Share on Facebook

Main News Page

ਪ੍ਰੈਸ ਨੋਟ
ਦਿੱਲੀ ਦਾ ਦਿਲ ਦਹਿਲਾਉਣ ਲਈ ਸਿੱਖ ਸੰਗਤ ਪਹਿਲਾਂ ਵਾਂਗ ਹੀ ਤਿਆਰ ਰਹੇ: ਸਿੱਖ ਸਘੰਰਸ਼ ਮੋਰਚਾ

ਲੁਧਿਆਣਾ, 14 ਅਪ੍ਰੈਲ ( ) ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਸਿੱਖ ਸਘੰਰਸ਼ ਮੋਰਚਾ ਦੀ ਅੱਠ ਮੈਂਬਰੀ ਕਮੇਟੀ ਦੇ ਕੁਝ ਮੈਂਬਰਾਂ ਦੀ ਜੇਲ ਵਿਚੋਂ ਰਿਹਾਈ ਹੋਣ ਉਪਰੰਤ ਪਹਿਲੀ ਮੀਟਿੰਗ ਹੋਈ, ਜਿਸ ਦੀ ਅਰੰਭਤਾ ਤੋਂ ਪਹਿਲਾਂ ਕੌਮੀ ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿਧਵਾਂ (ਗੁਰਦਾਸਪੁਰ) ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਮੂਲਮੰਤਰ ਦਾ ਪਾਠ ਕਰਕੇ ਸ਼ਰਧਾਂਜਲੀ ਅਰਪਨ ਕੀਤੀ ਗਈ।

ਪਹਿਲੇ ਮਤੇ ਰਾਹੀਂ ਕਮੇਟੀ ਵੱਲੋਂ ਜ਼ਿੰਦਾ ਸ਼ਹੀਦ ਭਾਈ ਰਾਜੋਆਣਾ ਦੀ ਫਾਂਸੀ ਦੇ ਵਿਰੁਧ 28 ਮਾਰਚ ਦੇ ਲਾਮਿਸਾਲ ਤੇ ਮੁਕੰਮਲ ਪੰਜਾਬ ਬੰਦ ਲਈ ਸਮੁਚੀ ਸਿੱਖ ਕੌਮ ਅਤੇ ਸ਼ਿਵ ਸੈਨਾਂ ਦੇ ਕੁਝ ਹੁਲੜਬਾਜਾਂ ਨੂੰ ਛੱਡ ਕੇ ਸਾਰੇ ਪੰਜਾਬੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ।

ਦੂਜੇ ਮਤੇ ਰਾਹੀਂ ਸਮੁਚੀ ਸਿੱਖ ਕੌਮ ਤੇ ਸਾਰੇ ਮਾਨਵ-ਦਰਦੀ ਭੈਣ ਭਰਾਵਾਂ ਨੂੰ ਸੁਚੇਤ ਕਰਦਿਆਂ ਆਖਿਆ ਗਿਆ ਤੁਹਾਡੇ ਵੱਲੋਂ ਇੱਕ-ਮੁੱਠ ਹੋ ਕੇ ਕੀਤੇ ਸਘੰਰਸ਼ ਦੇ ਸਿੱਟੇ ਵਜੋਂ ਕੌਮੀ ਹੀਰੇ ਭਾਈ ਰਾਜੋਆਣਾ ਦੀ ਫਾਂਸੀ ’ਤੇ ਭਾਵੇਂ ਆਰਜ਼ੀ ਰੋਕ ਲੱਗ ਗਈ ਹੈ, ਪਰ ਉਸ ਦੇ ਸਿਰ ਤੇ ਫਾਂਸੀ ਦੀ ਤਲਵਾਰ ਓਵੇਂ ਹੀ ਲਟਕ ਰਹੀ ਹੈ । ਕਿਉਂਕਿ, ਸਰਕਾਰ ਦੀ ਨੀਯਤ ਠੀਕ ਨਹੀਂ ਜਾਪਦੀ । ਇਸ ਲਈ ਕਿਸੇ ਵੇਲੇ ਵੀ ਕੋਈ ਐਸੀ ਅਣਿਕਿਆਸੀ ਦੁਰਘਟਨਾ ਹੋਣ ਦਾ ਭਿਆਨਕ ਸਮਾਂ ਅਉਂਦਾ ਹੈ ਤਾਂ ਦਿੱਲੀ ਤਖ਼ਤ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਸਾਰੀ ਕੌਮ ਪਹਿਲਾਂ ਵਾਂਗ ਹੀ ਤਿਆਰ ਰਹੇ । ਸਿੱਖ ਸਘੰਰਸ਼ ਮੋਰਚਾ ਸਾਰੀ ਸਥਿਤੀ ਨੂੰ ਬਾਜ਼ ਅੱਖ ਨਾਲ ਵਾਚ ਰਿਹਾ ਹੈ, ਆਪ ਨੂੰ ਸਮੇਂ ਸਿਰ ਸੂਚਿਤ ਕੀਤਾ ਜਾਏਗਾ।

ਤੀਜੇ ਮਤੇ ਵਿੱਚ ਆਸ ਪ੍ਰਗਟ ਕੀਤੀ ਕਿ ਭਾਈ ਰਾਜੋਆਣੇ ’ਤੇ ਪ੍ਰੋਫੈਸਰ ਭੁੱਲਰ ਸਮੇਤ ਬਾਕੀ ਦੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਚੋਂ ਰਿਹਾਅ ਕਰਵਾਉਣ ਲਈ ਉਲੀਕੇ ਜਾ ਰਹੇ ਪ੍ਰੋਗਰਾਮ ਲਈ ਸਾਰੀਆਂ ਸਿੱਖ ਜਥੇਬੰਦੀਆਂ ਪਹਿਲਾਂ ਵਾਂਗ ਹੀ ਭਵਿਖ ਵਿੱਚ ਇੱਕ-ਮੁਠਤਾ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਸਹਿਯੋਗੀ ਹੁੰਦੀਆਂ ਰਹਿਣ ਗੀਆਂ । ਸਿੱਖ ਸਘੰਰਸ਼ ਮੋਰਚਾ ਯਤਨਸ਼ੀਲ ਹੈ ਕਿ ਸਮੁਚਾ ਪੰਥ ਇੱਕ ਪਲੇਟਫਾਰਮ ’ਤੇ ਇਕੱਠਾ ਹੋ ਕੇ ਇੱਕੋ ਖ਼ਾਲਸਈ ਝੰਡੇ ਹੇਠ ਸਘੰਰਸ਼ ਕਰਦਾ ਹੋਇਆ ਕੌਮੀ ਅਜ਼ਾਦੀ ਦੇ ਨਿਸ਼ਾਨੇ ਵੱਲ ਵਧੇ।

ਚੌਥੇ ਮਤੇ ਵਿੱਚ ਕੇਂਦਰੀ ਸਰਕਾਰ ਦੀ ਕੈਬਨਿਟ ਵੱਲੋਂ ਸਿੱਖ ਅਨੰਦ ਕਾਰਜ ਮੈਰਿਜ ਐਕਟ ਨੂੰ ਪਾਰਲੀਮੈਂਟ ਵਿੱਚ ਪੇਸ਼ ਕਰਨ ਦੇ ਫੈਸਲੇ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਆਖਿਆ ਕਿ ਇਸ ਮਤੇ ਦੀ ਪ੍ਰਵਾਨਗੀ ਹੋਣ ਨਾਲ ਸੰਵਿਧਾਨ ਵਿਚ ਸਿੱਖ ਕੌਮ ਦੀ ਵਖਰੀ ਹੋਂਦ ਸਥਾਪਤ ਹੋ ਜਾਏਗੀ । ਪਰ, ਇਸ ਦੇ ਨਾਲ ਇਹ ਵੀ ਹੋਰ ਵੀ ਜਰੂਰੀ ਹੈ ਕਿ ਸੰਵਿਧਾਨ ਦੀ ਧਾਰਾ 25 ਦੀ ਵੀ ਸੋਧ ਕੀਤੀ ਜਾਵੇ।

ਪੰਜਵੇਂ ਮਤੇ ਰਾਹੀਂ ਭਾਈ ਰਾਜੋਆਣਾ ਬਚਾਓ ਸਘੰਰਸ਼ ਵਿੱਚ ਲੁਧਿਆਣੇ ਦੀ ਜੇਲ ਵਿੱਚ ਬੰਦ ਭਾਈ ਦਲਜੀਤ ਸਿੰਘ ਬਿੱਟੂ, ਭਾਈ ਗੁਰਦੀਪ ਸਿੰਘ ਗੋਸ਼ਾ ਅਤੇ ਜਥੇਦਾਰ ਜਸਵਿੰਦਰ ਸਿੰਘ ਬਲੀਏਵਾਲ ਨੂੰ ਜਲਦੀ ਰਿਹਾਅ ਕੀਤਾ ਜਾਏ । ਐਸਾ ਨਾ ਹੋਵੇ ਕਿ ਇਸ ਲਈ ਸਾਨੂੰ ਕੋਈ ਵਿਸ਼ੇਸ਼ ਕਨੂੰਨੀ ਲੜਾਈ ਲੜਣੀ ਪਵੇ । ਕਮੇਟੀ ਸਮਝਦੀ ਹੈ ਕਿ ਪੰਜਾਬ ਸਰਕਾਰ ਨੇ ਬਿਨ੍ਹਾਂ ਕਾਰਨ ਸੈਂਕੜੇ ਸਿੱਖ ਵਰਕਰਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਲੋਕਤੰਤਰ ਦਾ ਕਤਲ ਕੀਤਾ ਹੈ।

ਜਾਰੀ ਕਰਤਾ: ਸਿੱਖ ਸਘੰਰਸ਼ ਮੋਰਚਾ ਅੱਠ ਮੈਂਬਰੀ ਕਮੇਟੀ ਮੈਂਬਰ ਭਾਈ ਜਗਤਾਰ ਸਿੰਘ ਜਾਚਕ, ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਗੁਰਇੰਦਰਪਾਲ ਸਿੰਘ ਧਨੌਲਾ, ਭਾਈ ਜਸਵੀਰ ਸਿੰਘ ਖੰਡੂਰ, ਭਾਈ ਬਲਵਿੰਦਰ ਸਿੰਘ ਭੁੱਲਰ, ਭਾਈ ਸੂਰਤ ਸਿੰਘ ਖ਼ਾਲਸਾ ਤੇ ਭਾਈ ਪਰਮਜੀਤ ਸਿੰਘ ਸਹੌਲੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top