Share on Facebook

Main News Page

ਵੀਰ ਰੇਸ਼ਮ ਸਿੰਘ ਬੱਬਰ ਜੀ ਨੂੰ ਖ਼ੱਤ

ਸਤਿਕਾਰਯੋਗ ਵੀਰ ਰੇਸ਼ਮ ਸਿੰਘ ਬੱਬਰ ਸਾਹਿਬ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਇਸ ਸਮੇਂ ਤੁਹਾਡੇ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਿੱਚਕਾਰ ਜੋ ਵਿਵਾਦ ਚੱਲ ਰਿਹਾ ਹੈ ਇਹ ਪੰਥ ਲਈ ਸਿੱਖਾਂ ਦੇ ਕਤਲੇਆਮ ਜਿੰਨਾਂ ਹੀ ਦੁਖਦਾਈ ਜਾਪਦਾ ਹੈ। ਮੈਨੂੰ ਜੋ ਹੁਣ ਤੱਕ ਸਮਝ ਆਇਆ ਹੈ, ਇਸ ਵਿਵਾਦ ਦਾ ਮੂਲ ਕਾਰਣ ਹੈ- ਭਾਈ ਰਾਜੋਆਣਾ ਦਾ ਇਹ ਸ਼ੱਕ:

(1) ਤੁਹਾਡਾ ਬਲੈਕ ਕੈਟਾਂ ਨਾਲ ਮਿਲੇ ਹੋਣਾ।

(2) ਤੁਹਾਡੀ ਜਥੇਬੰਦੀ ਵਲੋਂ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਨੂੰ ਘੱਟੇ ਰੋਲਣਾ ਤੇ ਦੂਸਰਿਆਂ ਦੀਆਂ ਕੁਰਬਾਨੀਆਂ ਦਾ ਸਾਰਾ ਸਿਹਰਾ ਆਪਣੇ ਸਿਰ ਬੰਨ੍ਹਣ ਦਾ ਯਤਨ ਕਰਨਾ।

ਜਦੋਂ ਕਿ ਤੁਹਾਡਾ ਕਹਿਣਾ ਹੈ ਕਿ ਸਿੱਖ ਸੰਘਰਸ਼ ਨੂੰ ਖ਼ਤਮ ਕਰਨ ਲਈ ਪੰਥ ਨੂੰ ਵਿਵਾਦ ਵਿੱਚ ਉਲਝਾਉਣ ਹਿੱਤ ਭਾਈ ਰਾਜੋਆਣਾ ਅਜੇਹੇ ਦੋਸ਼ ਭਾਰਤੀ ਏਜੰਸੀਆਂ ਦੇ ਹੱਥ ਚੜ੍ਹ ਕੇ ਲਾ ਰਿਹਾ ਹੈ।

ਗੱਲ ਸ਼ੁਰੂ ਕਰਨ ਲਈ ਇਹ ਮੰਨਿਆ ਜਾ ਸਕਦਾ ਹੈ ਕਿ ਭਾਈ ਰਾਜੋਆਣਾ ਦਾ ਸ਼ੱਕ ਬਿਲਕੁਲ ਨਿਰਮੂਲ ਹੋ ਸਕਦਾ ਹੈ। ਪਰ ਇਸ ਸ਼ੱਕ ਦੇ ਸੱਚੇ ਜਾਂ ਜੂਠੇ ਹੋਣ ਦੀ ਸਚਾਈ ਤੁਹਾਡੇ ਨਾਲੋਂ ਵੱਧ ਹੋਰ ਕੋਈ ਨਹੀਂ ਜਾਣ ਸਕਦਾ। ਇਸ ਲਈ ਮੈਂ ਆਪਣਾ ਕੋਈ ਫੈਸਲਾ ਨਹੀਂ ਠੋਸਣਾ ਚਾਹੁੰਦਾ ਪਰ ਤੁਹਾਨੂੰ ਇਹ ਬੇਨਤੀ ਜਰੂਰ ਕਰਨਾ ਚਾਹੁੰਦਾ ਹਾਂ ਕਿ ਭਾਈ ਰਾਜੋਆਣਾ ਦੇ ਮਨ ਵਿੱਚ ਜਦੋਂ ਇਹ ਸ਼ੱਕ ਪੈਦਾ ਹੋਇਆ, ਉਹ ਤਾਂ ਉਸ ਸਮੇਂ ਤੋਂ ਹੀ ਜੇਲ੍ਹ ਵਿੱਚ ਹਨ। ਇਸ ਲਈ ਉਹ ਇਸ ਸ਼ੱਕ ਨੂੰ ਦੂਰ ਕਰਨ ਲਈ ਆਪਣੇ ਤੌਰ ’ਤੇ ਕੋਈ ਕਾਰਵਾਈ ਨਹੀਂ ਸਨ ਕਰ ਸਕਦੇ। ਨਾ ਹੀ ਉਨ੍ਹਾਂ ਦੀ ਕੋਈ ਜਥੇਬੰਦੀ ਹੈ ਜਿਹੜੀ ਇਸ ਸ਼ੱਕ ਨੂੰ ਦੂਰ ਕਰਕੇ ਪੰਥ ਵਿੱਚ ਵਿਵਾਦ ਪੈਦਾ ਕਰਨ ਵਾਲੀ ਭਾਰਤੀ ਏਜੰਸੀ ਦੇ ਮਨਸੂਬੇ ਫੇਲ੍ਹ ਕਰ ਸਕਦੀ ਹੋਵੇ। ਪਰ ਦੂਸਰੇ ਪਾਸੇ ਤੁਸੀਂ ਤਾਂ ਬਿਲਕੁਲ ਆਜਾਦ ਹੋ; ਬਹੁਤ ਦੂਰ ਅੰਦੇਸ਼ੀ ਵਾਲੀ ਤੁਹਾਡੀ ਜਥੇਬੰਦੀ ਵੀ ਹੈ। ਤੁਹਾਡੇ ਕੋਲ 16 ਸਾਲ ਦਾ ਲੰਬਾ ਸਮਾ ਸੀ ਕਿ ਕਿਸੇ ਭਰੋਸੇਮੰਦ ਵਿਅਕਤੀ ਨੂੰ ਨਿਜੀ ਤੌਰ ’ਤੇ ਭਾਈ ਰਾਜੋਆਣਾ ਨੂੰ ਜੇਲ੍ਹ ਵਿੱਚ ਮੁਲਾਕਾਤ ਕਰਕੇ ਜਾਂ ਉਸ ਦੀ ਭੈਣ ਬੀਬੀ ਕਮਲਦੀਪ ਕੌਰ ਜਿਸ ਨੂੰ ਉਨ੍ਹਾਂ ਨੇ ਲੋੜ ਪੈਣ ’ਤੇ ਆਪਣੀ ਥਾਂ ਕੋਈ ਬਿਆਨ ਦੇਣ ਦੇ ਅਧਿਕਾਰ ਦਿੱਤੇ ਹਨ, ਨੂੰ ਨਿਜੀ ਤੌਰ ’ਤੇ ਮਿਲ ਕੇ ਭਾਈ ਸਾਹਿਬ ਦਾ ਇਹ ਸ਼ੱਕ ਜਾਂ ਗਲਤ ਫ਼ਹਿਮੀ ਦੂਰ ਕਰ ਸਕਦੇ ਸੀ। ਕੀ ਕਦੇ ਤੁਸੀਂ ਜਾਂ ਤੁਹਾਡੇ ਜਥੇਬੰਦੀ ਵਲੋਂ ਹੁਣ ਤੱਕ ਕੋਈ ਐਸਾ ਯਤਨ ਕੀਤਾ ਗਿਆ ਹੈ? ਜੇ ਨਹੀਂ, ਤਾਂ ਕਿਉਂ ਨਹੀਂ? ਇਸ ਗਲਤ ਫ਼ਹਿਮੀ ਨੂੰ ਦੂਰ ਕਰਨ ਦੀ ਥਾਂ ਇਸ ਨੂੰ ਲਗਾਤਾਰ ਨਜ਼ਰਅੰਦਾਜ਼ ਕਰਕੇ ਉਸ ਮੌਕੇ ਜਦੋਂ ਸੰਘਰਸ਼ ਦੇ ਮੁੜ ਸੁਰਜੀਤ ਹੋਣ ਦੀਆਂ ਸੰਭਾਵਨਾਵਾਂ ਬਣੀਆਂ, ਐਨ ਮੌਕੇ ’ਤੇ ਇਸ ਸ਼ੱਕ ਨੂੰ ਦੋਸ਼ਾਂ ਤੇ ਪ੍ਰਤੀ ਦੋਸ਼ਾਂ ਵਿੱਚ ਬਦਲਣ ਦਾ ਜਿੰਮੇਵਾਰ ਕੌਣ ਹੈ?

ਵੀਰ ਜੀ, ਮੈਂ ਆਪ ਜੀ ਨੂੰ ਸਪਸ਼ਟ ਕਰ ਦੇਵਾਂ ਕਿ ਬੇਸ਼ੱਕ ਮੈਂ ਬੱਬਰ ਖ਼ਾਲਸਾ ਦੇ ਕਿਸੇ ਵੀ ਸਰਗਰਮ ਜਾਂ ਸਧਾਰਣ ਮੈਂਬਰ ਨੂੰ ਨਿਜੀ ਤੌਰ ’ਤੇ ਨਹੀਂ ਜਾਣਦਾ ਪਰ ਫਿਰ ਵੀ ਸਿੱਖ ਹੋਣ ਦੇ ਨਾਤੇ ਮੈਂ ਇਸ ਜਥੇਬੰਦੀ ਦਾ ਦਿਲੋਂ ਸਤਿਕਾਰ ਕਰਦਾ ਹਾਂ ਤੇ ਇਹ ਸਮਝਦਾ ਹਾਂ ਕਿ ਬਾਕੀ ਜਥੇਬੰਦੀਆਂ ਦੇ ਮੁਕਾਬਲੇ ’ਤੇ ਇਸ ਦੇ ਮੈਂਬਰ ਉਚੇ ਕਿਰਦਾਰ ਤੇ ਵੱਧ ਕੌਮੀ ਜ਼ਜ਼ਬੇ ਦੇ ਮਾਲਕ ਹਨ। ਦੂਸਰੇ ਪਾਸੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਬੇਸ਼ੱਕ ਆਪਣੀ ਸਰੀਰਕ ਮੌਤ ਤੋਂ ਬਿਲਕੁਲ ਬੇਖੌਫ ਹੋ ਕੇ ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਅਤੇ ਜੁਲਮ ਤੇ ਬੇਇਨਸਾਫੀ ਅੱਗੇ ਝੁਕਣ ਦੀ ਥਾਂ ਉਸ ਵਿਰੁਧ ਜੋਰਦਾਰ ਆਵਾਜ ਬੁਲੰਦ ਕਰਦੇ ਹੋਏ ਸਿੱਖਾਂ ਲਈ ਇਨਸਾਫ ਤੇ ਅਜਾਦੀ ਦੀ ਮੰਗ ਲਈ ਪਿਛਲੇ 17 ਸਾਲਾਂ ਤੋਂ ਉਸੇ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਹਨ। ਇਸ ਦੇ ਬਾਵਯੂਦ ਮੀਡੀਏ ਦੀ ਘਾਟ ਜਾਂ ਉਨ੍ਹਾਂ ਦੀ ਆਪਣੀ ਜਥੇਬੰਦੀ ਦੀ ਅਣਹੋਂਦ ਕਾਰਣ ਆਮ ਲੋਕਾਂ ਦੀ ਤਰ੍ਹਾਂ ਮੈਂ ਵੀ ਉਨ੍ਹਾਂ ਦੀ ਇਸ ਕਠਿਨ ਘਾਲਣਾ ਅਤੇ ਦ੍ਰਿੜਤਾ ਤੋਂ ਬਹੁਤਾ ਵਾਕਫ ਨਹੀ ਸੀ ਹੋ ਸਕਿਆ। ਪਰ ਪਿਛਲੇ ਚਾਰ ਹਫਤਿਆਂ ਤੋਂ ਲਗਾਤਾਰ ਜਿਉਂ ਜਿਉਂ ਉਨ੍ਹਾਂ ਦੀਆਂ ਜੇਲ੍ਹ ਚਿੱਠੀਆਂ ਅਤੇ ਉਨ੍ਹਾਂ ਵੱਲੋਂ ਅਦਾਲਤਾਂ ਵਿੱਚ ਦਿੱਤੇ ਗਏ ਬਿਆਨ ਪੜ੍ਹੇ ਤਾਂ ਸਿਰਫ ਮੈਂ ਹੀ ਨਹੀਂ ਬਲਕਿ ਸਮੁਚੀ ਦੁਨੀਆਂ ਦੇ ਲੋਕ ਉਨ੍ਹਾਂ ਦੀ ਸੋਚ ਅੱਗੇ ਸਿਜਦਾ ਕਰਦੇ ਅਸ਼ ਅਸ਼ ਕਰ ਉਠੇ। ਇਹੋ ਕਾਰਣ ਹੈ ਕਿ 1978 ਤੋਂ ਬਾਅਦ ਸ਼ੁਰੂ ਹੋਏ ਤੇ ਮੌਜੂਦਾ ਸਮੇਂ ਤਕਰੀਬਨ ਨਿਰਜਿੰਦ ਹੋਏ ਕੌਮੀ ਸੰਘਰਸ਼ ਨੇ ਮੁੜ ਅੰਗੜਾਈ ਲਈ ਤੇ ਬਿਨਾਂ ਕਿਸੇ ਆਗੂ ਅਤੇ ਪਲੈਨਿੰਗ ਦੇ ਵੱਖ ਵੱਖ ਜਥੇਬੰਦੀਆਂ ਵਿੱਚ ਬੁਰੀ ਤਰ੍ਹਾਂ ਵੰਡੇ ਸਿੱਖ ਉਨ੍ਹਾਂ ਦੀ ਇੱਕ ਆਵਾਜ਼ ’ਤੇ ਕੇਸਰੀ ਨਿਸ਼ਾਨ ਸਾਹਿਬ ਹੱਥਾਂ ਵਿੱਚ ਫੜ ਕੇ ਆਪ ਮੁਹਾਰੇ ਸੜਕਾਂ ’ਤੇ ਉਤਰ ਆਏ ਤੇ ਪੰਥਕ ਏਕਤਾ ਦਾ ਸਬੂਤ ਦਿੱਤਾ।

ਇਸ ਦਾ ਅਸਰ ਇਹ ਹੋਇਆ ਕਿ ਜਿਹੜੀ ਕੇਂਦਰੀ ਸਰਕਾਰ ਹੁਣ ਤੱਕ ਸਿੱਖਾਂ ਦੀ ਕਿਸੇ ਵੀ ਮੰਗ ਅੱਗੇ ਟੱਸ ਤੋਂ ਮੱਸ ਨਹੀਂ ਸੀ ਹੁੰਦੀ ਉਸ ਨੂੰ ਦੋ ਹਫਤੇ ਦੇ ਸਮੇਂ ਵਿੱਚ ਹੀ ਸਿੱਖਾਂ ਦੀ ਜਾਇਜ਼ ਮੰਗ ਅੱਗੇ ਝੁਕਣ ਲਈ ਮਜ਼ਬੂਰ ਹੋਣਾ ਪਿਆ ਤੇ ਬੇਸ਼ੱਕ ਆਰਜੀ ਤੌਰ ’ਤੇ ਹੀ ਸਹੀ ਪਰ ਪਹਿਲੀ ਵਾਰ ਅਦਾਲਤੀ ਹੁਕਮਾਂ ਨੂੰ ਵੀ ਨਜ਼ਰਅੰਦਾਜ਼ ਕਰਕੇ ਭਾਈ ਰਾਜੋਆਣਾ ਨੂੰ 31 ਮਾਰਚ 2012 ਨੂੰ ਦਿੱਤੀ ਜਾਣ ਵਾਲੀ ਫਾਂਸੀ ’ਤੇ ਰੋਕ ਲਾਉਣੀ ਪਈ। ਇਹ ਕੋਈ ਘੱਟ ਪ੍ਰਾਪਤੀ ਨਹੀਂ ਸੀ। ਹੁਣ ਕੁਝ ਆਸ ਦੀ ਕਿਰਣ ਵਿਖਾਈ ਦੇਣ ਲੱਗ ਪਈ ਸੀ ਕਿ ਸਿੱਖਾਂ ਨੂੰ ਕੁਝ ਨਾ ਕੁਝ ਇਨਸਾਫ਼ ਜਰੂਰ ਮਿਲੇਗਾ। ਪਰ ਇਹ ਆਸ ਬਝਦਿਆਂ ਹੀ ਇਸ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਦੋ ਸਤਿਕਾਰਤ ਹਸਤੀਆਂ ਭਾਈ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਤੁਹਾਡੀ ਜਥੇਬੰਦੀ ਵਿਚਕਾਰ ਵਿਵਾਦ ਭਖ ਪਿਆ। ਜੇ ਮੈਂ ਸੱਚ ਕਹਿ ਦਿਆਂ ਤਾਂ ਬੁਰਾ ਨਾ ਮੰਨਣਾ ਕਿ ਇਸ਼ਤਿਹਾਰ ਦੇ ਰੂਪ ਵਿੱਚ 11 ਅਪ੍ਰੈਲ ਨੂੰ ਤੁਹਾਡੇ ਵੱਲੋਂ ਦਿੱਤੇ ਗਏ ਸਪਸ਼ਟੀਕਰਣ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਤੁਹਾਡਾ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਭਾਰਤੀ ਏਜੰਸੀਆਂ ਸਿੱਖ ਸੰਘਰਸ਼ ਨੂੰ ਖ਼ਤਮ ਕਰਨ ਲਈ ਪੰਥ ਨੂੰ ਵਿਵਾਦਾਂ ਵਿੱਚ ਉਲਝਾ ਰਹੀਆਂ ਹਨ। ਪਰ ਹਮੇਸ਼ਾਂ ਦੂਸਰੀ ਧਿਰ ਨੂੰ ਭਾਰਤੀ ਏਜੰਸੀਆਂ ਦਾ ਏਜੰਟ ਦੱਸਣ ਨਾਲ ਮਸਲੇ ਦਾ ਹੱਲ ਨਹੀਂ ਹੋਣਾ। ਲੋੜ ਹੈ, ‘ਜਨ ਨਾਨਕ, ਬਿਨੁ ਆਪਾ ਚੀਨੈ, ਮਿਟੈ ਨ ਭ੍ਰਮ ਕੀ ਕਾਈ ॥2॥1॥’ (ਧਨਾਸਰੀ ਮ: 9, ਗੁਰੂ ਗ੍ਰੰਥ ਸਾਹਿਬ - ਪੰਨਾ 684) ਤੋਂ ਸੇਧ ਲੈਂਦੇ ਹੋਏ ਆਪਣੇ ਆਪ ਦੀ ਪੜਚੋਲ ਕਰਨ ਦੀ ਕਿ ਕਦੀ ਮੈਨੂੰ ਹੀ ਏਜੰਸੀਆਂ ਨੇ ਆਪਣੇ ਕੁਹਾੜੇ ਦਾ ਦਸਤਾ ਤਾਂ ਨਹੀਂ ਬਣਾ ਲਿਆ।

ਤੁਹਾਡੇ ਦੋਵਾਂ ਧਿਰਾਂ ਵੱਲੋਂ ਲੱਖਾਂ ਰੁਪਏ ਦੇ ਕੇ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਉਸੇ ਤਰ੍ਹਾਂ ਕੌਮੀ ਸ਼ਰਮਾਏ ਦਾ ਉਜਾੜਾ ਤੇ ਕੌਮੀ ਫੁਟ ਦਾ ਕਾਰਣ ਹੈ, ਜਿਵੇਂ ਇਹ ਸਮਝਦੇ ਹੋਏ ਵੀ ਕਿ ਭਾਰਤੀ ਨਿਆਂਪ੍ਰਣਾਲੀ ਘੱਟ ਗਿਣਤੀਆਂ ਨੂੰ ਕਦੀ ਵੀ ਇਨਸਾਫ਼ ਨਹੀਂ ਦੇਵੇਗੀ ਪਰ ਇਸ ਦੇ ਬਾਵਯੂਦ ਵਕੀਲਾਂ ਦੇ ਪੈਨਲ ਬਣਾ ਕੇ ਕਰੋੜਾਂ ਰੁਪਏ ਖਰਚ ਕੇ ਕੌਮੀ ਸ਼ਰਮਾਏ ਦਾ ਉਜਾੜਾ ਕੀਤਾ ਜਾ ਰਿਹਾ ਹੈ। ਯਾਦ ਰੱਖੋ ਜਿਸ ਅਖ਼ਬਾਰ ਵਿੱਚ ਤੁਸੀਂ ਇਸ਼ਤਿਹਾਰ ਛਪਵਾਇਆ ਹੈ ਇਹ ਉਸੇ ਤਰ੍ਹਾਂ ਮਾਇਆ ਦਾ ਵਾਪਾਰੀ ਹੈ ਜਿਸ ਤਰ੍ਹਾਂ ਦੇ ਕਾਲੇ ਕੋਟਾਂ ਵਾਲੇ ਮਾਇਆ ਦੇ ਵਾਪਾਰੀ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਦੂਜੇ ਵਿਰੁੱਧ ਇਲਜ਼ਾਮ ਸਾਜ਼ੀ ਕਰਦੇ ਇਸ਼ਤਿਹਾਰ, ਜਿਸ ਨਾਲ ਬਲਦੀ ’ਤੇ ਤੇਲ ਪੈਂਦਾ ਹੋਵੇ, ਤੇ ਕੌਮ ਦਾ ਨੁਕਸਾਨ ਹੁੰਦਾ ਹੋਵੇ, ਉਹ ਤਾਂ ਇਸ ਅਖ਼ਬਾਰ ਵਿੱਚ ਜਿੰਨੇ ਮਰਜੀ ਛਪਵਾ ਲਵੋ ਕਿਉਂਕਿ ਇਸੇ ਨਾਲ ਉਸ ਦਾ ਤੋਰੀਆ ਫੁਲਕਾ ਚਲਦਾ ਹੈ। ਪਰ ਭਾਈ ਰਾਜੋਆਣਾ ਦਾ ਉਹ ਇਸ਼ਤਿਹਾਰ ਜਿਸ ਵਿੱਚ ਉਨ੍ਹਾਂ ਨੇ ਭਾਰਤੀ ਸੁਪ੍ਰੀਮ ਕੋਰਟ ’ਤੇ ਸਖ਼ਤ ਟਿੱਪਣੀਆਂ ਕੀਤੀਆਂ ਸਨ, ਉਹ ਇਸ ਨੇ ਇਹ ਕਹਿ ਕੇ ਛਾਪਣ ਤੋਂ ਨਾਂਹ ਕਰ ਦਿੱਤੀ ਸੀ ਕਿ ਇਹ ਛਾਪਣ ਨਾਲ ਕੋਰਟ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਉਸ ਦਾ ਅਖ਼ਬਾਰ ਬੰਦ ਕਰਵਾ ਸਕਦੀ ਹੈ। ਇਸ ਅਖੌਤੀ ਪੰਥ ਹਿਤੈਸ਼ੀ ਨੂੰ ਇਹ ਚਿੰਤਾ ਤਾਂ ਹੈ ਕਿ ਕਦੀ ਸੱਚ ਲਿਖਣ ਨਾਲ ਉਸ ਦਾ ਅਖ਼ਬਾਰ ਬੰਦ ਨਾ ਹੋ ਜਾਵੇ ਪਰ ਇਹ ਕੋਈ ਚਿੰਤਾ ਨਹੀਂ ਕਿ ਬੇਬੁਨਿਆਦ ਇਲਜ਼ਾਮ ਸਾਜੀ ਵਾਲੇ ਇਸ਼ਤਿਹਾਰ ਛਾਪਣ ਨਾਲ ਕੌਮ ਦਾ ਨੁਕਸਾਨ ਹੋ ਸਕਦਾ ਹੈ ਇਸ ਲਈ ਇਹ ਇਸ਼ਤਿਹਾਰ ਛਾਪਣ ਦੀ ਥਾਂ ਦੋਵਾਂ ਧਿਰਾਂ ਵਿੱਚ ਮੀਡੀਏ ਦਾ ਕੰਮ ਕਰਕੇ ਇਕ ਦੂਸਰੇ ਦੇ ਸ਼ੰਕੇ ਨਿਵ੍ਰਿਤ ਕਰਨ ਲਈ ਪਹਿਲ ਕੀਤੀ ਜਾਵੇ।

ਖ਼ੈਰ, ਅਸੀਂ ਅਸਲੀ ਮੁੱਦੇ ਤੋਂ ਬਹੁਤਾ ਲਾਂਭੇ ਨਾ ਜਾਈਏ। ਤੁਹਾਡਾ 11 ਅਪ੍ਰੈਲ ਵਾਲਾ ਇਸ਼ਤਿਹਾਰ ਪੜ੍ਹਦਿਆਂ ਹੀ ਮਨ ਬੇਚੈਨ ਹੋ ਉਠਿਆ ਤੇ 11 ਅਤੇ 12 ਅਪ੍ਰੈਲ ਨੂੰ ਦੋ ਬਾਰ ਭੈਣ ਕੁਲਦੀਪ ਕੌਰ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਮਨ ਦੀ ਪੰਥਕ ਪੀੜਾ ਭਾਈ ਰਾਜੋਆਣਾ ਤੱਕ ਪਹੁੰਚਾਓ ਤੇ ਉਨ੍ਹਾਂ ਨੂੰ ਇਸ ਗੱਲ ਲਈ ਮਨਾਓ ਕਿ ਇਸ ਦਾ ਜਵਾਬ ਬਿਲਕੁਲ ਨਾ ਦਿੱਤਾ ਜਾਵੇ। ਭੈਣ ਕਮਲਦੀਪ ਕੌਰ ਜੀ ਦਾ ਧੰਨਵਾਦ ਹੈ ਕਿ ਉਨ੍ਹਾਂ ਨੇ ਮੈਨੂੰ ਯਕੀਨ ਦਿਵਾਇਆ ਹੈ ਕਿ ਮੇਰੀ ਬੇਨਤੀ ’ਤੇ ਜਰੂਰ ਅਮਲ ਕੀਤਾ ਜਾਵੇਗਾ। ਪਰ ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਬਰਾਬਰ ਦੇ ਦੋਸ਼ੀ ਜਾਂ ਦੋਵਾਂ ਨੂੰ ਸਤਿਕਾਰਯੋਗ ਦੱਸ ਕੇ ਗੱਲ ਆਈ ਗਈ ਕਰਨ ਨਾਲ ਵੀ ਮਸਲੇ ਦਾ ਹੱਲ ਨਹੀਂ ਹੋਣਾ। ਇਸ ਲਈ ਜਿਸ ਦਾ ਵੀ ਕਸੂਰ ਹੈ ਉਸ ਨੂੰ ਅਹਿਸਾਸ ਕਰਵਾ ਕੇ ਉਸ ਵਿੱਚ ਸੋਧ ਤਾਂ ਜਰੂਰ ਕਰਵਾਉਣੀ ਚਾਹੀਦੀ ਹੈ। ਭੈਣ ਜੀ ਦੀ ਇਸ ਦਲੀਲ ਨਾਲ ਹਰ ਇੱਕ ਨੂੰ ਸਹਿਮਤ ਹੋਣਾ ਹੀ ਪਏਗਾ।

ਇਸ ਤੋਂ ਬਾਅਦ ਮੈਂ ਕਈਆਂ ਪਾਸੋਂ ਤੁਹਾਡਾ ਸੰਪਰਕ ਨੰਬਰ ਜਾਂ ਈਮੇਲ ਆਈਡੀ ਪ੍ਰਾਪਤ ਕਰਨ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕਿਆ। ਮੈਂ ਸਮਝਦਾ ਸਾਂ ਕਿ ਮੈਂ ਆਪਣੇ ਇਹ ਵੀਚਾਰ ਜਨਤਕ ਕਰਨ ਦੀ ਥਾਂ ਨਿਜੀ ਤੌਰ ’ਤੇ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਨੂੰ ਬੇਨਤੀ ਕਰਾਂ ਪਰ ਸੰਪਰਕ ਨੰਬਰ ਨਾ ਮਿਲਣ ਕਰਕੇ ਮੈਨੂੰ ਆਪਣੀ ਚਿੱਠੀ ਜਨਤਕ ਰੂਪ ਵਿੱਚ ਤੁਹਾਡੇ ਤੱਕ ਪਹੁੰਚਾਉਣ ਲਈ ਮਜ਼ਬੂਰ ਹੋਣਾ ਪਿਆ ਕਿਉਂਕਿ ਸਮਾਂ ਐਸਾ ਹੈ ਕਿ ਮਿੰਟ ਮਿੰਟ ਉਡੀਕਣਾ ਵੀ ਘਾਤਕ ਸਿੱਧ ਹੋ ਸਕਦਾ ਹੈ।

ਵੀਰ ਜੀ, ਸੱਚ ਦੱਸਾਂ ਤੁਹਾਡੇ ਵੱਲੋਂ ਦਿੱਤੇ ਗਏ ਸਪਸ਼ਟੀਕਰਣ ਦੀ ਭਾਸ਼ਾ ਅਤੇ ਉਦਾਰਹਣਾ ਪ੍ਰੋੜ ਵਿਅਕਤੀ ਵਾਲੀਆਂ ਨਹੀਂ ਹਨ। ਤੁਸੀਂ ਉਸ ਦੇ ਸਿਰਲੇਖ ਵਿੱਚ ਹੀ ਲਿਖਿਆ ਹੈ: ‘ਭਾਈ ਰਾਜੋਆਣਾ ਦੀ ਬੇ-ਬੁਨਿਆਦ ਬਿਆਨਬਾਜ਼ੀ ਦਾ ਜਵਾਬ’। ਮੈਂ ਸਮਝਦਾ ਹਾਂ ਕਿ ਪਹਿਲੀ ਗੱਲ ਤਾਂ ਤੁਹਾਡੇ ਵੱਲੋਂ ਇਹ ਛਪਵਾਉਣਾ ਹੀ ਸਿਰੇ ਤੋਂ ਗਲਤ ਹੈ। ਤੁਹਾਨੂੰ ਚਾਹੀਦਾ ਸੀ ਕਿ ਭੈਣ ਕਮਲਦੀਪ ਕੌਰ ਨਾਲ ਫ਼ੋਨ ’ਤੇ ਨਿਜੀ ਸੰਪਰਕ ਕਰਕੇ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕਰਦੇ। ਪਰ ਜੇ ਇਸ਼ਤਿਹਾਰ ਛਪਵਾ ਹੀ ਦਿੱਤਾ ਤਾਂ ਘੱਟ ਤੋਂ ਘੱਟ ਭਾਸ਼ਾ ਤਾਂ ਉਹ ਵਰਤਦੇ ਜਿਹੜੀ ਦੂਸਰੀ ਧਿਰ ਨੂੰ ਚੁਭੇ ਬਿਨਾਂ ਤੁਹਾਡਾ ਪੱਖ ਪੇਸ਼ ਕਰ ਜਾਂਦੀ। ਜੇ ਤੁਸੀਂ ਇਹ ਲਿਖ ਦਿੰਦੇ ‘ਭਾਈ ਰਾਜੋਆਣਾ ਦੇ ਨਿਰਮੂਲ ਸ਼ੰਕੇ ਦੂਰ ਕਰਨ ਦਾ ਨਿਮਾਣਾ ਯਤਨ’ ਤਾਂ ਤੁਹਾਡਾ ਕੀ ਘਟ ਜਾਣਾ ਸੀ?

ਤੁਸੀਂ ਲਿਖਿਆ ਹੈ ਕਿ ’ਭਾਈ ਰਾਜੋਆਣਾ ਵਲੋਂ 16 ਸਾਲਾਂ ਬਾਅਦ ਦੋਸ਼ (ਲਾਉਂਦਾ ਪੱਤਰ ਮਿਤੀ 27.9.2011 ਨੂੰ) ਕਿਉਂ? ਇਸ ਦੇ ਨਾਲ ਹੀ ਤੁਸੀਂ ਲਿਖਿਆ ਹੈ: ‘ਪਰ ਉਸ ਦਾ ਜਵਾਬ ਅਸੀਂ ਪੰਥਕ ਹਾਲਾਤ ਨੂੰ ਮੁੱਖ ਰੱਖਦੇ ਹੋਏ ਨਹੀਂ ਸੀ ਦੇਣਾ ਚਾਹੁੰਦੇ’। ਜਰਾ ਸੋਚੋ! ਜੇ ਤੁਸੀਂ ਪੰਥਕ ਹਾਲਤਾਂ ਨੂੰ ਮੁੱਖ ਰੱਖ ਕੇ 6 ਮਹੀਨੇ ਜਵਾਬ ਨਹੀਂ ਦਿੱਤਾ ਤਾਂ ਭਾਈ ਰਾਜੋਆਣਾ ਵੱਲੋਂ 16 ਸਾਲ ਆਪਣੇ ਮਨ ਦੀ ਗੱਲ ਜਨਤਕ ਤੌਰ ’ਤੇ ਛੁਪਾ ਕੇ ਕਿਹੜੀ ਵੱਡੀ ਗਲਤੀ ਕਰ ਦਿੱਤੀ? 6 ਮਹੀਨੇ ਲੰਘ ਜਾਣ ਪਿਛੋਂ ਭਾਈ ਹਵਾਰਾ ਦਾ ਜਵਾਬ ਉਸ ਸਮੇਂ ਛਪਿਆ ਜਦੋਂ ਸਾਰੀ ਦੀ ਸਾਰੀ ਕੌਮ ਭਾਈ ਰਾਜੋਆਣੇ ਦੀ ਸਿਧਾਂਤ ਤੇ ਸਚਾਈ ਪ੍ਰਤੀ ਦ੍ਰਿੜਤਾ ਅਤੇ ਮੌਤ ਨੂੰ ਮਖੌਲਾਂ ਕਰਨ ਦੀ ਦਲੇਰੀ ਤੋਂ ਕਾਇਲ ਹੋ ਕੇ ਉਨ੍ਹਾਂ ਮਗਰ ਪੂਰੀ ਤਰ੍ਹਾਂ ਲਾਮਬੰਦ ਹੋ ਚੁੱਕੀ ਸੀ। ਇਸ ਲਾਮਬੰਦੀ ਨੂੰ ਵੇਖ ਕੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ। ਮੈਂ ਸਿੱਧੇ ਤੌਰ ’ਤੇ ਕਿਸੇ ਵੀ ਸੰਘਰਸ਼ੀਲ ਯੋਧੇ ਨੂੰ ਭਾਰਤੀ ਏਜੰਸੀਆਂ ਦਾ ਏਜੰਟ ਕਹਿਣ ਦੀ ਹਿੰਮਤ ਨਹੀਂ ਕਰ ਸਕਦਾ ਪਰ ਅਜੇਹੇ ਮੌਕੇ ਭਾਈ ਰਾਜੋਆਣਾ ਨੂੰ ਗਲਤ ਕਹਿਣ ਵਾਲੇ ਜਾਂ ਉਸ ਦੀ ਸੋਚ ’ਤੇ ਸ਼ੱਕ ਕਰਨ ਵਾਲਾ ਆਪਣੇ ਆਪ ਹੀ ਸ਼ੱਕ ਦੇ ਘੇਰੇ ਵਿੱਚ ਆਉਣ ਦੀ ਗਲਤੀ ਕਰ ਰਿਹਾ ਮਹਿਸੂਸ ਹੁੰਦਾ ਹੈ। ਜੇ ਤੁਸੀਂ 6 ਮਹੀਨੇ ਸਮੇਂ ਦੇ ਹਾਲਤਾਂ ਨੂੰ ਮੁਖ ਰੱਖ ਕੇ ਚੁੱਪ ਰਹਿਣਾ ਠੀਕ ਸਮਝਿਆ ਤਾਂ ਇਹ ਸਮਾਂ ਕਿਸ ਪੱਖੋਂ ਤੁਹਾਨੂੰ ਢੁਕਵਾਂ ਲੱਗਾ। ਸਗੋਂ ਇਹ ਤਾਂ ਉਹ ਨਾਜ਼ਕ ਸਮਾਂ ਸੀ ਕਿ ਸਾਡੀ ਕਿਸੇ ਦੀ ਵੀ ਪੁਰਾਤਨ ਗਲਤੀ ਦਾ ਜਵਾਬ ਦੇਣਾ ਤਾਂ ਇੱਕ ਪਾਸੇ ਉਸ ਦਾ ਚੇਤਾ ਕਰਨਾ ਵੀ ਕੌਮ ਲਈ ਘਾਤਕ ਹੋ ਸਕਦਾ ਹੈ। ਜਦੋਂ ਕਿ ਅੱਜ ਤੋਂ 6 ਮਹੀਨੇ ਪਹਿਲਾਂ ਹਾਲਾਤ ਹੁਣ ਵਾਲੇ ਬਿਲਕੁਲ ਨਹੀਂ ਸਨ।

ਤੁਹਾਡੇ ਵੱਲੋਂ ਇਹ ਲਿਖਣਾ ਬਿਲਕੁਲ ਬੇਹੂਦਾ ਜਾਪਦਾ ਹੈ ਕਿ 1987 ਵਿੱਚ ਬਲਵੰਤ ਸਿੰਘ ਰਾਜੋਆਣਾ ਪੁਲਿਸ ਵਿੱਚ ਭਰਤੀ ਹੋਇਆ ਉਸ ਸਮੇਂ ਤੋਂ 1994 ਤੱਕ ਉਸ ਕੋਲ ਸਰਕਾਰੀ ਅਸਲਾ ਵੀ ਬਹੁਤ ਸੀ ਉਦੋਂ ਉਸ ਨੇ ਆਪਣੇ ਆਪ ਇਹ ਕੰਮ ਕਿਉਂ ਨਾ ਕਰ ਲਿਆ? ਤੁਸੀਂ ਇਸ ਦਾ ਸਾਰਾ ਸਿਹਰਾ ਭਾਈ ਹਵਾਰਾ ਨੂੰ ਦਿੰਦੇ ਹੋਏ ਭਾਈ ਰਾਜੋਆਣਾ ਨੂੰ ਤੁਛ ਜਨਾਉਣ ਦੀ ਗਲਤੀ ਕੀਤੀ ਹੈ: ‘ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥’ (ਮਾਰੂ ਕਬੀਰ ਜੀਉ, ਗੁਰੂ ਗ੍ਰੰਥ ਸਾਹਿਬ - ਪੰਨਾ 1105)। ਤੁਹਾਡੀ ਇਹ ਲਿਖਤ ਤਹਾਡੀ ’ਤੇ ਹੀ ਕਈ ਪਲਟ ਵਾਰ ਸਵਾਲ ਖੜ੍ਹੇ ਕਰਦੀ ਹੈ। ਤੁਸੀਂ ਉਸ ਦੇ 7 ਸਾਲਾਂ ਦੀ ਕਾਰਗੁਜਾਰੀ ’ਤੇ ਤਾਂ ਸਵਾਲ ਖੜ੍ਹਾ ਕਰ ਦਿੱਤਾ ਪਰ ਆਪਣੇ 27 ਸਾਲਾਂ ਦਾ ਕੋਈ ਲੇਖਾ ਜੋਖ਼ਾ ਨਹੀਂ ਦਿੱਤਾ। ਦੂਸਰਾ ਸਵਾਲ ਹੈ ਕਿ ਤੁਹਾਡੀ ਲਿਖਤ ਅਨੁਸਾਰ- ਭਾਈ ਹਵਾਰਾ ਨੇ ਭਾਈ ਰਾਜੋਆਣਾ ਨੂੰ ਹੀ ‘ਇਸ ਮੁਕਾਮ ’ਤੇ’ ਕਿਉਂ ਪਹੁੰਚਾਇਆ? ਤਹਾਨੂੰ ਇਹ ਮੌਕਾ ਕਿਉਂ ਨਹੀਂ ਬਖ਼ਸ਼ਿਆ? ਕੀ ਤੁਹਾਡੇ ਵਿੱਚ ਉਨ੍ਹਾਂ ਨੂੰ ਕੋਈ ਘਾਟ ਮਹਿਸੂਸ ਹੋਈ? ਤੀਸਰਾ ਸਵਾਲ ਹੈ ਕਿ ਅਕਾਲ ਪੁਰਖ ਦੀ ਬਖ਼ਸ਼ਿਸ਼, ਗੁਰੂ ਦੀ ਪ੍ਰੇਰਣਾ ਅਤੇ ਭਾਈ ਦਿਲਾਵਰ ਸਿੰਘ ਭਾਈ ਰਾਜੋਆਣਾ ਦੀ ਹਿੰਮਤ ਤੇ ਦਲੇਰੀ ਦਾ ਤੁਸੀਂ ਜ਼ਿਕਰ ਤੱਕ ਕਰਨਾ ਵਾਜ਼ਬ ਨਹੀਂ ਸਮਝਿਆ। ਉਨ੍ਹਾਂ ਦੀ ਪ੍ਰਾਪਤੀ ਦਾ ਸਾਰਾ ਸਿਹਰਾ ਆਪਣੇ ਆਗੂ ਭਈ ਹਵਾਰਾ ਦੇ ਸਿਰ ਬੰਨਣ ਦੀ ਕੋਸ਼ਿਸ਼ ਕੀਤੀ ਹੈ। ਦੂਸਰੇ ਪਾਸੇ ਭਾਈ ਰਾਜੋਆਣਾ ਦਾ ਕਹਿਣਾ ਹੈ ਕਿ ਇਹ ਅਕਾਲ ਪੁਰਖ ਦੀ ਮਿਹਰ ਅਤੇ ਗੁਰੂ ਦੀ ਬਖ਼ਸ਼ਿਸ਼ ਹੀ ਸੀ ਕਿ ਉਨ੍ਹਾਂ ਨੇ ਪ੍ਰੇਰਣਾ ਦੇ ਕੇ ਤੇ ਮੌਕਾ ਬਖ਼ਸ਼ ਕੇ ਇਹ ਕੰਮ ਆਪ ਹੀ ਉਨ੍ਹਾਂ ਨਿਮਾਣਿਆਂ ਤੋਂ ਕਰਵਾ ਕੇ ਉਨ੍ਹਾਂ ਨੂੰ ਮਾਨ ਬਖ਼ਸ਼ਿਆ ਹੈ। ਹੋਰ ਤਾਂ ਹੋਰ ਉਨ੍ਹਾਂ ਦੀਆਂ ਮੁਲਾਕਾਤਾਂ ਕਰਨ ਵਾਲੇ ਉਨ੍ਹਾਂ ਦੇ ਪਰਵਾਰ ਦੇ ਅਨਪੜ੍ਹ ਮੈਂਬਰ ਵੀ ਗੁਰਬਾਣੀ ਦੀਆਂ ਇਹ ਤੁੱਕਾਂ: ‘ਕਰਤੇ ਹਥਿ ਵਡਿਆਈਆ ……॥ ਅਤੇ ‘ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥’ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਬਲਵੰਤ ਸਿੰਘ ਦਾ ਵੀ ਇਹੋ ਕਹਿਣਾ ਹੈ ਕਿ ਅਕਾਲ ਪੁਰਖ਼ ਨੇ ਆਪ ਹੀ ਮਿਹਰ ਕਰ ਕੇ ਉਸ ਤੋਂ ਇਹ ਕੰਮ ਕਰਵਾ ਲਿਆ। ਨਹੀਂ ਤਾਂ ਬੰਦਾ ਕੀ ਕਰਨ ਯੋਗਾ ਹੈ। ਚੰਗਾ ਹੁੰਦਾ ਕਿ ਇੱਕ ਸੁਹਿਰਦ ਜਥੇਬੰਦੀ ਦੇ ਪ੍ਰੋੜ ਮੈਂਬਰ ਹੁੰਦੇ ਹੋਏ, ਤੁਸੀਂ ਵੀ ਭਾਈ ਬਲਵੰਤ ਸਿੰਘ ਤੇ ਉਸ ਦੇ ਪ੍ਰਵਾਰ ਵਾਂਗ ਇਹੀ ਲਿਖਦੇ ਕਿ ਆਪਣਾ ਸਾਰਿਆਂ ਦਾ ਟੀਚਾ ਤਾਂ ਇੱਕੋ ਸੀ ਪਰ ਤੁਹਾਡੇ ’ਤੇ ਅਕਾਲ ਪੁਰਖ਼ ਦੀ ਬਖ਼ਸ਼ਿਸ਼ ਹੋਈ, ਜਿਸ ਦੀ ਮਿਹਰ ਸਦਕਾ ਤੁਹਾਨੂੰ ਸਮਾਂ ਤੇ ਸਫਲਤਾ ਮਿਲ ਸਕੀ। ਸਾਨੂੰ ਜੇ ਇਹ ਮੌਕਾ ਨਹੀਂ ਮਿਲਿਆ ਜਾਂ ਅਸੀਂ ਕਦੀ ਆਪਣੇ ਦਿਮਾਗ ਨਾਲ ਬਣਾਈ ਸਕੀਮ ਨੂੰ ਸਿਰੇ ਚਾੜ੍ਹਨ ਵਿੱਚ ਸਫਲ ਨਹੀਂ ਹੋ ਸਕੇ ਤਾਂ ਸਾਨੂੰ ਕਿਸੇ ਏਜੰਸੀ ਦੇ ਏਜੰਟ ਸਮਝਣ ਦੀ ਗਲਤੀ ਨਾ ਕੀਤੀ ਜਾਵੇ।

ਤੁਹਾਡੇ ਵੱਲੋਂ ਬਾਬਾ ਬੰਦਾ ਸਿੰਘ ਦੀ ਉਦਾਰਣ ਦੇ ਕੇ ਉਨ੍ਹਾਂ ਦੀ ਆਪਣੇ ਨਾਲ ਤੁਲਨਾ ਕਰਕੇ ਇਹ ਲਿਖਣਾ ਵੀ ਤਰਕਸੰਗਤ ਨਹੀਂ, ਕਿ ‘ਜੇ ਅੱਜ ਦੇ ਸੰਦਰਭ ਵਿੱਚ ਦੇਖੀਏ ਤਾਂ ਬੱਬਰ ਖ਼ਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ ਉਤੇ ਸਰਕਾਰੀ ਏਜੰਸੀਆਂ ਨਾਲ ਰਲ ਜਾਣ ਦੇ ਦੋਸ਼ ਬਲਵੰਤ ਸਿੰਘ ਰਾਜੋਆਣਾ ਵੱਲੋਂ ਲਗਾਏ ਜਾ ਰਹੇ ਹਨ’। ਇਤਿਹਾਸ ਨੂੰ ਜਰਾ ਗਹੁ ਨਾਲ ਪੜ੍ਹ ਕੇ ਵੇਖੋ ਬਾਬਾ ਬੰਦਾ ਸਿੰਘ ’ਤੇ ਕਿਸੇ ਨੇ ਸਰਕਾਰੀ ਏਜੰਸੀਆਂ ਨਾਲ ਮਿਲ ਜਾਣ ਦੇ ਦੋਸ਼ ਨਹੀਂ ਸਨ ਲਾਏ, ਸਗੋਂ ਉਨ੍ਹਾਂ ’ਤੇ ਦੋਸ਼ ਇਹ ਸਨ ਕਿ ਉਹ ਪੰਥ ਖਾਸ ਕਰਕੇ ਗੁਰੂ ਮਹਲ ਦੇ ਹੁਕਮ ਨਹੀਂ ਮੰਨਦਾ। ਬਿਨਾਸ਼ੱਕ ਉਨ੍ਹਾਂ ’ਤੇ ਲਾਏ ਗਏ ਇਹ ਦੋਸ਼ ਵੀ ਨਿਰਮੂਲ ਸਨ ਕਿਉਂਕਿ ਪੰਥ ਦੇ ਕੁਝ ਹਿੱਸੇ ਦੇ ਕਹਿਣ ’ਤੇ ਮਾਤਾ ਜੀ ਵੱਲੋਂ ਜਾਰੀ ਕੀਤਾ ਹੁਕਮ ਗੁਰੂ ਸਿਧਾਂਤ ਨਾਲ ਮੇਲ ਨਾ ਖਾਣ ਕਰਕੇ ਬਾਬਾ ਬੰਦਾ ਸਿੰਘ ਨੇ ਮੰਨਣ ਤੋਂ ਇਨਕਾਰ ਕਰਕੇ ਸਿਧਾਂਤ ’ਤੇ ਪਹਿਰਾ ਦਿੱਤਾ ਸੀ। ਇਹ ਦ੍ਰਿੜਤਾ ਵਿਖਾਉਣ ਅਤੇ ਜ਼ਾਲਮ ਅੱਗੇ ਨਾ ਝੁਕਣ ਦੇ ਇਵਜ਼ ਵਿੱਚ ਉਹ ਆਪਣੀ ਤੇ ਆਪਣੇ 4 ਸਾਲ ਦੇ ਬੱਚੇ ਦੀ ਸ਼ਹਾਦਤ ਦੇਣ ਤੋਂ ਵੀ ਨਹੀ ਸਨ ਡੋਲੇ। ਉਨ੍ਹਾਂ ਨੇ ਜਿਉਂਦੇ ਰਹਿ ਕੇ ਸੰਘਰਸ਼ ਚਲਾਉਣ ਦੀ ਉਮੀਦ ਵਿੱਚ ਮੁਗਲਾਂ ਦੇ ਦਰਬਾਰ ਵਿੱਚ ਕਨੂੰਨੀ ਚਾਰਾਜੋਈ ਕਰਨ ਦੀ ਕੋਈ ਕੋਸ਼ਿਸ਼ ਨਹੀਂ ਸੀ ਕੀਤੀ। ਇਸ ਉਦਾਹਰਣ ’ਤੇ ਸਗੋਂ ਭਾਈ ਰਾਜੋਆਣਾ ਜਿਆਦਾ ਪੂਰਾ ਉਤਰ ਰਹੇ ਹਨ ਕਿਉਂਕਿ ਆਪਣੀ ਜਾਨ ਬਖ਼ਸ਼ੀ ਲਈ ਉਹ ਕਿਸੇ ਜਾਲਮ ਸਰਕਾਰ ਜਾਂ ਉਸ ਦੀ ਕਿਸੇ ਅਦਾਲਤ ਅੱਗੇ ਝੁਕਣ ਜਾਂ ਕਾਨੂੰਨੀ ਚਾਰਾਜੋਈ ਕਰਨ ਦੀ ਥਾਂ ਸਿਧਾਂਤ ਤੇ ਇਨਸਾਫ ਦੀ ਖ਼ਾਤਰ ਸ਼ਹਾਦਤ ਦੇਣ ਲਈ ਦ੍ਰਿੜ ਹਨ।

ਇਸੇ ਤਰ੍ਹਾਂ ਗੰਗੂ ਵਲੋਂ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੇ ਆਪਣੇ ਘਰ ਹੋਣ ਸਬੰਧੀ ਬੋਲੇ ਗਏ ਸੱਚ ਦੀ ਉਦਾਹਰਣ ਦੇ ਕੇ ਭਾਈ ਰਾਜੋਆਣਾ ਵੱਲੋਂ ਬੋਲੇ ਜਾ ਰਹੇ ਸੱਚ ਨੂੰ ਛੁਟਿਆਉਣ ਦੀ ਕੋਸ਼ਿਸ਼ ਵੀ ਮੂਲੋਂ ਗਲਤ ਜਾਪਦੀ ਹੈ। ਭਾਈ ਰਾਜੋਆਣਾ ਗੰਗੂ ਵਾਂਗ ਕਿਸੇ ਇਨਾਮ ਪ੍ਰਾਪਤੀ ਦੇ ਲਾਲਚ ਵਿੱਚ ਆ ਕੇ ਇਹ ਸੱਚ ਨਹੀਂ ਬੋਲ ਰਹੇ ਕਿ ਬੇਅੰਤ ਸਿੰਘ ਨੂੰ ਮਾਰਨ ਦਾ ਗੁਨਾਹ ਉਨ੍ਹਾਂ ਨੇ ਨਹੀਂ ਕੀਤਾ, ਸਗੋਂ ਉਨ੍ਹਾਂ ਦੇ ਕਾਤਲ ਤਾਂ ਫਲਾਣੇ ਫਲਾਣੇ ਆਦਮੀ ਹਨ। ਸਰਕਾਰੀ ਦਰਬਾਰ ਜਾਂ ਅਦਾਲਤ ਵਿੱਚ ਭਾਈ ਰਜੋਆਣਾ ਨੇ ਇਹ ਪੁਕਾਰ ਨਹੀਂ ਕੀਤੀ ਕਿ ਉਨ੍ਹਾਂ ਕਾਤਲਾਂ ਨੂੰ ਫੜ ਕੇ ਸਜਾ ਦੇ ਲਵੋ ਤੇ ਮੈਨੂੰ ਬੇਗੁਨਾਹ ਨੂੰ ਛੱਡ ਦੇਵੋ। ਸਗੋਂ ਉਹ ਇਹ ਸੱਚ ਬੋਲ ਰਹੇ ਹਨ ਕਿ ਬੇਅੰਤ ਸਿੰਘ ਦਾ ਕਤਲ ਉਨ੍ਹਾਂ ਨੇ ਹੀ ਭਾਈ ਦਿਲਾਵਰ ਸਿੰਘ ਨਾਲ ਮਿਲ ਕੇ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਭਾਈ ਦਿਲਾਵਰ ਸਿੰਘ ਤਾਂ ਬੇਅੰਤ ਦੇ ਨਾਲ ਹੀ ਬੋਟੀ ਬੋਟੀ ਹੋ ਕੇ ਸ਼ਹੀਦ ਹੋ ਗਿਆ ਅਤੇ ਮੈਂ ਆਪਣਾ ਗੁਨਾਹ ਕਬੂਲ ਕਰ ਰਿਹਾ ਹਾਂ ਤੇ ਇਸ ਗੁਨਾਹ ਬਦਲੇ ਉਹ ਕੋਈ ਵੀ ਸਜਾ ਭੁਗਤਣ ਲਈ ਤਿਆਰ ਹਨ। ਉਹ ਇਹ ਸੱਚ ਵੀ ਬੋਲ ਰਹੇ ਹਨ ਕਿ ਉਨ੍ਹਾਂ ਨੇ ਬੇਅੰਤ ਦਾ ਕਤਲ ਕਿਨ੍ਹਾਂ ਕਾਰਣਾਂ ਕਰਕੇ ਕੀਤਾ ਹੈ।

ਸਭ ਤੋਂ ਜਿਆਦਾ ਗੱਲ ਜੋ ਮੈਨੂੰ ਚੁਭੀ ਉਹ ਇਹ ਹੈ ਕਿ ਭਾਈ ਰਾਜੋਆਣਾ ਦਾ ਤੁਹਾਡੇ ’ਤੇ ਦੋਸ਼ ਹੈ ਕਿ ਤੁਸੀਂ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਰੋਲ ਕੇ ਉਸ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੇ ਹੋ ਪਰ ਸਜਾ ਤੋਂ ਬਚਣ ਲਈ ਅਦਾਲਤਾਂ ਵਿੱਚ ਝੂਠ ਵੀ ਬੋਲ ਰਹੇ ਹੋ। ਭਾਈ ਰਾਜੋਆਣਾ ਦੇ ਦੋਸ਼ ਨੂੰ ਤੁਸੀਂ ਆਪਣੇ ਇਸ ਇਸ਼ਤਿਹਾਰ ਰੂਪ ਸਪਸ਼ਟੀਕਰਣ ਵਿੱਚ ਆਪ ਹੀ ਸਿੱਧ ਕਰ ਦਿੱਤਾ ਹੈ, ਕਿਉਂਕਿ ਇਸ ਵਿੱਚ ਅਨੇਕਾਂ ਹੋਰ ਸਹੀਦਾਂ ਦਾ ਜ਼ਿਕਰ ਕੀਤਾ ਹੈ ਪਰ ਭਾਈ ਦਿਲਾਵਰ ਸਿੰਘ ਦਾ ਨਾਂ ਤੱਕ ਨਹੀਂ ਲਿਆ। ਭਾਈ ਰਾਜੋਆਣਾ ਦੇ ਸਬੰਧ ਵਿੱਚ ਵੀ ਇਹੀ ਲਿਖਿਆ ਹੈ ਕਿ ਉਨ੍ਹਾਂ ਨੂੰ ਇਸ ਮੁਕਾਮ ਤੱਕ ਭਾਈ ਹਵਾਰਾ ਨੇ ਹੀ ਪਹੁੰਚਾਇਆ ਹੈ।

ਬੇਨਤੀ ਹੈ ਕਿ ਮੈਂ ਆਪ ਜੀ ਨੂੰ ਕਿਸੇ ਵੀ ਤਰ੍ਹਾਂ ਝੂਠਾ ਜਾਂ ਸਰਕਾਰੀ ਏਜੰਟ ਬਿਲਕੁਲ ਹੀ ਸਿੱਧ ਨਹੀਂ ਕਰਨਾ ਚਾਹੁੰਦਾ, ਪਰ ਇਹ ਬੇਨਤੀ ਜਰੂਰ ਕਰਨਾ ਚਾਹੁੰਦਾ ਹੈ ਕਿ ਆਪਣੇ ਆਪ ਨੂੰ ਸੱਚੇ ਤੇ ਸਹੀ ਸਿੱਧ ਕਰਨ ਲਈ ਪੁਰਾਤਨ ਵਾਪਰੀਆਂ ਮਹਾਨ ਇਤਿਹਾਸਕ ਘਟਨਾਵਾਂ ਨੂੰ ਤਰੋੜ ਮਰੋੜ ਕੇ ਆਪਣੇ ਪੱਖ ਵਿੱਚ ਪੇਸ਼ ਕਰਨ ਦਾ ਯਤਨ ਨਾ ਕਰੋ ਅਤੇ ਨਾ ਹੀ ਭਾਈ ਰਾਜੋਆਣਾ ’ਤੇ ਇਹ ਦੋਸ਼ ਲਾਓ ਕਿ ਉਹ ਭਾਰਤੀ ਏਜੰਸੀਆਂ ਨਾਲ ਮਿਲ ਕੇ ਤੁਹਾਨੂੰ ਜਾਂ ਤੁਹਾਡੀ ਜਥੇਬੰਦੀ ਨੂੰ ਬਦਨਾਮ ਕਰ ਰਿਹਾ ਹੈ। ਭਾਈ ਰਾਜੋਆਣਾ ਦੇ ਕੁਝ ਸ਼ੰਕੇ ਹਨ ਜਿਨ੍ਹਾਂ ਨੂੰ ਕਿਸੇ ਨਿਜੀ ਸੰਪਰਕ ਰਾਹੀਂ ਦੂਰ ਕਰਨ ਦਾ ਤੁਹਾਡਾ ਫਰਜ਼ ਹੈ, ਨਾ ਕਿ ਇਸ਼ਤਿਹਾਰਬਾਜ਼ੀ ਕਰਕੇ ਉਸ ਦੋਸ਼ ਦੇ ਭਾਗੀ ਬਣੋ ਜਿਹੜਾ ਦੋਸ਼ ਤੁਸੀਂ ਉਸ ’ਤੇ ਲਾ ਰਹੋ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਵਿਚਕਾਰ ਐਨ ਮੌਕੇ ’ਤੇ ਛਿੜੇ ਵਿਵਾਦ ਦਾ ਅਸਰ ਇਹ ਹੋਇਆ ਕਿ ਬਿਨਾਂ ਕਿਸੇ ਕੇਸ ਅਤੇ ਭੜਕਾਹਟ ਦੇ 28 ਮਾਰਚ ਨੂੰ ਫੜੇ ਗਏ ਪੰਥਕ ਆਗੂ ਸਰਕਾਰ ਵੱਲੋਂ ਅੱਜ ਤੱਕ ਨਹੀਂ ਛੱਡੇ ਗਏ ਤੇ ਹੋ ਸਕਦਾ ਹੈ ਕਿ ਹੋਰ ਕਿੰਨਾਂ ਸਮਾਂ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੈਠਣਾ ਪਵੇ। ਅਸੀਂ ਜੇਲ੍ਹਾਂ ਵਿੱਚ ਪਹਿਲਾਂ ਤੋਂ ਬੰਦ ਨਿਰਦੋਸ਼ ਜਾਂ ਸਜਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ ਪਰ ਕਿੰਨੇ ਹੀ ਹੋਰ ਜੇਲ੍ਹਾਂ ਵਿੱਚ ਬੰਦ ਕਰਵਾ ਬੈਠੇ ਤੇ ਅਖਰ ਸਮਾਂ ਇਹ ਆ ਸਕਦਾ ਹੈ ਕਿ ਸਭ ਨੂੰ ਆਪੋ ਆਪਣੇ ਬਚਾ ਦੀ ਪੈ ਜਾਣੀ ਹੈ ਤੇ ਕਿਸੇ ਵਿੱਚ ਦੂਜੇ ਲਈ ਹਾਅ ਦਾ ਨਾਹਰਾ ਮਾਰਨ ਦੀ ਹਿੰਮਤ ਨਹੀਂ ਰਹਿਣੀ। ਜੇ ਐਸਾ ਹੋ ਗਿਆ ਤਾਂ ਸਿੱਖੀ ਕਿਰਦਾਰ ਦੀ ਗਿਰਾਵਟ ਇਸ ਤੋਂ ਵੱਧ ਕਦੇ ਹੋ ਨਹੀਂ ਸਕਣੀ। ਇਸ ਦੇ ਦੋਸ਼ੀ ਕੌਣ ਹੋਣਗੇ ਇਸ ਦਾ ਫੈਸਲਾ ਆਉਣ ਵਾਲਾ ਇਤਿਹਾਸ ਕਰੇਗਾ। ਕੀ ਅਸੀਂ ਐਸੀ ਸਥਿਤੀ ਤੋਂ ਬਚਣ ਦਾ ਯਤਨ ਕਰਾਂਗੇ? ਮੈਂ ਤੁਹਾਥੋਂ ਜਰੂਰ ਉਮੀਦ ਰੱਖਦਾ ਹਾਂ।

ਅਣਜਾਣੇ ਵਿੱਚ ਹੋਈ ਭੁੱਲ ਚੁੱਕ ਦੀ ਮੁਆਫੀ ਮੰਗਦਾ ਹੋਇਆ ਆਪ ਜੀ ਦਾ ਵੀਰ ਅਤੇ ਪੰਥ ਦਾ ਦਾਸ

ਕਿਰਪਾਲ ਸਿੰਘ ਬਠਿੰਡਾ
ਮੋਬ: 98554 80797, E-mail: kirpalsinghbathinda@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top