Share on Facebook

Main News Page

ਗਿਆਨੀ ਜਾਚਕ ਜੀ ਵਲੋਂ ਭਾਈ ਰਾਜੋਆਣਾ ਅਤੇ ਭਾਈ ਹਵਾਰਾ ਨੂੰ ਇੱਕ ਦੂਸਰੇ ਵਿਰੋਧ ਬਿਆਨਬਾਜ਼ੀ ਬੰਦ ਕਰਨ ਦੀ ਅਪੀਲ

ਬਠਿੰਡਾ, 12 ਅਪ੍ਰੈਲ (ਕਿਰਪਾਲ ਸਿੰਘ): ਇੰਟਰਨੈਸ਼ਨਲ ਸਿੱਖ ਮਿਸ਼ਨਰੀ ਅਤੇ ਨਵ ਗਠਿਤ ਸਿੱਖ ਸੰਘਰਸ਼ ਮੋਰਚਾ ਦੀ 8 ਮੈਂਬਰੀ ਕਮੇਟੀ ਮੈਂਬਰ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ, ਸਿੱਖ ਕੌਮ ਲਈ ਦੋਵੇਂ ਹੀ ਸਿੱਖ ਸਘੰਰਸ਼ ਦੇ ਸਤਿਕਾਰਯੋਗ ਸੂਰਬੀਰ ਜੋਧੇ ਤੇ ਕੌਮੀ ਨਾਇਕ ਹਨ। ਕਿਉਂਕਿ, ਇਨ੍ਹਾਂ ਨੇ ਸਰਕਾਰੀ ਅਤਿਵਾਦ ਨੂੰ ਖ਼ਤਮ ਕਰਨ ਲਈ ਸਿਰਧੜ ਦੀ ਬਾਜ਼ੀ ਲਗਾਈ ਹੈ। ਇਨ੍ਹਾਂ ਵਰਗੇ ਕੌਮ ਨੂੰ ਸਮਰਪਤ ਜੋਧੇ, ਜਦੋਂ ਆਪਸ ਵਿੱਚ ਇਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਕਰਦੇ ਹਨ, ਤਾਂ ਪੰਥ ਦਰਦੀ ਵੀਰਾਂ ਭੈਣਾਂ ਦੇ ਹਿਰਦੇ ਦੁਖੀ ਹੁੰਦੇ ਹਨ। ਇਸ ਲਈ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਮੈਂ ਆਪਣੇ ਜੁਝਾਰੂ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਉਹ ਇੱਕ ਦੂਜੇ ਵਿਰੁਧ ਬਿਆਨਬਾਜ਼ੀ ਬੰਦ ਕਰਨ। ਕਿਉਂਕਿ, ਇਹ ਬਿਆਨਬਾਜ਼ੀ ਕੌਮੀ ਏਕਤਾ ਤੇ ਕੌਮੀ ਸਘੰਰਸ਼ ਲਈ ਹਾਨੀਕਾਰਕ ਹੈ। ਗਿਆਨੀ ਜਗਤਾਰ ਸਿੰਘ ਜਾਚਕ ਨੇ ਦਰਦਭਰੀ ਹਾਰਦਿਕ ਅਪੀਲ ਦੇ ਇਹ ਲਫ਼ਜ਼ ਤਦੋਂ ਕਹੇ, ਜਦੋਂ ਉਹ ਆਪਣੇ ਕੁਝ ਸਾਥੀਆਂ ਨਾਲ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਸਿੱਖ ਸਘੰਰਸ਼ ਮੋਰਚੇ ਦੇ ਸਰਗਰਮ ਮੈਂਬਰ ਭਾਈ ਮੋਹਕਮ ਸਿੰਘ ਤੇ ਭਾਈ ਗੋਪਾਲਾ ਹੁਰਾਂ ਨਾਲ ਮੁਲਾਕਾਤ ਕਰਨ ਲਈ ਆਏ।

ਗਿਆਨੀ ਜਾਚਕ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਪੰਥਕ ਹਿੱਤਾਂ ਖ਼ਾਤਰ ਭਾਈ ਰਾਜੋਆਣਾ ਤੇ ਭਾਈ ਹਵਾਰਾ ਨੂੰ ਆਪਸੀ ਬਿਆਨਬਾਜ਼ੀ ਬੰਦ ਕਰਨ ਦੇ ਆਦੇਸ਼ ਦੇਣ। ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਵੀ ਇਸ ਪੱਖ ਵਲ ਧਿਆਨ ਦੇਣ, ਤਾਂ ਕਿ ਸਿੱਖ ਨੌਜਵਾਨਾਂ ਵਿਚ ਪੈਦਾ ਹੋਏ ਕੌਮੀ ਜਜ਼ਬੇ ਦੇ ਉਭਾਰ ਅਤੇ ਕਾਇਮ ਹੋਈ ਪੰਥਕ ਏਕਤਾ ਨੂੰ ਸਹੀ ਢੰਗ ਨਾਲ ਵਰਤ ਕੇ ਭਾਈ ਰਾਜੋਆਣਾ ਤੇ ਭਾਈ ਹਵਾਰਾ ਵਰਗੇ ਸੈਂਕੜੇ ਨੌਜਵਾਨਾਂ ਨੂੰ ਹਿੰਦੋਸਤਾਨੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਤੋਂ ਅਜ਼ਾਦ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਪੰਥਕ ਸਘੰਰਸ਼ ਵਿੱਚ ਹਰੇਕ ਵਿਅਕਤੀ ਦੀ ਸੇਵਾ ਇੱਕੋ ਜੇਹੀ ਤੇ ਇੱਕੋ ਜਿਨ੍ਹੀ ਨਹੀਂ ਹੋ ਸਕਦੀ ਅਤੇ ਨਾ ਹੀ ਸਾਰਿਆਂ ਦੀ ਅਵਸਥਾ ਇੱਕੋ ਜਿਹੀ ਜਾਂ ਭਾਈ ਰਾਜੋਆਣਾ ਵਰਗੀ ਹੋ ਸਕਦੀ ਹੈ। ਇਸ ਲਈ ਜਿਸ ਪ੍ਰਕਾਰ ਦੀ ਵੀ ਕੋਈ ਸੇਵਾ ਨਿਭਾਉਂਦਾ ਹੈ, ਉਸ ਨੂੰ ਪ੍ਰਵਾਨ ਕਰਦਿਆਂ ਆਦਰ ਸਹਿਤ ਗਲੇ ਲਗਾਉਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top