇਸਾਂ ਖਾਸ ਕਰਕੇ ਮਲੋਟ, ਬਠਿੰਡਾ, ਜਲੰਧਰ, ਲੁਧਿਆਣਾ ਵਿੱਚ ਡੇਰਾ ਸ਼੍ਰਧਾਲੂਆਂ ਨੇ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲਿਆ। ਕਿਸੇ ਵੀ ਕੇਸ ਵਿੱਚ ਪੁਲਿਸ ਨੇ ਸਿੱਖ ਵਿਰੋਧੀ ਡੇਰਿਆਂ ਦੇ ਸ਼੍ਰਧਾਲੂਆਂ ’ਤੇ ਲਾਠੀਚਾਰਜ ਤੱਕ ਨਹੀਂ ਕੀਤਾ ਪਰ ਬਿਨਾਂ ਕਿਸੇ ਠੋਸ ਕਾਰਣਾਂ ਦੇ ਜਦੋਂ ਵੀ ਗੋਲੀ ਚਲੀ ਉਸ ਦਾ ਮੂੰਹ ਹਮੇਸ਼ਾਂ ਸਿੱਖਾਂ ਵੱਲ ਰਿਹਾ ਜਿਸ ਕਰਕੇ ਮੌੜ ਮੰਡੀ ਵਿਖੇ ਭਾਈ ਕਮਲਜੀਤ ਸਿੰਘ ਡੇਰਾ ਪ੍ਰੇਮੀਆਂ ਅਤੇ ਲੁਧਿਆਣਾ ਵਿਖੇ ਭਾਈ ਦਰਸ਼ਨ ਸਿੰਘ ਲੁਹਾਰਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਇਆ ਤੇ ਕਈ ਜਖ਼ਮੀ ਹੋਏ।

 28 ਮਾਰਚ ਨੂੰ ਪੰਜਾਬ ਬੰਦ ਦੀ ਤਾਜਾ ਘਟਨਾ ਵਿੱਚ ਗੁਰਦਾਸਪੁਰ ਵਿਖੇ ਆਰਐੱਸਐੱਸ ਦੇ ਵਿੰਗ ਸ਼ਿਵ ਸੈਨਿਕਾਂ ਨੇ ਸਿੱਖ ਨੌਜਵਾਨ ਦੀ ਦਸਤਾਰ ਲਾਹ ਕੇ ਅੱਗ ਲਾਈ ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤਾਂ ਉਨ੍ਹਾਂ ’ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਦੂਸਰੇ ਦਿਨ ਆਪਣੀ ਦਾਦਾਗਿਰੀ ਵਿਖਾਉਣ ਲਈ ਸ਼ਿਵ ਸੈਨਿਕਾਂ ਨੇ ਗੁਰਦਾਸਪੁਰ ਬੰਦ ਦਾ ਸੱਦਾ ਦਿੱਤਾ ਤਾਂ ਸਿੱਖਾਂ ਨੇ ਦਸਤਾਰ ਦੀ ਵਾਪਸੀ ਅਤੇ ਦਸਤਾਰ ਦੀ ਬੇਅਦਬੀ ਕਰਨ ਵਾਲੇ ਸ਼ਿਵ ਸੈਨਿਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਰੱਖ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੜਕ ’ਤੇ ਧਰਨਾ ਲਾਇਆ। ਬਿਨਾਂ ਅਗਾਊਂ ਸੂਚਨਾ ਦੇ ਪੰਜਾਬ ਪੁਲਿਸ ਵੱਲੋਂ ਸਿੱਖ ਧਰਨਾਕਾਰੀਆਂ ’ਤੇ ਗੋਲੀ ਚਲਾ ਕੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਤੇ ਭਾਈ ਰਣਜੀਤ ਸਿੰਘ ਨੂੰ ਸਖਤ ਫੱਟੜ ਕੀਤਾ। ਬਾਬਾ ਬਲਜੀਤ ਸਿੰਘ ਦਾਦੂਵਾਲਾ, ਸ: ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ, ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾ ਪਿੰਡ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਜਸਵਿੰਦਰ ਸਿੰਘ ਬਲੀਏਬਾਲ, ਗੁਰਦੀਪ ਸਿੰਘ ਗੋਸ਼ਾ, ਭਾਈ ਧਿਆਨ ਸਿੰਘ ਮੰਡ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਅਨੇਕਾਂ ਸਿੰਘ ਕਾਨੂੰਨ ਵਿਵਸਥਾ ਦੇ ਨਾਮ ’ਤੇ 15 ਦਿਨ ਤੋਂ ਵੱਧ ਸਮੇਂ ਤੱਕ ਜੇਲ੍ਹਾਂ ਵਿੱਚ ਬੰਦ ਰੱਖੇ ਗਏ। ਜੇ ਭਾਰਤ ਨੂੰ ਅਜਾਦੀ ਦਿਵਾਉਣ ਵਾਲੇ ਸਿੱਖਾਂ ਨੂੰ ਅਜਾਦੀ ਤੋਂ ਤੁਰੰਤ ਬਾਅਦ ਕੇਂਦਰੀ ਕਾਂਗਰਸ ਸਰਕਾਰ ਨੇ ਜ਼ਰਾਇਮ ਪੇਸ਼ਾ ਲੋਕ ਘੋਸ਼ਿਤ ਕਰਕੇ ਸਿੱਖਾਂ ਦੇ ਜਖ਼ਮਾਂ ’ਤੇ ਲੂਣ ਛਿੜਕਿਆ ਤਾਂ ਕੀ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਸਤਾ ਵਿੱਚ ਆਈ ਅਕਾਲੀ ਭਾਜਪਾ ਸਰਕਾਰ ਹਰ ਵਾਰ ਸਿੱਖਾਂ ਨਾਲ ਉਹੀ ਸਲੂਕ ਕਰਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਸਿੱਧ ਨਹੀਂ ਕਰ ਰਹੀ? ਸਿੱਖਾਂ ਦੀ ਕੋਈ ਵੀ ਮੰਗ ਜਿਹੜੀ ਕਾਂਗਰਸ ਸਰਕਾਰ ਮੰਨਣ ਤੋਂ ਇਨਕਾਰੀ ਸੀ ਉਹ ਕੇਂਦਰੀ ਐਨਡੀਏ ਸਰਕਾਰ ਵਿੱਚ ਭਾਈਵਾਲੀ ਅਤੇ ਪੰਾਜਬ ਵਿੱਚ ਆਪਣੀ ਸਰਕਾਰ ਦੌਰਾਨ ਬਾਦਲ ਸਰਕਾਰ ਨਹੀਂ ਮਨਾ ਸਕੀ। ਵੋਟ ਰਾਜਨੀਤੀ ਹੇਠ ਸ: ਬਾਦਲ ਨੇ ਸੰਤ ਸਮਾਜ ਜਿਹੜਾ ਕਿ ਅਸਿੱਧੇ ਤੌਰ ’ਤੇ ਆਰਐੱਸਐੱਸ ਦੀਆਂ ਇਛਾਵਾਂ ਪੁਰੀਆਂ ਕਰਨ ਲਈ ਹੀ ਕੰਮ ਕਰਦਾ ਹੈ; ਨਾਲ ਗੱਠਜੋੜ ਕਕਰੇ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਸੋਧ ਦੇ ਨਾਮ ’ਤੇ ਰੱਦ ਕਰਵਾਇਆ ਅਤੇ ਪੰਥ ਨੂੰ ਇੱਕ ਲੜੀ ਵਿੱਚ ਪ੍ਰੋਣ ਲਈ 1945 ਵਿੱਚ ਬਣਾਈ ਗਈ ਸਿੱਖ ਰਹਿਤ ਮਰਿਆਦਾ ਦਾ ਭੋਗ ਪਵਾਉਣ ਲਈ ਪੂਰੀ ਤਿਆਰੀ ਹੈ। ਮਈ 2008 ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਸੌਦਾ ਸਾਧ ਵਿਰੁਧ ਦਰਜ ਕੇਸ ਦਾ 5 ਸਾਲ ਚਲਾਨ ਹੀ ਪੇਸ਼ ਨਾ ਕਰਕੇ ਅਤੇ ਹੋਏ ਵੋਟ ਸੌਦੇ ਅਧੀਨ 27 ਜਨਵਰੀ 2012 ਨੂੰ ਕੇਸ ਵਾਪਸ ਲੈਣ ਦੇ ਡਰਾਮੇ ਨੇ ਬਾਦਲ ਦਾ ਸਿੱਖ ਵਿਰੋਧੀ ਚਿਹਰਾ ਚਿੱਟੇ ਦਿਨ ਨੰਗਾ ਕਰ ਦਿੱਤਾ ਹੈ।

ਸੰਤ ਸਮਾਜ ਅਤੇ ਉਹ ਪ੍ਰਚਾਰਕ ਜਿਹੜੇ ਮੁਗਲਾਂ ਵੱਲੋਂ ਸਿੱਖਾਂ ਨਾਲ ਕੀਤੇ ਧੱਕਿਆਂ ਤੇ ਜ਼ੁਲਮਾਂ ਦਾ ਤਾਂ ਖ਼ੂਬ ਜ਼ਿਕਰ ਕਰਦੇ ਹੋਏ ਛੋਟੇ ਸਾਹਿਬਜ਼ਾਦਿਆਂ, ਭਾਈ ਮਨੀ ਸਿੰਘ ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਆਦਿ ਦੀਆਂ ਸ਼ਹੀਦੀਆਂ ਦੇ ਪ੍ਰਸੰਗ ਮਸਾਲੇ ਲਾ ਲਾ ਕੇ ਸੁਣਾਉਂਦੇ ਹਨ ਪਰ ਪਿਛਲੇ 28 ਸਾਲਾਂ ਦੌਰਾਨ ਸਿੱਖਾਂ ’ਤੇ ਹੋਏ ਜੁਲਮਾਂ ਵਿਰੁਧ ਜ਼ਬਾਨ ਨਹੀਂ ਖੋਲ੍ਹਦੇ, ਭਾਈ ਜਸਵੰਤ ਸਿੰਘ ਖਾਲੜਾ, ਭਾਈ ਗੁਰਦੇਵ ਸਿੰਘ ਕਾਉਂਕੇ ਦੀਆਂ ਸਹੀਦੀਆਂ, ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਆਦਿ ਦੇ ਪ੍ਰਵਾਰਾਂ ’ਤੇ ਢਾਹੇ ਗਏ ਸਰਕਾਰੀ ਜੁਲਮਾਂ ਦੀ ਗੱਲ ਨਹੀ ਕਰਦੇ, ਪ੍ਰੋ. ਭੁੱਲਰ ਅਤੇ ਭਾਈ ਰਾਜੋਆਣਾ ਆਦਿ ਦੇ ਕੀਤੇ ਜਾ ਰਹੇ ਅਦਾਲਤੀ ਕਤਲਾਂ ਵਿਰੁੱਧ ਜ਼ਬਾਨ ਨਹੀਂ ਖੋਲ੍ਹਦੇ, ਉਨ੍ਹਾਂ ਨੂੰ ਭਾਈ ਰਾਜੋਆਣਾ ਵੱਲੋਂ ਸਟੇਜੀ ਕਲਾਕਾਰ ਦੱਸ ਕੇ ਉਨ੍ਹਾਂ ਨੂੰ ਮੂੰਹ ਨਾ ਲਾਉਣ ਦੇ ਸੰਦੇਸ਼ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਪਰ ਇਸ ਅਕਾਲੀ ਦਲ ਵੱਲੋਂ ਨਿਯੁਕਤ ਕੀਤੇ ਤਨਖਾਹਦਾਰ ਜਥੇਦਾਰ ਜਿਨ੍ਹਾਂ ਨੂੰ ਸਿੰਘ ਸਾਹਿਬ ਕਰਕੇ ਪ੍ਰਚਾਰਿਆ ਜਾ ਰਿਹਾ ਹੈ, ਕੀ ਇਹ ਸਟੇਜੀ ਕਲਾਕਾਰਾਂ ਨਾਲੋਂ ਘੱਟ ਹਨ? ਪ੍ਰੋ. ਦਰਸ਼ਨ ਸਿੰਘ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਜਿਹੜੇ ਪੁਰਾਤਨ ਸਿੱਖ ਇਤਿਹਾਸ ਤੇ ਗੁਰਬਾਣੀ ਸਿਧਾਂਤ ਦੀ ਵਿਆਖਿਆ ਕਰਦਿਆਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੌਜੂਦਾ ਹਾਲਤਾਂ ਨਾਲ ਜੋੜ ਕੇ ਮੌਜੂਦਾ ਸਰਕਾਰਾਂ ਅਤੇ ਭੇਖਧਾਰੀ ਧਾਰਮਿਕ ਵਿਅਕਤੀਆਂ ਦਾ ਅਸਲੀ ਚਿਹਰਾ ਸਿੱਖ ਸੰਗਤਾਂ ਨੂੰ ਵਿਖਾਉਂਦੇ ਹਨ, ਉਨ੍ਹਾਂ ਵਿਰੁੱਧ ਤਾਂ ਝੂਠੀ ਮੂਠੀ ਸ਼ਿਕਾਇਤ ਮਿਲਣ ’ਤੇ ਉਨ੍ਹਾਂ ਦੇ ਕੀਰਤਨ ਅਤੇ ਪ੍ਰਚਾਰ ’ਤੇ ਤੁਰੰਤ ਪਾਬੰਦੀ ਲਾਉਣ ਦਾ ਐਲਾਨ ਕਰਕੇ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਦੇ ਫਤਵੇ ਜਾਰੀ ਕਰਨ ਤੱਕ ਚਲੇ ਜਾਂਦੇ ਹਨ।

ਪਰ ਦੂਸਰੇ ਪਾਸੇ ਮੌਜੂਦਾ ਸਰਕਾਰਾਂ ਖਾਸ ਕਰਕੇ ਅਕਾਲੀ-ਭਾਜਪਾ ਸਰਕਾਰਾਂ ਵੱਲੋਂ ਸਿੱਖਾਂ ’ਤੇ ਕੀਤੇ ਜੁਲਮਾਂ ਵਿਰੁਧ ਜ਼ਬਾਨ ਖੋਲ੍ਹਣ ਨੂੰ ਤਿਆਰ ਨਹੀਂ ਹੁੰਦੇ। (ਭਾਈ ਰਾਜੋਆਣਾ ਦੇ ਸ਼ਬਦਾਂ ਵਿੱਚ) ਸਟੇਜੀ ਕਲਾਕਾਰ ਡੇਰੇਦਾਰ ਜਿਨ੍ਹਾਂ ਮਰਜੀ ਸਿੱਖ ਸਿਧਾਂਤਾਂ ਦਾ ਘਾਣ ਕਰੀ ਜਾਣ ਉਨ੍ਹਾਂ ਵਿੱਰੁਧ ਲੱਖ ਸ਼ਿਕਾਇਤਾਂ ਕਰਨ ’ਤੇ ਵੀ ਸਾਡੇ ਸਟੇਜੀ ਜਥੇਦਾਰ ਕੋਈ ਨੋਟਿਸ ਨਹੀਂ ਲੈਂਦੇ। ਪਰ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ’ਤੇ ਪ੍ਰਚਾਰ ਕਰਨ ਵਾਲੇ ਗਿਆਨੀ ਜਗਤਾਰ ਸਿੰਘ ਜਾਚਕ, ਪ੍ਰੋ: ਹਰਜਿੰਦਰ ਸਿੰਘ ਸਭਰਾ, ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ, ਭਾਈ ਸ਼ਿਵਤੇਗ ਸਿੰਘ, ਗਿਆਨੀ ਹਰਿੰਦਰ ਸਿੰਘ ਅਲਵਰ, ਗਿਆਨੀ ਰਣਯੋਧ ਸਿੰਘ ਆਦਿ ਪ੍ਰਚਾਰਕ ਜਿਹੜੇ ਮੌਜੂਦਾ ਸਰਕਾਰਾਂ ਧਾਰਮਿਕ ਆਗੂਆਂ ਅਤੇ ਸਿੱਖ ਵਿਰੋਧੀ ਡੇਰੇਦਾਰਾਂ ਵੱਲੋਂ ਸਿਖੀ ਸਿਧਾਂਤ ਨਾਲ ਕੀਤੇ ਜਾ ਰਹੇ ਖਿਲਵਾੜ ਵਿਰੁਧ ਖੁਲ੍ਹ ਕੇ ਬੋਲਦੇ ਹਨ, ਉਨ੍ਹਾਂ ਦੇ ਪ੍ਰਚਾਰ ’ਤੇ ਪਾਬੰਦੀ ਲਾਉਣ ਲਈ ਸਟੇਜੀ ਕਲਾਕਾਰ ਰੂਪੀ ਪ੍ਰਚਾਰਕਾਂ ਦੀ ਸਲਾਹ ਨਾਲ ਸਾਡੇ ਸਟੇਜੀ ਜਥੇਦਾਰ ਹਮੇਸ਼ਾਂ ਬਹਾਨੇ ਦੀ ਤਲਾਸ਼ ਵਿੱਚ ਰਹਿੰਦੇ ਹਨ। ਭਾਈ ਰਾਜੋਆਣਾ ਨੂੰ ਜੇਲ੍ਹ ਵਿੱਚ ਅੰਮ੍ਰਿਤ ਛਕਾਉਣ ਸਮੇਂ ਅਤੇ ਉਸ ਉਪ੍ਰੰਤ 31 ਮਾਰਚ ਨੂੰ ਭਾਈ ਰਾਜੋਆਣਾ ਨੂੰ ਫਾਂਸੀ ਦਿੱਤੇ ਜਾਣ ਨੂੰ ਅਟੱਲ ਜਾਣ ਕੇ ਉਨ੍ਹਾਂ ਨੂੰ ਫਾਂਸੀ ਦੇ ਤਖ਼ਤੇ ’ਤੇ ਚੜ੍ਹਨ ਤੋਂ ਪਹਿਲਾਂ ਅੰਮ੍ਰਿਤਸਰ ਦੇ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਨ ਅਤੇ ਤਖ਼ਤੇ ’ਤੇ ਛਿੱਟੇ ਮਾਰਨ ਦਾ ਬ੍ਰਹਮਣੀ ਕਰਮਕਾਂਡ ਕਰਨ ਲਈ ਜਲ ਦੀਆਂ ਦੋ ਕੇਨੀਆਂ ਦੇਣ ਮੌਕੇ ਅੱਗੇ ਹੋ ਹੋ ਕੇ ਫੋਟੋਆਂ ਖਿਛਵਾਉਣ ਵਾਲੇ ਪਰਮਜੀਤ ਸਿੰਘ ਖ਼ਾਲਸਾ ਅਤੇ ਹਰਨਾਮ ਸਿੰਘ ਧੁੰਮਾ ਵਰਗੇ ਅੱਜ ਕਿਧਰੇ ਨਜ਼ਰ ਨਹੀਂ ਆਉਂਦੇ। ਜਿਹੜੇ ਜਥੇਦਾਰ ਬਾਦਲ ਦਲ ਵਲੋਂ ਸ਼ਹੀਦੀ ਜੋੜਮੇਲੇ ’ਤੇ ਫ਼ਤਹਿਗੜ੍ਹ ਸਾਹਿਬ ਅਤੇ ਵੈਸਾਖੀ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਭਾਈ ਡੱਲ ਸਿੰਘ ਹਾਲ ਦੀ ਸਟੇਜ ਨੂੰ ਸਿਆਸੀ ਸਟੇਜ ਵਜੋਂ ਵਰਤੇ ਜਾਣਾ ਵੇਖ ਕੇ ਅੱਖਾਂ ਮੀਚ ਲੈਂਦੇ ਹਨ ਪਰ ਪਰਮਜੀਤ ਸਿੰਘ ਸਰਨਾ ਵੱਲੋਂ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੀ ਸਟੇਜ ਨੂੰ ਸਿਆਸੀ ਰੰਗਤ ਦੇਣ ਦਾ ਤੁਰੰਤ ਨੋਟਿਸ ਲੈਂਦੇ ਉਨ੍ਹਾਂ ਨੂੰ ਸਭਿਅਕ ਸ਼ਬਦਾਂ ਵਿੱਚ ਨਸੀਹਤ ਕਰਨ ਦੀ ਥਾਂ ਸਖਤ ਸ਼ਬਦਾਂ ਵਿੱਚ ਤਾੜਨਾ ਕਰਦੇ ਹਨ ਕੀ ਉਹ ਇਹ ਸਟੇਜੀ ਕਲਾਕਾਰਾਂ ਵਾਲਾ ਰੋਲ ਨਿਭਾਉਣ ਵਾਲਿਆਂ ਤੋਂ ਘੱਟ ਹਨ?

ਠੀਕ ਹੈ ਕਾਂਗਰਸ ਦੀ ਕੇਂਦਰੀ ਸਰਕਾਰ ਵੱਲੋਂ ਅਕਾਲ ਤਖ਼ਤ ’ਤੇ ਫੌਜੀ ਹਮਲਾ ਕਰਕੇ ਅਤੇ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਸਿੱਖੀ ਦੀ ਨਸਲਘਾਤ ਕਰਨ ਦੀ ਕੋਝੀ ਕਾਰਵਾਈ ਕਰਕੇ ਸਿੱਖਾਂ ਦੇ ਮਨਾਂ ’ਤੇ ਨਾ ਮਿਲਣ ਵਾਲੇ ਡੂੰਘੇ ਜਖ਼ਮ ਕੀਤੇ ਹਨ, ਪਰ ਇਸ ਸਮੇਂ ਤੱਕ ਦੋਸ਼ੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੋਵਾਂ ਦਾ ਕਤਲ ਹੋ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਰੋਸ ਵਜੋਂ ਲੋਕ ਸਭਾ ਦੀ ਮੈਂਬਰੀ ਅਤੇ ਕਾਂਗਰਸ ਦੀ ਮੁਢਲੀ ਮੈਂਬਰਸਿੱਪ ਤੋਂ ਅਸਤੀਫ਼ਾ ਦੇ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਇਆ, ਪਰ ਇਸ ਦੇ ਕੱਦ ਬੁੱਤ ਸਾਹਮਣੇ ਆਪਣੇ ਆਪ ਨੂੰ ਬੌਣਾ ਬਣਨ ਦੇ ਡਰ ਵਜੋਂ ਉਸ ਨੂੰ ਜ਼ਲੀਲ ਕਰਕੇ ਅਕਾਲੀ ਦਲ ਛੱਡਣ ਲਈ ਮਜ਼ਬੂਰ ਕੀਤਾ। ਮੁੜ ਕਾਂਗਰਸ ਵਿੱਚ ਸ਼ਾਮਲ ਹੋ ਕੇ ਉਹ ਪੰਜਾਬ ਦਾ ਮੁੱਖ ਮੰਤਰੀ ਬਣਿਆ ਤਾਂ ਉਸ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋਰ ਕੀਤੀ ਜਾਣ ਵਾਲੀ ਲੁੱਟ ਨੂੰ ਬਚਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਇਆ। ਜਦੋਂ ਕਿ ਬਾਦਲ ਇਹ ਵਿਧਾਨਕ ਸ਼ਕਤੀ ਨਾ ਪਹਿਲਾਂ ਕਦੀ ਪੰਜਾਬ ਅਤੇ ਪੰਥ ਦੇ ਹਿਤਾਂ ਵਿੱਚ ਵਰਤ ਸਕਿਆ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਵਰਤੇ ਜਾਣ ਦੀ ਕੋਈ ਸੰਭਾਵਨਾ ਹੈ। ਕਿਉਂਕਿ ਉਸ ਨੇ ਕਾਂਗਰਸ ਦੇ ਵਿਰੋਧ ਦੀ ਆੜ ਵਿੱਚ ਪੂਰੀ ਤਰ੍ਹਾਂ ਉਸ ਭਾਜਪਾ ਅੱਗੇ ਗੋਡੇ ਟੇਕ ਦਿੱਤੇ ਹਨ, ਜਿਸ ਨੇ ਦੇਸ ਦੀ ਅਜਾਦੀ ਤੋਂ ਤਰੰਤ ਬਾਅਦ ਅੱਜ ਤੱਕ ਹਮੇਸ਼ਾਂ ਪੰਜਾਬ ਅਤੇ ਸਿੱਖ ਵਿਰੋਧੀ ਸਟੈਂਡ ਲਿਆ ਹੈ। ਭਾਵੇਂ ਪੰਜਾਬੀ ਹਿੰਦੂਆਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਤੋਂ ਮੁਨਕਰ ਹੋਣ ਲਈ ਉਕਸਾਉਣ ਦੀ ਗੱਲ ਹੋਵੇ, ਭਾਵੇਂ ਪੰਜਾਬੀ ਸੂਬੇ ਦੀ ਮੰਗ ਹੋਵੇ, ਭਾਵੇਂ ਪੰਜਾਬੀ ਬੋਲਦੇ ਖੇਤਰ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਹੈੱਡਵਰਕਸ ਕੰਟ੍ਰੋਲ ਦੀ ਗੱਲ ਹੋਵੇ, 1984 ਵਿੱਚ ਅਕਾਲ ਤਖ਼ਤ ’ਤੇ ਫੌਜੀ ਹਮਲੇ ਲਈ ਸਰਕਾਰ ਨੂੰ ਉਕਸਾਉਣ ਦੀ ਗੱਲ ਹੋਵੇ ਜਾਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਗੱਲ ਹੋਵੇ ਭਾਜਪਾ ਨੇ ਹਮੇਸ਼ਾਂ ਪੰਜਾਬ ਅਤੇ ਸਿੱਖ ਵਿਰੋਧੀ ਸਖ਼ਤ ਸਟੈਂਡ ਲਿਆ। ਇਸ ਦਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਸਿੱਖ ਵਿਰੋਧੀ ਹਿੰਦੂ ਲਾਬੀ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਆਪਣੀ ਸਵੈਜੀਵਨੀ ‘ਮਾਈ ਕੰਟਰੀ ਮਾਈ ਲਾਈਫ ਵਿੱਚ ਬੜੇ ਮਾਣ ਨਾਲ ਲਿਖ ਰਿਹਾ ਹੈ ਕਿ ਇੰਦਰਾ ਗਾਂਧੀ ਨਾਲ ਕਈ ਮੀਟਿੰਗਾਂ ਕਰਕੇ ਉਸ ਨੇ ਹੀ ਅਕਾਲ ਤਖ਼ਤ ’ਤੇ ਫੌਜੀ ਹਮਲਾ ਕਰਨ ਲਈ ਤਿਆਰ ਕੀਤਾ। ਹਮਲੇ ਤੋਂ ਤਰੰਤ ਬਾਅਦ ਖੁਸ਼ੀ ਵਿੱਚ ਭੰਗੜੇ ਪਾਉਣ, ਲੱਡੂ ਵੰਡਣ ਅਤੇ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਖਿਤਾਬ ਦੇਣ ਵਾਲੇ ਇਹ ਭਾਜਪਾ ਆਗੂ ਹੀ ਹਨ।

ਅਜਿਹੇ ਵਿੱਚ ਜੇ ਪ੍ਰਧਾਨ ਮੰਤਰੀ ਦੀ ਚੋਣ ਲਈ ਕਾਂਗਰਸ ਨੂੰ ਪਾਈ ਵੋਟ ਡਾ: ਮਨਮੋਹਨ ਸਿੰਘ ਨੂੰ ਜਾਂਦੀ ਹੈ ਤੇ ਅਕਾਲੀ ਦਲ ਬਾਦਲ ਨੂੰ ਪਾਈ ਵੋਟ ਫਿਰਕੂ ਨਫਰਤ ਨਾਲ ਨੱਕਾ ਨੱਕ ਭਰੇ ਅਡਵਾਨੀ ਨੂੰ ਜਾਂਦੀ ਹੈ ਤਾਂ ਬਾਦਲ ਦਲ ਨੂੰ ਵੋਟ ਪਾਉਣ ਨਾਲ ਕਿਹੜੀ ਪੰਥਕ ਸੇਵਾ ਹੋ ਰਹੀ ਹੈ, ਇਹ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ਸੋ ਸਿੱਖਾਂ ਵਲੋਂ ਕਾਂਗਰਸ ਨੂੰ ਵੋਟ ਪਾੳਣੀ ਇਕ ਮਜ਼ਬੂਰੀ ਸੀ ਤੇ ਜੇ ਕੱਲ੍ਹ ਨੂੰ ਕੋਈ ਹੋਰ ਬਦਲ ਪੇਸ਼ ਨਾ ਹੋ ਸਕਿਆ ਤਾਂ ਮੈਂ ਐਲਾਨੀਆਂ ਕਹਿੰਦਾ ਹਾਂ ਕਿ ਕਾਂਗਰਸ ਨੂੰ ਵੋਟ ਪਾਉਣ ਦੀ ਗਲਤੀ ਕਰਦਾ ਰਹਾਂਗਾ, ਕਿਉਂਕਿ ਮੈਂ ਕਦੀ ਨਹੀਂ ਚਾਹੁੰਦਾ ਕਿ ਮੇਰੀ ਵੋਟ ਅਡਵਾਨੀ ਜਾਂ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਸਹਾਇਤਾ ਕਰੇ। ਇਸ ਲਈ ਸਿਰਫ ਕਾਂਗਰਸ ਨੂੰ ਵੋਟ ਪਾਉਣ ਦੇ ਅਧਾਰ ’ਤੇ ਹੀ ਕਿਸੇ ਨੂੰ ਪੰਥ ਵਿਰੋਧੀ ਐਲਾਣ ਦੇਣਾ ਜਾਂ ਇਸ ਨੂੰ ਬਹਿਸ ਦਾ ਮੁੱਦਾ ਬਣਾਉਣਾ ਪੰਥਕ ਹਿੱਤਾਂ ਵਿੱਚ ਨਹੀਂ ਹੈ। ਸਾਡੇ ਸ਼ਾਨਾਮਤੀ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਸਟੇਜੀ ਕਲਾਕਾਰ ਬਣਾਉਣ ਦੇ ਦੋਸ਼ੀ ਬਾਦਲ ਦਲ ਜਿਸ ਨੇ ਅਸਿਧੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੂੰ ਆਰਐੱਸਐੱਸ ਦੇ ਅਧੀਨ ਕਰ ਰੱਖਿਆ ਹੈ, ਤੋਂ ਸ਼੍ਰੋਮਣੀ ਕਮੇਟੀ ਨੂੰ ਅਜਾਦ ਕਰਵਾਉਣ ਲਈ ਜੇ ਪੰਥਕ ਧਿਰਾਂ ਨੇ ਕਾਂਗਰਸ ਤੋਂ ਸਹਿਯੋਗ ਲੈ ਲਿਆ ਤਾਂ ਵੀ ਮੈਂ ਇਸ ਨੂੰ ਵੱਡਾ ਦੋਸ਼ ਮੰਨਣ ਨੂੰ ਤਿਆਰ ਨਹੀਂ ਹਾਂ।

ਇਹ ਉਦਾਹਰਣਾਂ ਦੇਣ ਉਪ੍ਰੰਤ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਇਨ੍ਹਾਂ ਗੱਲਾਂ ਨੂੰ ਵਿਵਾਦ ਦਾ ਵਿਸ਼ਾ ਬਣਾ ਕੇ ਮੌਜੂਦਾ ਗੰਭੀਰ ਦੌਰ ਵਿੱਚ ਪੰਥ ਵਿੱਚ ਫੁੱਟ ਪਾਉਣਾ ਕਦਾਚਿਤ ਪੰਥਕ ਹਿੱਤਾਂ ਵਿੱਚ ਨਹੀਂ ਹੈ। ਪਰ ਇਸ ਦੇ ਨਾਲ ਜਿਹੜੇ ਬੱਬਰ ਪਿਛਲੇ 16 ਸਾਲਾਂ ਤੋਂ ਭਾਈ ਰਾਜੋਆਣਾ ਵੱਲੋਂ ਕੀਤੇ ਜਾ ਰਹੇ ਇਤਰਾਜਾਂ ਨੂੰ ਦੂਰ ਕਰਨ ਦੀ ਥਾਂ ਲਗਾਤਾਰ ਉਨ੍ਹਾਂ ਨਾਲ ਪਾੜਾ ਵਧਾਉਣ ਦੇ ਜਾਣੇ ਅਣਜਾਣੇ ਵਿੱਚ ਜਿੰਮੇਵਾਰ ਰਹੇ ਹਨ ਅਤੇ ਉਨ੍ਹਾਂ ਨੂੰ ਫਾਂਸੀ ਦੇਣ ਦੀ 31 ਮਾਰਚ ਨੂੰ ਸਵੇਰੇ 9 ਵਜੇ ਦੇ ਨਿਸਚਤ ਕੀਤੇ ਸਮੇਂ ਤੋਂ ਮਹਿਜ ਤਿੰਨ ਦਿਨ ਪਹਿਲਾਂ ਭਾਈ ਹਵਾਰਾ ਦਾ ਬਿਆਨ ਜਾਰੀ ਕਰਵਾ ਕੇ ਗਲਤੀ ਕੀਤੀ ਹੈ, ਉਨ੍ਹਾਂ ਨੂੰ ਆਪਣੀ ਇਸ ਗਲਤੀ ਅਤੇ ਨੀਤੀਆਂ ਦੇ ਅਸਫਲ ਰਹਿਣ ਦੀ ਜਨਤਕ ਤੌਰ ’ਤੇ ਮੁਆਫੀ ਮੰਗ ਕੇ ਅੱਗੇ ਤੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦੇਣਾ ਚਾਹੀਦਾ ਹੈ।

ਮੈਂ ਇਹੀ ਵੀ ਕਹਿਣਾ ਪਸੰਦ ਕਰਾਂਗਾ ਕਿ ਗੱਲਾਂ ਬਾਤਾਂ ਨਾਲ ਪੰਥਕ ਏਕਤਾ ਨਹੀਂ ਹੋ ਸਕਦੀ ਜੇ ਉਹ ਸੱਚ ਮੁੱਚ ਪੰਥਕ ਏਕਤਾ ਦੇ ਹਾਮੀ ਹਨ ਤਾਂ ਆਪਣੀਆਂ ਸਾਰੀਆਂ ਜਥੇਬੰਦੀਆਂ ਭੰਗ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਇੱਕ ਕੇਸਰੀ ਨਿਸ਼ਾਨ ਹੇਠ ਇੱਕ ਸਾਂਝੀ ਜਥੇਬੰਦੀ ਬਣਾਉਣ ਲਈ ਸਹਿਮਤ ਹੋਣ ਜਿਸ ਦਾ ਕੰਮ ਚਲਾਉਣ ਲਈ ਪੰਜ ਜਾਂ ਇਸ ਤੋਂ ਵੱਧ ਮੈਂਬਰੀ ਕਮੇਟੀ ਬਣਾਈ ਜਾ ਸਕਦੀ ਹੈ। ਇਸ ਕਮੇਟੀ ਦਾ ਮੁਖੀ ਹੁਣ ਤੱਕ ਆਪਣੀ ਨੀਤੀ ਵਿੱਚ ਸਫਲ ਰਹੇ ਅਤੇ ਪੰਥ ਦੀ ਅਵਾਜ ਨੂੰ, ਜਾਣ ਬੁੱਝ ਕੇ ਬੋਲ਼ੇ ਬਣੇ ਕੰਨਾਂ ਤੱਕ ਪਹੁੰਚਾਉਣ ਵਾਲੇ ਭਾਈ ਰਾਜੋਆਣਾ ਨੂੰ ਬਣਾ ਦੇਣਾ ਚਾਹੀਦਾ ਹੈ। ਸ: ਸਿਮਰਨਜੀਤ ਸਿੰਘ ਮਾਨ ਸਮੇਤ ਕਈ ਆਗੂ ਪਹਿਲਾਂ ਹੀ ਉਨ੍ਹਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕਰਨ ਦੀ ਮੰਗ ਕਰ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਸਾਂਝੀ ਪੰਥਕ ਜਥੇਬੰਦੀ ਦਾ ਮੁਖੀ ਮੰਨਣ ਵਿੱਚ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ। ਇਸ ਦੇ ਬਾਵਯੂਦ ਜੇ ਕੋਈ ਜਥੇਬੰਦੀ ਆਪਣਾ ਕਸੂਰ ਮੰਨ ਕੇ ‘ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥2॥’ (ਸੋਰਠਿ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 624) ਤੋਂ ਸੇਧ ਲੈ ਕੇ ਅਰਦਾਸ ਨਹੀਂ ਕਰਦਾ ਤਾਂ ਸਮਝੋ ਉਹ ਸਹੀ ਮਾਅਨਿਆਂ ਵਿੱਚ ਪੰਥਕ ਹਿਤੂ ਹੋਣ ਦੀ ਥਾਂ ਆਪਣੀ ਨਿਜੀ ਹਊਮੈ ਤੋਂ ਵੱਧ ਗ੍ਰਸਤ ਹੈ। ਦੂਸਰੇ ਪਾਸੇ ਜੇ ਤਸੱਲੀ ਬਖਸ਼ ਸਪਸ਼ਟੀਕਰਣ ਦੇ ਕੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗਣ ਉਪ੍ਰੰਤ ਵੀ ਕੋਈ ਧਿਰ ਬੀਤੇ ਨੂੰ ਭੁੱਲ ਜਾਣ ਲਈ ਤਿਆਰ ਨਹੀਂ ਹੋਵੇ ਤਾਂ ਸਮਝੋ ਉਹ ਵੀ ਹਉਮੈ ਅਤੇ ਨਿਜੀ ਗੁੱਸੇ ਦਾ ਪ੍ਰਗਟਾਵਾ ਕਰ ਰਿਹਾ ਹੋਵੇਗਾ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਆਪਣੇ ਨਿਜੀ ਹਿੱਤ ਪੂਰਨ ਲਈ, ਜਾਂ ਹਊਮੈ ਨੂੰ ਪੱਠੇ ਪਾਉਣ ਅਤੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਬੋਲਿਆ ਗਿਆ ਸੱਚ, ਪਰਸੁਆਰਥ ਲਈ ਬੋਲੇ ਗਏ ਝੂਠ ਨਾਲੋਂ ਵੀ ਇਖ਼ਲਾਕੀ ਤੌਰ ’ਤੇ ਵੱਧ ਘਾਤਕ ਅਤੇ ਨੁਕਸਾਨਦਾਇਕ ਹੋ ਸਕਦਾ ਹੈ। ਜਿਵੇਂ ਕਿ ਗੰਗੂ ਬ੍ਰਹਮਣ ਵਲੋਂ ਬੋਲੇ ਗਏ ਸੱਚ ਨੂੰ ਸਿੱਖ ਇਤਿਹਾਸ ਵਿੱਚ ਘ੍ਰਿਣਤ ਨਜ਼ਰ ਨਾਲ ਵੇਖਿਆ ਜਾਂਦਾ ਹੈ ਅਤੇ ਇਕ ਮੁਸਲਮਾਨ ਨਿਹੰਗ ਖਾਨ ਵਲੋਂ, ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਘਰ ਪਨਾਹ ਦੇਣ ਵੇਲੇ, ਉਨ੍ਹਾਂ ਦਾ ਪਿੱਛਾ ਕਰ ਰਹੇ ਸੁਬੇ ਸਰਹੰਦ ਦੇ ਸਿਪਾਹੀਆਂ ਕੋਲ ਬੋਲੇ ਉਸ ਝੂਠ ਦੀ ਸਿੱਖ ਇਤਿਹਾਸ ਵਿੱਚ ਪ੍ਰਸੰਸਾ ਕੀਤੀ ਜਾ ਰਹੀ ਹੈ ਜਿਸ ਵਿੱਚ ਉਨ੍ਹਾਂ ਗੁਰੂ ਸਾਹਿਬ ਬਾਰੇ ਕਿਹਾ ਸੀ ਕਿ ਇਸ ਕਮਰੇ ਵਿੱਚ ਮੇਰੀ ਧੀ ਅਤੇ ਜਵਾਈ ਪਏ ਹਨ ਇਸ ਲਈ ਇਸ ਕਮਰੇ ਵਿੱਚ ਦਾਖ਼ਲ ਹੋਣ ਦੀ ਕਿਸੇ ਹੋਰ ਨੂੰ ਕਦਾਚਿਤ ਇਜਾਜਤ ਨਹੀਂ ਦਿੱਤੀ ਜਾ ਸਕਦੀ।

ਕਈ ਵੀਰ ਜਿਨ੍ਹਾਂ ਨੂੰ ਇਸ ਵਿਵਾਦ ਦੇ ਪਿਛੋਕੜ ਦੀ ਪੂਰੀ ਜਾਣਕਾਰੀ ਨਹੀਂ ਜਾਂ ਉਹ ਭੁੱਲ ਚੁੱਕੇ ਹਨ ਉਹ ਇਹ ਇਤਰਾਜ ਵੀ ਕਰ ਰਹੇ ਹਨ ਕਿ ਇਹ ਵਿਵਾਦ ਦੀ ਸ਼ੁਰੂਆਤ ਕਰਨ ਲਈ ਭਾਈ ਰਾਜੋਆਣਾ ਨੇ ਪਹਿਲ ਕੀਤੀ ਹੈ ਤੇ ਉਨ੍ਹਾਂ ਦੇ ਜਿਉਂਦੇ ਜੀਅ ਭਾਈ ਹਵਾਰਾ ਲਈ ਸਪਸ਼ਟੀਕਰਨ ਦੇਣਾ ਜਰੂਰੀ ਹੋ ਗਿਆ ਸੀ, ਉਨ੍ਹਾਂ ਨਾਲ ਸਹਿਮਤ ਹੋਣਾ ਔਖਾ ਜਾਪਦਾ ਹੈ ਕਿਉਂਕਿ ਭਾਈ ਰਾਜੋਆਣਾ ਨੇ ਇਹ ਪਹਿਲ 2011 ਦੇ ਮਾਰਚ ਮਹੀਨੇ ਵਿੱਚ ਨਹੀਂ ਸੀ ਕੀਤੀ ਸਗੋਂ ਉਹ ਆਪਣੇ ਇਹ ਵੀਚਾਰ 1996 ਤੋਂ ਰੱਖਦਾ ਆਇਆ ਹੈ। ਪਰ ਉਸ ਨੂੰ ਸੰਤੁਸ਼ਟ ਕਰਾਉਣ ਦੀ ਥਾਂ ਲਗਾਤਾਰ ਨਜ਼ਰ ਅੰਦਾਜ਼ ਕਰਨ ਤੋਂ ਅੱਗੇ ਲੰਘ ਕੇ ਉਨ੍ਹਾਂ ਨੂੰ ਭਾਈ ਹਵਾਰਾ ਅਤੇ ਉਨ੍ਹਾਂ ਦੇ ਵਕੀਲ ਸਰਕਾਰੀ ਏਜੰਟ ਦਸਦੇ ਰਹੇ ਹਨ। ਅਖੀਰ ਆਪਣਾ ਥੋਹੜਾ ਸਮਾਂ ਜਾਣ ਕੇ ਆਪਣੇ ਜਿਉਂਦੇ ਜੀਅ ਸੱਚ ਪੰਥ ਦੇ ਰੂਬਰੂ ਕਰਨ ਹਿੱਤ ਭਾਈ ਰਾਜੋਆਣਾ ਨੇ ਆਪਣੇ ਇਹ ਵੀਚਾਰ ਆਪਣੀ ਵੈੱਬਸਾਈਟ ‘ਸੰਘਰਸ਼ ਦਾ ਸੱਚ.ਕਾਮ’ ਰਾਹੀਂ 27 ਸਤੰਬਰ 2011 ਨੂੰ ਜਨਤਕ ਕਰ ਦਿੱਤੇ। 6 ਮਹੀਨੇ ਤੱਕ ਉਸ ਦਾ ਕੋਈ ਜਵਾਬ ਨਾ ਦਿੱਤੇ ਜਾਣ ਪਿੱਛੋਂ ਅਚਾਨਕ 27 ਮਾਰਚ 2012 ਨੂੰ ਭਾਈ ਹਵਾਰਾ ਵੱਲੋਂ ਸਪਸ਼ਟੀਕਰਨ ਦੇਣ ਪਿਛੇ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਪਹਿਲਾਂ ਪੰਥਕ ਹਿੱਤਾਂ ਵਿੱਚ ਉਹ ਚੁੱਪ ਰਹਿਣ ਲਈ ਮਜ਼ਬੂਰ ਸਨ ਪਰ ਹੁਣ ਭਾਈ ਰਾਜੋਆਣਾ ਦੇ ਜਿਉਂਦੇ ਜੀਅ ਇਹ ਸਪਸ਼ਟੀਕਰਨ ਦੇਣਾ ਜਰੂਰੀ ਹੋ ਗਿਆ ਸੀ। ਇਸ ਦਲੀਲ ਨਾਲ ਵੀ ਸਹਿਮਤ ਨਹੀਂ ਹੋਇਆ ਜਾ ਸਕਦਾ ਕਿਉਂਕਿ ਜੇ ਭਾਈ ਰੇਸ਼ਮ ਸਿੰਘ ਦੀ ਸਫਾਈ ਭਾਈ ਰਾਜੋਆਣਾ ਦੇ ਜਿਉਂਦੇ ਜੀਅ ਦੇਣੀ ਜਰੂਰੀ ਹੋ ਗਈ ਸੀ ਤਾਂ ਭਾਈ ਰਾਜੋਆਣਾ ਨੂੰ ਵੀ ਪੂਰਨ ਹੱਕ ਹੈ ਕਿ ਉਹ ਆਪਣੇ ਜਿਉਂਦੇ ਜੀਅ ਸੱਚ ਦੁਨੀਆਂ ਦੇ ਸਾਹਮਣੇ ਲੈ ਕੇ ਆਵੇ। ਹੁਣ ਤੱਕ ਸੱਚ ਦਾ ਬਹੁਤ ਵੱਡਾ ਹਿੱਸਾ ਬਾਹਰ ਆ ਚੁੱਕਾ ਹੈ, ਸੋ ਲੋੜ ਇਹ ਹੈ ਕਿ ਸਿਰਫ ਆਪਣੀ ਸਫਾਈ ਦੇਣ ਦੀ ਥਾਂ ਸੱਚ ਨੂੰ ਸਵੀਕਾਰਣ ਦੀ ਖੁਲ੍ਹਦਿਲੀ ਵਿਖਾਈ ਜਾਵੇ।

ਅਣਜਾਣੇ ਵਿੱਚ ਹੋਈ ਭੁੱਲ ਚੁੱਕ ਦੀ ਮੁਆਫੀ ਮੰਗਦਾ ਹੋਇਆ ਆਪ ਜੀ ਦਾ ਵੀਰ ਅਤੇ ਪੰਥ ਦਾ ਦਾਸ
ਕਿਰਪਾਲ ਸਿੰਘ ਬਠਿੰਡਾ
(ਮੋਬ:) +919855480797, (ਘਰ)+91-164-2210797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top