Share on Facebook

Main News Page

ਆਨੰਦ ਮੈਰਿਜ਼ ਐਕਟ ਦੀ ਸੋਧ ਦੇ ਬਹਾਨੇ, ਭਾਰਤ ਸਰਕਾਰ ਦਾ ਸਿੱਖਾਂ ਨਾਲ ਫਰੇਬ: ਦਲ ਖਾਲਸਾ ਅਲਾਇੰਸ

ਬਠਿੰਡਾ, 17 ਅਪ੍ਰੈਲ (ਕਿਰਪਾਲ ਸਿੰਘ): ਪਰਮਜੀਤ ਸਿੰਘ ਸੇਖੋਂ (ਦਾਖਾ) ਪ੍ਰਧਾਨ ਦਲ ਖਾਲਸਾ ਅਲਾਇੰਸ ਨੇ ਈਮੇਲ ਰਾਹੀਂ ਭੇਜੇ ਗਏ ਇੱਕ ਪ੍ਰੈੱਸ ਨੋਟ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਦੀ ਕੈਬਨਿਟ ਵੱਲੋਂ ਆਨੰਦ ਮੈਰਿਜ਼ ਐਕਟ 1909 ਵਿੱਚ ਸੋਧ ਕਰਨ ਦੀ ਪ੍ਰਵਾਨਗੀ ਉੱਤੇ ਦਲ ਖਾਲਸਾ ਅਲਾਇੰਸ ਸਮਝਦਾ ਹੈ ਕਿ ਭਾਰਤ ਸਰਕਾਰ ਚਾਣਕੀਆ ਨੀਤੀ ਦੇ ਤਹਿਤ ਬਿਲ ਦੀ ਸੋਧ ਦੇ ਖਰੜੇ ਦੀ ਕੋਈ ਜਾਣਕਾਰੀ ਪਬਲਿਕ ਨੂੰ ਦਿਖਾਏ ਬਿਨਾਂ ਅਤੇ ਬਗੈਰ ਸਿੱਖਾਂ ਦੇ ਪ੍ਰਤੀਕਰਮ ਜਾਣੇ ਬਿਨਾਂ, ਚੋਰੀ ਛਿੱਪੇ ਜੋ ਕਾਨੂੰਨ ਬਣਾਉਣ ਜਾ ਰਹੀ ਹੈ ਉਹ ਹਿੰਦੂਸਤਾਨੀ ਸਿਸਟਮ ਵੱਲੋਂ ਸਿੱਖਾਂ ਨਾਲ ਇੱਕ ਹੋਰ ਫਰੇਬ ਹੈ। ਆਪਣੀ ਮਰਜ਼ੀ ਦੇ ਕਾਨੂੰਨ ਪਾਸ ਕਰਕੇ ਭਾਰਤ ਸਰਕਾਰ ਇਹ ਗੱਲ ਸਿੱਖਾਂ ਨੂੰ ਦੁਬਾਰਾ ਸਮਝਾ ਰਹੀ ਹੈ ਕਿ ਸਿੱਖ ਭਾਰਤ ਅੰਦਰ ਹਿੰਦੂਸਤਾਨੀ ਸਿਸਟਮ ਦੇ ਗੁਲਾਮ ਹਨ।

ਪਰਮਜੀਤ ਸਿੰਘ ਸੇਖੋਂ ਨੇ ਕਿਹਾ ਕਿ ਜਿੰਨੀ ਕੁ ਜਾਣਕਾਰੀ ਹਾਸਲ ਹੋਈ ਹੈ, ਉਸ ਅਨੁਸਾਰ ਸਿਰਫ ਸਿੱਖਾਂ ਦੇ ਵਿਆਹ ਦੀ ਰਜਿਸਟਰੇਸ਼ਨ ਹੀ ਵੱਖਰੀ ਹੋਵੇਗੀ ਜਦ ਕਿ ਵਿਆਹ ਤੋਂ ਬਾਅਦ, ਸਿੱਖਾਂ ਦੇ ਤਲਾਕ ਸਬੰਧੀ, ਬੱਚਾ ਗੋਦ ਲੈਣ ਸਬੰਧੀ, ਜ਼ਮੀਨ ਦੀ ਵੰਡ ਸਬੰਧੀ, ਸਿੱਖਾਂ ਦੀ ਵਿਰਾਸਤ ਸਬੰਧੀ, ਅਤੇ ਇਸ ਤਰ੍ਹਾਂ ਦੀਆਂ ਅਨੇਕਾਂ ਹੋਰ ਗੱਲਾਂ ਲਈ ਸਿੱਖਾਂ ਨੂੰ ਆਪਣੇ ਆਪ ਨੂੰ ਹਿੰਦੂ ਮੈਰਿਜ ਐਕਟ ਦੀ ਸ਼ਰਨ ਵਿੱਚ ਜਾਣਾ ਪਵੇਗਾ ਜਾਂ ਦੂਸਰੇ ਸ਼ਬਦਾਂ ਵਿੱਚ ਆਪਣੇ ਆਪ ਨੂੰ ਹਿੰਦੂ ਅਖਵਾਉਣਾ ਪਵੇਗਾ। ਉਨ੍ਹਾਂ ਕਿਹਾ ਦਲ ਖਾਲਸਾ ਅਲਾਇੰਸ ਮੰਗ ਕਰਦਾ ਹੈ, ਜੇ ਸੱਚ ਮੁੱਚ ਹੀ ਭਾਰਤ ਸਰਕਾਰ ਨੇ ਸਿੱਖਾਂ ਲਈ ਕੋਈ ਕਾਨੂੰਨ ਬਣਾਉਣਾ ਹੈ ਤਾਂ ਪੂਰਾ ਐਕਟ ਬਣਾਇਆ ਜਾਵੇ ਅਤੇ ਨਾਮ ਰੱਖਿਆ ਜਾਵੇ “ਸਿੱਖ ਮੈਰਿਜ ਐਕਟ” ਜਿਵੇਂ ਪਾਕਿਸਤਾਨ ਸਰਕਾਰ ਨੇ ਬਣਾਇਆ ਹੈ। ਜਾਂ ਮੌਜੂਦਾ ਹਿੰਦੂ ਮੈਰਿਜ ਐਕਟ ਦਾ ਹੀ ਨਾਮ ਬਦਲ ਕੇ ਇੰਡੀਅਨ ਮੈਰਿਜ ਐਕਟ ਕੀਤਾ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top